ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਆਜ਼ਾਦੀ, ਜਮਹੂਰੀਅਤ ਤੇ ਮਨੁੱਖੀ ਕਦਰਾਂ-ਕੀਮਤਾਂ ਦੀਆਂ ਪੈੜਾਂ

Posted On August - 15 - 2019

73ਵੇਂ ਆਜ਼ਾਦੀ ਦਿਹਾੜੇ ਮੌਕੇ

ਸਵਰਾਜਬੀਰ

ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਆਜ਼ਾਦੀ ਦਿਹਾੜੇ ਦੇ ਜ਼ਸ਼ਨਾਂ ਦੀ ਤਿਆਰੀ ਕਰ ਰਹੀਆਂ ਕਾਲਜ ਵਿਦਿਆਰਥਣਾਂ ਕੌਮੀ ਝੰਡੇ ਲਹਿਰਾਉਂਦੀਆਂ ਹੋਈਆਂ। -ਫੋਟੋ: ਏਐੱਫਪੀ

ਅੱਜ ਸਾਰਾ ਦੇਸ਼ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਹ ਆਜ਼ਾਦੀ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਗਈ। ਦੇਸ਼ ਦੇ ਹਰ ਕੋਨੇ ਵਿਚ ਵਸਦੇ ਵਾਸੀਆਂ ਨੇ ਆਜ਼ਾਦੀ ਦੇ ਲੰਮੇ ਸੰਘਰਸ਼ ਵਿਚ ਹਿੱਸਾ ਪਾਇਆ। 1857 ਵਿਚ ਹੋਏ ਆਜ਼ਾਦੀ ਦੇ ਪਹਿਲੇ ਸੰਘਰਸ਼ ਤੋਂ ਬਾਅਦ ਹਿੰਦੋਸਤਾਨੀਆਂ ਨੇ ਆਜ਼ਾਦੀ ਲਈ ਲੰਮੀ ਲੜਾਈ ਲੜੀ। ਕਾਂਗਰਸ ਨੇ ਇਸ ਸੰਘਰਸ਼ ਦੀ ਵੱਡੇ ਪੱਧਰ ਉੱਤੇ ਅਗਵਾਈ ਕੀਤੀ ਅਤੇ ਸੱਤਿਆਗ੍ਰਹਿ, ਸਿਵਲ ਨਾ-ਫ਼ਰਮਾਨੀ, ਚੰਪਾਰਨ ਸੱਤਿਆਗ੍ਰਹਿ, ਡਾਂਡੀ ਮਾਰਚ ਤੇ ਭਾਰਤ ਛੱਡੋ ਅੰਦੋਲਨ ਦੀਆਂ ਤਹਿਰੀਕਾਂ ਰਾਹੀਂ ਆਮ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਨਾਲ ਜੋੜਿਆ। ਪੰਜਾਬ ਨੇ ਇਸ ਸੰਘਰਸ਼ ਵਿਚ ਵੱਡਾ ਹਿੱਸਾ ਪਾਇਆ ਤੇ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ, ਗੁਰਦੁਆਰਾ ਅੰਦੋਲਨ, ਰੌਲਟ ਐਕਟ ਵਿਰੁੱਧ ਚਲਾਈ ਗਈ ਲਹਿਰ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ, ਕਿਰਤੀ ਪਾਰਟੀ, ਬੱਬਰ ਅਕਾਲੀ ਲਹਿਰ, ਗੁਰਦੁਆਰਿਆਂ ਦੀ ਆਜ਼ਾਦੀ ਲਈ ਲੱਗੇ ਵੱਖ ਵੱਖ ਮੋਰਚਿਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵੱਡੀਆਂ ਪੈੜਾਂ ਪਾਈਆਂ।
ਲੱਖਾਂ ਮੁਸ਼ਕਲਾਂ ਝੱਲ ਕੇ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲੀ ਪਰ ਨਾਲ ਹੀ ਪੰਜਾਬ ਤੇ ਬੰਗਾਲ ਵੰਡੇ ਗਏ। ਪੰਜਾਬੀਆਂ ਨੂੰ ਵੱਡੇ ਦੁੱਖ ਅਤੇ ਸੰਤਾਪ ਦਾ ਸਾਹਮਣਾ ਕਰਨਾ ਪਿਆ। ਦਸ ਲੱਖ ਜਾਨਾਂ ਗਈਆਂ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਨਵੀਆਂ ਥਾਵਾਂ ’ਤੇ ਵਸਣਾ ਪਿਆ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਨਵੇਂ ਸਿਰੇ ਤੋਂ ਸਵਾਰਿਆ ਅਤੇ ਦੇਸ਼ ਦੇ ਵਿਕਾਸ ਵਿਚ ਵੱਡਾ ਹਿੱਸਾ ਪਾਇਆ।
ਬਸਤੀਵਾਦ ਤੋਂ ਆਜ਼ਾਦ ਹੋਏ ਸਾਰੇ ਮੁਲਕਾਂ ਵਾਂਗ ਭਾਰਤ ਨੂੰ ਵੀ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਵੱਖਵਾਦ ਤੇ ਦਹਿਸ਼ਤਵਾਦ ਦੀਆਂ ਚੁਣੌਤੀਆਂ ਵੀ ਸ਼ਾਮਲ ਸਨ ਪਰ ਦੇਸ਼ ਦੇ ਲੋਕਾਂ ਨੇ ਵਾਰ ਵਾਰ ਜਮਹੂਰੀਅਤ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਅਜਿਹੀਆਂ ਤਾਕਤਾਂ ਨੂੰ ਹਾਰ ਦਿੱਤੀ ਹੈ। ਅੱਜ ਵੀ ਦੇਸ਼ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜਮਹੂਰੀਅਤ, ਸਾਂਝੀਵਾਲਤਾ, ਇਨਸਾਨੀ ਬਰਾਬਰੀ, ਸਮਾਜਵਾਦ ਤੇ ਹੋਰ ਕਦਰਾਂ-ਕੀਮਤਾਂ, ਜਿਹੜੀਆਂ ਆਜ਼ਾਦੀ ਦੇ ਸੰਘਰਸ਼ ਦੌਰਾਨ ਉੱਭਰ ਕੇ ਸਾਡੇ ਆਦਰਸ਼ ਬਣ ਗਈਆਂ ਸਨ, ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਜਮਹੂਰੀਅਤ ਵਿਚ ਅਸਹਿਮਤੀ ਪ੍ਰਗਟ ਕਰਨਾ ਜਮਹੂਰੀਅਤ ਦਾ ਮੁੱਢਲਾ ਅੰਗ ਹੈ। ਅੱਜ ਅਸਹਿਮਤੀ ਰੱਖਣ ਵਾਲੇ ਚਿੰਤਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਲਈ ਔਖੇ ਵੇਲ਼ੇ ਹਨ। ਦੇਸ਼ ਨੇ ਅਜਿਹੀਆਂ ਚੁਣੌਤੀਆਂ ਦਾ ਪਹਿਲਾਂ ਵੀ ਸਾਹਮਣਾ ਕੀਤਾ ਹੈ ਅਤੇ ਸਾਨੂੰ ਇਹ ਯਕੀਨ ਰੱਖਣਾ ਚਾਹੀਦਾ ਹੈ ਕਿ ਅਸੀਂ ਹੁਣ ਵੀ ਜਮਹੂਰੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦੇ ਤੇ ਸੰਘਰਸ਼ ਕਰਦੇ ਹੋਏ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਾਂਗੇ। ਆਜ਼ਾਦੀ, ਜਮਹੂਰੀਅਤ ਤੇ ਮਨੁੱਖਤਾ ਦੀ ਭਲਾਈ ਵਾਸਤੇ ਲੜੀਆਂ ਜਾਂਦੀਆਂ ਇਨ੍ਹਾਂ ਕਦਰਾਂ-ਕੀਮਤਾਂ ਵਿਚਲਾ ਰਿਸ਼ਤਾ ਬੜਾ ਡੂੰਘਾ ਹੈ। ਆਜ਼ਾਦੀ ਦੇ ਸਿਰਮੌਰ ਪੰਜਾਬੀ ਨਾਇਕ ਭਗਤ ਸਿੰਘ ਨੇ ਕਿਹਾ ਸੀ, ‘‘ਮੈਂ ਮਨੁੱਖ ਹਾਂ ਅਤੇ ਜੋ ਵੀ ਮਨੁੱਖਤਾ ’ਤੇ ਅਸਰ ਪਾਉਂਦਾ ਹੈ, ਉਹ ਮੇਰੇ ’ਤੇ ਅਸਰ ਪਾਉਂਦਾ ਹੈ।’’ ਇਸ ਤਰ੍ਹਾਂ ਆਜ਼ਾਦੀ ਤੇ ਜਮਹੂਰੀਅਤ ਦੀਆਂ ਪੈੜਾਂ ਮਨੁੱਖਤਾ ਦੀਆਂ ਪੈੜਾਂ ਹਨ।
ਅੱਜ ਦੇ ਮੌਕੇ ’ਤੇ ‘ਪੰਜਾਬੀ ਟ੍ਰਿਬਿਊਨ’ ਦੇਸ਼ ਵਾਸੀਆਂ ਤੇ ਪੰਜਾਬੀਆਂ ਨਾਲ ਆਜ਼ਾਦੀ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਾ ਹੈ।


Comments Off on ਆਜ਼ਾਦੀ, ਜਮਹੂਰੀਅਤ ਤੇ ਮਨੁੱਖੀ ਕਦਰਾਂ-ਕੀਮਤਾਂ ਦੀਆਂ ਪੈੜਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.