ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਬਾਰੇ ਸੰਵਾਦ

Posted On July - 27 - 2019

ਗਗਨ ਦੀਪ ਸ਼ਰਮਾ (ਡਾ.)*

ਪ੍ਰਤੀਕਰਮ

ਗਗਨ ਦੀਪ ਸ਼ਰਮਾ (ਡਾ.)*

20 ਜੁਲਾਈ 2019 ਦੇ ਪੰਜਾਬੀ ਟ੍ਰਿਬਿਊਨ ਵਿਚ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਆਪਣੀਆਂ ਤਾਰਕਿਕ ਸੀਮਾਵਾਂ ਕਾਰਨ ਚਿੰਤਨ ਲਈ ਮਜਬੂਰ ਕਰਦਾ ਹੈ। ਮੈਨੂੰ ਸ੍ਰੀ ਭੰਗੂ ਦੀ ਨੇਕਨੀਅਤੀ ਬਾਰੇ ਕੋਈ ਸ਼ੱਕ-ਸ਼ੁਬਹਾ ਨਹੀਂ, ਪਰ ਲੇਖ ਵਿਚਲਾ ‘ਆਰਥਿਕ ਗਿਆਨ’ ਸਮਾਜਿਕ-ਆਰਥਿਕ ਸਚਾਈਆਂ ਨਾਲੋਂ ਵਿੱਥ ‘ਤੇ ਖਲ੍ਹੋਤਾ ਦਿਸਦਾ ਹੈ। ਜਿੱਥੇ ਲੇਖ ਦਾ ਮੂਲ ਪ੍ਰਵਚਨ ਦੁਬਿਧਾ ਤੇ ਸਵੈ-ਵਿਰੋਧ ‘ਤੇ ਖੜ੍ਹਾ ਹੈ, ਉੱਥੇ ਪਾਠਕ ਸਾਹਮਣੇ ਭਰਮ-ਪਾਊ ਤੱਥ ਪਰੋਸ ਕੇ ਭੰਬਲਭੂਸੇ ਦੀ ਅਜਿਹੀ ਸਥਿਤੀ ਪੈਦਾ ਕਰਦਾ ਹੈ ਜਿਸ ’ਤੇ ਚੱਲ ਕੇ ਕਿਸਾਨੀ ਹਾਲਾਤ ਸੁਲਝਣ ਦੀ ਬਜਾਇ ਬਦਤਰ ਹੋ ਸਕਦੇ ਹਨ।
ਅਜੋਕੇ ਦੌਰ ਵਿਚ ਸਰਕਾਰ ਵਲੋਂ ਜਾਰੀ ਕੀਤੇ ਜਾਂਦੇ ਆਰਥਿਕ ਸਰਵੇਖਣ ਤੇ ਆਰਥਿਕ ਨੀਤੀਆਂ ਅਸਲ ਵਿਚ ਕਾਰਪੋਰੇਟ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਕੇ ਰਹਿ ਗਏ ਹਨ। ਇਸ ਲਈ ਸੱਤਾ ਦੇ ਹਰ ਆਰਥਿਕ-ਸਮਾਜਿਕ ਪ੍ਰਵਚਨ ਨੂੰ ਪ੍ਰਸ਼ਨ-ਚਿੰਨ੍ਹ ਲਗਾ ਕੇ ਹੀ ਦੇਖਣਾ ਪੈਂਦਾ ਹੈ। ਵਿਚਾਰ-ਅਧੀਨ ਲੇਖ ਆਰਥਿਕ ਸਰਵੇਖਣਾਂ ‘ਤੇ ਕੁਝ ਜਾਇਜ਼ ਪ੍ਰਸ਼ਨ ਚਿੰਨ੍ਹ ਤਾਂ ਲਾਉਂਦਾ ਹੈ ਪਰ ਰਸਾਇਣਕ ਦਵਾਈਆਂ ਦੇ ਹੱਕ ਦੀ ਗੱਲ ਕਰ ਕੇ ਕਾਰਪੋਰੇਟ ਮੱਕੜਜਾਲ ਵਿਚ ਉਲਝ ਕੇ ਰਹਿ ਜਾਂਦਾ ਹੈ। ਇਸੇ ਉਲਝਣ ਬਾਰੇ ਕਿਸੇ ਸਮੇਂ ਮੈਂ ਇੱਕ ਸ਼ਿਅਰ ਕਿਹਾ ਸੀ –
ਇਹ ਤਿੰਨੇ ਇੱਕ ਹੁੰਦੇ ਧਰਮ, ਸੱਤਾ ਤੇ ਵਪਾਰੀ ਜਦ,
ਉਦੋਂ ਬਸ ਤਰਕ ਹੀ ਬੰਦੇ ਦੀ ਇਕ ਅੰਤਿਮ ਪਨਾਹ ਹੁੰਦਾ।
ਤਰਕ ਦਾ ਪੱਲਾ ਫੜ ਕੇ ਹੀ ਧਰਮ, ਸੱਤਾ ਤੇ ਵਪਾਰ ਦੇ ਇਸ ਗਠਜੋੜ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਪਰ ਬਾਜ਼ਾਰ ਵੱਲੋਂ ਸਪਲਾਈ ਕੀਤੇ ਜਾਂਦੇ ਬਣੇ-ਬਣਾਏ ਤਰਕ ਬੇੜੀ ਨੂੰ ਕਿਸੇ ਕੰਢੇ ਲਾਉਣ ਦੀ ਥਾਂ ਡੋਬਾ ਦੇ ਸਕਦੇ ਹਨ। ਅਜਿਹੇ ਹੀ ਤਰਕਾਂ ਦੇ ਆਧਾਰ ‘ਤੇ ਆਪਣਾ ਪ੍ਰਵਚਨ ਬਣਾਉਂਦਿਆਂ ਲੇਖਕ ਲਿਖਦਾ ਹੈ-
‘ਅਰਥ ਵਿਗਿਆਨ ਦੇ ਉਤਪਾਦਨ ਦੇ ਸਾਰੇ ਹੀ ਸਿਧਾਂਤਾਂ ਮੁਤਾਬਿਕ, ਕਿਸੇ ਵੀ ਕਿਸਮ ਦੀ ਉਤਪਾਦਨ ਪ੍ਰਕਿਰਿਆ ਲਈ ਉਤਪਾਦਨ ਦੇ ਸਾਧਨਾਂ ਜਿਵੇਂ ਜ਼ਮੀਨ, ਕਿਰਤ, ਪੂੰਜੀ ਆਦਿ ਦੀ ਵਰਤੋਂ ਕਰ ਕੇ ਹੀ ਉਤਪਾਦਨ ਲਿਆ ਜਾ ਸਕਦਾ ਹੈ। ਉਤਪਾਦਨ ਦੇ ਸਾਧਨ ਸਬੰਧਤ ਮੰਡੀ ਵਿਚੋਂ ਮੰਡੀ ਵਲੋਂ ਤੈਅ ਕੀਮਤ ਅਦਾ ਕਰ ਕੇ ਉਤਪਾਦਨ ਕਿਰਿਆ ਵਿਚ ਲਾਏ ਜਾ ਸਕਦੇ ਹਨ ਅਤੇ ਇਨ੍ਹਾਂ ਸਾਧਨਾਂ ਵੱਲੋਂ ਕੀਤਾ ਉਤਪਾਦਨ ਉਤਪਾਦ ਮੰਡੀ ਵਿੱਚ ਮੰਡੀ ਵਲੋਂ ਤੈਅ ਕੀਮਤ ‘ਤੇ ਵੇਚਿਆ ਜਾ ਸਕਦਾ ਹੈ। ਮੰਡੀ ਵਿਚ ਸਾਧਨਾਂ ਅਤੇ ਉਤਪਾਦਨ ਦੀਆਂ ਕੀਮਤਾਂ ਮੰਡੀ ਦੀਆਂ ਸ਼ਕਤੀਆਂ, ਭਾਵ ਮੰਗ ਅਤੇ ਪੂਰਤੀ ਦੁਆਰਾ ਤੈਅ ਹੁੰਦੀਆਂ ਹਨ। ਉਤਪਾਦਨ ਦੇ ਸਿਧਾਂਤਾਂ ਮੁਤਾਬਿਕ ਜੇ ਉਤਪਾਦਨ ਪ੍ਰਕਿਰਿਆ ਲਈ ਉਤਪਾਦਨ ਦੇ ਸਾਧਨਾਂ ਉੱਪਰ ਜ਼ੀਰੋ ਖ਼ਰਚ ਕਰੋਗੇ ਤਾਂ ਉਤਪਾਦਨ ਵੀ ਜ਼ੀਰੋ ਹੀ ਹੋਵੇਗਾ, ਭਾਵ ਜੇ ਉਤਪਾਦਨ ਦੇ ਸਾਧਨਾਂ ਦੀ ਵਰਤੋਂ ਨਹੀਂ ਕਰੋਗੇ ਤਾਂ ਉਤਪਾਦਨ ਸੰਭਵ ਨਹੀਂ ਹੋਵੇਗਾ।’
ਅਰਥ-ਸ਼ਾਸਤਰ ਅਨੁਸਾਰ ਉਤਪਾਦਨ ਦੇ ਸਾਧਨਾਂ ਨੂੰ ਚਾਰ ਸ਼੍ਰੇਣੀਆਂ- ਭੁਮੀ, ਕਿਰਤ, ਪੂੰਜੀ ਤੇ ਉਦਯੋਗ (ਐਂਟਰਪ੍ਰਨਿਉਰ)- ਵਿਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਇਕ ਪਾਸੇ ਲੇਖਕ ‘ਜ਼ੀਰੋ ਬਜਟ ਖੇਤੀ’ ਨੂੰ ਸਹੀ ਰੂਪ ਵਿਚ ਪਛਾਣਦਿਆਂ ਆਖਦਾ ਹੈ, ‘ਅਸਲ ਵਿਚ ਇਸ ਨੂੰ ਜ਼ੀਰੋ ਨਾਲੋਂ ਘੱਟ ਬਜਟ ਕੁਦਰਤੀ ਖੇਤੀ ਕਹਿਣਾ ਜ਼ਿਆਦਾ ਢੁਕਵਾਂ ਹੈ।’ ਦੂਜੇ ਪਾਸੇ, ਨਾਲ ਹੀ ਲੇਖਕ ਇਸ ਮਾਡਲ ਨੂੰ ਜ਼ੀਰੋ ਲਾਗਤ ਤੇ ਜ਼ੀਰੋ ਉਤਪਾਦਨ ਵਾਲੇ ਮਾਡਲ ਵਜੋਂ ਸਥਾਪਿਤ ਕਰਨ ਦਾ ਜਤਨ ਕਰਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਇਹ ਮਾਡਲ ਖੇਤੀ ਲਈ ਜ਼ਮੀਨ ਦਾ ਉਪਯੋਗ ਵੀ ਕਰਦਾ ਹੈ; ਕਿਰਤ ਦਾ ਵੀ; ਬੀਜ, ਦੇਸੀ ਖ਼ਾਦ, ਮਸ਼ੀਨਾਂ ਆਦਿ ਦੇ ਰੂਪ ਵਿਚ ਪੂੰਜੀ ਦਾ ਵੀ; ਅਤੇ ਕਿਸਾਨੀ ਦੇ ਰੂਪ ਵਿਚ ਉਦਯੋਗ ਦਾ ਵੀ। ਇਨ੍ਹਾਂ ਚਾਰਾਂ ਸਾਧਨਾਂ ਉੱਪਰ ਕੀਤੇ ਗਏ ਖ਼ਰਚ ਨੂੰ ਮੂਲੋਂ ਹੀ ਨਕਾਰਦਿਆਂ ਲੇਖਕ ਵਲੋਂ ਇਹ ਝਾੜੂ ਫੇਰ ਦੇਣਾ, ‘ਉਤਪਾਦਨ ਦੇ ਸਾਧਨਾਂ ਉੱਪਰ ਜ਼ੀਰੋ ਖ਼ਰਚ ਕਰੋਗੇ ਤਾਂ ਉਤਪਾਦਨ ਵੀ ਜ਼ੀਰੋ ਹੀ ਹੋਵੇਗਾ’ ਨਾ ਸਿਰਫ਼ ਅਤਿਕਥਨੀ ਹੈ ਸਗੋਂ ਹਾਸੋ-ਹੀਣੀ ਗੱਲ ਵੀ ਹੈ। ਉਪਰੋਕਤ ਸਾਧਨਾਂ ਦੀ ਵਰਤੋਂ ਨਾਲ ਕੀਤਾ ਗਿਆ ਉਤਪਾਦਨ ਜ਼ੀਰੋ ਕਿਵੇਂ ਹੋ ਸਕਦਾ ਹੈ, ਇਹ ਸਮਝ ਤੋਂ ਪਰ੍ਹੇ ਹੈ।
ਦਰਅਸਲ, ਅਰਥ-ਸ਼ਾਸਤਰ ਨੂੰ ਮਨੁੱਖੀ ਸੰਦਰਭਾਂ ਤੋਂ ਸਮਝਣਾ ਜ਼ਰੂਰੀ ਹੈ (ਇਨ੍ਹਾਂ ਸੰਦਰਭਾਂ ਨੂੰ ਵਧੇਰੇ ਜਾਣਨ ਲਈ ਗਾਂਧੀਵਾਦੀ ਅਰਥ-ਸ਼ਾਸਤਰੀ ਜੇ ਸੀ ਕੁਮਾਰੱਪਾ, ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦਲਾਈ ਲਾਮਾ ਤੇ ਮੁਹੰਮਦ ਯੂਨਿਸ ਖ਼ਾਨ, ਹਾਰਵਰਡ ਦੇ ਪ੍ਰੋਫੈਸਰ ਮਾਈਕਲ ਸੈਂਡਲ, ਨੋਬੇਲ ਅਰਥ-ਸ਼ਾਸਤਰ ਪੁਰਸਕਾਰ ਜੇਤੂ ਅਮਰਤਿਆ ਸੇਨ ਤੇ ਰਿਚਰਡ ਥੈਲਰ, ਸਮਾਜ ਸ਼ਾਸਤਰੀ ਏ ਨਾਗਰਾਜ ਦੀਆਂ ਲਿਖਤਾਂ ਨੂੰ ਵਾਚਿਆ ਜਾ ਸਕਦਾ ਹੈ)। ਇਨ੍ਹਾਂ ਸੰਦਰਭਾਂ ਮੁਤਾਬਿਕ ਮੰਡੀ ਵਿਚ ਜੋ ਵਿਕਦਾ ਹੈ, ਉਹ ਪੂਰਾ ਸੱਚ ਨਹੀਂ ਹੁੰਦਾ (ਹਵਾਲਾ: ‘ਵਟ ਮਨੀ ਕਾਂਟ ਬਾਇ’- ਮਾਈਕਲ ਸੈਂਡਲ)। ਆਰਥਿਕਤਾ ਇਕਿਓਲੀਬ੍ਰੀਅਮ ਵਿਚ ਜ਼ਰੂਰ ਰਹਿੰਦੀ ਹੈ ਪਰ ਕਈ ਵਾਰ ਮੰਡੀ ’ਚੋਂ ਉੱਚੀਆਂ ਕੀਮਤਾਂ ’ਤੇ ਵਿਕੇ ਗ਼ਲਤ ਮਾਲ ਦੀ ਕੀਮਤ ਬੰਦੇ ਨੂੰ ਬਿਮਾਰੀ ਦੇ ਵੱਸ ਪੈ ਕੇ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਹਰੀ ਕ੍ਰਾਂਤੀ (ਜਿਸ ਦੇ ਗੁਣ ਗਾਉਂਦਿਆਂ ਲੇਖਕ ਲਿਖਦਾ ਹੈ, ‘ਹਰੀ ਕ੍ਰਾਂਤੀ ਤੋਂ ਬਾਅਦ ਮੁਲਕ ਵਿਚ ਅੱਜ ਤੱਕ ਖੇਤੀ ਉਤਪਾਦਨ ਅਤੇ ਉਪਜ ਵਿਚ ਚੋਖਾ ਵਾਧਾ ਹੋਇਆ ਹੈ ਜਿਸ ਕਾਰਨ ਮੁਲਕ ਖ਼ੁਰਾਕ ਪਦਾਰਥਾਂ ਵਿਚ ਸਵੈ-ਨਿਰਭਰ ਹੋਇਆ ਹੈ ਅਤੇ ਨਾਗਰਿਕਾਂ ਲਈ ਲੋੜੀਂਦੀ ਖ਼ੁਰਾਕੀ ਸੁਰੱਖਿਆ ਵੀ ਹਾਸਲ ਕੀਤੀ ਹੈ’) ਤੋਂ ਬਾਅਦ ਰਸਾਇਣਕ ਖਾਦਾਂ ਦੇ ਉਪਯੋਗ ਸਦਕਾ ਦੇਸ਼ ਵਿਚ ਕੈਂਸਰ ਦੇ ਪਸਾਰ ਨੇ ਜੋ ਮਸਲਾ ਖੜ੍ਹਾ ਕੀਤਾ ਹੈ, ਉਸ ਦੀ ਸ਼ਾਹਦੀ ਅੰਕੜੇ ਵੀ ਭਰਦੇ ਹਨ ਤੇ ਪੰਜਾਬੀ ਬੰਦੇ ਦਾ ਜੀਵਨ ਵੀ (ਹਵਾਲਾ: 20 ਜੁਲਾਈ 2019 ਦੇ ਪੰਜਾਬੀ ਟ੍ਰਿਬਿਊਨ ਵਿਚ ਚਰਨਜੀਤ ਭੁੱਲਰ ਦੀ ਰਿਪੋਰਟ ‘ਕੈਂਸਰ ਦਾ ਯਮਦੂਤ: ਪੰਜਾਬ ‘ਚ ਰੋਜ਼ਾਨਾ 48 ਘਰਾਂ ‘ਚ ਵਿਛ ਰਿਹੈ ਸੱਥਰ’)।’
ਮੈਂ ਲੇਖਕ ਦੀ ਇਸ ਭਾਵਨਾ ਦੀ ਦਿਲੋਂ ਕਦਰ ਕਰਦਾ ਹਾਂ ਕਿ ਖ਼ੇਤੀ ਨੂੰ ਪੈਰਾਂ ਸਿਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਮਾਜਿਕ ਸਰੋਕਾਰਾਂ ਵਾਲੇ ਹਰ ਚਿੰਤਕ ਦਾ ਇਹ ਫ਼ਰਜ਼ ਹੈ ਕਿ ਸਰਕਾਰ ਨੂੰ ਇਹ ਚੇਤਾ ਕਰਾਉਂਦਾ ਰਹੇ ਕਿ ਇਸ ਬਾਬਤ ਖ਼ੇਤੀ ਖੇਤਰ ਵਿਚ ਪੂੰਜੀਗਤ ਅਤੇ ਨੀਤੀਗਤ ਨਿਵੇਸ਼ ਕਰਨੋਂ ਸਰਕਾਰ ਭੱਜ ਨਹੀਂ ਸਕਦੀ। ਖ਼ੇਤੀ ਖੇਤਰ ਵਿਚ ਘੱਟ ਬਜਟ ਵਾਲੀ ਕੁਦਰਤੀ ਖੇਤੀ ਜਿਹੇ ਤਜਰਬਿਆਂ ਨੂੰ ਪੈਰਾਂ ਸਿਰ ਕਰਨ ਲਈ ਵੀ ਸਰਕਾਰ ਨੂੰ ਅਜਿਹੇ ਉਤਪਾਦਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੇ ਹੋਏ ਨਿਵੇਸ਼ ਕਰਨਾ ਹੀ ਪਵੇਗਾ। ਪਰ ਨਾਲ ਹੀ ਸਾਨੂੰ ਇਹ ਵੀ ਸਮਝ ਲੈਣਾ ਪਵੇਗਾ ਕਿ ਆਮ ਕਿਸਾਨ ਦੇ ਪੱਧਰ ‘ਤੇ ਲੀਕ ਤੋਂ ਹਟ ਕੇ ਸੋਚਣਾ ਤੇ ਘੱਟ ਬਜਟ ਰੱਖਦੇ ਹੋਏ ਕੁਦਰਤੀ ਸੋਮਿਆਂ ਦੀ ਵਰਤੋਂ ਨਾਲ ਮਨੁੱਖੀ ਸਰੋਕਾਰਾਂ ਵਾਲੀ ਖੇਤੀ ਕਰਨਾ ਸਵਾਗਤਯੋਗ ਕਦਮ ਹੈ ਨਾ ਕਿ ਨਿੰਦਣਯੋਗ। ਅਜਿਹੇ ਵਿਚ ਸੁਭਾਸ਼ ਪਾਲੇਕਰ ਹੋਵੇ ਜਾਂ ਕੋਈ ਵੀ ਹੋਰ, ਉਨ੍ਹਾਂ ਵਲੋਂ ਕੀਤੇ ਪ੍ਰਯੋਗਾਂ ਨਾਲ ਸਾਡੀਆਂ ਤਰਕ-ਭਰਪੂਰ ਸਹਿਮਤੀਆਂ-ਅਸਹਿਮਤੀਆਂ ਬਹਿਸ ਨੂੰ ਚੰਗੀ ਦਿਸ਼ਾ ਦੇ ਸਕਦੀਆਂ ਹਨ ਪਰ ਇਹ ਲੇਖ ਇਸ ਦਿਸ਼ਾ ਵਲ ਤੁਰਨੋਂ ਖੁੰਝ ਗਿਆ ਹੈ।
*ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼,
ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ
ਸੰਪਰਕ: 85274-00113


Comments Off on ‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਬਾਰੇ ਸੰਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.