ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਆਜ਼ਾਦੀ ਵੇਲੇ ਲਿਖੀ ਅੰਮ੍ਰਿਤਾ ਦੀ ਕਵਿਤਾ

Posted On August - 31 - 2019

ਜਨਮ ਸ਼ਤਾਬਦੀ ’ਤੇ ਵਿਸ਼ੇਸ਼

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ਵਿਖੇ ਹੋਇਆ। ਇਹ ਵਰ੍ਹਾ ਉਸਦੀ ਜਨਮ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ। ਉਸਦੇ ਪਿਤਾ ਦਾ ਨਾਂ ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂ ਰਾਜ ਕੌਰ ਸੀ। ਉਸਦੇ ਪਿਤਾ ਨੇ ‘ਰਣਜੀਤ ਨਗਾਰਾ’ ਦਾ ਸੰਪਾਦਨ ਵੀ ਕੀਤਾ। 1936 ਵਿਚ ਉਸਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਇਆ। ਅੰਮ੍ਰਿਤਾ ਪ੍ਰੀਤਮ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਵਿਚ ਪ੍ਰਮੁੱਖ ਆਵਾਜ਼ ਬਣ ਕੇ ਉੱਭਰੀ। ਉਸਨੇ ਕਵਿਤਾ ਦੇ ਨਾਲ ਨਾਲ ਨਾਵਲ, ਕਹਾਣੀਆਂ ਤੇ ਵਾਰਤਕ ਲਿਖੀ। ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਲਿਖ ਕੇ ਉਹ ਪੰਜਾਬ ਦੇ ਇਤਿਹਾਸ ਦਾ ਹਿੱਸਾ ਬਣ ਗਈ। ਉਸਨੇ ‘ਪਿੰਜਰ’ ਤੇ ‘ਬੰਦ ਦਰਵਾਜ਼ਾ’ ਜਿਹੇ ਨਾਵਲ ਅਤੇ ‘ਸ਼ਾਹ ਦੀ ਕੰਜਰੀ’, ‘ਕੋਰੀ ਹਾਂਡੀ’, ‘ਖਿੱਚੜੀ’, ‘ਘੁੰਡ ਚੁਕਾਈ’ ਤੇ ‘ਲਟੀਆ ਦੀ ਛੋਕਰੀ’ ਜਿਹੀਆਂ ਕਹਾਣੀਆਂ ਲਿਖੀਆਂ। ਉਸਦੀ ਜ਼ਿੰਦਗੀ ਦੇ ਪਹਿਲੇ ਹਿੱਸੇ ਵਿਚ ਸਮਾਜਿਕ ਬਗ਼ਾਵਤ ਦੀਆਂ ਪੈੜਾਂ ਹਨ ਅਤੇ ਦੂਸਰੇ ਹਿੱਸੇ ਵਿਚ ਸਥਾਪਤੀ ਦਾ ਹਿੱਸਾ ਬਣਨ ਦੀਆਂ। ਚੀਨ ਦੇ ਇਨਕਲਾਬ ਤੇ ਔਰਤ ਦੇ ਚੰਮ ਦੀ ਗੁੱਡੀ ਹੋਣ ਦੇ ਦੁੱਖ ਦੀਆਂ ਕਹਾਣੀਆਂ ਪਾਉਣ ਵਾਲੀ ਸ਼ਾਇਰਾ ਆਪਣੇ ਅੰਤਲੇ ਦਿਨਾਂ ਵਿਚ ਅਧਿਆਤਮਕਤਾ ਤੇ ਓਸ਼ੋਵਾਦ ਦੇ ਮਸਨੂਈ ਤਾਂਤ੍ਰਿਕਵਾਦ ਵਿਚੋਂ ਜ਼ਿੰਦਗੀ ਦੇ ਤੱਤ ਤਲਾਸ਼ਣ ਲੱਗੀ, ਪਰ ਉਹ ਇਨ੍ਹਾਂ ਗੱਲਾਂ ਵਿਚੋਂ ਕਿਸੇ ਨੂੰ ਵੀ ਛੁਪਾਉਂਦੀ ਨਹੀਂ ਸੀ। ਉਸ ਨੇ ਮਾਰਟਿਨ ਲੂਥਰ ਕਿੰਗ, ਵਾਨ ਗੌਗ, ਮਰਲਿਨ ਮੁਨਰੋ, ਯਾਂ ਜੇਨੇ, ਕਜ਼ਾਨਜ਼ਾਕਿਸ ਤੇ ਹੋਰ ਵਿਦਰੋਹੀਆਂ ਦੀਆਂ ਕਹਾਣੀਆਂ ਪੰਜਾਬੀਆਂ ਨੂੰ ਸੁਣਾਈਆਂ। ਉਸਦੀ ਕਵਿਤਾ ਵਿਚ ਬਾਬਾ ਨਾਨਕ ਤੋਂ ਲੈ ਕੇ ਮੌਲਾ ਬਖ਼ਸ਼ ਕੁਸ਼ਤਾ ਤਕ ਦਾ ਜ਼ਿਕਰ ਹੈ। ਇਨ੍ਹਾਂ ਪੰਨਿਆਂ ਦੀਆਂ ਸਾਰੀਆਂ ਰਚਨਾਵਾਂ ਇਸ ਮਹਾਨ ਲੇਖਿਕਾ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹਨ।

ਅੱਜ ਆਖਾਂ ਵਾਰਸ ਸ਼ਾਹ ਨੂੰ

‘‘ਭਾਵੇਂ ਪੁਰਾਣੀਆਂ ਤਵਾਰੀਖਾਂ ਦੇ ਬੜੇ ਅੱਤਿਆਚਾਰੀ ਕਾਂਡ ਅਸਾਂ ਲੋਕਾਂ ਨੇ ਪੜ੍ਹੇ ਹੋਏ ਹਨ, ਪਰ ਤਾਂ ਵੀ ਸਾਡੇ ਦੇਸ਼ ਦੀ ਵੰਡ ਵੇਲੇ ਜੋ ਕੁਝ ਹੋਇਆ, ਕਿਸੇ ਦੀ ਕਲਪਨਾ ਵਿਚ ਵੀ ਇਹੋ ਜਿਹਾ ਖ਼ੂਨੀ ਕਾਂਡ ਨਹੀਂ ਆ ਸਕਦਾ। ਦੁੱਖਾਂ ਦੀਆਂ ਕਹਾਣੀਆਂ ਕਰ ਕਰਕੇ ਲੋਕ ਥੱਕ ਗਏ ਸਨ, ਪਰ ਇਹ ਕਹਾਣੀਆਂ ਉਮਰ ਤੋਂ ਪਹਿਲਾਂ ਮੁੱਕਣ ਵਾਲੀਆਂ ਨਹੀਂ ਸਨ। ਮੈਂ ਲਾਸ਼ਾਂ ਤੱਕੀਆਂ ਸਨ, ਲਾਸ਼ਾਂ ਵਰਗੇ ਲੋਕ ਤੱਕੇ ਸਨ ਤੇ ਜਦੋਂ ਲਾਹੌਰ ਤੋਂ ਆ ਕੇ ਡੇਹਰਾਦੂਨ ਪਨਾਹ ਲਈ ਤਾਂ ਨੌਕਰੀ ਕੀਤੀ ਤੇ ਦਿੱਲੀ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿਚ ਦਿੱਲੀ ਆਈ ਸਾਂ। ਜਦੋਂ ਵਾਪਸੀ ਦਾ ਸਫ਼ਰ ਕਰ ਰਹੀ ਸਾਂ ਤਾਂ ਚੱਲਦੀ ਗੱਡੀ ਵਿਚ ਨੀਂਦਰ ਅੱਖਾਂ ਦੇ ਨੇੜੇ ਨਹੀਂ ਸੀ ਆ ਰਹੀ…ਗੱਡੀ ਤੋਂ ਬਾਹਰਲਾ ਘੋਰ ਹਨੇਰਾ ਸਮੇਂ ਦੀ ਤਵਾਰੀਖ਼ ਵਰਗਾ ਸੀ। ਹਵਾ ਇਸ ਤਰ੍ਹਾਂ ਸ਼ਾਂ-ਸ਼ਾਂ ਕਰ ਰਹੀ ਸੀ ਜਿਵੇਂ ਤਵਾਰੀਖ਼ ਦੀ ਬੁੱਕਲ ਵਿਚ ਬਹਿ ਕੇ ਰੋਂਦੀ ਹੋਵੇ। ਬਾਹਰ ਉੱਚੇ ਉੱਚੇ ਰੁੱਖ ਦੁੱਖਾਂ ਵਾਂਗ ਉੱਗੇ ਹੋਏ ਸਨ। ਕਈ ਵਾਰ ਰੁੱਖ ਕੋਈ ਨਾ ਹੁੰਦੇ, ਸਿਰਫ਼ ਇਕ ਵੀਰਾਨੀ ਹੁੰਦੀ, ਤੇ ਉਸ ਵੀਰਾਨੀ ਦੇ ਟਿੱਬੇ ਇਸ ਤਰ੍ਹਾਂ ਜਾਪਦੇ ਜਿਵੇਂ ਕਬਰਾਂ ਹੋਣ…ਵਾਰਸ਼ ਸ਼ਾਹ ਦੇ ਬੋਲ ਮੇਰੇ ਜੇਹਨ ਵਿਚ ਘੁੰਮਦੇ ਪਏ ਸਨ:
‘‘ਭਲਾ ਮੋਏ ਤੇ ਵਿਛੜੇ ਕੌਣ ਮੇਲੇ…’’ ਤੇ ਮੈਨੂੰ ਲੱਗਾ ਵਾਰਸ ਸ਼ਾਹ ਕਿੱਡਾ ਵੱਡਾ ਕਵੀ ਸੀ, ਉਹ ਹੀਰ ਦੇ ਦੁੱਖ ਨੂੰ ਗਾ ਸਕਿਆ। ਅੱਜ ਪੰਜਾਬ ਦੀ ਇਕ ਧੀ ਨਹੀਂ ਲੱਖਾਂ ਧੀਆਂ ਰੋਂਦੀਆਂ ਪਈਆਂ ਹਨ। ਅੱਜ ਏਨ੍ਹਾਂ ਦੇ ਦੁੱਖ ਕੌਣ ਗਾਏਗਾ? ਤੇ ਮੈਨੂੰ ਵਾਰਸ ਸ਼ਾਹ ਤੋਂ ਬਿਨਾਂ ਹੋਰ ਕੋਈ ਇਹੋ ਜਿਹਾ ਨਾ ਜਾਪਿਆ। ਜਿਸ ਨੂੰ ਮੁਖ਼ਾਤਬ ਕਰਕੇ ਮੈਂ ਇਹ ਗੱਲ ਆਖਦੀ। ਉਸ ਰਾਤ ਚੱਲਦੀ ਗੱਡੀ ਵਿਚ ਹਿਲਦੀ ਤੇ ਕੰਬਦੀ ਕਲਮ ਨਾਲ ਇਹ ਨਜ਼ਮ ਲਿਖੀ। ਕੁਝ ਦਿਨ ਪਾ ਕੇ ਇਹ ਨਜ਼ਮ ਛਪੀ, ਪਾਕਿਸਤਾਨ ਪਹੁੰਚੀ…ਤੇ ਕੁਝ ਦੇਰ ਪਿੱਛੋਂ ਜਦੋਂ ਪਾਕਿਸਤਾਨ ਵਿਚ ਫ਼ੈਜ਼ ਅਹਿਮਦ ਫ਼ੈਜ਼ ਦੀ ਕਿਤਾਬ ਛਪੀ, ਉਹਦੇ ਦੀਬਾਚੇ ਵਿਚ ਅਹਿਮਦ ਨਦੀਮ ਕਾਸਮੀ ਨੇ ਲਿਖਿਆ ਕਿ ਇਹ ਨਜ਼ਮ ਉਨ੍ਹਾਂ ਨੇ ਉਦੋਂ ਪੜ੍ਹੀ ਜਦੋਂ ਉਹ ਜੇਲ੍ਹ ਵਿਚ ਸਨ। ਜੇਲ੍ਹ ਤੋਂ ਬਾਹਰ ਆ ਕੇ ਵੇਖਿਆ ਕਿ ਲੋਕ ਇਸ ਨਜ਼ਮ ਨੂੰ ਬੋਝਿਆਂ ਵਿਚ ਰੱਖਦੇ ਸਨ। ਕੱਢ ਕੇ ਪੜ੍ਹਦੇ ਤੇ ਰੋਂਦੇ ਸਨ।’’

(ਰਸੀਦੀ ਟਿਕਟ)

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਉਠ ਦਰਦ ਮੰਦਾਂ ਦਿਆ ਦਰਦੀਆਂ, ਉਠ ਤਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁਟ ਫੁਟ ਚੜ੍ਹਿਆ ਕਹਿਰ।
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ।
ਨਾਗਾਂ ਕੀਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤ੍ਰੱਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ ਲੁੱਡਣ ਦਿਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅਜ ਪਿਪਲਾਂ ਦਿਤੀ ਤੋੜ।
ਜਿਥੇ ਵਜਦੀ ਸੀ ਫੂਕ ਪਿਆਰ ਦੀ,
ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਹਦੀ ਜਾਚ।
ਧਰਤੀ ’ਤੇ ਲਹੂ ਵੱਸਿਆ, ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ, ਅਜ ਵਿਚ ਮਜ਼ਾਰਾਂ ਰੋਣ।
ਅਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅਜ ਕਿਥੋਂ ਲਿਆਈਏ ਲੱਭ ਕੇ, ਵਾਰਸ ਸ਼ਾਹ ਇਕ ਹੋਰ।
ਅਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
***
‘‘ਮੈਂ ਤੱਤੀ ਧੀ ਪੰਜਾਬ ਦੀ ਮੇਰੇ ਫੁੱਟੇ ਵੇਖ ਨਸੀਬ।
ਕੀਕਣ ਦੱਸਾਂ ਬੋਲ ਕੇ ਟੁੱਕੀ ਗਈ ਮੇਰੀ ਜੀਭ!
ਜੁੜੇ ਹੋਏ ਮੇਰੇ ਹੱਥ ਵੇ, ਨੂੜੇ ਹੋਏ ਮੇਰੇ ਪੈਰ।
ਕਿਹਾ ਕੁ ਡਿੱਗਾ ਜ਼ੁਲਮ ਵੇ, ਕਿਹਾ ਕੁ ਢੱਠਾ ਕਹਿਰ!
ਮੱਥੇ ਉੱਤੇ ਲੇਖ ਵੇ ਸ਼ੂਕ ਵਾਲੇ ਨਾਗ।
ਮੈਂ ਸੋਹਣੀ ਪੰਜ ਦਰਿਆਂ ਦੀ ਵੇਖ ਤੱਤੀ ਦੇ ਭਾਗ
ਕਿਸਮਤ ਮੇਰੀ ਸੌਂ ਗਈ ਜਾਗੇ ਕੁੱਲ ਜਹਾਨ
ਮੈਂ ਜਾਣਾ ਮੇਰਾ ਰੱਬ ਵੇ, ਜਾਣੇ ਮੇਰਾ ਈਮਾਨ।’’

(ਮੈਂ ਤਵਾਰੀਖ਼ ਹਾਂ ਹਿੰਦ ਦੀ)

***
ਮੇਰੀ ਮਾਂ ਦੀ ਕੁੱਖ ਮਜਬੂਰ ਸੀ?
ਮੈਂ ਵੀ ਤਾਂ ਇਕ ਇਨਸਾਨ ਹਾਂ।
ਅਜ਼ਾਦੀਆਂ ਦੀ ਟੱਕਰ ਵਿਚ
ਉਸ ਸੱਟ ਦਾ ਨਿਸ਼ਾਨ ਹਾਂ।
ਉਸ ਹਾਦਸੇ ਦਾ ਚਿੰਨ੍ਹ ਹਾਂ,
ਜੋ ਮਾਂ ਮੇਰੀ ਦੇ ਮੱਥੇ ਉੱਤੇ
ਲੱਗਣਾ ਜ਼ਰੂਰ ਸੀ।
ਮੇਰੀ ਮਾਂ ਦੀ ਕੁੱਖ ਮਜਬੂਰ ਸੀ।

(ਸਰਘੀ ਵੇਲਾ)

ਆਜ਼ਾਦੀ ਤੋਂ ਪਹਿਲਾਂ ਦੀ ਕਵਿਤਾ

ਮੁਸਲਮਾਨ ਇਹ ਵੈਰ ਵਿਰੋਧ ਛੱਡਣ,
ਅੱਗੋਂ ਵਾਸਤੇ ਖਾਣ ਕੁਰਾਨ ਦੀ ਸਹੁੰ।
ਹਿੰਦੂ ਭਾਈ ਵੀ ਦਿਲੋਂ ਦਵੈਖ ਕੱਢਣ,
ਸਿਰ ’ਤੇ ਚੁੱਕ ਕੇ ਵੇਦ ਪੁਰਾਣ ਦੀ ਸਹੁੰ।
ਸਿੱਖ ਸਾਰਿਆਂ ਨਾਲ ਪਿਆਰ ਰੱਖਦਾ,
ਇਹ ਵੀ ਆਖ ਦੇ ਉਸ ਭਗਵਾਨ ਦੀ ਸਹੁੰ।
ਇਕ ਦੂਜੇ ਨੂੰ ਭੈਣ-ਭਰਾ ਸਮਝਣ,
ਦਿਲੋਂ ਖਾ ਕੇ ਲੈਣ ਪ੍ਰਾਣ ਦੀ ਸਹੁੰ।
ਫੇਰ ਸਫਲਤਾ ਚੁੰਮੇਗੀ ਪੈਰ ਆ ਕੇ,
ਕੋਈ ਨਾ ਰਹੇਗਾ ਦੁੱਖ ਕਲੇਸ਼ ਸਾਡਾ।
ਅੰਮ੍ਰਿਤ ਫੇਰ ਇਹ ਪੱਕਾ ਯਕੀਨ ਸਮਝੋ,
ਮਾਤ ਕਰੇਗਾ ਸਵਰਗ ਨੂੰ ਦੇਸ਼ ਸਾਡਾ।

(ਠੰਢੀਆਂ ਕਿਰਨਾਂ)

***
ਟੋਲਾ ਐਸਾ ਇਕ ਲੰਘਦਾ ਵੇਖਿਆ ਮੈਂ
ਪਿਆ ਕੂੰਜ ਦੇ ਵਾਂਗ ਕੁਰਲਾਂਦਾ ਸੀ ਉਹ।
ਲੱਗਾ ਹੋਇਆ ਸੀ ਅੱਗੇ ਜੋ ਸਾਰਿਆਂ ਤੋਂ,
ਡਾਢੇ ਦਰਦ ਵਾਲੇ ਵੈਣ ਪਾਂਦਾ ਸੀ ਉਹ।
ਲੋਕੀਂ ਨਾਮ ਉਹਦਾ ਵਾਰਸ ਸ਼ਾਹ ਆਖਣ,
ਪਿਆ ਲਹੂ ਦੇ ਹੰਝੂ ਵਗਾਂਦਾ ਸੀ ਉਹ।
ਭੁੱਬਾਂ ਮਾਰ ਕੇ ਦੁੱਖ ਦੇ ਨਾਲ ਰੋਵੇ,
ਵੇਖਣ ਵਾਲਿਆਂ ਤਾਈਂ ਰੁਆਂਦਾ ਸੀ ਉਹ।
ਉਸਦੇ ਮਗਰ ਰੋਂਦਾ ਮੁਕਬਲ ਕਵੀ ਡਿੱਠਾ,
ਉਹ ਭੀ ਕਹਿਰ ਦੇ ਕੀਰਨੇ ਪਾਈ ਜਾਂਦਾ।
ਬਰਖੁਰਦਾਰ ਹਾਫ਼ਜ਼, ਪਿੱਛੇ ਆ ਰਿਹਾ ਸੀ,
ਪੱਥਰ ਦਿਲਾਂ ਨੂੰ ਮੋਮ ਬਣਾਈ ਜਾਂਦਾ।
ਕਿਸ਼ਨ ਸਿੰਘ ਆਰਫ਼, ਪਿੱਛੇ ਵੇਖਿਆ ਮੈਂ,
ਐਸੇ ਵੈਣਾਂ ਦੇ ਤੀਰ ਚਲਾਈ ਜਾਂਦਾ।
ਹਿਰਦੇ ਵਿੰਨ੍ਹਦਾ ਜਾਂਦਾ ਸੀ ਸਾਰਿਆਂ ਦੇ,
ਸਭ ਨੂੰ ਮੱਛੀ ਦੇ ਵਾਂਗ ਤੜ੍ਹਪਾਈ ਜਾਂਦਾ।

(ਅੰਮ੍ਰਿਤ ਲਹਿਰਾਂ)

***
ਗੀਤ ਮੇਰੇ ਇਹ ਗੀਤ ਜ਼ਿਮੀਂ ਦੇ,
ਉੱਡਣ ਨਾ ਖੰਭਾਂ ਦੀ ਚਾਲ।
ਉਡਦਿਆਂ ਦੇ ਪੱਲੇ ਅੜ ਅੜ ਜਾਂਦੇ,
ਧਰਤੀ ਦੇ ਕੰਡਿਆਂ ਨਾਲ।
ਧਰਤੀ ਦੀ ਜੰਮੀ, ਮੈਂ ਧਰਤੀ ਦੀ ਜਾਈ
ਤੇ ਮੇਰੀ ਧਰਤੀ ਦੁੱਖਾਂ ਨਾਲ ਨਾਲ।
ਧਰਤ ਅੰਮੜੀ ਨੂੰ ਇੰਜੇ ਛੱਡ ਕੇ,
ਉੱਡਾਂ ਮੈਂ ਕਿਹੜੇ ਹਾਲ?

(ਬੱਦਲਾਂ ਦੇ ਪੱਲੇ ਵਿਚ)

***
ਨਿੰਮ੍ਹੀ ਨਿੰਮ੍ਹੀ ਤਾਰਿਆਂ ਦੀ ਲੋਅ।
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਹੀ ਖਲੋ।
ਪਲਕ ਨਾ ਝਮਕੋ ਅੱਖੀਓ!
ਕਿਤੇ ਖੜਕ ਨਾ ਜਾਵੇ ਹੋ।
ਹੌਲ਼ੀ ਹੌਲ਼ੀ ਧੜਕ ਕਲੇਜੇ!
ਮੱਤ ਕੋਈ ਸੁਣਦਾ ਹੋ।
ਪੀਆ ਮਿਲਣ ਨੂੰ ਮੈਂ ਚੱਲੀ,
ਕਿਤੇ ਕੋਈ ਕੱਢੇ ਨਾ ਸੋਅ।
(ਨਹੀਂ ਤੇ) ਖਿੰਡ ਜਾਵੇਗੀ ’ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।

(ਸੰਝ ਦੀ ਲਾਲੀ)

***
ਹੁਸਨ ਇਸ਼ਕ ਦੀਆਂ ਗੱਲਾਂ ਵੇ ਮੁੰਡਿਆ!
ਵਿਹਲੇ ਵੇਲੇ ਦੀਆਂ ਗੱਲਾਂ
ਅੱਜ ਸਾਜ਼ਾਂ ਦੀ ਛਣਕਾਰ ਬਦਲ ਗਈ
ਪੈਰ ਜ਼ੰਜੀਰਾਂ ਨਾਲ।
***
ਅੱਜ ਸੰਦਲੀ ਜ਼ੁਲਫ਼ਾਂ ਵਿਕ ਗਈਆਂ
ਇਕ ਇਕ ਰੋਟੀ ਦੇ ਮੁੱਲ ਤੋਂ
ਤੇ ਹਮਲਾਵਰ ਦੇ ਜਬਰ ਤੋਂ
ਜ਼ਖ਼ਮੀ ਹੋਏ ਚੀਨ ਅੱਜ
ਤੇ ਭੁੱਖਾ ਹੋਏ ਬੰਗਾਲ

(ਲੋਕ ਪੀੜ)

ਲੋਕ-ਪੀੜ

ਹੁਨਰ ਭੁੱਖਾ ਰੋਟੀਏ।
ਪਿਆਰ ਭੁੱਖਾ ਗੋਰੀਏ!
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫ਼ਲ ਕੋਈ ਲਗਦੇ ਨਹੀਂ।

(ਸੁਨੇਹੁੜੇ)

***
ਧੀਏ ਨੀ ਸੁਣ ਮੇਰੀਏ
ਤੈਨੂੰ ਰਹੀ ਉਡੀਕ।
ਅਗਲਾ ਸਫ਼ਾ ਭਵਿੱਖ ਦਾ
ਪਾਈਂ ਸੁਨਹਿਰੀ ਲੀਕ।
ਹੱਥ ਫੜਾਵਾਂ ਕਾਨੀਆਂ
ਕਾਗ਼ਜ਼ ਕੋਰ ਨਿਕੋਰ।
ਲੋਕ-ਕਥਾ ਦੀ ਤੰਦ ਨੂੰ
ਹੁਣ ਤੂੰ ਅੱਗੇ ਤੋਰ।’’

(ਸਰਘੀ ਵੇਲਾ)

***
ਚੇਤਰ ਦਾ ਵਣਜਾਰਾ ਆਇਆ
ਬੁਚਕੀ ਮੋਢੇ ਚਾਈ ਵੇ।
ਅਸੀਂ ਵਿਆਝੀ ਪਿਆਰ-ਕਥੂਰੀ
ਵੇਂਹਦੀ ਰਹੀ-ਲੁਕਾਈ ਵੇ।
ਸਾਮਰਾਜ! ਇਕ ਟਾਂਵਾਂ ਸ਼ਾਹੀ ਬੂਟਾ
ਹੋਰ ਆਦਮ ਦੀ ਜ਼ਾਤ ਖੱਬਲ ਦੇ ਵਾਂਗ ਉੱਗੀ
ਹਾਕਮ ਦਾ ਹੁਕਮ ਉੱਨਾ ਹੈ
ਉਹ ਜਿੰਨਾ ਵੀ ਕਰ ਲਵੇ
ਤੇ ਪਰਜਾ ਦੀ ਪੀੜ ਉੱਨੀ ਹੈ
ਉਹ ਜਿੰਨੀ ਵੀ ਜਰ ਲਵੇ…
ਸਮਾਜਵਾਦ : ਮਨੁੱਖ ਜਾਤ ਦਾ ਮੰਦਰ
ਤੇ ਇਕ ਇੱਟ ਜਿੰਨੀ
ਇੱਕ ਮਨੁੱਖ ਦੀ ਕੀਮਤ
ਇਹ ਮੰਦਰ ਦੀ ਲੋੜ ਹੈ
ਜਾਂ ਠੇਕੇਦਾਰ ਦੀ ਮਰਜ਼ੀ
ਕਿ ਜਿਹੜੀ ਇੱਟ ਨੂੰ
ਜਿੱਥੇ ਵੀ ਚਾਹਵੇ ਧਰ ਲਵੇ।…
***

ਨਿੱਜੀ ਪੀੜ

ਚਾਨਣ ਦੀ ਫੁਲਕਾਰੀ ਤਰੋਪਾ ਕੌਣ ਭਰੇ।
ਅੰਬਰ ਦਾ ਇਕ ਆਲਾ ਸੂਰਜ ਬਾਲਦਿਆਂ,
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ!
ਅੰਬਰ-ਗੰਗਾ ਹੁੰਦੀ ਗਾਗਰ ਭਰ ਦੇਂਦੀ।?
ਦਰਦਾਂ ਦਾ ਦਰਿਆਉ ਕਿਹੜਾ ਘੁੱਟ ਭਰੇ!
***
ਜਿਵੇਂ ਸੋਚ ਦੀ ਕੰਘੀ ਵਿਚੋਂ,
ਟੁੱਟ ਗਿਆ ਇਕ ਦੰਦਾ।
ਜਿਵੇਂ ਸਮਝ ਕੇ ਝੱਗੇ ਉੱਤੇ,
ਲੱਗ ਗਈ ਇਕ ਖੁੰਘੀ।
ਜਿਵੇਂ ਸਿਦਕ ਦੀ ਅੱਖ ਵਿਚ ਅੱਜ,
ਚੁਭ ਗਿਆ ਇਕ ਤੀਲਾ।
ਨੀਂਦਰ ਨੇ ਜਿਉਂ ਉਂਗਲਾਂ ਦੇ ਵਿਚ,
ਸੁਪਨੇ ਦਾ ਇਕ ਕੋਲਾ ਫੜਿਆ।
ਨਵਾਂ ਸਾਲ ਅੱਜ ਈਕਣ ਚੜ੍ਹਿਆ।
***
ਵਰ੍ਹਿਆਂ ਦੀ ਇਕ ਆਰੀ ਹੱਸੇ
ਹਾਦਸਿਆਂ ਦੇ ਤਿੱਖੇ ਦੰਦੇ
ਅਚਣਚੇਤੀ ਪਾਵਾ ਟੁੱਟਾ
ਅੰਬਰ ਦੀ ਇਸ ਚੌਂਕੀ ਉਤੋਂ
ਡਿੱਗ ਪਿਆ ਸ਼ੀਸ਼ੇ ਦਾ ਸੂਰਜ
ਅੱਖਾਂ ਵਿਚ ਕੰਕਰਾਂ ਪਈਆਂ
ਨੀਝ ਮੇਰੀ ਅੱਜ ਜ਼ਖ਼ਮੀ ਹੋਈ
ਦੁਨੀਆਂ ਸ਼ਾਇਦ ਅਜੇ ਵੀ ਵੱਸੇ
ਨੀਝ ਮੇਰੀ ਨੂੰ ਕੁਝ ਨਾ ਦਿੱਸੇ।
ਚੇਤਰ ਨੇ ਬੂਹਾ ਖੜਕਾਇਆ…
ਅੱਜ ਦਾ ਗੀਤ ਇਸ ਤਰ੍ਹਾਂ ਬਣਿਆ
ਜਿਵੇਂ ਇਸ਼ਕ ਦੇ ਪਿੰਡੇ ਉੱਤੇ
ਅੱਖਰਾਂ ਦਾ ਕੁਝ ਮੁੜ੍ਹਕਾ ਆਇਆ
ਕਲਮ-ਕੁੜੀ ਦੇ ਬੁੱਲ੍ਹ ਕੁਮਲਾਏ
ਅੱਜ ਦਾ ਗੀਤ ਇਸ ਤਰ੍ਹਾਂ ਬਣਿਆ
ਜਿਵੇਂ ਉਸ ਦੀਆਂ ਅੱਖਾਂ ਦੇ ਵਿਚ
ਹਰਫ਼ਾਂ ਦੇ ਕੁਝ ਹੰਝੂ ਆਏ।

ਔਰਤ ਦੀ ਗੱਲ

ਅੰਨਦਾਤਾ!
ਮੈਂ ਚੰਮ ਦੀ ਗੁੱਡੀ,
ਖੇਡ ਲੈ, ਖਿਡਾ ਲੈ,
ਲਹੂ ਦਾ ਪਿਆਲਾ
ਪੀ ਲੈ, ਪਿਲਾ ਲੈ।
ਤੇਰੇ ਸਾਹਵੇਂ ਖੜ੍ਹੀ ਹਾਂ
ਵਰਤਣ ਦੀ ਸ਼ੈਅ
ਜਿਵੇਂ ਚਾਹੇ ਵਰਤ ਲੈ,
ਉੱਗੀ ਹਾਂ
ਮਿੱਸੀ ਹਾਂ
ਗੁੱਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ’ਤੇ
ਜਿਵੇਂ ਚਾਹੇਂ ਪਰਤ ਲੈ।
ਮੈਂ ਬੁਰਕੀ ਤੋਂ ਵੱਧ ਕੁਛ ਨਹੀਂ,
ਜਿਵੇਂ ਚਾਹੋ ਨਿਗਲ ਲੈ,
ਤੇ ਤੂੰ ਲਾਵੇ ਤੋਂ ਵੱਧ ਕੁਛ ਨਹੀਂ,
ਜਿੰਨਾ ਚਾਹੇ ਪਿਘਲ ਲੈ।

(ਪੱਥਰ ਗੀਟੇ)

***
ਨੈਣ ਨਿਰੇ ਪੱਥਰ ਦੇ ਗੀਟੇ
ਪੱਥਰ ਗੀਟੇ- ਕੋਈ ਵੀ ਖੇਡੇ।
ਇਹ ਲਹੂ ਮਾਸ ਦੀ ਚਾਹ
ਨਿੱਤ ਨਵੇਂ ਮਾਸ ਦੀ ਭੁੱਖ
ਨਿੱਤ ਨਵੇਂ ਲਹੂ ਦੀ ਪਿਆਸ
ਹੱਡ ਘਚੋਲੇ
ਚੰਮ ਫਰੋਲੇ,
ਲਹੂ ਮਾਸ ਤੋਂ ਅੱਗੇ ਸਭ ਕੁਛ
ਸ਼ਾਹ ਹਨੇਰੇ, ਅੰਨ੍ਹੇ ਬੋਲੇ਼
ਥਾਂ ਥਾਂ ਲਹੂ-ਲਹੂ ਵਿਚ ਵੀਟੇ
ਨੈਣ ਨਿਰੇ ਪੱਥਰ ਦੇ ਗੀਟੇ

(ਪੱਥਰ ਗੀਟੇ)

***
ਰੱਤੀ ਮਹਿੰਦੀ ਨਾਲ ਲਬੇੜੀ
ਸੂਹੇ ਸਾਲੂ ਵਿਚ ਲਪੇਟੀ
ਪੀਲ਼ੇ ਸੋਨੇ ਨਾਲ ਵਲ੍ਹੇਟੀ
ਮਾਸ ਦੀ ਬੋਟੀ
ਕੁੱਖ ਦੀ ਬੇਟੀ
ਵਾਹ ਵਾਹ ਦਾਨੀ
ਵਾਹ ਵਾਹ ਦਾਤੇ
ਕਿੱਤੇ ਕਰਮ ਕਮਾਣ
ਜਿਹੜੀ ਝੋਲੀ ਤੱਕਣ
ਉਹੋ ਹੀ ਪਰਵਾਣ।…

(ਲੰਮੀਆਂ ਵਾਟਾਂ)

***
ਲਹੂ ਸਿੰਮੇ ਹੋਠਾਂ ਨੂੰ ਮੀਟ ਲੈ ਕਾਫ਼ਰਾ
ਕੌਣ ਸੁਣੇਗਾ ਹਰਫ਼ ਤੇਰੀ ਆਵਾਜ਼ ਦੇ!
ਕੰਨ ਰਤਾ ਬੋਲ਼ੇ ਨੇ ਸਮਾਜ ਦੇ।
ਵਹਿਸ਼ਤ ਦਾ ਸ਼ੋਰ ਤਾਂ ਸੁਣ ਸਕਦੇ ਨੇ ਇਹ
ਪਰ ਸੁਣ ਨਹੀਂ ਸਕਦੇ ਕਦੇ
ਮਿੱਠੇ ਤੇ ਮੱਧਮ ਤਾਰ ਸੱਚ ਦੇ ਸਾਜ਼ ਦੇ।

(ਲੰਮੀਆਂ ਵਾਟਾਂ)

***
ਕੁਝ ਅਣਜਾਣ ਮਰਦਾਂ ਦਾ
ਤੇ ਕੁਝ ਕਿਤਾਬਾਂ ਤੇ ਅਣਜਾਣੇ ਖਰੜਿਆਂ ਦਾ ਰੋਮਾਂਸ
ਕਿ ਮੇਰਾ ਲਹੂ-
ਉਹਨਾਂ ਦੀ ਪੈੜ ਸੁੰਘਦਾ ਤੁਰੀ ਜਾਂਦਾ ਹੈ-
ਇਹ ਬੜਾ ਜੰਗਲੀ ਲਹੂ ਸੀ
ਨਾੜਾਂ ’ਚ ਚਿੰਘਾੜਦਾ
ਤੇ ਦੰਦਾਂ- ਪੌਂਚਿਆਂ ਦੇ ਨਾਲ
ਸਿੰਘਾਸਣਾਂ ਦੀ ਖੱਲ੍ਹ ਪਾੜਦਾ
ਪਰ ਏਸੇ ਲਹੂ ਦਾ ਇਹ ਹਸ਼ਰ ਹੈ
ਕਿ ਮਰਦਾਂ ਤੇ ਖਰੜਿਆਂ ਦੀ ਪੈੜ ਸੁੰਘਦਾ
ਇਹ ਤੁਰੀ ਜਾਂਦਾ ਹੈ
ਤੇ ਇਹ ਪਾਲਤੂ ਕੁੱਤੇ ਦੀ ਤਰ੍ਹਾਂ
ਨਾੜਾਂ ’ਚ ਬੈਠ ਕੇ ਪੂਛਲ ਹਿਲਾਂਦਾ ਹੈ।
***
ਕਮੀਨਾ…ਬੇਵਫ਼ਾ…ਬਦਜ਼ਾਤ…ਜ਼ਾਲਮ
ਤੱਤਿਆਂ ਤੂੰ ਯਾਦ ਆਵੇਂ ਤਾਂ ਕਿੰਨੇ ਹੀ ਲਫ਼ਜ਼…
ਮੇਰੀ ਛਾਤੀ ਦੀ ਅੱਗ ਚਟਦੇ,
ਅੱਗ ਥੁੱਕਦੇ, ਮੂੰਹੋਂ ਨਿਕਲਦੇ।
ਫਿਰ ਪਿੰਡੇ ਦਾ ਮਾਸ ਜਦ ਵੱਤਰੀ ਮਿੱਟੀ ਦੀ ਤਰ੍ਹਾਂ ਹੁੰਦਾ,
ਤਾਂ ਸਾਰੇ ਲਫ਼ਜ਼ ਮੇਰੇ ਸੁੱਕਿਆਂ ਹੋਠਾਂ ਤੋਂ ਝੜਦੇ
ਤੇ ਮਿੱਟੀ ਦੇ ਵਿਚ ਬੀਆਂ ਦੀ ਤਰ੍ਹਾਂ ਡਿੱਗਦੇ।
ਮੈਂ ਹਫ਼ੀ ਹੋਈ ਧਰਤੀ ਦੀ ਤਰ੍ਹਾਂ ਜਦ ਚੁੱਪ ਹੁੰਦੀ
ਤਾਂ ਚੰਦਰੇ, ਮੇਰੇ ਅੰਗਾਂ ਦੇ ਵਿਚੋਂ ਉੱਗ ਪੈਂਦੇ
ਨਿਲੱਜੇ ਫੁੱਲਾਂ ਦੀ ਤਰ੍ਹਾਂ ਹੱਸਦੇ
ਤੇ ਮੈਂ ਇਕ ਕਾਲ਼ੇ ਕੋਹ ਵਰਗੀ,
ਮਹਿਕ ਮਹਿਕ ਜਾਂਦੀ…
ਇਕ ਵਾਰ ਤੂੰ ਅਚਾਨਕ ਆਇਆ
ਤਾਂ ਵਕਤ, ਅਸਲੋਂ ਹੈਰਾਨ,
ਮੇਰੇ ਕਮਰੇ ’ਚ ਖਲੋਤਾ ਰਹਿ ਗਿਆ
ਤਰਕਾਲਾਂ ਦਾ ਸੂਰਜ ਲਹਿਣ ਲੱਗਣ ਵਾਲਾ ਸੀ
ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸ ਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ,
ਫਿਰ ਅਜ਼ਲਾਂ ਦੇ ਨੇਮ ਨੇ ਇਕ ਦੁਹਾਈ ਦਿੱਤੀ
ਤੇ ਵਕਤ ਨੇ—ਬੀਤੇ ਖਲੋਤੇ ਛਿਣਾਂ ਨੂੰ ਤੱਕਿਆ,
ਤੇ ਘਾਬਰ ਕੇ ਬਾਰੀ ’ਚੋਂ ਛਾਲ ਮਾਰ ਦਿੱਤੀ।…
ਕਿਸੇ ਮਰਦ ਦੀ ਬੁੱਕਲ ਦੇ ਵਿਚ
ਕਿਸੇ ਕੁੜੀ ਨੇ ਚੀਕ ਮਾਰ ਕੇ
ਪਿੰਡੇ ਤੋਂ ਇਕ ਪੱਚਰ ਲਾਹੀ
ਥਾਣੇ ਦੇ ਇਕ ਹਾਸਾ ਮੱਚਿਆ,
ਕਾਹਵਾ ਘਰ ਵਿਚ ਹੀਂ…ਹੀਂ…ਹੋਈ
ਸੜਕਾਂ ਤੇ ਕੁਝ ਹਾਕਰ ਫਿਰਦੇ
ਇਕ ਇਕ ਪੈਸੇ ਖ਼ਬਰ ਵੇਚਦੇ-
ਰਹਿੰਦਾ ਪਿੰਡਾ ਫੇਰ ਨੋਚਦੇ।


Comments Off on ਆਜ਼ਾਦੀ ਵੇਲੇ ਲਿਖੀ ਅੰਮ੍ਰਿਤਾ ਦੀ ਕਵਿਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.