ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ

Posted On August - 26 - 2019

ਐੱਸ ਪੀ ਸਿੰਘ*

ਸੰਭਵ ਹੈ ਕਿ ਓਪਰੀ ਨਜ਼ਰੇ ਪਾਠਕਾਂ ਨੂੰ ਜਾਪੇ ਕਿ ਭਈ, ਜੇ ਕਿਸੇ ਵੱਡੀ ਘਟਨਾ ਬਾਰੇ ਬਹੁਤ ਸਾਰੀਆਂ ਖ਼ਬਰਾਂ ਛਪਣਗੀਆਂ ਤਾਂ ਜ਼ਾਹਿਰ ਹੈ ਕਿ ਉਹ ਲੋਕਾਈ ਦਾ ਧਿਆਨ ਖਿੱਚਣਗੀਆਂ, ਪਰ ਜਨਸੰਚਾਰ ਦੇ ਸੁਚੇਤ ਖੋਜਾਰਥੀ ਜਾਣਦੇ ਹਨ ਕਿ ਇਹ ਸੱਚ ਨਹੀਂ।
ਜਦੋਂ 1950 ਦੀਆਂ ਗਰਮੀਆਂ ਵਿੱਚ ਉੱਤਰੀ ਕੋਰੀਆ ਨੇ ਆਪਣੇ ਦੱਖਣੀ ਹਮਸਾਏ ਉੱਤੇ ਟੈਂਕ ਚਾੜ੍ਹ ਦਿੱਤੇ ਤਾਂ ਅਮਰੀਕਾ ਵਿੱਚ ਚੀਕ-ਚਿਹਾੜਾ ਪੈ ਗਿਆ। ਅਖੇ, ਹਾਏ ਕਮਿਊਨਿਜ਼ਮ ਹੋਰ ਪਸਰ ਗਿਆ। ਅੱਗੇ ਹੀ ਅਮਰੀਕੀ ਲੀਡਰਸ਼ਿਪ ਦੀ ਮੁਲਕ ਵਿੱਚ ਤੋਏ-ਤੋਏ ਹੋਈ ਪਈ ਸੀ ਕਿਉਂ ਜੋ ਚੀਨ ਨੇ ਚਿਆਂਗ ਕਾਈ ਸ਼ੈਕ ਨੂੰ ਹਜ਼ਮ ਕਰ ਕੇ ਡਕਾਰ ਵੀ ਨਹੀਂ ਸੀ ਮਾਰਿਆ। ਉੱਤੋਂ ਸਿਓਲ ਵੀ ਰੁੜ੍ਹ ਚੱਲਿਆ ਸੀ। ਅਮਰੀਕਾ ਇਸ ਕੋਰੀਆਈ ਜੰਗ ਵਿੱਚ ਏਨੀ ਬੁਰੀ ਤਰ੍ਹਾਂ ਫਸ ਗਿਆ ਕਿ ਅੰਤ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਆਪਣੇ ਅਤਿ ਸਤਿਕਾਰਤ ਫ਼ੌਜੀ ਜਰਨੈਲ, ਡਗਲਸ ਮੈਕਆਰਥਰ ਨੂੰ ਬਰਖਾਸਤ ਕਰ ਦਿੱਤਾ। ਅਮਰੀਕੀਆਂ ਦਾ ਇੱਕ ਵੱਡਾ ਹਿੱਸਾ ਇਸ ਜਰਨੈਲ ਨੂੰ ਕਮਿਊਨਿਜ਼ਮ ਦੇ ਹਊਏ ਖ਼ਿਲਾਫ਼ ਘੁਲਾਟੀਏ ਦੇ ਤੌਰ ’ਤੇ ਦੇਖ ਰਿਹਾ ਸੀ। ਜਦੋਂ ਬਰਖ਼ਾਸਤ ਹੋਇਆ ਜਰਨੈਲ ਜੰਗ ਦਾ ਮੁਹਾਜ਼ ਛੱਡ ਵਾਪਸ ਪਰਤਿਆ ਤਾਂ ਭੀੜਾਂ ਉਹਦੇ ਸਵਾਗਤ ਵਿੱਚ ਉਮੜ ਪਈਆਂ। ਸਾਂ ਫਰਾਂਸਿਸਕੋ, ਫਿਰ ਵਾਸ਼ਿੰਗਟਨ ਅਤੇ ਫਿਰ ਅਮਰੀਕੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨ ਵੇਲੇ ਇਹ ਹਾਰਿਆ ਅਤੇ ਬਰਖ਼ਾਸਤ ਕੀਤਾ ਜਰਨੈਲ ਹੀਰੋ ਜਾਪ ਰਿਹਾ ਸੀ, ਲੋਕ ਉਹਦਾ ਨਾਮ ਜਪ ਰਹੇ ਸਨ। ਨਿਊਯਾਰਕ ਦੇ ਮੈਨਹਟਨ ਵਿੱਚ 75 ਲੱਖ ਲੋਕ ਉਸ ਨੂੰ ਸੁਣਨ ਬਹੁੜੇ ਸਨ।
ਜਨਰਲ ਡਗਲਸ ਮੈਕਆਰਥਰ ਦੂਜੀ ਸੰਸਾਰ ਜੰਗ ਦਾ ਸਤਿਕਾਰਿਆ ਯੋਧਾ ਸੀ ਅਤੇ ਭੀੜਾਂ ਦਾ ਉਸ ਵੱਲ ਆਕਰਸ਼ਿਤ ਹੋਣਾ ਸਮਝ ਆਉਂਦਾ ਸੀ ਪਰ ਇਹ ਸਮਝਣ ਲਈ ਜਨਸੰਚਾਰ ਦੇ ਖੋਜਾਰਥੀਆਂ ਨੂੰ ਤਰੱਦਦ ਕਰਨਾ ਪਿਆ ਸੀ ਕਿ ਭਾਵੇਂ ਕੋਰੀਆ ਵਿੱਚ ਲੜਾਈ ਅਜੇ ਵੀ ਜਾਰੀ ਸੀ, ਆਮ ਅਮਰੀਕੀ ਨਾਗਰਿਕ ਲੜਾਈ ਦੀਆਂ ਖ਼ਬਰਾਂ ਤੋਂ ਕਿਉਂ ਉਕਤਾ ਗਿਆ ਸੀ? ਉਸ ਨੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ, ਹਾਲਾਂਕਿ ਇਹ ਇਤਿਹਾਸ ਵਿੱਚ ਪਹਿਲੀ ਅਤੇ ਅੱਜ ਤੱਕ ਦੀ ਆਖ਼ਰੀ ਅਜਿਹੀ ਲੜਾਈ ਸੀ ਜਿਸ ਵਿੱਚ ਅਮਰੀਕੀ ਅਤੇ ਚੀਨੀ ਫ਼ੌਜੀ ਆਹਮੋ-ਸਾਹਮਣੇ ਲੜੇ ਸਨ।
ਅਮਰੀਕਾ ਦੇ ਪੱਛਮੀ ਤੱਟ ’ਤੇ ਓਰੇਗਨ ਸੂਬੇ ਦੇ ਇੱਕ ਵੱਡੇ ਅਖ਼ਬਾਰ ਨੂੰ ਕੁਝ ਸ਼ੱਕ ਹੋਇਆ ਤਾਂ ਉਹਨੇ ਅਨੂਠਾ ਤਜਰਬਾ ਕੀਤਾ। ਉਸ ਨੇ ਜੰਗ ਦੇ ਮੁਹਾਜ਼ ਤੋਂ ਆ ਰਹੀਆਂ ਵੱਡੀਆਂ-ਵੱਡੀਆਂ ਖ਼ਬਰਾਂ ਦੁਹਰਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਖ਼ਬਰ ਸੋਮਵਾਰ ਨੂੰ ਅਖ਼ਬਾਰ ਦੇ ਜਿਸ ਸਫ਼ੇ ’ਤੇ ਛਪੀ, ਮੰਗਲਵਾਰ ਨੂੰ ਫਿਰ ਉਸੇ ਸਫ਼ੇ ’ਤੇ ਛਪੀ। ਇਹ ਵਰਤਾਰਾ ਦਿਨਾਂ ਤੱਕ ਜਾਰੀ ਰਿਹਾ ਪਰ ਕਿਸੇ ਇੱਕ ਵੀ ਪਾਠਕ ਦਾ ਧਿਆਨ ਨਾ ਗਿਆ। ਸਰਵੇਖਣ ਤੋਂ ਪਤਾ ਲੱਗਿਆ ਕਿ ਬੜੀ ਵੱਡੀ ਗਿਣਤੀ ਵਿੱਚ ਪਾਠਕਾਂ ਨੇ ਕੋਰੀਆਈ ਮੁਹਾਜ਼ ਦੀਆਂ ਖ਼ਬਰਾਂ ਪੜ੍ਹਨੋਂ ਕਿਨਾਰਾ ਕੀਤਾ ਹੋਇਆ ਸੀ। 1953 ਤੱਕ ਚੱਲੇ ਇਸ ਯੁੱਧ ਨੂੰ ਅਮਰੀਕਾ ਦੀ ਭੁਲਾ ਦਿੱਤੀ ਗਈ ਜੰਗ (The Forgotten War) ਕਹਿੰਦੇ ਹਨ। ਅੱਜ ਦੇ ਉੱਤਰੀ ਅਤੇ ਦੱਖਣੀ ਕੋਰੀਆ ਵਿਚਲੇ ਰਿਸ਼ਤੇ ਅਤੇ ਅਮਰੀਕੀ-ਕੋਰੀਆਈ ਸੰਬੰਧਾਂ ਦੀ ਸਿਆਸਤ ਦੀਆਂ ਜੜ੍ਹਾਂ 1950-53 ਦੇ ਇਸ ਭੁਲਾ ਦਿੱਤੇ ਗਏ ਯੁੱਧ ਵਿੱਚ ਪਈਆਂ ਹਨ ਜਿਸ ਵਿੱਚ 30 ਤੋਂ 40 ਲੱਖ ਲੋਕ ਮਾਰੇ ਗਏ ਸਨ। ਰਾਜਨੀਤਕ ਵਿਸ਼ਲੇਸ਼ਕਾਂ ਦੀ ਆਮ ਰਾਇ ਹੈ ਕਿ ਜੇ ਮੀਡੀਆ ਵਿੱਚ ਜੰਗ ਦੀ ਕਵਰੇਜ ਠੀਕ ਹੁੰਦੀ ਅਤੇ ਜੇ ਅਮਰੀਕੀ ਨਾਗਰਿਕਾਂ ਨੇ ਖ਼ਬਰਾਂ ਵੱਲ ਲੋੜੀਂਦਾ ਧਿਆਨ ਦਿੱਤਾ ਹੁੰਦਾ ਤਾਂ ਆਲਮੀ ਰਾਜਨੀਤੀ ਦੀ ਤਸਵੀਰ ਅੱਜ ਕੁਝ ਹੋਰ ਹੁੰਦੀ।
ਕਿਸੇ ਘਟਨਾਕ੍ਰਮ ਦਾ ਖ਼ਬਰ ਹੋ ਜਾਣਾ ਅਤੇ ਫਿਰ ਖ਼ਬਰ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਹੋ ਜਾਣਾ, ਇਹ ਦੋ ਵੱਖ-ਵੱਖ ਵਰਤਾਰੇ ਹਨ।
ਜੰਗ ਦੇ ਕਿਸੇ ਮੁਹਾਜ਼ ਤੋਂ ਲੰਬੇ ਸਮੇਂ ਤੋਂ ਇੱਕੋ ਜਿਹੀਆਂ ਖ਼ਬਰਾਂ ਆ ਰਹੀਆਂ ਸਨ, ਪੜ੍ਹਦੇ ਪੜ੍ਹਦੇ ਅਸੀਂ ਸ਼ਾਇਦ ਉਕਤਾ ਗਏ ਸਾਂ। ਨਵੀਆਂ ਖ਼ਬਰਾਂ ਜ਼ਬਰਦਸਤ ਜੁੰਬਿਸ਼ ਨਾਲ ਛਪੀਆਂ, ਸੋ ਸਾਡਾ ਧਿਆਨ ਓਧਰ ਹੋ ਜਾਣਾ ਸੁਭਾਵਿਕ ਵੀ ਸੀ, ਲਾਜ਼ਮੀ ਵੀ। ਪੁਲਵਾਮਾ, ਹਵਾਈ ਹਮਲੇ, ਚੋਣਾਂ, ਅਮਿਤ ਸ਼ਾਹ ਦੀ ਚੜ੍ਹਾਈ, ਕਰਨਾਟਕ ਦੀ ਲੜਾਈ, ਕਸ਼ਮੀਰ ਵਿੱਚ ਧਾਰਾ 370, 35-ਏ ਹਟਾਉਣ ਨਾਲ ਰਾਜਨੀਤੀ ਵਿੱਚ ਭੂਚਾਲ। ਫਿਰ ਜਦੋਂ ਕੰਧਾਂ ਟੱਪ ਕੇ ਵੱਡੇ ਵੱਡੇ ਅਫ਼ਸਰ ਕਿਸੇ ਵੱਡੇ ਸਾਰੇ ਸਿਆਸਤਦਾਨ ਨੂੰ ਰਾਤੀਂ ਜਾ ਫੜਨ ਅਤੇ ਇਹਦੀ ਵੀਡੀਓ ਖ਼ਬਰੀ ਟੈਲੀਵਿਜ਼ਨ ’ਤੇ ਹਿੱਟ ਹੋ ਜਾਵੇ ਤਾਂ ਧਿਆਨ ਤਾਂ ਸਾਰਾ ਉੱਧਰ ਹੀ ਜਾਣਾ ਸੀ। ਉੱਤੋਂ ਲਗਾਤਾਰ ਸੁਰਖ਼ੀਆਂ ਕਿ ਆਰਥਿਕਤਾ ਥਿੜਕ ਰਹੀ ਹੈ, ਵਿਕਾਸ ਦਰ ਥੱਲੇ ਜਾ ਰਹੀ ਹੈ, ਨੌਕਰੀਆਂ ਮਿਲ ਨਹੀਂ ਰਹੀਆਂ। ਕਿਸੇ ਆਖਿਆ ਹੁਣ ਤਾਂ ਪੰਜ ਰੁਪਏ ਦਾ ਬਿਸਕੁਟ ਦਾ ਪੈਕੇਟ ਖਰੀਦਣ ਲੱਗਿਆਂ ਵੀ ਲੋਕ ਸੋਚ ਰਹੇ ਹਨ। ਫਿਰ ਉਹ ਸ਼ਬਦ ਸੁਰਖ਼ੀਆਂ ਵਿੱਚ ਉੱਭਰਿਆ ਜਿਸ ਨੂੰ ਸੁਣ ਕੇ ਤ੍ਰਾਹ ਨਿਕਲ ਜਾਂਦਾ ਹੈ – ਆਰਥਿਕ ਮੰੰਦੀ। ਪਹਿਲਾਂ ਲੋਕਾਂ ਨੂੰ ਇਹ ਸ਼ਬਦ ਸੁਣ ਅਮਰੀਕਾ ਦੀ 1929 ਵਾਲੀ ਡੁੱਬਦੀ ਆਰਥਿਕਤਾ ਦੀ ਤਸਵੀਰ ਯਾਦ ਆਉਂਦੀ ਸੀ, ਹੁਣ ਤਾਂ 2008 ਵਾਲੀ ਮੰਦੀ ਦਾ ਭੂਤ ਸਾਹਮਣੇ ਵਿਖਾਈ ਦਿੰਦਾ ਹੈ।
ਇਨ੍ਹਾਂ ਸਾਰੀਆਂ ਖ਼ਬਰਾਂ ਦੇ ਰੋਲ-ਘਚੋਲੇ ਵਿੱਚ ਮੁਲਕ, ਸਰਕਾਰ ਅਤੇ ਲੋਕਾਂ ਦਾ ਧਿਆਨ ਯਕਦਮ ਆਪਣੇ ਵਾਲਾ ਆਕਰਸ਼ਿਤ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਪਰ ਵਪਾਰ ਅਤੇ ਪੈਸੇ ਦੀ ਸਮਝ ਰੱਖਣ ਵਾਲਿਆਂ ਇਹ ਕਰ ਵਿਖਾਇਆ। ਕਾਰਪੋਰੇਟ, ਇੰਡਸਟਰੀ ਅਤੇ ਟਰੇਡ ਦੇ ਵੱਡੇ ਘਰਾਣਿਆਂ ਇਸ ਮਹੀਨੇ ਐਲਾਨੀਆ ਕਹਿ ਦਿੱਤਾ ਕਿ ਡੁੱਬ ਚੱਲੀ ਜੇ ਸਾਰੀ ਆਰਥਿਕਤਾ, ਜੇ ਬਚਾਉਣੀ ਹੈ ਤਾਂ ਸਾਨੂੰ ਇੱਕ ਲੱਖ ਕਰੋੜ ਰੁਪਏ ਦਾ stimulus ਦਿਓ। ਵੱਡੇ ਘਰਾਣਿਆਂ ਨੇ ਐਸੋਚੈਮ, ਸੀਆਈਆਈ ਅਤੇ ਫਿੱਕੀ ਵਰਗੇ ਸੰਸਥਾਨ ਬਣਾਏ ਹੋਏ ਹਨ ਤਾਂ ਜੋ ਉਨ੍ਹਾਂ ਦੀ ਸਾਂਝੀ ਆਵਾਜ਼ ਸਰਕਾਰੇ-ਦਰਬਾਰੇ ਅਸਰਦਾਰ ਢੰਗ ਨਾਲ ਪਹੁੰਚੇ। ਉਨ੍ਹਾਂ ਸਾਰਿਆਂ ਇਸ ‘ਆਰਥਿਕਤਾ ਬਚਾਓ ਫਾਰਮੂਲੇ’ ਦੀ ਪੁਸ਼ਟੀ ਕੀਤੀ।
ਸਰਕਾਰ ਨੇ ਹਾਲੀਆ ਬਜਟ ਵਿੱਚ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਉੱਤੇ ਸਰਚਾਰਜ ਲਾਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਜੇ ਕਰੋੜਾਂ ਕਮਾਉਣ ਵਾਲਿਆਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਕਾਨੂੰਨ ਅਧੀਨ ਕਮਾਈ ਦਾ 2 ਫ਼ੀਸਦੀ ਸਮਾਜ ਭਲਾਈ ’ਤੇ ਨਾ ਲਾਇਆ ਤਾਂ ਮਾਮਲਾ ਫੌਜਦਾਰੀ ਸਮਝਿਆ ਜਾਵੇਗਾ। ਹੁਣ ਜਦੋਂ ਵੱਡੇ ਘਰਾਣਿਆਂ ਹਾਲ-ਦੁਹਾਈ ਪਾਈ ਅਤੇ ਇੱਕ ਲੱਖ ਕਰੋੜ ਮੰਗਿਆ ਤਾਂ ਮੁਲਕ ਦੀ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਛੇਤੀ ਹੀ ਉਨ੍ਹਾਂ ਦੀ ਚਿੰਤਾ ਦਾ ਹੱਲ ਲੱਭੇਗੀ। ਹਫ਼ਤੇ ਬਾਅਦ ਹੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਮੀਟਿੰਗ ਹੋਈ, ਉਨ੍ਹਾਂ ਦੁਬਾਰਾ ਇਹੀ ਭਰੋਸਾ ਦਿੱਤਾ। ਵੱਡੇ ਘਰਾਣੇ ਖ਼ੁਸ਼ ਸਨ ਕਿ ਮਾਮਲਾ ਗਰਮ ਹੈ ਪਰ ਫਿਰ ਪੀ. ਚਿਦੰਬਰਮ ਵਾਲਾ ਕਿੱਸਾ ਛਿੜ ਪਿਆ। ਇੱਕ ਵਾਰੀ ਸੁਰਖੀਆਂ ਵਿੱਚੋਂ ਬਾਹਰ ਹੋ ਜਾਵੇ ਤਾਂ ਗੱਲ ਲਟਕ ਜਾਂਦੀ ਹੈ, ਇਹ ਜਾਣ ਉਨ੍ਹਾਂ ਡੁੱਬਦੀ ਕਿਸ਼ਤੀ ਦਾ ਰੌਲਾ ਫਿਰ ਪਾ ਦਿੱਤਾ।
ਪਿਛਲੇ ਵੀਰਵਾਰ ਨੂੰ ਮੁਲਕ ਦੀ ਆਰਥਿਕਤਾ ਦੇ ਖਾਕੇ ਘੜਣ ਵਾਲੇ ਨੀਤੀ ਆਯੋਗ ਦੇ ਮੁਖੀ ਨੇ ਦੋ ਟੁੱਕ ਕਹਿ ਦਿੱਤਾ ਕਿ ਗੰਭੀਰ ਸੰਕਟ ਆ ਪਿਆ ਹੈ। ਉਨ੍ਹਾਂ ਆਖਿਆ ਕਿ ਪਿਛਲੇ 70 ਸਾਲਾਂ ਵਿੱਚ ਇੰਨਾ ਗੰਭੀਰ ਸੰਕਟ ਕਦੀ ਨਹੀਂ ਸੀ ਆਇਆ। ਸਾਰਾ ਵਿੱਤੀ ਢਾਂਚਾ ਹੁਣ ਖ਼ਤਰੇ ਵਿੱਚ ਹੈ ਅਤੇ ਸਰਕਾਰ ਨੂੰ ਨਿੱਜੀ ਖੇਤਰ ਦੇ ਖਦਸ਼ੇ ਦੂਰ ਕਰਨ ਵਿੱਚ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ। ਬੱਸ ਕੇਂਦਰ ਹੁਣ ਛੇਤੀ ਨਾਲ ਪੈਸੇ ਕੱਢੇ ਨਹੀਂ ਤਾਂ ਕਿਸ਼ਤੀ ਡੁੱਬਣ ਲੱਗੀ ਜੇ। ਇੱਕ ਵੱਡੇ ਸਨਅਤੀ ਘਰਾਣੇ ਦੇ ਮੁਖੀ ਨੇ ਕਿਹਾ ਕਿ ਕਸ਼ਮੀਰ ਬਾਰੇ ਜਿੰਨੀ ਫੁਰਤੀ ਨਾਲ ਫ਼ੈਸਲੇ ਲਏ ਜਾ ਰਹੇ ਹਨ, ਓਨੀ ਹੀ ਫੁਰਤੀ ਨਾਲ ਨਿੱਜੀ ਖੇਤਰ ਦੇ ਖਦਸ਼ੇ ਦੂਰ ਕਰਨ ਲਈ ਕਿਉਂ ਨਹੀਂ ਫ਼ੈਸਲੇ ਕੀਤੇ ਜਾ ਰਹੇ?
ਵਿਦੇਸ਼ੀ ਨਿਵੇਸ਼ਕਾਂ ਨੇ ਟੈਕਸ ਕਟੌਤੀ ਮੰਗੀ, ਆਟੋਮੇਕਰਜ਼ ਨੇ ਆਪਣੇ ਡੀਲਰਾਂ ਲਈ ਫਾਈਨੈਂਸਿੰਗ ਲਈ ਸੁਖਾਲੇ ਤਰੀਕੇ ਨਾਲ ਕਰੈਡਿਟ ਅਕਸੈੱਸ (credit access) ਮੰਗੀ। ਬੈਂਕਾਂ ਕਿਹਾ ਅਸੀਂ 150 ਅਰਬ ਦੇ ਮਰੇ ਹੋਏ ਕਰਜ਼ਿਆਂ ਦੀ ਲਾਸ਼ ਕਿਉਂ ਢੋਅ ਰਹੇ ਹਾਂ, ਸਾਨੂੰ ਵੀ ਦਿਓ ਪੈਸੇ। ਹਜ਼ਾਰਾਂ ਕਰੋੜਾਂ ਵਾਲੇ ਖ਼ੁਦਕੁਸ਼ੀ ਦੀ ਗੱਲ ਕਰ ਰਹੇ ਸਨ – ਆਪਣੀ ਨਹੀਂ, ਇੱਕ ਮਹਿੰਗੀ ਕੌਫ਼ੀ ਵੇਚਣ ਵਾਲੇ ਦੀ। ਸੰਕਟ ਅਤੇ ਦਰਦ ਦੀ ਦਾਸਤਾਨ ਨੇ ਰੰਗ ਵਿਖਾਇਆ। ਅਗਲੇ ਦਿਨ ਸ਼ੁੱਕਰਵਾਰ ਨੂੰ ਹੀ ਵਿੱਤ ਮੰਤਰੀ ਨੇ ਵੱਡੇ-ਵੱਡੇ ਐਲਾਨਾਂ ਦੀ ਝੜੀ ਲਾ ਦਿੱਤੀ। ਹਜ਼ਾਰਾਂ ਕਰੋੜਾਂ ਦੇ ਗੱਫਿਆਂ ਦਾ ਐਲਾਨ ਹੋ ਗਿਆ। ਕਾਰਾਂ ਬਹੁਤੀਆਂ ਕਿਵੇਂ ਵਿਕਣ, ਇਸ ਸਮੱਸਿਆ ਦਾ ਹੱਲ ਕੀਤਾ ਗਿਆ। ਬਿਸਕੁਟ ਵੀ ਨਹੀਂ ਵਿਸਾਰੇ ਗਏ। ਟੈਕਸ ਵਸੂਲੀ ਦੇ ਨਾਮ ’ਤੇ ਕਿਸੇ ਵਪਾਰੀ ਨੂੰ ਕੋਈ ਤੰਗ ਨਾ ਕਰ ਸਕੇ, ਇਹਦਾ ਪ੍ਰਬੰਧ ਕੀਤਾ ਗਿਆ। ਲੋਕ ਭਲਾਈ ਲਈ ਕਮਾਈ ਦਾ 2 ਫ਼ੀਸਦੀ ਨਹੀਂ ਵੀ ਖਰਚਿਆ ਤਾਂ ਵੀ ਮਾਮਲਾ ਹੁਣ ਫ਼ੌਜਦਾਰੀ ਨਹੀਂ ਹੋਵੇਗਾ। ਸਰਕਾਰ ਹੁਣ ਜੀਐੱਸਟੀ ਦਾ ਵਾਪਸੀ ਭੁਗਤਾਨ ਤੁਰਤ-ਫੁਰਤ ਕਰੇਗੀ, ਐਲਾਨ ਹੋਇਆ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਵਸੂਲੀ ਦਾ ਨੋਟਿਸ ਹੁਣ ਜੇ ਕੇਂਦਰੀ ਕੰਪਿਊਟਰ ਸਿਸਟਮ ਰਾਹੀਂ ਖ਼ਾਸ ਨੰਬਰ ਲੱਗ ਕੇ ਨਾ ਆਵੇ ਤਾਂ ਕੂੜੇ ਵਿੱਚ ਸੁੱਟੇ ਵਪਾਰੀ ਉਹਨੂੰ। ਹਾਊਸਿੰਗ ਕੰਪਨੀਆਂ ਨੂੰ 20 ਹਜ਼ਾਰ ਕਰੋੜ, ਬੈਂਕਾਂ ਨੂੰ 70 ਹਜ਼ਾਰ ਕਰੋੜ। ਵਪਾਰ ਵਿੱਚ ਘਾਟਾ ਪੈ ਜਾਵੇ ਤਾਂ ਯਕਮੁਸ਼ਤ ਫ਼ੈਸਲਾ ਆਸਾਨ ਹੋਵੇ, ਇਹਦਾ ਵੀ ਹੋ ਪ੍ਰਬੰਧ ਗਿਆ। ਚਾਰੋਂ ਪਾਸੇ ਸਵਾਗਤੀ ਧੁਨਾਂ ਛਿੜ ਪਈਆਂ, ਫਿਜ਼ਾ ਵਿੱਚ ਆਰਥਿਕ ਸੁੱਖ-ਸਾਂਦ ਵਾਲਾ ਸੰਗੀਤ ਗੂੰਜਿਆ। ਬੇਇੰਤਹਾ ਅਖ਼ਬਾਰੀ ਸੰਪਾਦਕੀ ਛਪੇ ਕਿ ਭਈ, ਆਰਥਿਕਤਾ ਦੀ ਗੱਡੀ ਲੀਹ ’ਤੇ ਲਿਆਉਣ ਲਈ ਸਰਕਾਰ ਨੇ ਫੌਰੀ ਅਤੇ ਸਹੀ ਫ਼ੈਸਲੇ ਲਏ ਹਨ। ਟੀਵੀ ਦੀ ਬਹਿਸ ਵਿੱਚੋਂ ਕਸ਼ਮੀਰ ਨਿਕਲ ਗਿਆ, ਚਿਦੰਬਰਮ ਤਾਂ ਸਲਾਖਾਂ ਪਿੱਛੇ ਹੀ ਬੈਠਾ ਰਹਿ ਗਿਆ। ਇਧਰ ਸੁਰਖੀਆਂ ਬਦਲ ਜੁ ਗਈਆਂ ਸਨ।
ਓਧਰ ਬੇਹੀਆਂ ਸੁਰਖੀਆਂ ਛਪਦੀਆਂ ਰਹੀਆਂ। ਕਦੀ ਡੇਢ ਏਕੜ ਵਾਲੇ, ਕਦੀ ਢਾਈ ਏਕੜ ਵਾਲੇ ਖੁਦਕੁਸ਼ੀਆਂ ਕਰਦੇ ਰਹੇ। ਅਸਾਂ ਤੇ ਇੱਕ ਲੰਬੇ ਸਮੇਂ ਤੋਂ ਉਨ੍ਹਾਂ ਖ਼ਬਰਾਂ ਵੱਲ ਧਿਆਨ ਦੇਣਾ ਛੱਡ ਦਿੱਤਾ ਸੀ, ਸ਼ਾਇਦ ਉਕਤਾ ਗਏ ਸਾਂ। ਇਧਰ ਹੜ੍ਹ ਵੀ ਤਾਂ ਆ ਗਏ ਸਨ। ਹੁਣ ਪੁਲਵਾਮਾ ਸਮਝਦੇ, ਸਰਕਾਰ ਚੁਣਦੇ ਜਾਂ ਸਲਫ਼ਾਸ ਨਿਗਲਦਿਆਂ ਦੀ ਗਿਣਤੀ ਕਰਦੇ? ਜਿਸ ਦਿਨ ਤੋਂ ਕਸ਼ਮੀਰ ਘਰਾਂ ਵਿੱਚ ਡੱਕਿਆ ਹੈ, ਉਸ ਦਿਨ ਤੋਂ ਕੀ ਕਿਸਾਨਾਂ, ਮਜ਼ਦੂਰਾਂ ਫ਼ੈਸਲਾ ਲੈ ਲਿਆ ਸੀ ਕਿ ਹੁਣ ਅਸਾਂ ਖ਼ੁਦਕੁਸ਼ੀ ਨਹੀਂ ਕਰਨੀ ਕਿਉਂ ਜੋ ਪਾਠਕਾਂ ਕੋਲ ਖ਼ਬਰ ਪੜ੍ਹਨ ਦੀ ਵਿਹਲ ਨਹੀਂ ਅਤੇ ਟੀਵੀ ’ਤੇ ਬਹਿਸਾਂ ਧਾਰਾ 370 ਬਾਰੇ ਹੋਣੀਆਂ ਹਨ? ਜਿਸ ਦਿਨ ਚਿਦੰਬਰਮ ਦਾ ਸੀਬੀਆਈ ਰਿਮਾਂਡ ਹੋਇਆ, ਉਸ ਦਿਨ ਵੀ ਕੋਟਫੱਤੇ ਦੇ ਪਿੰਡ ਨੱਤ ਦਾ ਕੁਲਬੀਰ ਸਿੰਘ ਜ਼ਹਿਰੀਲੀ ਚੀਜ਼ ਖਾ ਗਿਆ। ਉਸ ਦਿਨ ਵੀ ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਦਾ ਸਰਾਜ ਸਿੰਘ ਫਾਹਾ ਲੈ ਗਿਆ। ਉਨ੍ਹਾਂ ਨੂੰ ਸਮਝ ਨਹੀਂ ਹੋਣੀ ਕਿ ਭਾਈ, ਏਥੇ ਰਾਜਨੀਤੀ ਵਿੱਚ ਵੱਡੇ ਜਰਨੈਲਾਂ ਦਾ ਭੇੜ ਚੱਲ ਰਿਹਾ ਏ, ਕੋਰੀਆ ’ਚ ਕਿੰਨੇ ਮਰ ਗਏ, ਕੋਈ ਨਹੀਂ ਪੁੱਛਦਾ।
ਰੱਬ ਕਰੇ ਖੁਦਕੁਸ਼ੀ, ਤੇ ਸੰਕਟ ਦਾ ਐਲਾਨ ਵੀ ਨਾ ਹੋਵੇ? ਕਿਸ ਨੀਤੀ ਆਯੋਗ ਦੇ ਮੁਖੀ ਨੇ ਕਦੀ ਲਿਖਿਆ ਕਿ ਅੰਨਦਾਤਾ ਦੀ ਖ਼ੁਦਕੁਸ਼ੀ ਕਾਰਨ ਇਸ ਦੇਸ਼ ਉੱਤੇ ਪਹਾੜ ਜਿੱਡਾ ਸੰਕਟ ਟੁੱਟ ਪਿਆ ਹੈ? ਏਸ ਵਾਰੀ ਕਿਸ ਨੇ ਗਲਾ ਫਾੜ ਕੇ ਪੁੱਛਣਾ ਸੀ ਕਰੋੜਪਤੀਆਂ ਨੂੰ ਕਿ ਪੈਸਾ ਕਿੱਥੋਂ ਆਵੇਗਾ? ਦਰਜਨਾਂ ਵਾਰੀ ਇਸ ਮਹੀਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਮੂੰਹੋਂ ਸੁਣਿਆ ਹੈ ਕਿ ਪੂੰਜੀ ਪੈਦਾ ਕਰਨ ਵਾਲਿਆਂ (wealth creators) ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਸੇ ਲਈ ਸਰਕਾਰ ਨੇ ਸਾਰਾ ਤਰੱਦਦ ਕੀਤਾ ਹੈ। ਕੀ ਕਿਸਾਨ ਮਜ਼ਦੂਰ ਪੂੰਜੀ ਪੈਦਾ ਨਹੀਂ ਕਰਦੇ? ਉਨ੍ਹਾਂ ਦੀ ਇੱਜ਼ਤ ਬਾਰੇ ਚਾਰਾਜੋਈ ਕਿੱਥੇ ਹੋਣੀ ਸੀ, ਕਿਸ ਕਰਨੀ ਸੀ?
ਕਿਸ ਨੇ ਕਹਿਣਾ ਸੀ ਕਿ ਕੁਰਕੀ ਦੇ ਨੋਟਿਸ ਉੱਤੇ ਜੇ ਮੁੱਖ ਮੰਤਰੀ ਦੇ ਦਫ਼ਤਰੋਂ ਨੰਬਰ ਨਾ ਲੱਗਿਆ ਹੋਵੇ ਤਾਂ ਕੂੜੇ ਵਿੱਚ ਸੁੱਟੇ ਉਹਨੂੰ ਕਿਸਾਨ? ਕਿਸ ਨੇ ਕਹਿਣਾ ਸੀ ਕਿ ਬਕਾਇਆ ਕਰਜ਼ੇ ਦੇ ਯਕਮੁਸ਼ਤ ਫ਼ੈਸਲਿਆਂ ਲਈ ਸਪੈਸ਼ਲ ਬੋਰਡ ਬਣਾ ਦਿੱਤਾ ਹੈ? ਕਿਸ ਨੇ ਕਹਿਣਾ ਸੀ ਸਰਕਾਰ ਗੰਨੇ ਦੀ ਫ਼ਸਲ ਦਾ ਫੌਰੀ ਤੌਰ ’ਤੇ ਭੁਗਤਾਨ ਨਾ ਕਰੇ ਤਾਂ ਅਫ਼ਸਰਾਂ ਖ਼ਿਲਾਫ਼ ਕਾਰਵਾਈ ਹੋਵੇਗੀ, ਉਹ ਜੇਲ੍ਹ ਜਾਣਗੇ? ਕਿਸ ਕਹਿਣਾ ਸੀ ਕਿ ਕਸ਼ਮੀਰ ਵਰਗੀ ਫ਼ੁਰਤੀ ਨਾਲ ਸੰਕਟਗ੍ਰਸਤ ਕਿਰਸਾਨੀ ਦਾ ਹੱਲ ਲੱਭੇ ਸਰਕਾਰ?
ਵੀਰਵਾਰ ਨੂੰ ਕਹਿੰਦੇ ਹੋ ਡੁੱਬ ਜਾਵੇਗਾ ਸਭ, ਨਹੀਂ ਤਾਂ ਮਦਦ ਕਰੋ। ਸ਼ੁੱਕਰਵਾਰ ਨੂੰ ਡੁੱਬਦੀ ਕਿਸ਼ਤੀ ਬਚਾਉਣ ਸਰਕਾਰ-ਏ-ਹਿੰਦ ਬਹੁੜ ਜਾਂਦੀ ਹੈ। ਇੱਥੇ ਤਾਂ ਅੰਨਦਾਤਾ ਕਹਾਉਂਦੇ ਸਾਲਾਂ ਤੋਂ ਡੁੱਬ ਰਹੇ ਨੇ, ਕਿਉਂ ਸੁਰਖੀਆਂ ਨਹੀਂ ਛਪੀਆਂ ਕਿ 70 ਸਾਲਾਂ ਤੋਂ ਏਨਾ ਬੁਰਾ ਹਾਲ ਨਹੀਂ ਹੋਇਆ ਜੋ ਅੱਜ ਹੈ? ਸਰਕਾਰ ਨੇ ਤਾਂ ਹੁਣ ਲਾਸ਼ਾਂ ਗਿਣਨੀਆਂ ਵੀ ਬੰਦ ਕਰ ਦਿੱਤੀਆਂ ਹਨ। ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਹੁਣ ਅਧਿਕਾਰਤ ਤੌਰ ਉੱਤੇ ਇਕੱਠੇ ਹੀ ਨਹੀਂ ਕੀਤੇ ਜਾਂਦੇ। ਮੈਨੂੰ ਸ਼ੱਕ ਹੋਰ ਵੀ ਹੈ ਕਿ ਅਸੀਂ ਉਹ ਬੇਹੀਆਂ ਖ਼ਬਰਾਂ ਪੜ੍ਹਨੀਆਂ ਵੀ ਬੰਦ ਕਰ ਦਿੱਤੀਆਂ ਹਨ। ਜਾਪਦਾ ਜੇ ਕਿਸੇ ਦਿਨ ਕੋਈ ਅਖ਼ਬਾਰ ਓਰੇਗਨ ਦੇ ਅਖ਼ਬਾਰ ਵਾਲਾ ਤਜਰਬਾ ਕਰ ਵੇਖੇ ਤਾਂ ਇਹ ਭੇਤ ਵੀ ਖੁੱਲ੍ਹ ਜਾਵੇਗਾ।
ਹਰ ਕਿਸੇ ਦੇ ਮਰੇ ’ਤੇ ਦੇਸ਼ ਨੂੰ ਕਦੀ ਨਾ ਪੂਰਾ ਹੋਣ ਵਾਲੇ ਘਾਟੇ ਬਾਰੇ ਫੂਹੜ ਬਿਆਨਬਾਜ਼ੀ ਕਰਦੇ ਸਾਡੇ ਨੇਤਾਵਾਂ ਨੇ ਅੱਜ ਤੱਕ ਲੱਖਾਂ ਕਿਸਾਨਾਂ ਦੇ ਮਰੇ ’ਤੇ ਪਏ ਘਾਟੇ ਬਾਰੇ ਇਹ ਬਾਸੀ ਜਿਹਾ ਬਿਆਨ ਵੀ ਨਹੀਂ ਦਿੱਤਾ। ਹੁਣ ਜਦੋਂ ਦਾਤਾ ਦੀ ਮੌਤ ਵੀ ਸੰਕਟ ਨਹੀਂ ਰਹੀ ਤਾਂ ਇਹ ਸੁਰਖੀ ਤਾਂ ਛਾਪ ਹੀ ਦੇਵੋ ਕਿ ਸਾਡਾ ਅੰਦਰਲਾ ਮਰ ਚੁੱਕਾ ਹੈ ਅਤੇ ਇਹਦੀ ਗਲ਼ੀ ਸੜੀ ਲਾਸ਼ ਚੁੱਕਣ ਲਈ ਫੌਰੀ ਸਰਕਾਰੀ ਇਮਦਾਦ ਦੀ ਜ਼ਰੂਰਤ ਹੈ। ਸ਼ਾਇਦ ਕਸ਼ਮੀਰ ਦੇ ਕਰਫ਼ਿਊ ਖੁੱਲ੍ਹਣ ਅਤੇ ਚਿਦੰਬਰਮ ਦੇ ਬਾਹਰ ਆਉਣ ਤੋਂ ਪਹਿਲੋਂ ਪਹਿਲੋਂ ਕੋਈ ਇਹ ਲਾਸ਼ ਚੁੱਕਣ ਹੀ ਆ ਬਹੁੜੇ। ਕਦੀ ਕਦੀ ਸਰਕਾਰ-ਏ-ਹਿੰਦ ਫ਼ੈਸਲੇ ਤੁਰਤ ਫੁਰਤ ਕਰਦੀ ਹੈ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਖਬਾਰਾਂ ਵਿੱਚ ਕਿਸੇ ਦਿਨ ਕਿਸਾਨ ਮਜ਼ਦੂਰ ਦੀ ਖ਼ੁਦਕੁਸ਼ੀ ਦੀ ਖ਼ਬਰ ਨਾ ਪੜ੍ਹ ਅੰਦਾਜ਼ੇ ਲਾਉਂਦਾ ਹੈ ਕਿ ਅੰਨਦਾਤਾ ਨੇ ਘੁੱਤੀ ਮਾਰੀ ਹੋਵੇਗੀ ਜਾਂ ਪੱਤਰਕਾਰ ਨੇ ਆਲਸ ਕੀਤਾ ਹੈ।)


Comments Off on ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.