ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਆਜ਼ਾਦ ਰੂਹ ਦੀ ਮਾਲਕ

Posted On August - 31 - 2019

ਸਰਬਜੀਤ

ਇਕ ਸਮਾਗਮ ਦੌਰਾਨ ਅੰਮ੍ਰਿਤਾ ਪ੍ਰੀਤਮ, ਇਮਰੋਜ਼ ਤੇ ਪੰਮੀ ਬਾਈ। (ਫੋਟੋ; ਪੰਜਾਬੀ ਅਕਾਦਮੀ, ਦਿੱਲੀ)

ਅੱਜ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਹੈ। ਅੰਮ੍ਰਿਤਾ ਦੇ ਨਾਮ, ਕੰਮ ਅਤੇ ਜੀਵਨ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਜਗਤ ਨਾਲ ਸਬੰਧਿਤ ਹਰ ਸਖ਼ਸ਼ ਇਸ ਮਹੀਨੇ ਕਿਸੇ ਨਾ ਕਿਸੇ ਰੂਪ ਵਿਚ ਅੰਮ੍ਰਿਤਾ ਨੂੰ ਯਾਦ/ਚਰਚਾ ਜ਼ਰੂਰ ਕਰੇਗਾ। ਇਨ੍ਹਾਂ ਚਰਚਾਵਾਂ ਦਾ ਰੂਪ, ਵਿਸ਼ਾ, ਮਿਆਰ ਜਾਂ ਭਾਵਨਾ ਕੋਈ ਵੀ ਹੋਵੇ, ਪਰ ਇਹ ਚਰਚਾ ਸਪੱਸ਼ਟ ਤੌਰ ’ਤੇ ਅੰਮ੍ਰਿਤਾ ਦੇ ‘ਹੋਣ’ ਨੂੰ ਪ੍ਰਗਟਾਵੇਗੀ। ਇਹ ਚਰਚਾ ਪ੍ਰਮਾਣਿਤ ਕਰੇਗੀ ਕਿ ਕਿਵੇਂ ਵੱਖ-ਵੱਖ ਧਿਰਾਂ ਦੇ ਅੰਮ੍ਰਿਤਾ ਪ੍ਰਤੀ ਹਜ਼ਾਰਾਂ ਸਵਾਲਾਂ, ਸ਼ੰਕਿਆਂ ਅਤੇ ਸ਼ਿਕਾਇਤਾਂ ਦੇ ਬਾਵਜੂਦ ਉਸਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਸੰਖੇਪ ਵਿਚ ਪੰਜਾਬੀ ਸਾਹਿਤਕ, ਅਕਾਦਮਿਕ, ਸੱਭਿਆਚਾਰਕ ਅਤੇ ਚਿੰਤਨ ਦੇ ਖੇਤਰ ਵਿਚ ਕਿਸੇ ਔਰਤ ਦੀ ਹਸਤੀ ਨੂੰ ਅਣਡਿੱਠ ਨਾ ਕੀਤਾ ਜਾ ਸਕਣਾ ਹੀ ਅੰਮ੍ਰਿਤਾ ਪ੍ਰੀਤਮ ਦਾ ਹਾਸਲ ਹੈ। ਅੰਮ੍ਰਿਤਾ ਪ੍ਰੀਤਮ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਉਸਨੇ ਪੰਜਾਬੀ ਔਰਤ ਤੇ ਵਿਸ਼ੇਸ਼ ਕਰਕੇ ਚੇਤਨ, ਸਮਰੱਥ ਅਤੇ ਪ੍ਰਤਿਭਾਸ਼ੀਲ ਔਰਤ ਦੀ ਹੋਂਦ ਅਤੇ ਹੋਣੀ ਦੇ ਪ੍ਰਸੰਗ ਵਿਚ ਨਵੇਂ ਮਿਆਰ ਸਥਾਪਿਤ ਕੀਤੇ। ਉਹ ਕੇਵਲ ਕਾਗਜ਼ੀ/ਸ਼ਬਦਾਂ ਦੀ ਲੜਾਈ ਨਹੀਂ ਲੜੀ, ਉਸਨੇ ਔਰਤ ਦੇ ਸੰਘਰਸ਼ ਲਈ ਆਪਣੀ ਜ਼ਿੰਦਗੀ ਦੀ ਜ਼ਮੀਨ ਤਿਆਰ ਕੀਤੀ। ਉਹ ਅਸਲੀ ਅਰਥਾਂ ਵਿਚ ‘ਬੇਕੈਦ’ ਰੂਹ ਸੀ ਜਿਸਨੇ ਸਮਾਜ ਤੇ ਸੱਭਿਆਚਾਰ ਦੀ ਕਿਸੇ ਵੀ ਰਾਮਕਾਰ ਨੂੰ ਔਰਤ ਦੀ ਹੋਣੀ ਦਾ ਅੰਤਿਮ ਸੱਚ ਪ੍ਰਵਾਨ ਨਹੀਂ ਕੀਤਾ। ਉਹ ਪੰਜਾਬ ਦੀ ਪਹਿਲੀ ਔਰਤ ਹੈ ਜਿਸਨੇ ਔਰਤ ਦੀ ਮਰਜ਼ੀ ਅਤੇ ਪਸੰਦ ਨੂੰ ਮਨੁੱਖੀ ਗੌਰਵ ਨਾਲ ਜੋੜ ਕੇ ਪੇਸ਼ ਕੀਤਾ। ਇਸੇ ਪ੍ਰਸੰਗ ਵਿਚ ਉਹ ਪਤੀ ਵੱਲੋਂ ਕੀਤੇ ਜਾਣ ਵਾਲੇ ਬਲਾਤਕਾਰ, ਕੁੱਖ ਉੱਪਰ ਔਰਤ ਦੇ ਏਕਾਧਿਕਾਰ, ਔਰਤ ਦੇਹ ਦੇ ਸੰਤਾਪ, ਚਰਿੱਤਰ ਹਨਨ, ਮੁਹੱਬਤ ਦੀ ਚੋਣ ਆਦਿ ਮਸਲਿਆਂ ਉੱਪਰ ਔਰਤ ਦੀ ਬੁਲੰਦ ਅਤੇ ਬੇਬਾਕ ਆਵਾਜ਼ ਬਣਦੀ ਹੈ।
ਅੰਮ੍ਰਿਤਾ ਪ੍ਰੀਤਮ ਨੇ ਔਰਤ ਦੀ ਹੋਂਦ ਅਤੇ ਹੋਣੀ ਦੇ ਪ੍ਰਸੰਗ ਵਿਚ ਆਧੁਨਿਕ ਚੇਤਨਾ ਨਾਲ ਲੈਸ ਬਹੁਤ ਮਹੱਤਵਪੂਰਨ ਅਤੇ ਵੱਡੇ ਸਵਾਲ ਖੜ੍ਹੇ ਕੀਤੇ। ਅੱਜ ਸ਼ਾਇਦ ਇਹ ਸਭ ਗੱਲਾਂ ਛੋਟੀਆਂ ਜਾਪਣ, ਪਰ ਅੱਸੀ ਸਾਲ ਪਹਿਲਾਂ ਅਜਿਹੀ ਕਵਿਤਾ ਲਿਖਣਾ ਤੇ ਉਸਨੂੰ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਨਾ ਬਹੁਤ ਦਲੇਰਾਨਾ ਅਤੇ ਹੌਸਲੇ ਵਾਲੀ ਗੱਲ ਸੀ। ਇਹ ‘ਦਲੇਰੀ’ ਅਤੇ ‘ਹੌਸਲਾ’ ਹੀ ਉਸਦਾ ਵਡੱਪਣ ਹੈ ਜਿਸਨੂੰ ਚੇਤੇ ਕੀਤਾ/ਰੱਖਿਆ ਜਾਣਾ ਚਾਹੀਦਾ ਹੈ। ਅੰਮ੍ਰਿਤਾ ਸਬੰਧੀ ਇਹ ਵੀ ਮਹੱਤਵਪੂਰਨ ਹੈ ਕਿ ਉਸਦੀ ‘ਪ੍ਰਾਪਤੀ’ ਹੀ ਉਸਦਾ ‘ਦੁਖਾਂਤ’ ਹੈ। ਉਹ ਆਪਣੇ ਸਮੇਂ ਤੋਂ ਤਕਰੀਬਨ ਇਕ ਸਦੀ ਅੱਗੇ ਸੀ,ਪਰ ਉਸਦਾ ਸਮਾਜ, ਸਾਹਿਤਕ ਘੇਰਾ ਅਤੇ ਆਲਾ-ਦੁਆਲਾ ਤਤਕਾਲੀ ਪਰਿਸਥਿਤੀਆਂ ਦੀ ਪੈਦਾਵਾਰ/ਪ੍ਰਤੀਬਿੰਬ ਸਨ। ਇਸ ਲਈ ਅੰਮ੍ਰਿਤਾ ਵਰਗੀ ਦਬੰਗ ਅਤੇ ਚੇਤਨ ਔਰਤ ਨੂੰ ਬਰਦਾਸ਼ਤ ਕਰ ਸਕਣਾ ਇੰਨਾ ਸੁਖਾਲਾ ਨਹੀਂ ਸੀ। ਜੇਕਰ ਇਕ ਪੰਜਾਬੀ ਔਰਤ ਨੂੰ ਸਾਹਿਤਕਾਰ ਵਜੋਂ ਦੇਖਿਆ ਜਾਵੇ ਤਾਂ ਅੱਜ ਭਾਵ ਸੌ ਸਾਲ ਬਾਅਦ ਵੀ ਅੰਮ੍ਰਿਤਾ ਸਾਡੇ ਬਰਾਬਰ ਨਹੀਂ, ਸਗੋਂ ਕਈ ਕਦਮ ਅੱਗੇ ਖੜ੍ਹੀ ਦਿਖਾਈ ਦਿੰਦੀ ਹੈ। ਉਸਦਾ ਹਮੇਸ਼ਾਂ ਅਗਾਂਹ, ਨਰੋਆ ਤੇ ਤਾਜ਼ਾ ਰਹਿਣਾ ਹੀ ਕਈ ਵਾਰ ਉਸਦੇ ਸਮਕਾਲੀਆਂ ਨੂੰ ਅੰਮ੍ਰਿਤਾ ਪ੍ਰਤੀ ਈਰਖਾਲੂ ਤੇ ਦਵੈਖੀ ਬਣਾ ਦਿੰਦਾ ਹੈ।
ਜੇਕਰ ਦੇਖਿਆ ਜਾਵੇ ਤਾਂ ਸਾਡੀ ਇਹ ਕਵਿੱਤਰੀ/ਸਾਹਿਤਕਾਰ ਅੱਜ ਊਜਾਂ, ਤਨਜ਼ਾਂ, ਮਿਹਣਿਆਂ ਅਤੇ ਇਲਜ਼ਾਮਾਂ ਨਾਲ ਘਿਰ ਗਈ ਹੈ। ਇਸ ਸਭ ਦਰਮਿਆਨ ਉਸਦੀ ਰਚਨਾ ਅਤੇ ਵਿਅਕਤੀਤਵ ਨਾਲ ਇਨਸਾਫ਼ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ। ਪੰਜਾਬੀ ਸਾਹਿਤਕ ਜਗਤ ਅੰਦਰ ਅੱਜ ਅੰਮ੍ਰਿਤਾ ਪ੍ਰੀਤਮ ਬਾਰੇ ਗੱਲ ਕਰਨਾ ਇਕ ਅਣਐਲਾਨੀ ਧੜੇਬਾਜ਼ੀ ਦਾ ਸ਼ਿਕਾਰ ਹੋਣਾ ਹੈ ਜਿਸ ਵਿਚ ਉਸਦੇ ਪੱਖ ਜਾਂ ਵਿਰੋਧ ਵਿਚ ਭੁਗਤਣਾ ਹੀ ਪੈਂਦਾ ਹੈ। ਇਨ੍ਹਾਂ ਵਿਚੋਂ ਪਹਿਲਾ ਤੇ ਮਹੱਤਵਪੂਰਨ ਸਿੱਟਾ ਪੰਜਾਬੀ ਸਾਹਿਤਕ ਜਗਤ ਅੰਦਰ ਔਰਤ ਦੀ ਹੈਸੀਅਤ ਦੇ ਸਵਾਲ ਦਾ ਕੇਂਦਰ ਵਿਚ ਆਉਣਾ ਹੈ। ਇਸ ਧੜੇਬਾਜ਼ੀ ਅੰਦਰ ਅੰਮ੍ਰਿਤਾ ਦੇ ਵਿਰੋਧ ਅਤੇ ਪੱਖ ਦੀਆਂ ਦਲੀਲਾਂ ਨੇ ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਸਰਗਰਮ ਔਰਤਾਂ ਨੂੰ ਆਪਣੀ ਹੋਂਦ, ਹਸਤੀ ਅਤੇ ਹੋਣੀ ਬਾਰੇ ਦੁਬਾਰਾ ਤੋਂ ਸੋਚਣ ਲਈ ਮਜਬੂਰ ਕੀਤਾ ਹੈ। ਉਦਾਹਰਨ ਲਈ ਅੰਮ੍ਰਿਤਾ ਪ੍ਰੀਤਮ ਦੀ ਤਾਜ਼ੀ ਪੜ੍ਹਤ ਉਪਰੰਤ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਅੰਮ੍ਰਿਤਾ ਨੂੰ ਨਿੱਠ ਕੇ ਨਹੀਂ ਸਗੋਂ ਟੁੱਟਵੇਂ ਰੂਪ ਵਿਚ ਪੜ੍ਹਿਆ ਹੈ। ਇਸ ਲਈ ਪਹਿਲਾ ਸਵਾਲ ਮੇਰੇ ਮਨ ਵਿਚ ਇਹੀ ਆਇਆ ਕਿ ਆਖ਼ਰ ਸਕੂਲ ਸਮੇਂ ਤੋਂ ਜਾਣੀ-ਪਛਾਣੀ ਤੇ ਇੰਨੀ ਚਰਚਿਤ ਲੇਖਕਾਂ ਨੂੰ ਮੈਂ ਨਿੱਠ ਕੇ ਕਿਉਂ ਨਾ ਪੜ੍ਹਿਆ? ਅਜਿਹਾ ਨਹੀਂ ਹੈ ਕਿ ਮੈਨੂੰ ਅੰਮ੍ਰਿਤਾ ਦੀ ਰਚਨਾ ਪਸੰਦ ਨਹੀਂ ਹੈ, ਉਸ ਦੀਆਂ ਕੁਝ ਰਚਨਾਵਾਂ ਮੈਨੂੰ ਬੇਹੱਦ ਪਸੰਦ ਹਨ। ਇਸ ਪ੍ਰਸੰਗ ਵਿਚ ਕੀ ਇਹ ਸਵਾਲ ਮਹੱਤਵਪੂਰਨ ਨਹੀਂ ਹੈ ਕਿ ਪਸੰਦ ਹੋਣ ਦੇ ਬਾਵਜੂਦ ਤੁਸੀਂ ਕਿਸੇ ਲੇਖਕ ਦਾ ਨਿੱਠ ਕੇ ਪਾਠ ਨਾ ਕਰੋ ਜਦੋਂਕਿ ਤੁਸੀਂ ਆਮ ਤੌਰ ’ਤੇ ਨਿੱਠ ਕੇ ਪੜ੍ਹਨ ਦੇ ਆਦੀ ਹੋਵੋ? ਕੀ ਮੈਂ ਪੰਜਾਬੀ ਦੀ ਕਿਸੇ ਵੀ ਔਰਤ ਲੇਖਕ ਨੂੰ ਨਿੱਠ ਕੇ ਪੜ੍ਹਿਆ ਹੈ? ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਸੁਖਵਿੰਦਰ ਅੰਮ੍ਰਿਤ ਤੋਂ ਬਿਨਾਂ ਮੈਂ ਕਿਸੇ ਪੰਜਾਬੀ ਲੇਖਿਕਾ ਨੂੰ ਨਿੱਠ ਕੇ ਨਹੀਂ ਪੜ੍ਹਿਆ। ਹੁਣ ਸਵਾਲ ਹੈ ਕਿ ਸੁਖਵਿੰਦਰ ਅੰਮ੍ਰਿਤ ਦੀ ਹੀ ਚੋਣ ਕਿਉਂ ਕੀਤੀ? ਕੀ ਮੈਂ ਬਾਕੀ ਔਰਤ ਲੇਖਕਾਂ ਦੀ ਰਚਨਾ ‘ਕੇਵਲ’ ਮੁਕਾਬਲਤਨ ‘ਮਾੜੀ ਜਾਂ ਸਾਧਾਰਨ’ ਪੱਧਰ ਦੀ ਹੋਣ ਕਰਕੇ ਛੱਡ ਦਿੱਤੀ? ਜੇਕਰ ਅਜਿਹਾ ਹੈ ਤਾਂ ਬਹੁਤ ਸਾਰੇ ਮਰਦ ਲੇਖਕਾਂ ਦੀਆਂ ਮੁਕਾਬਲਤਨ ‘ਮਾੜੀਆਂ ਜਾਂ ਸਾਧਾਰਨ ਪੱਧਰ’ ਦੀਆਂ ਰਚਨਾਵਾਂ ਮੈਂ ਕਿਉਂ ਪੜ੍ਹੀਆਂ? ਸਪੱਸ਼ਟ ਰੂਪ ਵਿਚ ਇਹ ਪੰਜਾਬੀ ਸਾਹਿਤਕ ਅਤੇ ਅਕਾਦਮਿਕ ਜਗਤ ਰਾਹੀਂ ਸਾਡੀ ਚੋਣ ਉੱਪਰ ਪਾਏ ਅਚੇਤ ਪ੍ਰਭਾਵ ਦਾ ਸਿੱਟਾ ਹੈ, ਜਿਸ ਵਿਚ ਤੁਲਨਾਤਮਕ ਰੂਪ ਵਿਚ ਔਰਤ ਦੇ ਕੰਮ ਨੂੰ ਦੂਜੈਲੇ ਪੱਧਰ ਦੇ ਕੰਮ ਵਜੋਂ ਦੇਖਿਆ ਜਾਂਦਾ ਹੈ।
ਇਨ੍ਹਾਂ ਸਵਾਲਾਂ ਦੀ ਲੜੀ ਇੱਥੇ ਨਹੀਂ ਰੁਕਦੀ। ਤੁਸੀਂ ਆਪਣੀ ਲਾਇਬ੍ਰੇਰੀ ਵੱਲ ਨਜ਼ਰ ਮਾਰੋ ਅਤੇ ਦੇਖੋ ਕਿ ਉੱਥੇ ਪੰਜਾਬੀ ਲੇਖਿਕਾਵਾਂ ਦੀਆਂ ਕਿਤਾਬਾਂ ਦੀ ਗਿਣਤੀ ਕਿੰਨੀ ਹੈ? ਪੰਜਾਬੀ ਵਿਚ ਔਰਤਾਂ ਵੱਲੋਂ ਲਿਖਿਆ ਸਿਰਜਣਾਤਮਕ ਸਾਹਿਤ ਤਾਂ ਫਿਰ ਵੀ ਕਿਸੇ ਗਿਣਤੀ ਵਿਚ ਆਉਂਦਾ ਹੈ, ਪਰ ਕੀ ਪੰਜਾਬੀ ਵਿਚ ਕਿਸੇ ਔਰਤ ਵੱਲੋਂ ਲਿਖੀ ਸਾਹਿਤ ਆਲੋਚਨਾ ਜਾਂ ਮੌਲਿਕ ਚਿੰਤਨ ਦੀ ਪੁਸਤਕ ਕਿਸੇ ਗਿਣਤੀ ਵਿਚ ਹੈ? ਅਜਿਹਾ ਨਹੀਂ ਕਿ ਪੁਸਤਕਾਂ ਨਹੀਂ ਹੋਣਗੀਆਂ, ਪਰ ਮੈਂ ਉਨ੍ਹਾਂ ਪੁਸਤਕਾਂ ਦਾ ਸਬੰਧਿਤ ਵਿਸ਼ੇ ਦੇ ਪ੍ਰਸੰਗ ਵਿਚ ਮਰਦਾਂ ਦੀਆਂ ਪੁਸਤਕਾਂ ਦੇ ਟਾਕਰੇ ਉੱਪਰ ਬਿਹਤਰ ਹੋਣ ਦਾ ਚਰਚਾ ਨਹੀਂ ਸੁਣਿਆ। ਅਜਿਹਾ ਕਿਉਂ? ਕੀ ਇਸਦਾ ਮਤਲਬ ਹੈ ਕਿ ਕਿਸੇ ਵੀ ਔਰਤ ਨੇ ਪੰਜਾਬੀ ਵਿਚ ਸਿਰਜਣਾ, ਆਲੋਚਨਾ ਤੇ ਚਿੰਤਨ ਦੇ ਕਿਸੇ ਵੀ ਖੇਤਰ ਵਿਚ ਉੱਤਮ ਕੰਮ ਨਹੀਂ ਕੀਤਾ? ਕੀ ਔਰਤਾਂ ਵੱਲੋਂ ਕੀਤਾ ਅਜਿਹਾ ਸਾਰਾ ਕੰਮ ਦੂਜੈਲੇ ਦਰਜੇ ਦਾ ਹੈ? ਜੇਕਰ ਹਾਂ ਤਾਂ ਇਸਦੇ ਕੀ ਕਾਰਨ ਹਨ ਕਿ ਅਸੀਂ ਅੱਜ ਤਕ ਇਕ ਵੀ ਮਾਣ ਕਰਨਯੋਗ ਔਰਤ ਵਿਚਾਰਕ ਪੈਦਾ ਨਹੀਂ ਕਰ ਸਕੇ? ਅੱਜ ਵੀ ਜੇਕਰ ਕਿਸੇ ਵਿਸ਼ੇ ਸਬੰਧੀ ਗੰਭੀਰ ਚਰਚਾ ਕਰਨੀ/ਕਰਵਾਉਣੀ ਹੋਵੇ ਤਾਂ ਪੰਜਾਬੀ ਮਰਦ ਲੇਖਕਾਂ, ਆਲੋਚਕਾਂ ਅਤੇ ਵਿਚਾਰਕਾਂ ਦੇ ਨਾਵਾਂ ਦਰਮਿਆਨ ਕਿਸੇ ਵਿਰਲੀ ਟਾਂਵੀ ਔਰਤ ਦਾ ਨਾਮ ਹੀ ਯਾਦ ਆਉਂਦਾ ਹੈ। ਆਖਿਰ ਕਿਉਂ?
ਇਹ ਸਾਰੇ ‘ਕਿਉਂ’ ਬਿਨਾਂ ਸ਼ੱਕ ਮੇਰੇ, ਤੁਹਾਡੇ ਅਤੇ ਸਾਡੇ ਸਾਹਿਤਕ/ਅਕਾਦਮਿਕ ਅਚੇਤਨ ਦੇ ਨਾਲ-ਨਾਲ ਸਿਰਜਣਾ ਅਤੇ ਚਿੰਤਨ ਦੇ ਸਮੁੱਚੇ ਢਾਂਚੇ ਅੰਦਰ ਔਰਤ ਵਿਰੋਧੀ ਮਾਨਸਿਕਤਾ ਅਤੇ ਪ੍ਰਕਿਰਤੀ ਨੂੰ ਪ੍ਰਗਟਾਉਂਦੇ ਹਨ। ਇਹ ਕਿਸੇ ਦੀ ਨਿੱਜੀ/ਵਿਅਕਤੀਗਤ ਸੋਚਣੀ ਦੇ ਨੁਕਸ ਨਾਲੋਂ ਵਧੇਰੇ ਸਮੂਹਿਕ ਸੋਚਣੀ ਅਤੇ ਪਿੱਤਰੀ ਸਮਾਜ ਅੰਦਰਲਾ ਢਾਂਚਾਗਤ ਨੁਕਸ ਹੈ। ਇਸੇ ਢਾਂਚਾਗਤ ਨੁਕਸ ਕਾਰਨ ਪਿੱਤਰਸੱਤਾ ਦੀਆਂ ਵਿਰੋਧੀ ਤੇ ਅਗਾਂਹਵਧੂ ਔਰਤਾਂ ਖ਼ਿਲਾਫ਼ ਜਾਣੇ-ਅਣਜਾਣੇ ਸਾਜ਼ਿਸ਼ਾਂ ਅਤੇ ਅਫ਼ਵਾਹਾਂ ਦਾ ਸਿਲਸਿਲਾ ਜਨਮ ਲੈਂਦਾ ਹੈ। ਅਜਿਹਾ ਕਰਨ ਲਈ ਪੁਰਸ਼ਤੰਤਰ ਅੰਦਰ ਸਭ ਤੋਂ ਪਹਿਲਾਂ ਸਮਰੱਥ ਤੇ ਪ੍ਰਤਿਭਾਸ਼ੀਲ ਔਰਤਾਂ ਨੂੰ ਇਕੱਲੀਆਂ ਕੀਤਾ ਜਾਂਦਾ ਹੈ। ਅੱਜ ਵੀ ਔਰਤ ਨੂੰ ਮਾਨਸਿਕ ਤੌਰ ’ਤੇ ਤੋੜਨ ਲਈ ਪਹਿਲਾ ਵਾਰ ਉਸਦੇ ਚਰਿੱਤਰ ’ਤੇ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਔਰਤ ਕੇਵਲ ਮਾਨਸਿਕ ਪੀੜਾ ਦਾ ਸ਼ਿਕਾਰ ਨਹੀਂ ਹੁੰਦੀ, ਸਗੋਂ ਉਹ ਘਰ, ਪਰਿਵਾਰ ਅਤੇ ਬਾਕੀ ਔਰਤਾਂ ਨਾਲੋਂ ਦਿਲ ਦੇ ਕਿਸੇ ਖੂੰਜੇ ਵਿਚ ਇਕੱਲੀ ਵੀ ਹੋ ਜਾਂਦੀ ਹੈ। ਜੇਕਰ ਔਰਤ ਇਸ ਹਥਿਆਰ ਨਾਲ ਕਾਬੂ ਨਾ ਆਵੇ ਤਾਂ ਅਗਲਾ ਹਥਿਆਰ ਸੱਤਾ ਅਤੇ ਸ਼ਕਤੀ ਦੇ ਲੋਭ ਦਾ ਹੁੰਦਾ ਹੈ। ਇਸ ਲੋਭ ਦੀ ਸ਼ਿਕਾਰ ਔਰਤ ਸੱਤਾ ਦੇ ਹਿੱਸੇਦਾਰ ਮਰਦਾਂ ਅਤੇ ਸੱਤਾ ਦੇ ਦਾਬੇ ਦੀਆਂ ਸ਼ਿਕਾਰ ਔਰਤਾਂ, ਦੋਵਾਂ ਨਾਲ ਹਿੱਤਾਂ ਦੇ ਟਕਰਾਅ ਦਰਮਿਆਨ ਵੀ ‘ਇਕੱਲਤਾ ਦੇ ਸੰਤਾਪ’ ਨੂੰ ਭੋਗਦੀ ਹੈ। ਇਸ ਤਰ੍ਹਾਂ ਕਿਸੇ ਔਰਤ ਵੱਲੋਂ ਪਿੱਤਰਸੱਤਾ ਦੀ ਵਿਰੋਧਤਾ ਦਾ ਅੰਤਿਮ ਨਤੀਜਾ ‘ਇਕੱਲਤਾ ਦਾ ਸੰਤਾਪ’ ਹੈ।
ਉਪਰੋਕਤ ਸੰਦਰਭ ਵਿਚ ਦੇਖਿਆਂ ਪਤਾ ਲੱਗਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਨਾਲ ਅਜਿਹਾ ਹੀ ਵਾਪਰਿਆ ਹੈ। ਅੰਮ੍ਰਿਤਾ ਦੇ ਪੰਜਾਬੀ ਸਾਹਿਤਕ ਜਗਤ ਵਿਚ ਪ੍ਰਵੇਸ਼ ਨਾਲ ਹੀ ਉਸਦਾ ਵਿਅਕਤੀਤਵ, ਰਚਨਾ ਨਾਲੋਂ ਵਧੇਰੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ, ਪਰ ਉਹ ਇੰਨੀ ਸਮਰੱਥ ਔਰਤ ਸੀ ਕਿ ਉਸਨੇ ਚਰਿੱਤਰ ਉੱਪਰ ਕੀਤੇ ਵਾਰਾਂ ਨੂੰ ਅਹਿਮੀਅਤ ਨਹੀਂ ਦਿੱਤੀ। ਅੰਮ੍ਰਿਤਾ ਦੇ ਜਿਹੜੇ ਇਸ਼ਕ ਬਿਰਤਾਂਤਾਂ ਨੂੰ ਚਸਕਿਆਂ ਨਾਲ ਸੁਣਾਇਆ/ਸੁਣਿਆ ਜਾਂਦਾ ਸੀ, ਉਸਦਾ ਹੀਜ਼ ਪਿਆਜ਼ ਉਸਨੇ ਆਪ ਹੀ ਖੋਲ੍ਹ ਦਿੱਤਾ। ਇਸਤੋਂ ਬਾਅਦ ਅੰਮ੍ਰਿਤਾ ਸੱਤਾ ਅਤੇ ਸ਼ਕਤੀ ਦਾ ਸਵਾਦ ਚੱਖਦੀ ਹੈ। ਅਜਿਹੇ ਵਿਚ ਉਹ ਆਪਣੇ ਖ਼ਿਲਾਫ਼ ਕੀਤੀ ਜਾਣ ਵਾਲੀ ਸਿਆਸਤ ਦਾ ਜਵਾਬ ਨਿਪੁੰਨ ਸਿਆਸਤਦਾਨ ਵਾਂਗ ਦਿੰਦੀ ਹੈ। ਉਹ ਆਪਣੀ ਵਿਰੋਧੀ ਅਕਾਦਮਿਕ ਅਤੇ ਸਾਹਿਤਕ ਸਿਆਸਤ ਨੂੰ ਚੁੱਪ ਰਹਿ ਕੇ ਇਕ ਤਰਫ਼ਾ ਨਹੀਂ ਬਣਨ ਦਿੰਦੀ ਅਤੇ ਉਨ੍ਹਾਂ ਸਮਿਆਂ ਵਿਚ ਆਪਣੀ ਧਿਰ ਖੜ੍ਹੀ ਕਰਕੇ ਸ਼ਕਤੀ ਦਾ ਸੰਤੁਲਨ ਸਿਰਜਣ ਦਾ ਯਤਨ ਕਰਦੀ ਹੈ। ਇਸੇ ਲਈ ਉਸਦੇ ‘ਪਰਿਵਾਰ ਦੇ ਦੁਖਾਂਤ’ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ। ਇੰਨਾ ਹੀ ਨਹੀਂ ਅੰਮ੍ਰਿਤਾ ਦੇ ਸ਼ਕਤੀਸ਼ਾਲੀ ਵਿਅਕਤੀਤਵ ਦਾ ਵਿਰੋਧ ਕਰਨ ਵਾਲੇ ਕਈ ਤਾਂ ਇਮਰੋਜ਼ ਨਾਲ ਹਮਦਰਦੀ ਤਕ ਦਿਖਾਉਂਦੇ ਹਨ। ਆਖਿਰ ਕਿਉਂ? ਕਿਉਂਕਿ ਅੰਮ੍ਰਿਤਾ ਤੋਂ ਪਹਿਲਾ ਸਾਹਿਤਕ ਖੇਤਰ ਵਿਚ ਜੋ ਕੁਝ ਮੰਨਿਆ ਜਾਂਦਾ ਸੀ ਕਿ ਔਰਤ ਨਹੀਂ ਕਰ ਸਕਦੀ, ਉਹ ਸਭ ਅੰਮ੍ਰਿਤਾ ਨੇ ਕਰ ਕੇ ਦਿਖਾ ਦਿੱਤਾ। ਉਸਨੇ ਕੇਵਲ ਕਿਤਾਬਾਂ ਅਤੇ ਪਾਠਕਾਂ ਦੇ ਸਿਰ ਉੱਪਰ ਮਨਮਰਜ਼ੀ ਦੀ ਜ਼ਿੰਦਗੀ ਜੀਵੀ, ਹਰ ਵੱਡਾ ਇਨਾਮ, ਸਨਮਾਨ, ਪਦਵੀ ਪ੍ਰਾਪਤ ਕੀਤੀ, ਰਸਾਲਾ ਕੱਢਿਆ, ਸਭ ਤੋਂ ਵਧੇਰੇ ਵਿਆਹ ਹੋਣ ਦੇ ਬਾਅਦ ਵੀ ਆਪਣੇ ਮਨਪਸੰਦ ਵਿਅਕਤੀ ਨਾਲ ਰਹਿਣ ਦੀ ਹਿੰਮਤ ਕੀਤੀ। ਉਸਨੇ ਵਾਲ ਕਟਵਾਏ, ਦਾਰੂ-ਸਿਗਰਟ ਪੀਤੀ, ਪਰ ਕਦੇ ਲੁਕੋ ਨਹੀਂ ਰੱਖਿਆ। ਪੰਜਾਬੀ ਸਮਾਜ ਅੰਦਰ ਇਕ ਔਰਤ ਇਕੋ ਜਨਮ ਵਿਚ ਇੰਨੀ ਹਿਮਾਕਤੀ ਹੋਵੇ ਤੇ ਉਸਦਾ ਵਿਰੋਧ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਇਸ ਲਈ ਸੱਭਿਆਚਾਰਕ ਆਲੰਬਰਦਾਰਾਂ ਨੂੰ ਖੜ੍ਹਾ ਹੋਣਾ ਪਿਆ ਕਿਉਂਕਿ ਇਸ ਹਿਸਾਬ ਨਾਲ ਤਾਂ ਅੰਮ੍ਰਿਤਾ ਕੁੜੀਆਂ ਦੀ ਨਾਇਕਾ ਬਣ ਸਕਦੀ ਸੀ ਤੇ ਬਣਦੀ ਵੀ ਕਿਉਂ ਨਾ? ਅਣਗਿਣਤ ਲੇਖਕ ਪੈਦਾ ਕਰਨ ਵਾਲੀ ਕੀ ਆਪਣੇ ਵਰਗੀਆਂ ਕੁਝ ਕੁ ਲੇਖਿਕਾਵਾਂ ਦੇ ਪੈਦਾ ਹੋਣ ਲਈ ਪ੍ਰੇਰਨਾ ਸਰੋਤ ਵੀ ਨਾ ਬਣਦੀ? ਇਸ ਲਈ ਅੰਮ੍ਰਿਤਾ ਨੂੰ ਨਾ ਕੇਵਲ ਰੋਕਣਾ, ਸਗੋਂ ਉਸਤੋਂ ਵਧੇਰੇ ਗਿਰਾਉਣਾ, ਤੋੜਨਾ, ਹਰਾਉਣਾ ਅਤੇ ਸਭ ਤੋਂ ਵੱਧ ਮਿੱਟੀ ਵਿਚ ਮਿਲਾਉਣਾ ਬਹੁਤ ਜ਼ਰੂਰੀ ਸੀ। ਇੱਥੇ ਇਹ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਸਾਹਿਤਕ ਜਗਤ ਦੇ ਆਪੇ ਥਾਪੇ ਆਲੰਬਰਦਾਰ ਔਰਤ ਲੇਖਕ ਤੋਂ ਨਹੀਂ ਬਲਕਿ ਅੰਮ੍ਰਿਤਾ ਵਰਗੀ ਔਰਤ ਲੇਖਕ ਤੋਂ ਡਰਦੇ ਹਨ। ਉਨ੍ਹਾਂ ਨੂੰ ਡਰ ਸਤਾਉਂਦਾ ਰਹਿੰਦਾ ਹੈ ਕਿ ਅੰਮ੍ਰਿਤਾ ਵਰਗੀਆਂ ਬੇਪਰਵਾਹ ਔਰਤਾਂ ਘਰ ਤੋਂ ਲੈ ਕੇ ਸਟੇਜਾਂ ਤਕ ਉਨ੍ਹਾਂ ਦੀ ਹੋਣੀ ਦੇ ਦੰਭ ਨੂੰ ਨੰਗਾ ਕਰ ਦੇਣਗੀਆਂ।
ਅੰਮ੍ਰਿਤਾ ਸਬੰਧੀ ਇਕ ਹੋਰ ਚੀਜ਼ ਬਹੁਤ ਮਹੱਤਵਪੂਰਨ ਹੈ ਕਿ ਆਖ਼ਰੀ ਸਮਿਆਂ ਵਿਚ ਉਸਦਾ ਟੁੱਟਣਾ ਤੇ ਨਿਰਾਸ਼ ਹੋਣਾ ਬਹੁਤ ਜ਼ੋਰ-ਸ਼ੋਰ ਨਾਲ ਬਿਆਨਿਆ ਜਾਂਦਾ ਹੈ, ਪਰ ਤੁਲਨਾਤਮਕ ਢੰਗ ਨਾਲ ਇਹ ਕੋਈ ਨਹੀਂ ਦੱਸਦਾ ਕਿ ਜਿਹੜੀਆਂ ਔਰਤ ਲੇਖਿਕਾਵਾਂ ਅੰਮ੍ਰਿਤਾ ਵਰਗਾ ਜੀਵਨ ਨਹੀਂ ਜਿਉਂਈਆਂ ਜਾਂ ਸੱਭਿਆਚਾਰਕ ਰਾਮਕਾਰਾਂ ਨੂੰ ਨਹੀਂ ਉਲੰਘੀਆਂ, ਉਨ੍ਹਾਂ ਦਾ ਅੰਤ ਕਿਹੋ ਜਿਹਾ ਹੈ? ਕੀ ਉਹ ਅੰਮ੍ਰਿਤਾ ਨਾਲੋਂ ਸੋਹਣੀ, ਸੁਖਾਲੀ ਅਤੇ ਆਸ਼ਾਵਾਦੀ ਮੌਤ ਮਰਦੀਆਂ ਹਨ? ਕੀ ਉਨ੍ਹਾਂ ਦੀ ਮੌਤ ਅਤੇ ਸਾਧਾਰਨ ਪੰਜਾਬੀ ਔਰਤ ਦੀ ਮੌਤ ਵਿਚ ਕੋਈ ਫ਼ਰਕ ਹੈ? ਮੌਤ ਛੱਡੋ ਕੀ ਉਨ੍ਹਾਂ ਦੀ ਜ਼ਿੰਦਗੀ ਓਨੀ ਸ਼ਾਨਦਾਰ ਹੈ ਜਿੰਨੀ ਅੰਮ੍ਰਿਤਾ ਦੀ ਸੀ? ਕੀ ਅੰਮ੍ਰਿਤਾ ਦੇ ਬੇਟੇ ਅਤੇ ਧੀ ਨਾਲ ਜੋ ਵਾਪਰਿਆ, ਉਹ ਪੰਜਾਬ ਦੇ ਹੋਰ ਕਿਸੇ ਘਰ ਵਿਚ ਨਹੀਂ ਵਾਪਰਿਆ? ਅੰਮ੍ਰਿਤਾ ਦੀ ਬੇਟੀ ਦੇ ਪਰਵਾਸ ਅਤੇ ਬੇਟੇ ਦੇ ਕਤਲ ਨੂੰ ਅੰਮ੍ਰਿਤਾ ਸਿਰ ਮੜ੍ਹਨ ਵਾਲੇ ਕੀ ਪੰਜਾਬ ਵਿਚਲੇ ਨਸ਼ੇ, ਪਰਵਾਸ, ਅਪਰਾਧ ਅਤੇ ਬਲਾਤਕਾਰਾਂ ਨੂੰ ਪੰਜਾਬ ਦੀਆਂ ਔਰਤਾਂ ਦੇ ਚਰਿੱਤਰ ਦੀਆਂ ਖ਼ਾਮੀਆਂ ਜਾਂ ਉਨ੍ਹਾਂ ਵੱਲੋਂ ਕੀਤੇ ਪਾਲਣ ਪੋਸ਼ਣ ਵਿਚ ਰਹੇ ਨੁਕਸ ਦੇ ਸਿੱਟੇ ਦਾ ਨਾਮ ਦੇਣਗੇ? ਕੀ ਅੰਮ੍ਰਿਤਾ ਦੀ ਮਿੱਟੀ ਪੱਟਣ ਵਾਲੇ ਲੇਖਕਾਂ ਕੋਲ ਅੰਮ੍ਰਿਤਾ ਦੀ ਮੌਤ ਮਰਨ ਦਾ ਹੌਸਲਾ ਹੈ? ਕੀ ਉਹ ਕਹਿ ਸਕਦੇ ਹਨ ਕਿ ਉਨ੍ਹਾਂ ਦੀਆਂ ਘਰਵਾਲੀਆਂ ਜਾਂ ਘਰਵਾਲਿਆਂ ਦਾ ਸਾਥ ਅੰਮ੍ਰਿਤਾ ਦੇ ਸਾਥੀ ਇਮਰੋਜ਼ ਵਰਗਾ ਹੈ ਜਿਸਨੂੰ ਉਹ ਆਪਣੇ ਆਖਰੀ ਸਮੇਂ ਵਿਚ ਵੀ ‘ਫਿਰ ਮਿਲਣਾ’ ਚਾਹੁਣਗੇ? ਅਸਲ ਵਿਚ ਅੰਮ੍ਰਿਤਾ ਇਕ ‘ਡਰ’ ਹੈ ਜੋ ਬੀਤ ਚੁੱਕਾ ਹੈ, ਪਰ ਫਿਰ ਵੀ ਜੋ ਬੀਤਿਆ ਨਹੀਂ ਹੈ। ਅੰਮ੍ਰਿਤਾ ਪ੍ਰੀਤਮ ਸ਼ਾਇਦ ਜਿਉਂਦੀ ਆਪਣੇ ਵਿਰੋਧੀਆਂ ਲਈ ਓਨੀ ਖ਼ਤਰਨਾਕ ਨਹੀਂ ਸੀ ਜਿੰਨੀ ਉਹ ਮਰਨ ਤੋਂ ਬਾਅਦ ਖ਼ਤਰਨਾਕ ਹੋ ਗਈ ਹੈ।
ਜੇਕਰ ਅੰਮ੍ਰਿਤਾ ਆਪਣੀ ਆਖਰੀ ਨਜ਼ਮ ‘ਮੈਂ ਤੈਨੂੰ ਫਿਰ ਮਿਲਾਂਗੀ’ ਨਾ ਲਿਖਦੀ ਤਾਂ ਉਸਦਾ ਹਾਰ ਜਾਣਾ ਮੰਨਿਆ ਜਾ ਸਕਦਾ ਸੀ, ਪਰ ਉਸਦੀ ਨਜ਼ਮ ਦੱਸਦੀ ਹੈ ਕਿ ਉਹ ਹਾਰ ਕੇ ਨਹੀਂ ਸਗੋਂ ਆਪਣੀ ਲੜਾਈ ਨੂੰ ਅਗਲੇ ਜਨਮ ਤਕ ਲੜਨ ਦਾ ਐਲਾਨਨਾਮਾ ਕਰ ਕੇ ਰੁਖ਼ਸਤ ਹੋਈ ਹੈ। ਉਂਜ ਵੀ ਜੇਕਰ ਉਹ ਸੱਚਮੁੱਚ ਹਾਰ ਜਾਂਦੀ ਤਾਂ ਉਸਦੇ ਵਿਰੋਧੀ ਵੀ ਹਮਦਰਦ ਬਣ ਜਾਂਦੇ। ਅੰਮ੍ਰਿਤਾ ਦੇ ਵਿਰੋਧੀਆਂ ਦਾ ਹਮਦਰਦ ਨਾ ਬਣਨਾ, ਉਸਦੇ ਨਾ-ਹਾਰਨ ਦਾ ਪ੍ਰਮਾਣ ਹੈ। ਅੰਮ੍ਰਿਤਾ ਜਿੱਤੀ ਭਾਵੇਂ ਨਾ ਹੋਵੇ, ਉਹ ਇਕੱਲੀ ਜਿੱਤ ਵੀ ਨਹੀਂ ਸਕਦੀ ਸੀ, ਪਰ ਮੁਹੱਬਤ ਵਿਚ ਹਾਰ ਉਸਦੀ ਗਵਾਹੀ ਨਹੀਂ ਹੈ। ਉਹ ਸਾਡੀ ਰੌਸ਼ਨ ਖ਼ਿਆਲ, ਪਰ ਆਪਣੇ ਸਮੇਂ ਦੀਆਂ ਸੀਮਾਵਾਂ ਦੀ ਸ਼ਿਕਾਰ ਸਾਡੀ ਵਡੇਰੀ ਹੈ। ਉਸਦਾ ਵਡੱਪਣ ਆਉਣ ਵਾਲੀਆਂ ਨਸਲਾਂ ਤੇ ਖ਼ਾਸ ਕਰਕੇ ਕੁੜੀਆਂ ਨੂੰ ਹੌਸਲਾ ਤੇ ਦਿਸ਼ਾ ਪ੍ਰਦਾਨ ਕਰਦਾ ਰਹੇਗਾ। ਅੰਮ੍ਰਿਤਾ ਔਰਤ ਦੇ ਸੁਪਨਿਆਂ ਅਤੇ ਸੁਪਨਿਆਂ ’ਤੇ ਯਕੀਨ ਰੱਖ ਕੇ ਲਾਈ ਉਡਾਰੀ ਦੇ ਹਕੀਕਤ ਹੋਣ ਦਾ ਪ੍ਰਮਾਣ ਹੈ। ਉਹ ਪੰਜਾਬੀ ਔਰਤ ਦੇ ਅਨੁਭਵ ਅੰਦਰ ਪਹਿਲੀ ਵਾਰ ਹਰ ਅਸੰਭਵ ਦੇ ਸੰਭਵ ਹੋਣ ਦੀ ਸੰਭਾਵਨਾ ਦਾ ਪ੍ਰਮਾਣ ਹੈ। ਇਸ ਲਈ ਜਦੋਂ ਤਕ ਕਿਸੇ ਵੀ ਔਰਤ ਅੰਦਰ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਦੀ ਲੋਚਾ ਰਹੇਗੀ, ਅੰਮ੍ਰਿਤਾ ਜਿਉਂਦੀ ਰਹੇਗੀ। ਉਸਦਾ ਹੋਣਾ, ਉਦੋਂ ਤਕ ਪੰਜਾਬੀਆਂ ਨੂੰ ਡਰਾਉਂਦਾ ਰਹੇਗਾ ਜਦੋਂ ਤਕ ਉਹ ਅੰਮ੍ਰਿਤਾ ਦੇ ਹਾਣ ਦੇ ਨਹੀਂ ਹੋ ਜਾਂਦੇ।

ਈਮੇਲ: bawa.sarbjeet89@gmail.com


Comments Off on ਆਜ਼ਾਦ ਰੂਹ ਦੀ ਮਾਲਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.