ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਅਧਿਆਪਕਾਂ ਦੀ ਸਮਾਜ ਵਿਚ ਭੂਮਿਕਾ

Posted On August - 30 - 2019

ਸੰਦੀਪ ਕੰਬੋਜ

ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਦਾ ਪ੍ਰਬੰਧ ਹੁੰਦਾ ਹੈ। ਕੁੱਝ ਦੇਸ਼ਾਂ ਵਿੱਚ ਉਸ ਦਿਨ ਦੀ ਛੁੱਟੀ ਹੁੰਦੀ ਹੈ, ਜਦੋਂਕਿ ਕੁੱਝ ਦੇਸ਼ ਇਸ ਦਿਨ ਨੂੰ ਕੰਮਕਾਜ ਕਰਦੇ ਹੋਏ ਮਨਾਉਂਦੇ ਹਨ। ਭਾਰਤੀ ਫਲਸਫੇ ਅਨੁਸਾਰ ਗੁਰੂ ਦਾ ਦਰਜਾ ਪ੍ਰਮਾਤਮਾ ਤੋਂ ਉੱਪਰ ਹੈ, ਸੋ ਸਾਨੂੰ ਸਭ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ। ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ, ਵਿਸ਼ਵ ਅਧਿਆਪਕ ਦਿਵਸ ਤੋਂ ਵੱਖ ਹੁੰਦੇ ਹਨ, ਜੋ ਅਧਿਕਾਰਿਕ ਤੌਰ ’ਤੇ 5 ਅਕਤੂਬਰ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। 1962 ’ਚ ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਸਮੇਤ ਦੋਸਤਾਂ ਨੇ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਡਾ.ਰਾਧਾਕ੍ਰਿਸ਼ਨਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ, ਜੋ ਕਿ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਹੈ। ਸਾਲ 1967 ਤੋਂ ਇਹ ਦਿਨ ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੌਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰ ਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵਲੋਂ ਪ੍ਰਾਪਤ ਹੁੰਦਾ ਹੈ। ਡਾ. ਰਾਧਾਕ੍ਰਿਸ਼ਨਨ ਨੇ ਸਿੱਖਿਆ ਨੂੰ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਕ੍ਰਿਸ਼ਨਾਮੂਰਤੀ ਇਕ ਸਰਲ ਸੁਭਾਵੀ ਮਹਾਨ ਸਿੱਖਿਅਕ ਸਨ, ਜਿਨ੍ਹਾਂ ਨੇ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਵਿਚ ਚੰਗੀ ਸਿੱਖਿਆ ਬਾਰੇ ਹੋਏ ਸਮਾਗਮਾਂ ਵਿਚ ਆਪਣੇ ਵਿਚਾਰ ਦਿੱਤੇ। ਕ੍ਰਿਸ਼ਨਾਮੂਰਤੀ ਦਾ ਮੰਨਣਾ ਸੀ ਕਿ ਪਰਿਵਰਤਨ ਵਿਅਕਤੀ ਦੇ ਦਿਲ ਵਿਚ ਹੌਲੀ ਹੌਲੀ ਨਹੀਂ ਬਲਕਿ ਤੁਰੰਤ ਹੋਣਾ ਚਾਹੀਦਾ ਹੈ। ਮਸ਼ਹੂਰ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨ ਅਨੁਸਾਰ ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ, ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਹੀ ਪੀੜ੍ਹੀ ਹੋਵੇਗੀ ਅਤੇ ਜਿਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ। ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਕ ਪ੍ਰਣਾਲੀ ਚੰਗੀ ਬਣਾਉਣ ਦੀ ਲੋੜ ਹੈ।
ਸਰਕਾਰ ਦੁਆਰਾ ਚੰਗੀ ਕਾਰਗੁਜ਼ਾਰੀ ਲਈ ਅਧਿਆਪਕਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਇੱਕ ਅਧਿਆਪਕ ਹਮੇਸ਼ਾ ਉਸ ਸਮੇਂ ਮਾਣ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਸਿੱਖਿਆ ਪ੍ਰਾਪਤ ਕਰ ਕੋਈ ਵਿਦਿਆਰਥੀ ਕਿਸੇ ਉੱਚ ਅਹੁਦੇ ’ਤੇ ਪਹੁੰਚ ਜਾਂਦਾ ਹੈ ਜਾਂ ਸਮਾਜ ਵਿੱਚ ਵਿਚਰਦਿਆਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਅਸੀਂ ਸਭ ਜੋ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅੱਜ ਅਸੀਂ ਜਿਸ ਮੁਕਾਮ ’ਤੇ ਵੀ ਹਾਂ ਉੱਥੇ ਪਹੁੰਚਾਉਣ ਵਿੱਚ ਸਾਡੇ ਸਤਿਕਾਰਯੋਗ ਅਧਿਆਪਕਾਂ ਦਾ ਹੀ ਹੱਥ ਹੈ। ਹੁਣ ਜਿਹੜੇ ਅਧਿਆਪਕਾਂ ’ਤੇ ਪੁਲੀਸ ਵਾਲਿਆਂ ਵਲੋਂ ਲਾਠੀਆਂ ਦੀ ਬਰਸਾਤ ਕੀਤੀ ਜਾਂਦੀ ਹੈ, ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਟੀਚਰਾਂ ਕੋਲ ਫਿਰ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੀਚਰਾਂ ਦਾ ਇਹੋ ਜਿਹਾ ਸਨਮਾਨ ਉਨ੍ਹਾਂ ਨੂੰ ਤੁਹਾਡੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਇਵਜ਼ ਵਿੱਚ ਦਿੱਤਾ ਜਾਂਦਾ ਹੈ। ਅਸਲ ਵਿੱਚ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਕਿ ਉਹ ਟੀਚਰ ਜਾਂ ਆਪਣੇ ਗੁਰੂ ਦੇ ਕਹਿਣ ’ਤੇ ਆਪਣਾ ਅੰਗੂਠਾ ਕੱਟ ਦੇਣ। ਏਥੇ ਤਾਂ ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ ਬੱਚੇ ਦੀ ਸਲਾਮਤੀ ਲਈ ਉਸਨੂੰ ਕੁਝ ਕਹਿ ਵੀ ਦੇਵੇ ਤਾਂ ਜਾਂ ਫਿਰ ਉਹ ਬੱਚਾ ਹੀ ਅਧਿਆਪਕਾਂ ਨੂੰ ਧਮਕੀਆਂ ਦੇਣ ਲੱਗ ਪਏਗਾ ਜਾਂ ਫਿਰ ਬੱਚੇ ਦੇ ਮਾਂ-ਪਿਓ ਆ ਕੇ ਟੀਚਰਾਂ ਨੂੰ ਬੁਰਾ ਭਲਾ ਕਹਿ ਕੇ ਕੋਸਣ ਲਗਦੇ ਹਨ। ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ।

ਪਿੰਡ ਗੋਲੂ ਕੇ ਮੋੜ
ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ
ਸੰਪਰਕ – 97810-00909

ਅਧਿਆਪਕ ਦਿਵਸ ’ਤੇ ਵਿਸ਼ੇਸ਼

ਬਿੰਦਰ ਸਿੰਘ ਖੁੱਡੀ ਕਲਾਂ

ਹਰ ਸਮਾਜ ਦੀ ਬੁਨਿਆਦ ਸਿੱਖਿਆ ’ਤੇ ਟਿਕੀ ਹੁੰਦੀ ਹੈ। ਉੱਚ ਸਾਖਰਤਾ ਵਾਲੇ ਸਮਾਜ ਵੱਲੋਂ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜ਼ਿਲਾਂ ਸਰ ਕਰਨ ਦਾ ਇਤਿਹਾਸ ਗਵਾਹ ਹੈ। ਆਪਣੇ ਬੱਚਿਆਂ ਲਈ ਉੱਚ ਪਾਏ ਦੀ ਸਿੱਖਿਆ ਦੇ ਬੰਦੋਬਸਤ ਕਰਨ ਵਾਲੇ ਸਮਾਜ ਅੱਜ ਸਮੁੱਚੇ ਸੰਸਾਰ ਦੀ ਅਗਵਾਈ ਕਰਨ ਦੇ ਸਮਰੱਥ ਹੋਏ ਪਏ ਹਨ। ਬਿਹਤਰ ਸਿੱਖਿਆ ਤੋਂ ਬਿਨਾ ਬੱਚੇ ਦੇ ਸਰਵਪੱਖੀ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਵਿਕਸਤ ਸ਼ਖ਼ਸੀਅਤ ਦੇ ਗੁਣਾਂ ਦੇ ਧਾਰਨੀ ਇਨਸਾਨਾਂ ਤੋਂ ਬਿਨਾ ਆਦਰਸ਼ ਸਮਾਜ ਦੇ ਨਿਰਮਾਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਫਿਰ ਸਿੱਖਿਆ ਪ੍ਰਦਾਨ ਕਰਨ ਦਾ ਕਾਰਜ ਕਰਨ ਵਾਲੇ ਅਧਿਆਪਕ ਦੀ ਭੂਮਿਕਾ ਤੋਂ ਬਿਨਾ ਆਦਰਸ਼ ਸਮਾਜ ਨਿਰਮਾਣ ਦੀ ਕਲਪਨਾ ਭਲਾ ਕਿਵੇਂ ਕੀਤੀ ਜਾ ਸਕਦੀ ਹੈ?
ਪੁਰਾਤਨ ਸਮਿਆਂ ਤੋਂ ਹੀ ਅਧਿਆਪਕ ਦੇ ਅਹੁਦੇ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ। ਪੁਰਾਤਨ ਸਮਿਆਂ ’ਚ ਸਾਡੇ ਸਮਾਜ ’ਚ ਅੱਖਰ ਗਿਆਨ ਦੇਣ ਦਾ ਕਾਰਜ ਵੀ ਅਧਿਆਤਮਕ ਗਿਆਨ ਦੇਣ ਵਾਲੇ ਧਾਰਮਿਕ ਗੁਰੂਆਂ ਵੱਲੋਂ ਹੀ ਕੀਤਾ ਜਾਂਦਾ ਸੀ। ਸਾਡੀ ਸੰਸਕ੍ਰਿਤੀ ’ਚ ਗੁਰੂ ਰੂਪੀ ਅਧਿਆਪਕ ਨੂੰ ‘ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ’ ਕਹਿ ਕੇ ਵਡਿਆਇਆ ਗਿਆ ਹੈ। ਕਿਸੇ ਵੀ ਸਮਾਜ ਦੀ ਦਸ਼ਾ ਅਤੇ ਦਿਸ਼ਾ ਦਾ ਅੰਦਾਜ਼ਾ ਉਸਦੇ ਅਧਿਆਪਕਾਂ ਦੀ ਸ਼ਖ਼ਸੀਅਤ ਤੋਂ ਲਗਾਇਆ ਜਾ ਸਕਦਾ ਹੈ। ਹਰ ਸਮਾਜ ਦਾ ਭਵਿੱਖ ਉਸਦੇ ਬੱਚੇ ਹੁੰਦੇ ਹਨ ਅਤੇ ਬੱਚਿਆਂ ਦਾ ਚਰਿੱਤਰ ਨਿਰਮਾਣ ਅਧਿਆਪਕ ਨੇ ਹੀ ਕਰਨਾ ਹੁੰਦਾ ਹੈ।
ਸਾਡੇ ਮੁਲਕ ’ਚ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਸਮਾਗਮ ਕਰ ਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਵੀ ਇਸ ਦਿਨ ਅਧਿਆਪਕਾਂ ਨੂੰ ਸੂਬਾਈ ਅਤੇ ਕੌਮੀ ਪੱਧਰ ਦੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਡਾ.ਕ੍ਰਿਸ਼ਨਨ ਇੱਕ ਦਾਰਸ਼ਨਿਕ, ਲੇਖਕ, ਚਿੰਤਕ ਅਤੇ ਅਧਿਆਪਕ ਸਨ ਪਰ ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ ਸਮਾਜ ਦੇ ਬਾਕੀ ਸਾਰੇ ਅਹੁਦੇ ਅਧਿਆਪਕ ਦੇ ਅਹੁਦੇ ਤੋਂ ਨੀਵੇਂ ਹਨ। ਅਧਿਆਪਕ ਤੋਂ ਬਿਨਾ ਹੋਰ ਕਿਸੇ ਅਹੁਦੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਬੇਸ਼ੱਕ ਸਮੇਂ ਦੇ ਪਰਿਵਰਤਨ ਨੇ ਅਧਿਆਪਕ ਦੀ ਭੂਮਿਕਾ ’ਚ ਤਬਦੀਲੀਆਂ ਜ਼ਰੂਰ ਲਿਆਂਦੀਆਂ ਹਨ ਪਰ ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕਰ ਕੇ ਨਹੀਂ ਵੇਖਿਆ ਜਾ ਸਕਦਾ। ਬੇਸ਼ੱਕ ਅਜ ਅਜੋਕੇ ਵਿਦਿਆਰਥੀ ਕੋਲ ਗਿਆਨ ਪ੍ਰਾਪਤੀ ਦੇ ਅਧਿਆਪਕ ਤੋਂ ਬਿਨਾਂ ਹੋਰ ਵੀ ਅਨੇਕਾਂ ਸੋਮੇ ਮੌਜੂਦ ਹਨ। ਸਮੇਂ ਦੀ ਤਬਦੀਲੀ ਨੇ ਅਧਿਆਪਨ ਨੂੰ ਸੇਵਾ ਤੋਂ ਕਿੱਤਾ ਬਣਾ ਦਿੱਤਾ ਹੈ। ਸੇਵਾ ਅਤੇ ਸਮਰਪਨ ਭਾਵਨਾ ਤੋਂ ਦੂਰ ਜਾ ਰਿਹਾ ਅਜੋਕੇ ਸਮੇਂ ਦਾ ਅਧਿਆਪਕ ਆਪਣੇ ਵਿਦਿਆਰਥੀਆਂ ਤੋਂ ਵੀ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ। ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਉਪਜ ਰਿਹਾ ਸਿਰਫ ਲੈਣ ਅਤੇ ਦੇਣ ਦਾ ਰਿਸ਼ਤਾ ਫਿਕਰਮੰਦੀ ਦਾ ਵੱਡਾ ਕਾਰਨ ਹੈ। ਇਨ੍ਹਾਂ ਸਭ ਤਬਦੀਲੀਆਂ ਦੇ ਬਾਵਜੂਦ ਅਧਿਆਪਕ ਰਾਸ਼ਟਰ ਦਾ ਨਿਰਮਾਤਾ ਸੀ, ਹੈ ਅਤੇ ਰਹੇਗਾ। ਦੁਨੀਆਂ ਦਾ ਕੋਈ ਵੀ ਗਿਆਨ ਸ੍ਰੋਤ ਅਧਿਆਪਕ ਦਾ ਸਥਾਨ ਨਹੀਂ ਲੈ ਸਕਦਾ। ਤਮਾਮ ਸੋਮੇ ਵਿਦਿਆਰਥੀ ਦੀ ਗਿਆਨ ਭੁੱਖ ਤਾਂ ਮਿਟਾ ਸਕਦੇ ਹਨ ਪਰ ਉਸ ਦਾ ਚਰਿੱਤਰ ਨਿਰਮਾਣ ਇੱਕ ਅਧਿਆਪਕ ਹੀ ਕਰ ਸਕਦਾ ਹੈ। ਵਿਦਿਆਰਥੀਆਂ ਦੇ ਮਨ ’ਚ ਸਮਾਜ ਸੇਵਾ ਦੇ ਗੁਣ ਅਧਿਆਪਕ ਹੀ ਭਰ ਸਕਦਾ ਹੈ।
ਅੱਜ ਦਾ ਦਿਨ ਸਿਰਫ ਅਧਿਆਪਕ ਦੇ ਮਾਣ ਸਨਮਾਨ ਦਾ ਦਿਨ ਹੀ ਨਹੀਂ, ਬਲਕਿ ਅਧਿਆਪਕ ਵੱਲੋਂ ਆਤਮ ਨਿਰੀਖਣ ਦਾ ਦਿਨ ਵੀ ਹੈ। ਅਧਿਆਪਕ ਨੂੰ ਆਪਣੇ ਸਿਰ ਪਈ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਭੂਮਿਕਾ ਨੂੰ ਸਮਝਣਾ ਪਵੇਗਾ। ਨਵੀਨਤਮ ਖੋਜਾਂ ਦਰਮਿਆਨ ਵੀ ਅਧਿਆਪਕ ਦੇ ਅਹੁਦੇ ਦੀ ਬਰਕਰਾਰਤਾ ਨੂੰ ਅਧਿਆਪਕ ਨੂੰ ਮਹਿਸੂਸ ਕਰਨਾ ਪਵੇਗਾ।
ਅਧਿਆਪਕ ਨੂੰ ਮੁੜ ਤੋਂ ਗੁਰੂ ਬਣਨ ਦੀ ਕੋਸ਼ਿਸ਼ ਕਰਨੀ ਪਵੇਗੀ। ਅਧਿਆਪਕ ਨੂੰ ਉਸ ਤੋਂ ਵਿਦਿਆਰਥੀਆਂ ਦੀ ਪੈ ਰਹੀ ਦੂਰੀ ਨੂੰ ਵੀ ਸਮਝਣਾ ਪਵੇਗਾ। ਅਧਿਆਪਕ ਨੂੰ ਤਾਂ ਇਸ ਦੀ ਪੜਚੋਲ ਕਰਨੀ ਚਾਹੀਦੀ ਹੈ ਕਿ ਆਖਿਰ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਨੇ ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ’ਚ ਤਰੇੜਾਂ ਪੈਦਾ ਕੀਤੀਆਂ ਹਨ ਅਤੇ ਜਾਂ ਫਿਰ ਅਜਿਹੇ ਕਿਹੜੇ ਕਾਰਨ ਹਨ, ਜਿਨ੍ਹਾਂ ਸਦਕਾ ਸਮਾਜ ’ਚ ਅਧਿਆਪਕ ਦੇ ਰੁਤਬੇ ਦਾ ਮਾਣ ਸਤਿਕਾਰ ਘਟਿਆ ਹੈ। ਸਭ ਤਬਦੀਲੀਆਂ ਦੇ ਬਾਵਜੂਦ ਸਮਾਜ ਦਾ ਵੱਡਾ ਹਿੱਸਾ ਅੱਜ ਵੀ ਅਧਿਆਪਕ ਦੀ ਸ਼ਖ਼ਸੀਅਤ ਨੂੰ ਆਦਰਸ਼ ਵੇਖਦਾ ਹੈ। ਉਹ ਸਮੇਂ ਦੀਆਂ ਬੁਰਾਈਆਂ ਦਾ ਪ੍ਰਵੇਸ਼ ਅਧਿਆਪਕ ਦੀ ਸਖਸ਼ੀਅਤ ਵਿੱਚ ਨਹੀਂ ਵੇਖਣਾ ਚਾਹੁੰਦਾ। ਸਮਾਜ ਨੂੰ ਵੀ ਚਾਹੀਦਾ ਹੈ ਕਿ ਅਧਿਆਪਕ ਦੀ ਸ਼ਖ਼ਸੀਅਤ ਨੂੰ ਮਨਫੀ ਕਰ ਕੇ ਆਦਰਸ਼ ਸਮਾਜ ਦੀ ਸਿਰਜਣਾ ਦਾ ਸੁਪਨਾ ਵੇਖਣ ਦੀ ਭੁੱਲ ਕਦਾਚਿਤ ਨਾ ਕਰੇ। ਅੱਜ ਦਾ ਦਿਨ ਅਧਿਆਪਕਾਂ ਨੂੰ ਵਸਤੂਆਂ ਦੀ ਭੇਟ ਜ਼ਰੀਏ ਸਨਮਾਨਿਤ ਕਰ ਕੇ ਮਨਾਉਣ ਦੀ ਬਜਾਏ ਪੁਰਾਤਨ ਸਮਿਆਂ ਵਾਲੇ ਅਪਣੱਤ ਭਰਪੂਰ ਸਬੰਧਾਂ ਦੀ ਬਹਾਲੀ ਵੱਲ ਕਦਮ ਵਧਾ ਕੇ ਮਨਾਉਣ ਦੀ ਕੋਸ਼ਿਸ਼ ਕਰੀਏ।

ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।
ਸੰਪਰਕ- 98786-05965


Comments Off on ਅਧਿਆਪਕਾਂ ਦੀ ਸਮਾਜ ਵਿਚ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.