ਰਾਜੀਵ ਸ਼ਰਮਾ ਉਹ ਪੰਜਾਬੀ ਫ਼ਿਲਮਸਾਜ਼ ਹੈ ਜਿਸਨੇ ਸਾਰਥਿਕ ਪੰਜਾਬੀ ਲਘੂ ਫ਼ਿਲਮਾਂ ਬਣਾ ਕੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਜਿੱਥੇ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਫ਼ਿਲਮਾਂ ਸਿਰਫ਼ ਮਨੋਰੰਜਨ ਕਰਨ ਤਕ ਸੀਮਤ ਹੁੰਦੀਆਂ ਜਾ ਰਹੀਆਂ ਹਨ, ਉੱਥੇ ਰਾਜੀਵ ਦੀਆਂ ਫ਼ਿਲਮਾਂ ਆਮ ਲੋਕਾਂ ਦੇ ਦੁੱਖ ਤਕਲੀਫ਼ਾਂ ਦੀ ਪੈਰਵੀ ਕਰਦੀਆਂ ਨਜ਼ਰ ਆਉਂਦੀਆਂ ਹਨ। ਉਸ ਦੀਆਂ ਫ਼ਿਲਮਾਂ ਦਾ ਕੇਂਦਰ ਬਿੰਦੂ ਹਮੇਸ਼ਾਂ ਆਮ ਇਨਸਾਨ ਹੁੰਦਾ ਹੈ। ਉਹ ਆਪਣੀ ਫ਼ਿਲਮਸਾਜ਼ੀ ਰਾਹੀਂ ਆਮ ਲੋਕਾਂ ਦੀ ਆਵਾਜ਼ ਉਠਾਉਂਦਾ ਹੈ।
ਰਾਜੀਵ ਨੇ ਦਸਵੀਂ ਜਮਾਤ ਤਕ ਦੀ ਪੜ੍ਹਾਈ ਆਪਣੇ ਪਿੰਡ ਮੁਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਧਾ ਤੋਂ ਕੀਤੀ। ਥੀਏਟਰ ਦੇ ਸ਼ੌਕ ਦੇ ਚੱਲਦਿਆਂ ਉਸਨੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਦੀ ਐੱਮ.ਏ. ਕੀਤੀ। ਉਸਦਾ ਕਹਿਣਾ ਹੈ ਕਿ ਨਾਟਕ ਹਮੇਸ਼ਾਂ ਲੋਕਪੱਖੀ ਹੋਣਾ ਚਾਹੀਦਾ ਹੈ। ਉਸਦੀ ਇਹੀ ਵਿਚਾਰਧਾਰਾ ਉਸਦੀ ਫ਼ਿਲਮਸਾਜ਼ੀ ਵਿਚ ਵੀ ਝਲਕਦੀ ਹੈ। ਪੰਜਾਬ ਯੂਨੀਵਰਸਿਟੀ ਤੋਂ ਐੱਮ.ਏ. ਕਰਨ ਤੋਂ ਬਾਅਦ ਰਾਜੀਵ ਨੇ ਆਪਣੀ ਪਹਿਲੀ ਦਸਤਾਵੇਜ਼ੀ ਫ਼ਿਲਮ ‘ਆਪਣਾ ਪਾਸ਼’ ਬਣਾਈ। ਇਸ ਦਸਤਾਵੇਜ਼ੀ ਫ਼ਿਲਮ ਨੂੰ ਬਣਾਉਣ ਵੇਲੇ ਨਾ ਤਾਂ ਉਸ ਕੋਲ ਡਿਜੀਟਲ ਕੈਮਰਾ ਸੀ ਤੇ ਨਾ ਹੀ ਫ਼ਿਲਮ ਬਣਾਉਣ ਲਈ ਕੋਈ ਬਹੁਤਾ ਬਜਟ ਸੀ, ਪਰ ਰਾਜੀਵ ਇਸ ਫ਼ਿਲਮ ਨੂੰ ਹਰ ਹਾਲਤ ਵਿਚ ਬਣਾਉਣਾ ਚਾਹੁੰਦਾ ਸੀ। ਫਿਰ ਉਸਨੇ ਆਮ ਵਿਆਹ ਸ਼ਾਦੀਆਂ ਵਿਚ ਵਰਤੇ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਨਾਲ ਇਹ ਦਸਤਾਵੇਜ਼ੀ ਫ਼ਿਲਮ ਤਿਆਰ ਕਰ ਦਿੱਤੀ। ਇਹ ਫ਼ਿਲਮਾਂ ਦੀ ਦੁਨੀਆਂ ਵਿਚ ਉਸਦਾ ਪਹਿਲਾ ਤਜਰਬਾ ਸੀ ਜਿਹੜਾ ਸਫਲ ਰਿਹਾ ਅਤੇ ਉਸਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਫਿਰ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਮਸ਼ਹੂਰ ਢਾਡੀ ਈਦੂ ਸ਼ਰੀਫ਼ ਬਾਰੇ ਵੀ ਇਕ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ। ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਬਣਾਈਆਂ ਜਿਵੇਂ ‘ਆਤੂਖੋਜੀ’, ‘ਨਵਾਂ ਜਨਮ’, ‘ਚੰਮ’, ‘ਸਾਵੀ’ ਅਤੇ ‘ਨਾਬਰ’।
ਸਾਲ 2013 ਵਿਚ ਉਸਦੀ ਫ਼ਿਲਮ ‘ਨਾਬਰ’ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਜਿੱਥੇ ਇਕ ਪਾਸੇ ਉਹ ‘ਚੰਮ’ ਅਤੇ ‘ਨਵਾਂ ਜਨਮ’ ਵਰਗੀਆਂ ਫ਼ਿਲਮਾਂ ਵਿਚ ਜ਼ਿਮੀਂਦਾਰਾਂ ਅਤੇ ਦਲਿਤਾਂ ਦੇ ਰਿਸ਼ਤਿਆਂ ਦੀ ਗੱਲ ਕਰਦਾ ਹੈ, ਦੂਜੇ ਪਾਸੇ ਉਹ ਸਾਡੇ ਸਮਾਜ ਵਿਚਲੀ ਜਾਤੀ ਪ੍ਰਥਾ ’ਤੇ ਸੱਟ ਮਾਰਦਾ ਹੈ। ਉਸ ਦੀਆਂ ਫ਼ਿਲਮਾਂ ਦੇ ਪਾਤਰਾਂ ਨੂੰ ਆਮ ਲੋਕ ਆਪਣੇ-ਆਪ ਨਾਲ ਜੋੜ ਕੇ ਦੇਖਦੇ ਹਨ ਜੋ ਉਸਦੀ ਵੱਡੀ ਪ੍ਰਾਪਤੀ ਹੈ। ‘ਨਾਬਰ’ ਫ਼ਿਲਮ ਵਿਚ ਰਾਜੀਵ ਉਨ੍ਹਾਂ ਮੁੰਡਿਆਂ ਦੀ ਹੋਣੀ ਨੂੰ ਪੇਸ਼ ਕਰਦਾ ਹੈ ਜਿਹੜੇ ਵਿਦੇਸ਼ ਜਾਣ ਦੇ ਚੱਕਰ ਵਿਚ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਉਸ ਦੀਆਂ ਫ਼ਿਲਮਾਂ ਅਮੀਰ ਲੋਕਾਂ ਦੀ ਸੌੜੀ ਸਿਆਸਤ ਨੂੰ ਵੀ ਪੇਸ਼ ਕਰਦੀਆਂ ਹਨ ।
ਇਕ ਨਿਰਦੇਸ਼ਕ ਹੋਣ ਨਾਤੇ ਰਾਜੀਵ ਆਪਣੀਆਂ ਫ਼ਿਲਮਾਂ ਵਿਚਲੇ ਪਾਤਰਾਂ ਨੂੰ ਬੜੀ ਸੰਜੀਦਗੀ ਨਾਲ ਪਰਦੇ ’ਤੇ ਚਿਤਰਦਾ ਹੈ। ਉਹ ਆਪਣੇ ਕੈਮਰੇ ਦੀ ਵਰਤੋਂ ਬਾਖ਼ੂਬੀ ਕਰਨਾ ਜਾਣਦਾ ਹੈ। ਉਹ ਆਪਣੀਆਂ ਫ਼ਿਲਮਾਂ ਨੂੰ ਵਪਾਰ ਅਤੇ ਮਨੋਰੰਜਨ ਨਾਲ ਜੋੜ ਕੇ ਨਹੀਂ ਦੇਖਦਾ ਬਲਕਿ ਉਹ ਮੰਨਦਾ ਹੈ ਕਿ ਇਕ ਫ਼ਿਲਮ ਆਮ ਲੋਕਾਂ ਲਈ ਜਾਣਕਾਰੀ ਭਰਪੂਰ ਹੋਣੀ ਚਾਹੀਦੀ ਹੈ। ਉਹ ਆਪਣੀਆਂ ਫ਼ਿਲਮਾਂ ਵਿਚ ਕਿਰਤੀ ਅਤੇ ਹਾਕਮ ਜਮਾਤ ਵਿਚਲੇ ਤਲਖੀ ਭਰੇ ਰਿਸ਼ਤੇ ਨੂੰ ਪੇਸ਼ ਕਰਨ ਦੇ ਨਾਲ ਨਾਲ ਕਿਰਤੀ ਜਮਾਤ ਦੀ ਤਾਕਤ ਨੂੰ ਵੀ ਬਿਆਨ ਕਰਦਾ ਹੈ। ਉਸ ਦੀਆਂ ਫ਼ਿਲਮਾਂ ਵਿਚ ਔਰਤਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਜਿੱਥੇ ਇਕ ਪਾਸੇ ਉਹ ਆਪਣੀਆਂ ਫ਼ਿਲਮਾਂ ਵਿਚ ਪੇਂਡੂ ਔਰਤ ਦੀ ਹੋਣੀ ਨੂੰ ਦਰਸਾਉਂਦਾ ਹੈ, ਉੱਥੇ ਦੂਜੇ ਪਾਸੇ ‘ਚੰਮ’ ਵਿਚ ਡਾਕਟਰ ਦੇ ਕਿਰਦਾਰ ਵਿਚਲੀ ਕੁੜੀ ਪੜ੍ਹੀ ਲਿਖੀ ਅਤੇ ਸੂਝਵਾਨ ਆਗੂ ਹੋਣ ਦਾ ਸਬੂਤ ਦਿੰਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ‘ਸਾਵੀ’ ਫ਼ਿਲਮ ਰਾਹੀਂ ਉਹ ਇਕ ਔਰਤ ਦੀਆਂ ਸਮਾਜਿਕ ਅਤੇ ਸਰੀਰਿਕ ਜ਼ਰੂਰਤਾਂ ਬਹੁਤ ਚੰਗੇ ਢੰਗ ਨਾਲ ਬਿਆਨ ਕਰਦਾ ਹੈ। ਉਸ ਦੀਆਂ ਫ਼ਿਲਮਾਂ ਵਿਚਲੀ ਔਰਤ ਸ਼ੁਰੂਆਤ ਵਿਚ ਤਾਂ ਜ਼ਰੂਰ ਤਰਸ ਦੀ ਪਾਤਰ ਹੁੰਦੀ ਹੈ, ਪਰ ਅੰਤ ਤਕ ਉਹ ਆਪਣੇ ਅਕਸ ਨੂੰ ਪਛਾਣ ਕੇ ਉਸ ਸਮਾਜ ਨਾਲ ਲੜਨ ਦੀ ਜੁਅਰੱਤ ਕਰਦੀ ਹੈ ਜਿਹੜਾ ਸਮਾਜ ਉਸਨੂੰ ਕਮਜ਼ੋਰ ਸਮਝਦਾ ਹੈ।
ਰਾਜੀਵ ਅਕਸਰ ਪੰਜਾਬੀ ਸਿਨਮਾ ਵਿਚ ਇਸ ਲਈ ਚਰਚਾ ਵਿਚ ਰਹਿੰਦਾ ਹੈ ਕਿਉਂਕਿ ਉਹ ਪਿੰਡ-ਪਿੰਡ ਜਾ ਕੇ ਮੁਫ਼ਤ ਵਿਚ ਫ਼ਿਲਮਾਂ ਦਿਖਾਉਂਦਾ ਹੈ। ਇਸ ਕਰਕੇ ਕਈ ਵਾਰ ਦੂਜੇ ਨਿਰਦੇਸ਼ਕਾਂ ਵੱਲੋਂ ਉਸਦਾ ਵਿਰੋਧ ਵੀ ਕੀਤਾ ਜਾਂਦਾ ਹੈ। ਹਰ ਬੁੱਧੀਜੀਵੀ ਆਪਣੇ ਸਮਾਜ ਲਈ ਕੁਝ ਕਰਨਾ ਚਾਹੁੰਦਾ ਹੈ ਤੇ ਸਭ ਦਾ ਤਰੀਕਾ ਵੱਖ ਹੋ ਸਕਦਾ ਹੈ। ਇਸ ਲਈ ਰਾਜੀਵ ਆਪਣੀਆਂ ਫ਼ਿਲਮਾਂ ਰਾਹੀਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰ ਰਿਹਾ ਹੈ। ਉਸਨੇ ਆਪਣੀ ਫ਼ਿਲਮਸਾਜ਼ੀ ਨਾਲ ਪੰਜਾਬੀ ਸਿਨਮਾ ਨੂੰ ਨਵਾਂ ਮੋੜ ਦਿੱਤਾ ਹੈ। ਨਵੀਂ ਪੀੜ੍ਹੀ ਨੂੰ ਰਾਜੀਵ ਦੀ ਵਿਚਾਰਧਾਰਾ ਤੋਂ ਸੇਧ ਲੈਣ ਦੀ ਲੋੜ ਹੈ।