ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਹੋਰ ਸਾਰਥਿਕ ਹੋਵੇ ਸਾਡੇ ਨੌਜਵਾਨ ਵਰਗ ਦੀ ਭੂਮਿਕਾ

Posted On July - 4 - 2019

ਨਿਰਮਲ ਸਿੰਘ ਘੱਲ ਕਲਾਂ

ਕਿਸੇ ਵੀ ਸਮਾਜ ਜਾਂ ਦੇਸ਼ ਦੀ ਸਿਆਸੀ, ਆਰਥਿਕ, ਸਮਾਜਿਕ ਤੇ ਸਭਿਆਚਾਰਕ ਬਣਤਰ ਤੇ ਮੂੰਹ-ਮੁਹਾਂਦਰੇ ਨੂੰ ਸੰਵਾਰਨ ਵਿਚ ਵਿਦਿਆਰਥੀ ਤੇ ਨੌਜਵਾਨ ਵਰਗ ਦੀ ਭੂਮਿਕਾ ਅਹਿਮ ਹੁੰਦੀ ਹੈ। ਵੱਖ-ਵੱਖ ਦੇਸ਼ਾਂ ਦੀਆਂ ਵਿਦਿਆਰਥੀ ਲਹਿਰਾਂ ਦੇ ਇਤਿਹਾਸ ਦੱਸਦਾ ਹੈ ਕਿ ਉੱਥੇ ਆਈਆਂ ਸਿਆਸੀ ਤਬਦੀਲੀਆਂ ਤੇ ਸਮਾਜਿਕ ਢਾਂਚੇ ਦੇ ਬਦਲਾਅ ਵਿਚ ਇਸ ਵਰਗ ਨੇ ਹਮੇਸ਼ਾ ਹਿੰਮਤ ਤੇ ਜੋਸ਼ ਨੂੰ ਗਿਆਨ ਤੇ ਸੂਝ ਦੀ ਸਾਣ ਉੱਤੇ ਲਾ ਕੇ ਚੋਖਾ ਹਿੱਸਾ ਪਾਇਆ। ਮਿਸਾਲ ਵਜੋਂ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਬਹੁਤੇ ਨੇਤਾ ਵਿਦਿਆਰਥੀ ਸੰਘਰਸ਼ਾਂ ਵਿੱਚੋਂ ਨਿਕਲ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦਿਆਂ ਦੇਸ਼ ਦੀਆਂ ਰਾਜਨੀਤਕ ਸਫਾਂ ਵਿਚ ਮੋਹਰੀ ਹੋ ਕੇ ਵਿਚਰੇ। ਉਹ ਆਪਣੇ ਵਿਦਿਆਰਥੀ ਜੀਵਨ ਵਿਚ ਹੀ ਕਮਾਲ ਦੀ ਰਾਜਸੀ ਸੂਝ-ਬੂਝ ਤੇ ਰਾਜਨੀਤਕ ਵਿਚਾਰਧਾਰਾ ਦਾ ਗਿਆਨ ਰੱਖਦੇ ਸਨ। ਦੁਨੀਆਂ ਦੇ ਪ੍ਰਸਿੱਧ ਸਿਆਸੀ ਤੇ ਸਮਾਜੀ ਚਿੰਤਕਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਡੂੰਘੀ ਜਾਣਕਾਰੀ ਤੇ ਅਧਿਐਨ ਨੂੰ ਉਹ ਆਪਣੇ ਦੇਸ਼ ਤੇ ਸਮਾਜ ਲਈ ਵੀ ਸਾਰਥਕ ਵੇਖਣਾ ਲੋਚਦੇ ਸਨ। ਆਪਣੀ ਰਸਮੀ ਸਿੱਖਿਆ ਦੇ ਨਾਲ-ਨਾਲ ਇਸ ਵਰਗ ਨੇ ਸਮਾਜਿਕ ਚੇਤਨਾ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਪਰ ਅੱਜ ਅਜਿਹਾ ਕੁਝ ਵੀ ਨਹੀਂ ਦਿਖਾਈ ਦਿੰਦਾ। ਅਜੋਕੀ ਵਿਦਿਆਰਥੀ ਲਹਿਰ ਆਜ਼ਾਦੀ ਤੋਂ ਪਹਿਲਾਂ ਤੇ ਪਿਛਲੀ ਸਦੀ ਦੇ ਸੱਤਰਵਿਆਂ ਤੱਕ ਦੀ ਵਿਦਿਆਰਥੀ ਲਹਿਰ ਦੇ ਮੁਕਾਬਲੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਅਵੇਸਲੀ ਹੈ। ਇਸ ਵਿੱਚੋਂ ਸਮਾਜ ਜਾਂ ਦੇਸ਼-ਕੌਮ ਵਾਸਤੇ ਕੁਝ ਕਰ ਗੁਜ਼ਰਨ ਦੀ ਸੋਚ ਮਨਫ਼ੀ ਹੋ ਰਹੀ ਹੈ। ਜੇ ਇਹ ਵੀ ਮੰਨ ਲਈਏ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿਚ ਰਸਮੀ ਸਿੱਖਿਆ ਪ੍ਰਤੀ ਵੱਧ ਸਮਰਪਣ ਦੀ ਲੋੜ ਹੈ ਤਾਂ ਇਸ ਪੱਖੋਂ ਵੀ ਸਥਿਤੀ ਬਹੁਤੀ ਤਸੱਲੀਬਖਸ਼ ਨਹੀਂ। ਵਿਦਿਆਰਥੀਆਂ ਦੀ ਵੱਡੀ ਗਿਣਤੀ ਨਸ਼ਿਆਂ ਤੇ ਹੋਰ ਅਲਾਮਤਾਂ ਦੀ ਸ਼ਿਕਾਰ ਹੈ ਤੇ ਉਹ ਆਪਣੀ ਰਸਮੀ ਸਿੱਖਿਆ ਪ੍ਰਤੀ ਵੀ ਗੰਭੀਰ ਨਹੀਂ।
ਮੌਜੂਦਾ ਵਿਦਿਆਰਥੀ ਸੰਗਠਨ ਸਮੁੱਚੇ ਸਮਾਜ ਲਈ ਨਾ ਸਹੀ, ਆਪਣੇ ਹਿੱਤਾਂ ਲਈ ਵੀ ਇਕਜੁੱਟ ਨਹੀਂ ਹਨ। ਅੱਜ ਕਈ ਸਾਂਝੀਆਂ ਵਿਦਿਆਰਥੀ ਸਮੱਸਿਆਵਾਂ ਹਨ ਜਿਨ੍ਹਾਂ ਲਈ ਹਰੇਕ ਵਿਦਿਆਰਥੀ ਜਥੇਬੰਦੀ (ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ) ਨੂੰ ਅੱਗੇ ਆਉਣਾ ਚਾਹੀਦਾ ਹੈ। ਜਿਵੇਂ ਸਿੱਖਿਆ ਦਾ ਨਿੱਜੀਕਰਨ, ਭਗਵਾਂਕਰਨ, ਫੀਸਾਂ ਵਿਚ ਬੇਤਹਾਸ਼ਾ ਵਾਧਾ ਤੇ ਵਿਦਿਆਰਥੀ ਚੋਣਾਂ ਆਦਿ। ਇੱਥੋਂ ਤੱਕ ਕਿ ਵਿਦਿਆਰਥੀਆਂ ਲਈ ਰਿਆਇਤੀ ਬੱਸ ਸਫ਼ਰ ਦੀ ਨੀਤੀ ਤੇ ਸਿਥਿਤੀ ਵੀ ਸਪਸ਼ਟ ਨਹੀਂ। ਇਨ੍ਹਾਂ ਸਭ ਮਸਲਿਆਂ ਵਾਸਤੇ ਸਾਂਝੀ ਅਗਵਾਈ ਕਮੇਟੀ ਬਣਾ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਵੱਖ-ਵੱਖ ਰਾਜਨੀਤਕ ਪਾਰਟੀਆਂ ਆਪਣੇ ਯੂਥ ਵਿੰਗਾਂ ਜ਼ਰੀਏ ਨੌਜਵਾਨ ਵਰਗ ਦੀ ਉਸਾਰੂ ਤੇ ਦੇਸ਼ ਪ੍ਰਤੀ ਜਜ਼ਬੇ ਭਰੀ ਸੋਚ ਨੂੰ ਅਗਵਾ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ। ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਤੋਂ ਪਾਸਾ ਵੱਟ ਕੇ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਮੌਜੂਦਾ ਬੁਰਜੂਆ ਰਾਜਨੀਤੀ ਨੌਜਵਾਨੀ ਨੂੰ ਵੀ ਆਪਣੀ ਲੀਹੇ ਤੋਰਨ ਵਿਚ ਕਾਮਯਾਬ ਹੁੰਦੀ ਦਿਸ ਰਹੀ ਹੈ। ਇਸ ਵਰਗ ਨੂੰ ਵੀ ਇਕ ਵੋਟ ਬੈਂਕ ਵਜੋਂ ਹੀ ਵਰਤਿਆ ਜਾ ਰਿਹਾ ਹੈ। ਅੱਜ ਸਾਰੀਆਂ ਹੀ ਕੌਮੀ ਤੇ ਖੇਤਰੀ ਪਾਰਟੀਆਂ ਦੇ ਯੂਥ ਵਿੰਗਾਂ ਦੇ ਆਗੂ ਸਬੰਧਿਤ ਪਾਰਟੀਆਂ ਦੀਆਂ ਰੈਲੀਆਂ ਵਿਚ ਇਕੱਠ ਵਧਾਉਣ ਤੇ ਫੋਕੀ ਸ਼ੋਹਰਤ ਦੇ ਮਾਰੇ ਕੁਝ ਅਹੁਦੇ ਲੈਣ ਤੋਂ ਬਿਨਾਂ ਆਪਣੇ ਵਰਗ ਦੀ ਕੋਈ ਸਾਰਥਿਕ ਮੰਗ ਨਹੀਂ ਮਨਵਾ ਸਕੇ। ਹਰੇਕ ਰਾਜਨੀਤਕ ਪਾਰਟੀ ਦੇ ਵਿਦਿਆਰਥੀ ਤੇ ਨੌਜਵਾਨ ਵਿੰਗ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਮੁੱਚੀ ਨੌਜਵਾਨੀ ਦੀ ਇਕ ਇਕਾਈ ਹਨ, ਜਿਸ ਤੋਂ ਸਮਾਜ ਪ੍ਰਤੀ ਹਾਂ-ਪੱਖੀ ਭੂਮਿਕਾ ਦੀ ਆਸ ਕੀਤੀ ਜਾਂਦੀ ਹੈ। ਅਜਿਹੇ ਹਰ ਸੰਗਠਨ ਵਿਚ ਜੁਰਅਤ ਹੋਵੇ ਕਿ ਉਹ ਆਪਣੇ ਨਾਲ ਸਬੰਧਤ ਰਾਜਨੀਤਕ ਪਾਰਟੀਆਂ ’ਤੇ ਲੋਕ ਭਲਾਈ ਲਈ ਦਬਾਅ ਪਾ ਸਕੇ ਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਸਕੇ। ਨੌਜਵਾਨ ਤੇ ਵਿਦਿਆਰਥੀ ਆਗੂਆਂ ਨੂੰ ਆਪਣੇ ਸਿਆਸੀ ਆਕਾਵਾਂ ਦੇ ਬਿਆਨਾਂ ਦੀਆਂ ਸਿਫ਼ਤਾਂ ਤੇ ਖੁਸ਼ਾਮਦ ਕਰਨ ਤੱਕ ਹੀ ਮਹਿਦੂਦ ਨਾ ਰਹਿ ਕੇ ਉਨ੍ਹਾਂ ਦੇ ਭ੍ਰਿਸ਼ਟ ਤੌਰ-ਤਰੀਕਿਆਂ ਖਿਲਾਫ ਆਵਾਜ਼ ਉਠਾਉਣ ਦਾ ਮਾਦਾ ਰੱਖਣਾ ਚਾਹੀਦਾ ਹੈ।

ਨਿਰਮਲ ਸਿੰਘ ਘੱਲ ਕਲਾਂ

ਵਿਦਿਆਰਥੀ ਤੇ ਨੌਜਵਾਨ ਵਰਗ ਵਿਚ ਘਟ ਰਹੀ ਬੌਧਿਕ ਗੰਭੀਰਤਾ ਵੀ ਚਿੰਤਾ ਦਾ ਵਿਸ਼ਾ ਹੈ। ਇਸ ਵਰਗ ਵਿਚ ਬੌਧਿਕ ਗੰਭੀਰਤਾ ਦੀ ਕਮੀ ਰਾਜਨੀਤਕ ਪਾਰਟੀਆਂ ਨੂੰ ਫਿੱਟ ਬੈਠਦੀ ਹੈ ਕਿਉਂਕਿ ਉਨ੍ਹਾਂ ਲਈ ਆਪਣੇ ਝੂਠੇ ਤੇ ਹਲਕੇ ਪੱਧਰ ਦੇ ਵਾਅਦਿਆਂ ਤੇ ਦਾਅਵਿਆਂ ਨਾਲ ਇਸ ਵਰਗ ਨੂੰ ਆਪਣਾ ਪਿਛਲੱਗ ਬਣਾਉਣਾ ਸੌਖਾ ਬਣ ਜਾਂਦਾ ਹੈ। ਨੌਜਵਾਨ ਰੁਜ਼ਗਾਰ ਤੇ ਚੰਗੇ ਸ਼ਾਸਨ ਦੀ ਬਜਾਏ ਸਮਾਰਟ ਫੋਨਾਂ ਵਰਗੇ ਵਾਅਦਿਆਂ ’ਤੇ ਵੀ ਵਿਰਨਾ ਸ਼ੁਰੂ ਕਰ ਦਿੰਦੇ ਹਨ। ਸਿਆਸਤਦਾਨ ਲੋਕਾਂ ਨਾਲ ਅਜਿਹੇ ਹੀ ਵਾਅਦੇ ਕਰਦੇ ਜਾਂ ਚੋਣਾਂ ਦੌਰਾਨ ਮਸਲੇ ਉਠਾਉਂਦੇ ਹਨ ਜਿਹੋ ਜਿਹਾ ਉਹ ਲੋਕਾਂ ਦਾ ਮਾਨਸਿਕ ਪੱਧਰ ਸਮਝਦੇ ਹਨ। ਅਸੀਂ ਹਾਲੀਆ ਚੋਣਾਂ ਵਿਚ ਦੇਖਿਆ ਹੀ ਹੈ ਕਿ ਸਿਆਸਤਦਾਨਾਂ ਵੱਲੋਂ ਆਰਥਿਕਤਾ ਤੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਸਬੰਧਤ ਮੁੱਦੇ ਛੋਹਣ ਦੀ ਥਾਂ ਧਾਰਮਿਕ ਤੇ ਜਜ਼ਬਾਤੀ ਮੁੱਦੇ ਉਠਾਉਣ ਨੂੰ ਹੀ ਤਰਜੀਹ ਦਿੱਤੀ ਗਈ। ਅਸਲ ਮੁੱਦਿਆਂ ਰੁਜ਼ਗਾਰ, ਸਿੱਖਿਆ ਤੇ ਸਿਹਤ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਹਾਂ ਇਹ ਜ਼ਰੂਰ ਇਸ ਵਾਰ ਇਹ ਚੰਗਾ ਸੰਕੇਤ ਸੀ ਕਿ ਸਿਆਸੀ ਆਗੂਆਂ ਤੋਂ ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਨੌਜਵਾਨਾਂ ਵੱਲੋਂ ਸਵਾਲ ਪੁੱਛੇ ਗਏ। ਪਰ ਜ਼ਰੂਰੀ ਹੈ ਕਿ ਅਜਿਹੇ ਸਵਾਲ ਜਨ-ਸਮੂਹ ਦੀ ਨੁਮਾਇੰਦਗੀ ਕਰਨ ਵਾਲੇ ਹੋਣ, ਨਾ ਕਿ ਅਜਿਹੇ ਸਵਾਲਾਂ ਦੀ ਤਾਰ ਇਕ-ਦੂਜੇ ਦੇ ਵਿਰੋਧੀ ਰਾਜਨੀਤਕ ਨੇਤਾਵਾਂ ਦੇ ਹੱਥ ਇਕ-ਦੂਜੇ ਨੂੰ ਬਦਨਾਮ ਕਰਨ ਵਾਸਤੇ ਹੋਵੇ।
ਅੱਜ ਸਮੇਂ ਦੀ ਮੰਗ ਹੈ ਕਿ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਸਮਾਜ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਸਮਝਣ। ਆਪਣੇ ਆਪ ਨੂੰ ਮਹਾਨ ਇਨਕਲਾਬੀ ਆਗੂਆਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਵਸ ਮਨਾਉਣ ਤੱਕ ਹੀ ਸੀਮਤ ਨਾ ਰੱਖਣ। ਲਗਾਤਾਰ ਸਰਗਰਮ ਰਹਿ ਕੇ ਉਨ੍ਹਾਂ ਦੇ ਜੀਵਨ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਰਸਮੀ ਸਿੱਖਿਆ ਦੇ ਨਾਲ-ਨਾਲ ਸਮਾਜ ਤੇ ਕੌਮ ਪ੍ਰਤੀ ਆਪਣੀ ਵਡੇਰੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣ। ਈਮਾਨਦਾਰ ਆਗੂਆਂ ਦੇ ਪਏ ਕਾਲ ਨੂੰ ਸ਼ਾਇਦ ਭਵਿੱਖ ਵਿਚ ਅਜਿਹੀ ਸੋਚ ਵਾਲਾ ਨੌਜਵਾਨ ਵਰਗ ਪੂਰ ਦੇਵੇ।

-ਬਾਬਾ ਫਰੀਦ ਕੰਪਲੈਕਸ (ਬੀ), ਘੱਲ ਕਲਾਂ, ਜ਼ਿਲ੍ਹਾ ਮੋਗਾ।
ਸੰਪਰਕ: 98551-10709


Comments Off on ਹੋਰ ਸਾਰਥਿਕ ਹੋਵੇ ਸਾਡੇ ਨੌਜਵਾਨ ਵਰਗ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.