ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਅੱਜ ਸਾਡੇ ਵਿਹੜੇ ਸਰਦਾਰ ਆਏ ਨੇ…

Posted On August - 17 - 2019

ਵੰਡ ਦੇ ਦੁੱਖੜੇ

ਸਾਂਵਲ ਧਾਮੀ

ਮੇਰਾ ਨਾਂ ਗਿਆਨ ਸਿੰਘ ਕੱਕੜ ਹੈ। ਮੇਰਾ ਬਾਪ ਹਰਦੀਪ ਸਿੰਘ ਰਾਠ ਤੇ ਦਾਦਾ ਮਾਨ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਉੱਠ ਕੇ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ ਚੁਤਾਲੀ ਜੀ.ਬੀ. ’ਚ ਜਾ ਵਸੇ ਸਨ।
ਸੰਤਾਲੀ ਤੋਂ ਬਾਅਦ ਮੇਰੇ ਬਜ਼ੁਰਗ ਕਈ ਵਰ੍ਹੇ ਵੱਸਦੇ-ਉੱਜੜਦੇ, ਜ਼ਿਲ੍ਹਾ ਸਿਰਸਾ ’ਚ ਆ ਟਿਕੇ ਸਨ। ਪਿੰਡ ਦਾ ਨਾਂ ਸੀ ਜੱਗ ਮਲੇਰਾ। ‘ਉੱਜੜਿਆਂ-ਪੁੱਜੜਿਆਂ’ ਨੂੰ ਇਹ ਨਾਂ ਜਚਿਆ ਨਹੀਂ। ਉਨ੍ਹਾਂ ਨੇ ਬਦਲ ਕੇ ਸੰਤਨਗਰ ਰੱਖ ਲਿਆ। ਪੰਜਾਬ-ਹਰਿਆਣਾ ਦੀ ਹੱਦ ’ਤੇ ਵਸੇ ਕਸਬੇ ਡੱਬਵਾਲੀ ਤੋਂ ਦਸ ਕਿਲੋਮੀਟਰ ਦੂਰ ਵੱਸਦਾ ਇਹ ਪਿੰਡ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸਿਰਸਾ ’ਚ ਪੈਂਦਾ ਹੈ।
ਮੈਂ ਹੋਸ਼ ਸੰਭਾਲੀ ਤਾਂ ਪਤਾ ਲੱਗਿਆ ਕਿ ਇੱਥੇ ਵੱਸਣ ਵਾਲੇ ਮੁਸਲਮਾਨ ਲੀਕੋਂ ਪਾਰ ਚਲੇ ਗਏ ਸਨ ਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਇਆ ਨੇ ਇੱਥੇ ਡੇਰਾ ਜਮਾ ਲਿਆ ਸੀ। ਦਾਦਾ ਕਦੇ-ਕਦੇ ਬਾਰ ਦੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ। ਉਹ ਖੁੱਲ੍ਹੀਆਂ ਜ਼ਮੀਨਾਂ, ਖੁੱਲ੍ਹੇ ਘਰ ਤੇ ਖੁੱਲ੍ਹੇ ਰਹਿਣ-ਸਹਿਣ ਦੀਆਂ ਗੱਲਾਂ ਕਰਦਾ। ਪਤਾ ਨਹੀਂ ਕਦੋਂ ਮੇਰੇ ਦਿਲ ’ਚ ਬਜ਼ੁਰਗਾਂ ਦਾ ਪਿੰਡ ਵੇਖਣ ਦੀ ਇੱਛਾ ਜਾਗ ਗਈ। ਵਕਤ ਬੀਤਦਾ ਗਿਆ ਤੇ ਇਹ ਇੱਛਾ ਵੀ ਵੱਧਦੀ ਉਮਰ ਨਾਲ ਜ਼ਰਬ ਖਾਂਦੀ ਗਈ, ਪਰ ਮੈਂ ਜਦੋਂ ਵੀ ਪਾਕਿਸਤਾਨ ਜਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਬਾਪੂ ਥੋੜ੍ਹੀ ਨਾਰਾਜ਼ਗੀ ਨਾਲ ਆਖਦਾ,“ਕੀ ਦੇਖਣਾ ਤੂੰ ਪਾਕਿਸਤਾਨ? ਛੱਡ ਪਰ੍ਹਾਂ…ਵੇਖੇ ਈ ਆ ਮੁਸਲਮਾਨ!”
ਦਰਅਸਲ, ਸੰਤਾਲੀ ’ਚ ਹੰਢਾਏ ਦੁੱਖਾਂ ਨੂੰ ਉਹ ਸੱਠ ਵਰ੍ਹਿਆਂ ਬਾਅਦ ਵੀ ਭੁੱਲਿਆ ਨਹੀਂ ਸੀ। ਜੰਮਣ-ਭੋਂ ਨੇ ਉਸਨੂੰ ਭਰ ਜਵਾਨੀ ’ਚ ਹਿੱਕ ਨਾਲੋਂ ਤੋੜ ਕੇ ਜਲਾਵਤਨ ਕਰ ਦਿੱਤਾ ਸੀ। ਬਿਨਾਂ ਸ਼ੱਕ ਉਹ ਉਸ ਧਰਤੀ ਨੂੰ ਦੁੱਖ ਨਾਲ ਯਾਦ ਕਰਦਾ ਸੀ ਤੇ ਯਾਦ ਕਰਕੇ ਦੁਖੀ ਹੁੰਦਾ ਰਹਿੰਦਾ ਸੀ। ਉਹ ਮੈਨੂੰ ਕਈ ਵਰ੍ਹੇ ਰੋਕਦਾ ਰਿਹਾ। ਆਖ਼ਰ ਮੈਂ ‘ਨਾਬਰ’ ਹੋ ਗਿਆ ਤੇ ਨਨਕਾਣਾ ਸਾਹਿਬ ਜਾਣ ਵਾਲੇ ਜਥੇ ’ਚ ਸ਼ਾਮਿਲ ਹੋ ਕੇ ਵੀਜ਼ਾ ਲਗਵਾ ਲਿਆ। ਉਹ ਮੈਨੂੰ ਆਖ਼ਰੀ ਦਿਨ ਤਕ ਰੋਕਦਾ ਰਿਹਾ। ਮੈਂ ਬਜ਼ਿੱਦ ਰਿਹਾ। ਸਵੇਰੇ ਘਰੋਂ ਤੁਰਨ ਲੱਗਿਆਂ, ਜਦੋਂ ਮੈਂ ਉਸਦੇ ਪੈਰੀਂ ਹੱਥ ਲਗਾਇਆ ਤਾਂ ਉਹ ਡੁਸਕਣ ਲੱਗ ਪਿਆ।
“ਜੇ ਤੂੰ ਹੁਣ ਜਾਣਾ ਹੀ ਏ ਤਾਂ ਇਕ ਕੰਮ ਜ਼ਰੂਰ ਕਰੀਂ। ਆਪਣੇ ਚੱਕ ਜ਼ਰੂਰ ਜਾਈਂ।” ਇਹ ਆਖ ਉਹ ਕੁਝ ਪਲ ਚੁੱਪ ਰਿਹਾ।
“ਓਥੇ ਮੇਰੇ ਹਾਣੀਆਂ ਨੂੰ ਮਿਲ ਕੇ ਆਈਂ। ਸ਼ਾਇਦ ਕੋਈ ਜਿਉਂਦਾ ਹੋਵੇ! ਗਬਨੀ ਇਸਾਈ, ਮੁਹੰਮਦ ਦੀਨ ਅਨਸਾਰੀ, ਤੁਫ਼ੈਲ ਘੁਮਿਆਰ ਤੇ ਰਾਖ ਤੇਲੀ।” ਉਸਨੇ ਜੇਬ ’ਚੋਂ ਰੁਪਈਆਂ ਦਾ ਰੁਗ ਭਰਕੇ ਕੱਢਦਿਆਂ ਮੇਰੇ ਹੱਥਾਂ ’ਤੇ ਰੱਖਿਆ ਤੇ ਮਾਸੂਮ ਜਿਹੀ ਆਵਾਜ਼ ’ਚ ਬੋਲਿਆ,“ਉਨ੍ਹਾਂ ਲਈ ਕੁਝ ਲੈ ਵੀ ਜਾਈਂ। ਸਾਡਾ ਬੜਾ ਪਿਆਰ ਰਿਹਾ ਏ। ਆਉਣ ਲੱਗਾ ਉਨ੍ਹਾਂ ਦੇ ਪੋਤਰੇ-ਪੋਤਰੀਆਂ ਨੂੰ ਪਿਆਰ ਵੀ ਜ਼ਰੂਰ ਦੇ ਕੇ ਆਵੀਂ।” ਇਹ ਆਖਦਿਆਂ ਉਸਨੇ ਮੈਨੂੰ ਬੁੱਢੀਆਂ ਬਾਹਵਾਂ ’ਚ ਕੱਸ ਲਿਆ।
ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਪਹਿਲਾਂ ਕਦੇ ਵੀ ਇਉਂ ਜਜ਼ਬਾਤੀ ਨਹੀਂ ਹੋਇਆ ਸੀ। ਪਿੰਡ ਤੋਂ ਲੈ ਕੇ ਲਾਹੌਰ ਤਕ, ਮੈਂ ਬਾਪੂ ਵਰਗੇ ਲੱਖਾਂ ਲੋਕਾਂ ਬਾਰੇ ਸੋਚਦਾ ਰਿਹਾ। ਉਹ ‘ਬੇਵਸ’ ਲੋਕ, ਜਿਨ੍ਹਾਂ ਕੋਲੋਂ ਉਨ੍ਹਾਂ ਦੀ ਮਰਜ਼ੀ ਪੁੱਛੇ ਬਗੈਰ ਪਿੰਡ, ਜ਼ਮੀਨਾਂ, ਘਰ ਤੇ ਸੱਜਣ ਖੋਹ ਲਏ ਗਏ ਸਨ।
ਲਾਹੌਰ ਵਿਚ ਕੁਝ ਵਕਤ ਠਹਿਰਨ ਤੋਂ ਬਾਅਦ, ਸਾਡਾ ਜਥਾ ਉਸੀ ਸ਼ਾਮ ਨਨਕਾਣਾ ਸਾਹਿਬ ਪਹੁੰਚ ਗਿਆ। ਅਗਲੇ ਦਿਨ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਸ ਸ਼ਾਮ ਮੈਂ ਬਾਹਰ ਖੜ੍ਹੇ ਪੁਲੀਸ ਵਾਲਿਆਂ ਨਾਲ ‘ਬਾਪੂ ਦਾ ਪਿੰਡ’ ਵੇਖਣ ਦੀ ਇੱਛਾ ਸਾਂਝੀ ਕੀਤੀ ਤਾਂ ਉਨ੍ਹਾਂ ਦਾ ਅਫ਼ਸਰ ਜਲਦੀ ਨਾਲ ਮੇਰੇ ਕੋਲ ਆਉਂਦਿਆਂ ਰੋਹਬਦਾਰ ਆਵਾਜ਼ ’ਚ ਬੋਲਿਆ,“ਸਰਦਾਰ ਜੀ, ਮੈਂ ਤੁਹਾਡੇ ਜਜ਼ਬਾਤ ਨੂੰ ਸਮਝਦਾ ਹਾਂ, ਪਰ ਛੱਡੋ ਪਰ੍ਹਾਂ, ਇਹ ਕੰਮ ਬੜਾ ਟੇਢਾ ਏ। ਕੋਈ ਮਸਲਾ ਬਣ ਜਾਏ ਤਾਂ ਬੜਾ ਪੰਗਾ ਹੋ ਜਾਂਦੈ!”
ਮੈਂ ਦੁਖੀ ਹੋ ਕੇ ਤੁਰਨ ਲੱਗਾ ਤਾਂ ਉਸਨੇ ਸਰਸਰੀ ਤੌਰ ’ਤੇ ਮੇਰਾ ਨਾਂ ਤੇ ਕਮਰਾ ਨੰਬਰ ਪੁੱਛ ਲਿਆ। ਮੈਂ ਉਦਾਸ ਮਨ ਨਾਲ ਲੰਗਰ ਛਕਿਆ ਤੇ ਆਪਣੇ ਕਮਰੇ ’ਚ ਆ ਗਿਆ। ਥੋੜ੍ਹੀ ਦੇਰ ਬਾਅਦ ਦੋ ਪੁਲੀਸ ਵਾਲੇ ਆਏ ਤੇ ਮੇਰਾ ਨਾਂ ਲੈ ਕੇ ਕਹਿਣ ਲੱਗੇ ‘ਤੁਹਾਨੂੰ ਥਾਣੇਦਾਰ ਹੁਰਾਂ ਸੱਦਿਆ।’ ਕਮਰੇ ’ਚੋਂ ਬਾਹਰ ਹੁੰਦਿਆਂ ਉਨ੍ਹਾਂ ’ਚੋਂ ਇਕ ਮੇਰੇ ਕੰਨ ਕੋਲ ਮੂੰਹ ਕਰਦਿਆਂ ਬੋਲਿਆ,“ਸਵਖੱਤੇ ਬਾਹਰ ਆ ਜਾਣਾ। ਸਾਡੇ ਅਫ਼ਸਰ ਨੇ ਤੁਹਾਡੇ ਜਾਣ ਦਾ ਇੰਤਜ਼ਾਮ ਕਰ ਦਿੱਤਾ ਏ।”
ਅਗਲੇ ਦਿਨ ਦੀ ਦੁਪਹਿਰ ਮੈਂ ਆਪਣੇ ਬਾਪੂ ਦੇ ਪਿੰਡ ਪਹੁੰਚ ਗਿਆ। ਦੇਖਦੇ-ਦੇਖਦੇ ਕਈ ਲੋਕ ਇਕੱਠੇ ਹੋ ਗਏ। ਮੈਂ ਬਾਪੂ ਦੇ ਜਾਣਕਾਰਾਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਵਿਚੋਂ ਸਿਰਫ਼ ਇਕ ਬੰਦਾ ਰਾਖ ਹਾਲ਼ੇ ਜਿਉਂਦਾ ਏ। ਹੁਣ ਉਸਦਾ ਨਾਂ ਬਾਬਾ ਰਾਖ ਹੋ ਗਿਆ ਸੀ। ਉਹ ਤੁਰ ਨਹੀਂ ਸਕਦਾ ਸੀ। ਮੈਂ ਉਸਦੇ ਘਰ ਗਿਆ। ਮੈਨੂੰ ਵੇਖ ਉਹ ਕਾਫ਼ੀ ਦੇਰ ਭੁੱਬੀਂ ਰੋਂਦਾ ਰਿਹਾ।

ਸਾਂਵਲ ਧਾਮੀ

“ਇਹ ਕਿੱਡਾ ਭਾਗਾਂ ਵਾਲਾ ਦਿਨ ਹੈ।” ਉਸਨੇ ਥੋੜ੍ਹਾ ਸੰਭਲਦਿਆਂ ਗੱਲ ਸ਼ੁਰੂ ਕੀਤੀ ਸੀ।
“ਅੱਜ ਸਾਡੇ ਵਿਹੜੇ ਸਾਡੇ ਸਰਦਾਰ ਆਏ ਨੇ।” ਗੱਲ ਮੁਕਾਉਂਦਿਆਂ ਉਹ ਉੱਚੀ-ਉੱਚੀ ਬੋਲਣ ਲੱਗ ਪਿਆ। ਰਾਖ ਹੁਰਾਂ ਦਾ ਟੱਬਰ ਸਾਡੇ ਬਜ਼ੁਰਗਾਂ ਦੇ ਨਾਲ ਹੀ ਅੰਮ੍ਰਿਤਸਰ ਤੋਂ ਉੱਠ ਕੇ ਸਮੁੰਦਰੀ ਗਿਆ ਸੀ। ਉਸਦਾ ਪਿਉ ਸਾਡਾ ਸੀਰੀ ਰਿਹਾ ਸੀ ਤੇ ਬਾਬਾ ਰਾਖ ਮੇਰੇ ਬਾਪੂ ਨਾਲ ਘੁਲਦਾ ਰਿਹਾ ਸੀ। ਵੰਡ ਵੇਲੇ ਵਿਛੜਨ ਲੱਗਿਆਂ ਉਨ੍ਹਾਂ ਇਉਂ ਕੱਸ ਕੇ ਗਲਵੱਕੜੀ ਪਾਈ ਸੀ ਕਿ ਬਜ਼ੁਰਗਾਂ ਨੇ ਉਨ੍ਹਾਂ ਨੂੰ ਖਿੱਚ ਕੇ ਤੋੜਿਆ ਸੀ। ਵਿਛੋੜੇ ਦਾ ਉਹ ਮੰਜ਼ਰ ਯਾਦ ਕਰਦਿਆਂ ਰਾਖ ਬਾਬਾ ਰਹਿ-ਰਹਿ ਕੇ ਲੇਰ ਜਿਹੀ ਮਾਰਦਾ ਸੀ। ਮੈਂ ਮੱਲੋਜ਼ੋਰੀ ਉਸਦੇ ਖੀਸੇ ’ਚ ਕੁਝ ਰੁਪਏ ਪਾਏ ਤੇ ਰੋਂਦਿਆਂ ਵਿਦਾ ਲਈ।
ਕਿਸੇ ਨੇ ਦੱਸਿਆ ਕਿ ਬਾਬੇ ਤੁਫ਼ੈਲ ਦੀ ਨੱਬੇ ਕੁ ਵਰ੍ਹਿਆਂ ਦੀ ਪਤਨੀ ਵੀ ਹਾਲੇ ਜਿਉਂਦੀ ਏ। ਸੰਤਾਲੀ ਤੋਂ ਉਹ ਇਸ ਪਿੰਡ ’ਚ ਵਸ-ਰਸ ਰਹੀ ਸੀ। ਨਿੱਕੀ ਜਿਹੀ ਭੀੜ ਦਾ ਮੇਲਾ ਮੈਨੂੰ ਪਿੰਡ ਦੇ ਲਹਿੰਦੇ ਪਾਸੇ ਲੈ ਤੁਰਿਆ।
ਉਹ ਨਿੱਕਾ ਜਿਹਾ ਕੱਚਾ ਘਰ ਤੇ ਝੀਥਾਂ ਵਾਲਾ ਖਸਤਾ ਹਾਲ ਦਰਵਾਜ਼ਾ। ਦਸਤਕ ਦਿੱਤੀ ਤਾਂ ਇਕ ਅਲੂਆਂ ਜਿਹਾ ਮੁੰਡਾ ਦਰਾਂ ’ਤੇ ਆਇਆ। ਸਾਨੂੰ ਵੇਖਦਿਆਂ ਉਹ ਕਿਸੇ ਅਜੀਬ ਜਿਹੇ ਚਾਅ ’ਚ ਵਿਹੜਾ ਪਾਰ ਕਰਕੇ ਮੁੜ ਦਲਾਨ ’ਚ ਚਲਾ ਗਿਆ।
“ਦਾਦੀ ਜਿਸ ਤਰ੍ਹਾਂ ਦੇ ਬੰਦਿਆਂ ਦੀਆਂ ਤੂੰ ਗੱਲਾਂ ਕਰਦੀ ਹੁੰਦੀ ਏਂ ਨਾ, ਉਸ ਤਰ੍ਹਾਂ ਦਾ ਬੰਦਾ ਤੈਨੂੰ ਮਿਲਣ ਆਇਐ!” ਉਸਦੇ ਇਹ ਬੋਲ ਸਾਨੂੰ ਦਰਾਂ ’ਤੇ ਖੜ੍ਹਿਆਂ ਨੂੰ ਸੁਣਾਈ ਦਿੱਤੇ ਤਾਂ ਅਸੀਂ ਵੀ ਦਰ ਉਲੰਘ ਵਿਹੜੇ ’ਚ ਪਹੁੰਚ ਗਏ। ਕੁਝ ਪਲਾਂ ਬਾਅਦ ਇਕ ਬੁੱਢੀ ਔਰਤ ਡੰਡੇ ਦਾ ਆਸਰਾ ਲਈ ਦਲਾਨ ਵਾਲੇ ਦਰਵਾਜ਼ੇ ਤੋਂ ਬਾਹਰ ਆ ਖੜੋਤੀ।
“ਸਤਿ ਸ੍ਰੀ ਅਕਾਲ ਬੇਬੇ!” ਪਿਆਰ-ਭਰੇ ਜੋਸ਼ ਨਾਲ ਇਹ ਬੋਲ ਮੇਰੇ ਮੂੰਹੋਂ ਆਪ-ਮੁਹਾਰੇ ਨਿਕਲ ਗਏ। ਉਸਦੇ ਹੱਥੋਂ ਡੰਡਾ ਡਿੱਗ ਪਿਆ। ਆਸਮਾਨ ਵੱਲ ਦੁਆ ਦੇ ਰੂਪ ’ਚ ਹੱਥ ਉਠਾਉਂਦਿਆਂ, ਉਹ ਬੋਲੀ,“ਅੱਲ੍ਹਾ ਤੇਰਾ ਸ਼ੁਕਰ ਹੈ ਕਿ ਅੱਜ ਮੁੱਦਤਾਂ ਮਗਰੋਂ ਸਤਿ ਸ੍ਰੀ ਅਕਾਲ ਸੁਣਨ ਨੂੰ ਮਿਲੀ।”
ਮੇਰੀਆਂ ਅੱਖਾਂ ਛਲਕ ਪਈਆਂ। ਉਸ ਪਲ ਮੈਨੂੰ ਇਉਂ ਮਹਿਸੂਸ ਹੋਇਆ ਜਿਉਂ ਚਿਰਾਗਾ ਬੀਬੀ ਦੇ ਇਨ੍ਹਾਂ ਬੋਲਾਂ ਨੇ ਨਫ਼ਰਤ ਦੀ ਹਰ ਦੀਵਾਰ ਢਾਹ ਦਿੱਤੀ ਹੋਵੇ।
ਸੰਪਰਕ : 97818-43444


Comments Off on ਅੱਜ ਸਾਡੇ ਵਿਹੜੇ ਸਰਦਾਰ ਆਏ ਨੇ…
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.