ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸੁਣਨ ਦੀ ਸ਼ਕਤੀ

Posted On July - 20 - 2019

ਬਾਲ ਕਹਾਣੀ
ਗੁਰਪ੍ਰੀਤ ਕੌਰ ਧਾਲੀਵਾਲ

ਸੁਣਨ ਦੀ ਸ਼ਕਤੀ

ਬੱਚੇ ਅੱਜ ਸਵੇਰ ਤੋਂ ਹੀ ਬੜੇ ਖ਼ੁਸ਼ ਅਤੇ ਉਤਸੁਕ ਸਨ ਕਿਉਂਕਿ ਅੱਜ ਸ਼ਨਿਚਰਵਾਰ ਸੀ। ਇਸ ਦਿਨ ਅੱਧੀ ਛੁੱਟੀ ਤੋਂ ਬਾਅਦ ਬਾਲ ਸਭਾ ਲੱਗਦੀ ਤੇ ਮੈਡਮ ਉਨ੍ਹਾਂ ਨੂੰ ਹਰ ਵਾਰ ਕੋਈ ਨਵੀਂ ਕਹਾਣੀ ਸੁਣਾਉਂਦੇ ਸਨ। ਇਸ ਲਈ ਬੱਚੇ ਅੱਧੀ ਛੁੱਟੀ ਹੋਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਬਾਲ ਸਭਾ ਲੱਗੀ ਤਾਂ ਹਰ ਬੱਚਾ ਇਹ ਜਾਣਨਾ ਚਾਹੁੰਦਾ ਸੀ ਕਿ ਅੱਜ ਕਿਹੜੀ ਕਹਾਣੀ ਜੀ ? ਮੈਡਮ ਨੇ ਕਿਹਾ,‘ਬੱਚਿਓ ਅੱਜ ਮੈਂ ਤੁਹਾਨੂੰ ਜੋ ਕਹਾਣੀ ਸੁਣਾ ਰਹੀ ਹਾਂ। ਉਹ ਹੈ ‘ਸੁਣਨ ਦੀ ਸ਼ਕਤੀ।’ ਇਹ ਕਹਿੰਦਿਆਂ ਮੈਡਮ ਨੇ ਕਹਾਣੀ ਸ਼ੁਰੂ ਕੀਤੀ।
ਬੱਚਿਓ! ਇਹ ਕਹਾਣੀ ਹੈ ਤੁਹਾਡੇ ਹੀ ਵਰਗੇ ਇਕ ਲੜਕੇ ਦੀ ਜਿਸ ਦਾ ਨਾਮ ਸੀ ਬਲਵਿੰਦਰ, ਪਰ ਸਾਰੇ ਉਸ ਨੂੰ ਬੱਲੀ ਕਹਿੰਦੇ ਸਨ। ਬੱਲੀ ਬੜਾ ਹੀ ਸ਼ਰਾਰਤੀ ਬੱਚਾ ਸੀ ਜੋ ਕਦੇ ਵੀ ਕਲਾਸ ਵਿਚ ਟਿਕ ਕੇ ਨਾ ਬਹਿੰਦਾ। ਅਧਿਆਪਕ ਜਦੋਂ ਪੜ੍ਹਾਉਣਾ ਸ਼ੁਰੂ ਕਰਦੇ ਤਾਂ ਉਹ ਆਪਣੇ ਨਾਲ ਬੈਠੇ ਦੋਸਤਾਂ ਨਾਲ ਘੁਸਮੁਸ-ਘੁਸਮੁਸ ਕਰੀ ਜਾਂਦਾ। ਕਦੇ ਕੋਈ ਊਟ-ਪਟਾਂਗ ਜਿਹੀ ਗੱਲ ਆਪਣੇ ਕੋਲੋਂ ਜੋੜ ਦਿੰਦਾ ਜਿਸ ’ਤੇ ਸਾਰੀ ਕਲਾਸ ਹੱਸਣ ਲੱਗ ਪੈਂਦੀ। ਕਦੇ ਉਹ ਕਿਸੇ ਦੇ ਚੂੰਢੀ ਵੱਢ ਦਿੰਦਾ। ਕਦੇ ਕਿਸੇ ਬਾਰੇ ਪੁੱਠਾ-ਸਿੱਧਾ ਬੋਲਦਾ ਤੇ ਬੱਚੇ ਉਸ ਦੀਆਂ ਸ਼ਿਕਾਇਤਾਂ ਲਾਉਂਦੇ ਰਹਿੰਦੇ। ਇਸ ਕਾਰਨ ਪੜ੍ਹਾਈ ਵਿਚ ਵਿਘਨ ਪੈਂਦਾ ਸੀ।
ਉਸ ਦੇ ਮੈਡਮ ਕਦੇ ਉਸ ਨੂੰ ਖੜ੍ਹਾ ਕਰ ਦਿੰਦੇ, ਕਦੇ ਡਾਂਟ ਲਗਾਉਂਦੇ, ਪਰ ਉਸ ’ਤੇ ਕੋਈ ਅਸਰ ਨਾ ਹੁੰਦਾ। ਜਿਸ ਕਾਰਨ ਮੈਡਮ ਉਸ ਤੋਂ ਬਹੁਤ ਪ੍ਰੇਸ਼ਾਨ ਸਨ। ਸਾਰੇ ਅਧਿਆਪਕ ਇਹ ਵੀ ਜਾਣਦੇ ਸਨ ਕਿ ਉਸ ਦਾ ਦਿਮਾਗ਼ ਬਹੁਤ ਤੇਜ਼ ਹੈ, ਉਹ ਜਾਣ ਬੁੱਝ ਕੇ ਹੀ ਨਹੀਂ ਪੜ੍ਹਦਾ ਤੇ ਹੋਰਾਂ ਨੂੰ ਵੀ ਪੜ੍ਹਨ ਨਹੀਂ ਦਿੰਦਾ।
ਇਸ ਸਮੱਸਿਆ ਦੇ ਹੱਲ ਵਜੋਂ ਉਸਦੀ ਮੈਡਮ ਨੇ ਸਭ ਤੋਂ ਪਹਿਲਾਂ ਉਸ ਦੀ ਸੀਟ ਬਦਲੀ। ਉਸ ਨੂੰ ਅੱਗੇ ਬੈਠਣ ਲਈ ਕਿਹਾ। ਉਹ ਅੱਗੇ ਤਾਂ ਬੈਠ ਗਿਆ, ਪਰ ਉੱਥੇ ਵੀ ਉਹ ਨਾ ਪੜ੍ਹਦਾ, ਨਾ ਹੀ ਕੋਈ ਕੰਮ ਕਰਦਾ। ਮੈਡਮ ਵੀ ਉਸ ਨੂੰ ਕੁਝ ਨਾ ਕਹਿੰਦੇ। ਉਸ ਲਈ ਇਹੀ ਸਜ਼ਾ ਸੀ ਕਿ ਉਸ ਨੂੰ ਚੁੱਪ ਕਰਕੇ ਪੂਰਾ ਪੀਰੀਅਡ ਬੈਠਣਾ ਪੈਂਦਾ ਅਤੇ ਮੈਡਮ ਜੋ ਪੜ੍ਹਾਉਂਦੇ ਸੁਣਨਾ ਪੈਂਦਾ ।
ਬੱਚਿਓ! ਪਤਾ ਫਿਰ ਕੀ ਹੋਇਆ? ਬੱਚਿਆਂ ਨੇ ਉਤਸੁਕਤਾ ਨਾਲ ਪੁੱਛਿਆ,‘ਜੀ ਕੀ ਹੋਇਆ?’ ਮੈਡਮ ਨੇ ਕਿਹਾ, ‘ਉਹ ਬੱਲੀ ਜਿਸ ਨੂੰ ਸਾਰੇ ਨਾਲਾਇਕ ਆਖਦੇ ਸੀ ਤੇ ਕਹਿੰਦੇ ਸੀ ਇਸ ਨੇ ਪਾਸ ਨਹੀਂ ਹੋਣਾ, ਉਹ ਉਸ ਸਾਲ ਬਹੁਤ ਹੀ ਚੰਗੇ ਨੰਬਰ ਲੈ ਕੇ ਪਾਸ ਹੋਇਆ।’ ਇਹ ਸੁਣ ਕੇ ਬੱਚਿਆਂ ਦੀ ਉਤਸੁਕਤਾ ਹੋਰ ਵਧ ਗਈ। ਉਹ ਪੁੱਛਣ ਲੱਗੇ ,‘ਜੀ ਉਹ ਕਿਵੇਂ ? ਉਹ ਤਾਂ ਪੜ੍ਹਦਾ ਹੀ ਨਹੀਂ ਸੀ।’
ਮੈਡਮ ਨੇ ਗੱਲ ਅੱਗੇ ਤੋਰਦਿਆਂ ਕਿਹਾ ,‘ਬੱਚਿਓ ਅੱਗੇ ਤੇ ਚੁੱਪ-ਚਾਪ ਬੈਠਣ ਕਾਰਨ ਉਸ ਨੂੰ ਸੁਣਨ ਦੀ ਕਲਾ ਹੌਲੀ -ਹੌਲੀ ਆ ਗਈ ਤੇ ਸੁਣਨਾ ਕੁਝ ਵੀ ਸਿੱਖਣ ਦੀ ਪਹਿਲੀ ਪੌੜੀ ਹੈ। ਸੁਣਨ ਤੋਂ ਬਾਅਦ ਹੀ ਕੁਝ ਸਮਝਿਆ ਜਾ ਸਕਦਾ ਹੈ। ਬੱਲੀ ਬੇਸ਼ੱਕ ਬਲੈਕ ਬੋਰਡ ’ਤੇ ਦਿੱਤਾ ਕੰਮ ਨਾ ਉਤਾਰਦਾ, ਪਰ ਸੁਣਨ ਕਾਰਨ ਉਸ ਨੂੰ ਹੁਣ ਬਹੁਤ ਕੁਝ ਅੱਧ-ਪਚੱਧਾ ਯਾਦ ਹੋ ਗਿਆ ਸੀ। ਥੋੜ੍ਹਾ ਬਹੁਤ ਯਾਦ ਹੋਣ ਕਾਰਨ ਉਹ ਪੜ੍ਹਾਈ ਵਿਚ ਰੁਚੀ ਲੈਣ ਲੱਗਾ। ਹੁਣ ਉਹ ਸ਼ਰਾਰਤਾਂ ਨਾ ਕਰਦਾ। ਹਰ ਪੀਰੀਅਡ ਵਿਚ ਧਿਆਨ ਨਾਲ ਸੁਣਦਾ ਜਿਸ ਕਾਰਨ ਸਾਰੇ ਅਧਿਆਪਕਾਂ ਦਾ ਵਰਤਾਓ ਵੀ ਉਸ ਪ੍ਰਤੀ ਨਰਮ ਹੋਣ ਲੱਗਾ ਜੋ ਉਸ ਨੂੰ ਬੜਾ ਚੰਗਾ ਲੱਗਦਾ।
ਹੌਲੀ-ਹੌਲੀ ਉਹ ਥੋੜ੍ਹਾ-ਮੋਟਾ ਲਿਖਣ ਦਾ ਕੰਮ ਵੀ ਕਰਨ ਲੱਗਾ। ਇਕ ਦਿਨ ਮੈਡਮ ਨੇ ਪ੍ਰਸ਼ਨ ਸੁਣਦਿਆਂ ਕਿਸੇ ਬੱਚੇ ਨੂੰ ਡਾਂਟ ਲਗਾਉਂਦਿਆਂ ਜਾਣ ਬੁੱਝ ਕੇ ਕਿਹਾ ,‘ਲੈ ਆਹ ਪ੍ਰਸ਼ਨ ਪੰਜਾਹ ਵਾਰੀ ਦੱਸੇ ਨੇ ਕਲਾਸ ਵਿਚ, ਤੈਨੂੰ ਅਜੇ ਵੀ ਨਹੀਂ ਪਤਾ, ਲੈ ਆਹ ਤਾਂ ਬੱਲੀ ਵੀ ਦੱਸ ਦਊ। ਚਾਹੇ ਬੱਲੀ ਨੂੰ ਪੁੱਛ ਲਓ।’
ਬੱਲੀ ਨੇ ਵੀ ਝੱਟ ਸਾਰੇ ਪ੍ਰਸ਼ਨਾਂ ਦੇ ਉੱਤਰ ਸੁਣਾ ਦਿੱਤੇ। ਮੈਡਮ ਨੇ ਉਸ ਨੂੰ ਸ਼ਾਬਾਸ਼ ਦਿੱਤੀ। ਸਾਰੇ ਬੱਚਿਆਂ ਨੇ ਉਸ ਲਈ ਤਾੜੀਆਂ ਵਜਾਈਆਂ। ਬੱਲੀ ਅੱਜ ਬਹੁਤ ਖ਼ੁਸ਼ ਸੀ ਤੇ ਮੈਡਮ ਵੀ। ਬੱਲੀ ਅੱਜ ਸਮਝ ਗਿਆ ਸੀ ਕਿ ਅੱਗੇ ਬੈਠਣਾ ਅਤੇ ਸੁਣਨਾ ਜੋ ਉਸ ਨੂੰ ਸਜ਼ਾ ਲੱਗਦਾ ਸੀ, ਅਸਲ ਵਿਚ ਇਹ ਮੈਡਮ ਵੱਲੋਂ ਦਿੱਤਾ ਗਿਆ ਇਨਾਮ ਸੀ, ਜਿਸ ਕਰਕੇ ਅੱਜ ਤਾੜੀਆਂ ਵੱਜ ਰਹੀਆਂ ਸਨ। ਉਸ ਦਿਨ ਤੋਂ ਬਾਅਦ ਬੱਲੀ ਚੰਗੀ ਤਰ੍ਹਾਂ ਪੜ੍ਹਨ ਲੱਗਾ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਇਆ।
ਮੈਡਮ ਨੇ ਕਹਾਣੀ ਖ਼ਤਮ ਕਰਦਿਆਂ ਬੱਚਿਆਂ ਨੂੰ ਪੁੱਛਿਆ ,‘ ਕੀ ਸੁਣਨ ਵਿਚ ਇੰਨੀ ਸ਼ਕਤੀ ਹੈ?’ ਬੱਚਿਆਂ ਤੋਂ ‘ਹਾਂ ਜੀ’ ਸੁਣਨ ਮਗਰੋਂ ਮੈਡਮ ਨੇ ਕਿਹਾ ,‘ਸੋ ਬੱਚਿਓ ਜਦੋਂ ਅਧਿਆਪਕ ਪੜ੍ਹਾਵੇ ਤਾਂ ਤੁਸੀਂ ਵੀ ਚੁੱਪ ਚਾਪ ਧਿਆਨ ਨਾਲ ਸੁਣਨਾ ਹੈ ਕਿਉਂਕਿ ਜਿਹੜੇ ਬੱਚੇ ਅਧਿਆਪਕ ਦੇ ਪੜ੍ਹਾਉਣ ਸਮੇਂ ਇੱਧਰ-ਉੱਧਰ ਵੇਖੀ ਜਾਂਦੇ ਹਨ ਜਾਂ ਗੱਲਾਂ ਕਰੀ ਜਾਂਦੇ ਹਨ, ਉਹ ਗਿਆਨ ਰੂਪੀ ਮੰਦਰ ਭਾਵ ਸਕੂਲ ਆ ਕੇ ਵੀ ਗਿਆਨ ਵਿਹੂਣੇ ਹੀ ਰਹਿ ਜਾਂਦੇ ਹਨ।
ਸੋ ਕੀ ਤੁਸੀਂ ਵੀ ਬੱਲੀ ਵਾਂਗ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਨ ਦੀ ਆਦਤ ਪਾਓਗੇ। ਸਾਰੇ ਬੱਚੇ ਇਕ ਆਵਾਜ਼ ਵਿਚ ਬੋਲੇ,‘ਹਾਂ ਜੀ।’
ਸੰਪਰਕ: 98780-02110


Comments Off on ਸੁਣਨ ਦੀ ਸ਼ਕਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.