ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਹਿੰਸਕ ਗਾਇਕੀ ਵਿਰੁੱਧ ਕੈਨੇਡਾ ਦੀ ਪਹਿਲ

Posted On July - 20 - 2019

ਰਾਮਦਾਸ ਬੰਗੜ

ਸੱਭਿਆਚਾਰ ਦੀ ਸੇਵਾ ਦੇ ਨਾਂ ’ਤੇ ਪੰਜਾਬ ਦੇ ਗਾਇਕਾਂ ਵੱਲੋਂ ਹਿੰਸਕ ਅਤੇ ਲੱਚਰ ਗਾਇਕੀ ਦਾ ਜੋ ਖ਼ਤਰਨਾਕ ਰਾਹ ਅਖ਼ਤਿਆਰ ਕੀਤਾ ਗਿਆ ਹੈ, ਉਸ ਦਾ ਖਾਮਿਆਜ਼ਾ ਸਿਰਫ਼ ਪੰਜਾਬ ਬੈਠੇ ਲੋਕ ਹੀ ਨਹੀਂ ਭੁਗਤ ਰਹੇ, ਸਗੋਂ ਕੈਨੇਡਾ ਬੈਠੇ ਪੰਜਾਬੀ ਵੀ ਹੁਣ ਅੱਗ ਵਰ੍ਹਾਉਂਦੀ ਗਾਇਕੀ ਦੀ ਲਪੇਟ ਵਿਚ ਆ ਗਏ ਹਨ। ਇਹੀ ਕਾਰਨ ਹੈ ਕਿ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਵੱਲੋਂ ਅਜਿਹੀ ਗਾਇਕੀ ਖਿਲਾਫ਼ ਪਹਿਲਕਦਮੀ ਕਰਦਿਆਂ ਸਿੱਧੂ ਮੂਸੇ ਆਲੇ ਦੇ ਗਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਪੰਜਾਬ ਵਿਚ ਅਜੇ ਵੀ ਬਹੁਤੇ ਗਾਇਕਾਂ ਵੱਲੋਂ ਹਿੰਸਕ ਗਾਇਕੀ ਬਿਨਾਂ ਕਿਸੇ ਕਾਨੂੰਨੀ ਡਰ-ਭੈਅ ਤੋਂ ਗਾਈ ਜਾ ਰਹੀ ਹੈ। ਐਨਾ ਹੀ ਨਹੀਂ ਸਾਡੇ ਪੁਲੀਸ ਅਧਿਕਾਰੀ ਇਨ੍ਹਾਂ ਗਾਇਕਾਂ ਨੂੰ ਨੱਥ ਪਾਉਣ ਦੀ ਥਾਂ ਪਿਆਰ ਨਾਲ ਸਮਝਾਉਣ ਦੇ ਚੱਕਰ ਵਿਚ ਹੁਣ ਤਕ ਉਨ੍ਹਾਂ ਨੂੰ ਚਾਹ-ਪਕੌੜੇ ਹੀ ਛਕਾਉਂਦੇ ਰਹੇ।
ਹੁਣ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਪੁਲੀਸ ਮੁਖੀਆਂ ਵੱਲੋਂ ਆਪੋ-ਆਪਣੇ ਦਫ਼ਤਰਾਂ ਵਿਚ ਗਾਉਣ ਵਾਲਿਆਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਨੂੰ ਪਿਆਰ ਦੀ ਭਾਸ਼ਾ ਵਿਚ ਸਮਝਾਇਆ ਗਿਆ ਕਿ ਗੀਤਾਂ ਵਿਚ ਨਸ਼ੇ ਅਤੇ ਹਥਿਆਰਾਂ ਦਾ ਨਾਂ ਨਾ ਵਰਤਿਆ ਜਾਵੇ। ਅਫ਼ਸੋਸ! ਇਸ ਦਾ ਸਿੱਟਾ ਜ਼ੀਰੋ ਰਿਹਾ।
ਦੂਜੇ ਪਾਸੇ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਪਰਿਵਾਰਾਂ ਨੇ ਸਰੀ ਵਿਖੇ ਭਰਵੇਂ ਰੋਸ ਮੁਜ਼ਾਹਰੇ ਦੌਰਾਨ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਡਾਲਰ ਕਮਾਉਣ ਲਈ ਕੈਨੇਡਾ ਆਉਂਦੇ ਉਨ੍ਹਾਂ ਗਾਇਕਾਂ ਦਾ ਵੀਜ਼ਾ ਰੱਦ ਕੀਤਾ ਜਾਵੇ ਜੋ ਨੌਜਵਾਨ ਪੀੜ੍ਹੀ ਨੂੰ ਅਸ਼ਲੀਲਤਾ ਵੱਲ ਧੱਕ ਰਹੇ ਹਨ ਅਤੇ ਹਿੰਸਕ ਵਿਰਤੀ ਦਾ ਮਾਲਕ ਬਣਾ ਰਹੇ ਹਨ। ਅਜਿਹਾ ਹੋਣਾ ਵੀ ਸੀ ਕਿਉਂਕਿ ਸਰੀ ਵਿਚ 250 ਤੋਂ ਵੱਧ ਪੰਜਾਬੀ ਨੌਜਵਾਨ ਗੈਂਗਵਾਰ ਦੀ ਬਲੀ ਚੜ੍ਹ ਚੁੱਕੇ ਹਨ। ਇਸ ਲਈ ਉੱਥੋਂ ਦੇ ਲੋਕਾਂ ਦਾ ਅਜਿਹੇ ਗਾਇਕਾਂ ਵਿਰੁੱਧ ਭੜਕਣਾ ਸਹੀ ਹੈ। ਕੈਲਗਿਰੀ ਵਿਖੇ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਅਜਿਹੇ ਗਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਸਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਨੇ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਇਕ ਸ਼ੋਅ ਦੌਰਾਨ ਸਿੱਧੂ ਮੂਸੇ ਆਲੇ ਨੂੰ ਗਾਉਣ ਤੋਂ ਰੋਕ ਦਿੱਤਾ ਕਿਉਂਕਿ ਉੱਥੋਂ ਦੇ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਹਾਲਾਂਕਿ ਉਸ ਦੇ ਸਮਰਥਕ ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਆਖ ਰਹੇ ਹਨ ਇਹ ਧੱਕੇਸ਼ਾਹੀ ਹੈ ਅਤੇ ਬੋਲਣ ਤੇ ਗਾਉਣ ਦੀ ਆਜ਼ਾਦੀ ’ਤੇ ਹਮਲਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਬ੍ਰਿਟਿਸ਼ ਕੋਲੰਬੀਆ ਵਿਚ ਵੱਸਦੇ ਪੰਜਾਬੀਆਂ ਦੀ ਮੰਗ ’ਤੇ ਉੱਥੋਂ ਦਾ ਪ੍ਰਸ਼ਾਸਨ ਅਜਿਹਾ ਕਦਮ ਚੁੱਕ ਸਕਦਾ ਹੈ, ਫਿਰ ਪੰਜਾਬ ਸਰਕਾਰ ਅਜੇ ਤਕ ਚੁੱਪ ਕਿਉਂ ਧਾਰੀ ਬੈਠੀ ਹੈ? ਹੁਣ ਤਕ ਪੰਜਾਬ ਵਿਚ ਵੱਖ-ਵੱਖ ਸਾਹਿਤਕ ਜਥੇਬੰਦੀਆਂ ਵੱਲੋਂ ਇਤਰਾਜ਼ਯੋਗ ਗਾਇਕੀ ਗਾ ਕੇ ਰਾਤੋ-ਰਾਤ ਸੁਪਰਸਟਾਰ ਬਣਨ ਦੇ ਰਾਹ ਪਏ ਗਾਇਕਾਂ ਦਾ ਬਾਈਕਾਟ ਕਰਨ ਲਈ ਝੰਡਾ ਚੁੱਕਿਆ ਜਾ ਚੁੱਕਾ ਹੈ। ਭਾਵੇਂ ਅਜੇ ਤਕ ਕੋਈ ਵੀ ਸਿੱਟਾ ਸਾਹਮਣੇ ਨਹੀਂ ਆਇਆ, ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਫ਼ਿਕਰਮੰਦ ਇਨ੍ਹਾਂ ਲੋਕਾਂ ਦਾ ਗੁੱਸਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਗਾਇਕ ਹੁਣ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਬਣਨ ਦੇ ਕਾਬਲ ਨਹੀਂ ਰਹੇ, ਸਗੋਂ ਇਹ ਗਾਇਕ ਸਾਡੀ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ। ਪੰਜਾਬ ਵਿਚ ਇਨ੍ਹਾਂ ਗਾਇਕਾਂ ਦੇ ਉਕਸਾਏ ਨੌਜਵਾਨ ਜਿੱਥੇ ਆਪਣੀਆਂ ਸ਼ਕਲਾਂ ਵਿਗਾੜ ਰਹੇ ਹਨ, ਉੱਥੇ ਤੁਰਨ-ਫਿਰਨ ਦਾ ਸਟਾਈਲ ਅਤੇ ਪਹਿਰਾਵਾ ਵੀ ਹਾਸੋ-ਹੀਣਾ ਬਣਾਉਂਦੇ ਜਾ ਰਹੇ ਹਨ। ਗਾਇਕਾਂ ਵੱਲੋਂ ਉਕਸਾਏ ਨੌਜਵਾਨ ਆਪਣੇ ਸ਼ੌਕ ਪੂਰੇ ਕਰਨ ਲਈ ਪਹਿਲਾਂ ਤੋਂ ਹੀ ਕਰਜ਼ਈ ਹੋਏ ਮਾਪਿਆਂ ਦੇ ਗਲ ’ਗੂਠਾ ਦੇ ਰਹੇ ਹਨ। ਗਾਇਕਾਂ ਵੱਲੋਂ ਜਾਤੀਵਾਦ ਨੂੰ ਪ੍ਰੋਤਸਾਹਨ ਦਿੰਦਿਆਂ ਪਹਿਲਾਂ ਕਿਸਾਨ ਨੂੰ ਜੱਟ ਬਣਾ ਦਿੱਤਾ ਅਤੇ ਹੁਣ ਜੱਟ ਨੂੰ ਡਾਕੂ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਗਾਇਕਾਂ ਦੀ ਬੋਲੀ ਅਨੁਸਾਰ ਜੱਟ ਹਰ ਗੱਲ ਹਥਿਆਰ ਦੀ ਭਾਸ਼ਾ ਵਿਚ ਕਰਦਾ ਹੈ। ਗਾਇਕਾਂ ਅਨੁਸਾਰ ਇੱਥੋਂ ਦਾ ਜੱਟ ਸਿਰਫ਼ ਆਸ਼ਿਕੀ ਲਈ ਪੈਦਾ ਹੋਇਆ ਅਤੇ ਵੱਢ-ਟੁੱਕ ਕਰਨਾ ਉਸਦਾ ਧਰਮ ਹੈ। ਆਖ਼ਰ ਗੱਲ ਮੁੱਕਦੀ ਇੱਥੇ ਹੈ ਕਿ ਕੈਨੇਡਾ ਦੀ ਨਵੀਂ ਪੀੜ੍ਹੀ ਉੱਪਰ ਇਨ੍ਹਾਂ ਗਾਇਕਾਂ ਦੀ ਭੱਦੀ ਗਾਇਕੀ ਦਾ ਕਾਲਾ ਪਰਛਾਵਾਂ ਪੈਣਾ ਸ਼ੁਰੂ ਹੋਇਆ ਤਾਂ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਤਾਂ ਸਖ਼ਤ ਕਦਮ ਚੁੱਕ ਲਏ ਗਏ, ਪਰ ਸਾਡੀਆਂ ਸਰਕਾਰਾਂ ਦੀ ਚੁੱਪ ਹੈਰਾਨੀਜਨਕ ਹੈ।

ਸੰਪਰਕ: 99153-53800


Comments Off on ਹਿੰਸਕ ਗਾਇਕੀ ਵਿਰੁੱਧ ਕੈਨੇਡਾ ਦੀ ਪਹਿਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.