ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਹਰਮਨਪਿਆਰਾ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ

Posted On July - 27 - 2019

ਸਿਨੇ ਪੰਜਾਬੀ

ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਹਰਮਨਪਿਆਰੇ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ ਦੀ ਪੈਦਾਇਸ਼ 26 ਫਰਵਰੀ 1922 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਉਨ੍ਹਾਂ ਨੇ ਗੌਰਮਿੰਟ ਕਾਲਜ, ਲਾਹੌਰ ਤੋਂ ਐੱਮ. ਐੱਸ. ਸੀ. ਦੀ ਡਿਗਰੀ ਕੀਤੀ। ਸੁਰੀਲੀ ਆਵਾਜ਼ ਦਾ ਮਾਲਕ ਮਨਮੋਹਨ ਕਾਲਜ ਦੀ ਤਾਲੀਮ ਦੌਰਾਨ ਗਾਇਨ ਕਲਾ ਵਿਚ ਵੀ ਖ਼ਾਸੀ ਦਿਲਚਸਪੀ ਰੱਖਦਾ ਸੀ। ਇਸ ਤੋਂ ਬਾਅਦ ਉਹ ਗੌਰਮਿੰਟ ਦਿਆਲ ਸਿੰਘ ਕਾਲਜ, ਲਾਹੌਰ ਵਿਚ ਸਾਇੰਸ ਦਾ ਪ੍ਰੋਫੈਸਰ ਲੱਗ ਗਿਆ। ਉਨ੍ਹਾਂ ਦੇ ਪਿਤਾ ਦੀ ਖ਼ਾਸ ਹਿਦਾਇਤ ਸੀ ਕਿ ਸੰਗੀਤ ਨੂੰ ਕਦੇ ਆਪਣੇ ਰੁਜ਼ਗਾਰ ਦਾ ਜ਼ਰੀਆ ਨਹੀਂ ਬਣਾਉਣਾ।
ਲਾਹੌਰ ਵਿਚ ਗਾਇਕੀ ਤੇ ਨਾਟਕ ਕਰਦਿਆਂ ਮਨਮੋਹਨ ਕ੍ਰਿਸ਼ਨ ਦੇ ਜ਼ਿਹਨ ਵਿਚ ਕਦੇ ਅਦਾਕਾਰ ਬਣਨ ਦਾ ਖ਼ਿਆਲ ਨਹੀਂ ਆਇਆ, ਪਰ ਚਾਹਤ ਜ਼ਰੂਰ ਸੀ ਕਿ ਕਲਾ ਰਾਹੀਂ ਦੇਸ਼ ਦੀ ਸੇਵਾ ਜ਼ਰੂਰ ਕਰਾਂ। ਇਸੇ ਖ਼ਿਆਲਾਤ ਦੇ ਚੱਲਦਿਆਂ ਅਮਰੀਕਾ ਜਾ ਕੇ ਰੇਡੀਓ, ਟੈਲੀਵਿਜ਼ਨ ਦੀ ਇੰਜੀਨਰਿੰਗ ਸਿੱਖਣ ਲਈ ਉਹ ਪ੍ਰੋਫੈਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਬੰਬੇ ਟੁਰ ਗਿਆ। ਕਿਸਮਤ ਦੀ ਗੱਲ ਬੰਬਈ ’ਚ ਕਿਸੇ ਮਿੱਤਰ ਦੇ ਘਰ ਚਾਹ ਦਾ ਸੱਦਾ ਸੀ, ਜਿਸ ਵਿਚ ਕੁਝ ਨਾਮੀ ਬੰਦੇ ਵੀ ਪਹੁੰਚੇ ਸਨ। ਚਾਹ ਦੇ ਬਾਅਦ ਗਾਉਣਾ-ਵਜਾਉਣਾ ਵੀ ਹੋਇਆ। ਐਨੇ ਨੂੰ ਇਕ ਸੱਜਣ ਨੇ ਹੱਥ ਮਿਲਾਉਂਦਿਆ ਆਖਿਆ, ‘ਬਰਖ਼ੁਰਦਾਰ ਕੀ ਤੂੰ ਇਹ ਨਹੀਂ ਸੋਚਦਾ ਕਿ ਤੂੰ ਕੁਝ ਹੋਰ ਕਰਨ ਲਈ ਪੈਦਾ ਹੋਇਆ ਏਂ।’ ਕੋਲ ਖਲੋਤੇ ਮੇਜ਼ਬਾਨ ਮਿੱਤਰ ਨੇ ਮਨਮੋਹਨ ਦਾ ਤਾਰੁਫ਼ ਕਿਸਮਤ ਨੂੰ ਮੋੜਾ ਦੇਣ ਵਾਲੇ ਸੱਜਣ ਨਾਲ ਕਰਵਾਇਆ। ਇਹ ਸਨ ਹਿੰਦੀ ਫ਼ਿਲਮਾਂ ਦੇ ਉੱਘੇ ਹਿਦਾਇਤਕਾਰ ਵੀ. ਸ਼ਾਂਤਾਰਾਮ, ਪਰ ਮਨਮੋਹਨ ਨੂੰ ਤਾਂ ਫ਼ਿਲਮਾਂ ’ਚ ਦਿਲਚਸਪੀ ਨਹੀਂ ਸੀ। ਲਿਹਾਜ਼ਾ ਗੱਲ ਉੱਥੇ ਹੀ ਖ਼ਤਮ ਹੋ ਗਈ। ਦੂਜੇ ਦਿਨ ਉਨ੍ਹਾਂ ਨੇ ਲਾਹੌਰ ਮੁੜਨਾ ਸੀ ਅਤੇ ਅਮਰੀਕਾ ਜਾਣ ਦੀ ਤਿਆਰੀ ਕਰਨੀ ਸੀ,ਪਰ ਕਿਸਮਤ ’ਚ ਕੁਝ ਹੋਰ ਲਿਖਿਆ ਸੀ। ਦੂਜੇ ਦਿਨ ਤੜਕਸਾਰ ਮੇਜ਼ਬਾਨ ਮਿੱਤਰ ਕੋਲ ਵੀ. ਸ਼ਾਂਤਾਰਾਮ ਦਾ ਫੋਨ ਆਇਆ, ‘ਜਿਹੜਾ ਗੱਭਰੂ ਕੱਲ੍ਹ ਤੁਹਾਡੀ ਪਾਰਟੀ ਵਿਚ ਗਾ ਰਿਹਾ ਸੀ, ਮੈਂ ਉਸਨੂੰ ਆਪਣੀ ਬਣ ਰਹੀ ਨਵੀਂ ਫ਼ਿਲਮ ਦਾ ਕੰਟਰੈਕਟ ਦੇਣਾ ਚਾਹੁੰਦਾ ਹਾਂ। ਅੱਜ ਹੀ ਉਸਦਾ ਸਕਰੀਨ ਟੈਸਟ ਲਿਆ ਜਾਵੇਗਾ।’ ਸਕਰੀਨ ਟੈਸਟ ਹੋ ਗਿਆ ਅਤੇ 15 ਸਤੰਬਰ 1945 ਨੂੰ ਪ੍ਰੋਫੈਸਰ ਮਨਮੋਹਨ ਕ੍ਰਿਸ਼ਨ ਅਦਾਕਾਰ ਬਣ ਗਿਆ।
ਮਨਮੋਹਨ ਕ੍ਰਿਸ਼ਨ ਦੀ ਇਹ ਪਹਿਲੀ ਹਿੰਦੀ ਫ਼ਿਲਮ ਵੀ. ਸ਼ਾਤਾਂਰਾਮ ਦੇ ਜ਼ਾਤੀ ਬੈਨਰ ਰਾਜਕਮਲ ਕਲਾ ਮੰਦਿਰ ਲਿਮਟਿਡ, ਬੰਬਈ ਦੀ ‘ਜੀਵਨ ਯਾਤਰਾ’ (1946) ਸੀ। ਫ਼ਿਲਮ ’ਚ ਉਸਨੇ ਦੀਵਾਨ ਸ਼ਰਰ ਦਾ ਲਿਖਿਆ ਆਜ਼ਾਦੀ ਤਰਾਨਾ ‘ਆਓ ਆਜ਼ਾਦੀ ਕੇ ਗੀਤ ਗਾਤੇ ਚਲੇਂ’ ਗਾਇਆ। ਇਸੇ ਬੈਨਰ ਦੀ ਕੇਸ਼ਵ ਰਾਵ ਦਾਤੇ ਨਿਰਦੇਸ਼ਿਤ ਵੀ. ਸ਼ਾਂਤਾ ਰਾਮ ਦੀ ਅਗਲੀ ਫ਼ਿਲਮ ‘ਅੰਧੋਂ ਕੀ ਦੁਨੀਆ’ (1947) ’ਚ ਉਸਨੇ ਚਰਿੱਤਰ ਕਿਰਦਾਰ ਨਿਭਾਇਆ। ਰਾਜ ਕਮਲ ਦੀ ਹੀ ਫ਼ਿਲਮ ‘ਮਤਵਾਲਾ ਸ਼ਾਇਰ ਰਾਮਜੋਸ਼ੀ’ (1947) ’ਚ ਉਹ ਅਦਾਕਾਰਾ ਹੰਸਾ ਦੇ ਸਨਮੁੱਖ ਫਿਰ ਹੀਰੋ ਦੇ ਰੂਪ ਵਿਚ ਆਏ। ਉਨ੍ਹਾਂ ਨੇ ਵੇਸੰਤ ਦੇਸਾਈ ਦੇ ਸੰਗੀਤ ’ਚ 7 ਗੀਤ ਗਾਏ। ਫ਼ਿਲਮ ‘ਅਪਨਾ ਦੇਸ’ (1949) ’ਚ ਮਨਮੋਹਨ ਕ੍ਰਿਸ਼ਨ ਨੇ ਇਕ ਦੇਸ਼ ਭਗਤੀ ਗੀਤ ਗਾਇਆ। ਫ਼ਿਲਮ ‘ਧੂਲ ਕਾ ਫੂਲ’ (1959) ’ਚ ਉਸ ’ਤੇ ਫ਼ਿਲਮਾਇਆ ਗੀਤ ‘ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ’ (ਮੁਹੰਮਦ ਰਫ਼ੀ) ਸ਼ਾਹਕਾਰ ਗੀਤ ਹੈ। ਇਨ੍ਹਾਂ ਹਿੱਟ ਫ਼ਿਲਮਾਂ ਤੋਂ ਬਾਅਦ ਮਨਮੋਹਨ ਕ੍ਰਿਸ਼ਨ ਨੇ ‘ਚਾਰ ਦੀਵਾਰੀ’ (1961), ‘ਖਾਨਦਾਨ’ (1965), ‘ਫੂਲ ਔਰ ਪੱਥਰ’ (1966), ‘ਹਮਰਾਜ’ (1967), ‘ਗੀਤ’ (1970), ‘ਉਸਤਾਦ’ (1989) ਆਦਿ ਤਕਰੀਬਨ 250 ਫ਼ਿਲਮਾਂ ’ਚ ਅਦਾਕਾਰੀ ਕੀਤੀ।
ਪੰਜਾਬੀ ਫ਼ਿਲਮਾਂ ’ਚ ਮਨਮੋਹਨ ਕ੍ਰਿਸ਼ਨ ਨੂੰ ਪਹਿਲਾ ਮੌਕਾ ਦਿੱਤਾ ਫ਼ਿਲਮਸਾਜ਼ ਰਾਜ ਕੁਮਾਰ ਕੋਹਲੀ ਨੇ ਆਪਣੇ ਜ਼ਾਤੀ ਬੈਨਰ ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਰਾਜ ਝੀਂਗਣ ਨਿਰਦੇਸ਼ਿਤ ਫ਼ਿਲਮ ‘ਮੈਂ ਜੱਟੀ ਪੰਜਾਬ

ਮਨਦੀਪ ਸਿੰਘ ਸਿੱਧੂ

ਦੀ’ (1964) ਵਿਚ। ਉਸਨੇ ਅਦਾਕਾਰਾ ਨਿਸ਼ੀ ਦੇ ਪਿਤਾ ‘ਧਰਮੂ ਲੰਗੜਾ’ ਦਾ ਕਿਰਦਾਰ ਬਾਖ਼ੂਬੀ ਅਦਾ ਕੀਤਾ। ਇਹ ਫ਼ਿਲਮ 3 ਜੁਲਾਈ 1964 ਨੂੰ ਕਿਰਨ ਥੀਏਟਰ, ਚੰਡੀਗੜ੍ਹ ’ਚ ਰਿਲੀਜ਼ ਹੋਈ। ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਥਾਪਾ ਨਿਰਦੇਸ਼ਿਤ ਫ਼ਿਲਮ ‘ਦੁੱਖ ਭੰਜਨ ਤੇਰਾ ਨਾਮ’ (1972) ’ਚ ਉਸਨੇ ‘ਸੰਤ ਜੀ ਮਹਾਰਾਜ’ ਦਾ ਰੋਲ ਕੀਤਾ ਅਤੇ ਐੱਸ. ਮੋਹਿੰਦਰ ਦੇ ਸੰਗੀਤ ’ਚ ਦੋ ਸ਼ਬਦ ਉਸ ’ਤੇ ਫ਼ਿਲਮਾਏ ਗਏ। ਉਸਦੀ ਤੀਜੀ ਫ਼ਿਲਮ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਦੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ’ਚ ਬਣੀ ‘ਮਿੱਤਰ ਪਿਆਰੇ ਨੂੰ’ (1975) ਸੀ। ਉਸਨੇ ਇਸ ਵਿਚ ਸਿੱਖ ‘ਸੰਤ ਜੀ’ ਜੀ ਦਾ ਸੋਹਣਾ ਪਾਰਟ ਅਦਾ ਕੀਤਾ। ਇਹ ਫ਼ਿਲਮ 12 ਸਤੰਬਰ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਦਾਜ’ (1976) ’ਚ ਉਸਨੇ ਨਵੀਂ ਅਦਾਕਾਰਾ ਦਲਜੀਤ ਕੌਰ ਦੇ ਪਿਤਾ ‘ਚੌਧਰੀ’ ਦਾ ਪਾਤਰ ਨਿਭਾਇਆ। ਹਿੰਦੀ ’ਚ ਇਹ ਫ਼ਿਲਮ ‘ਦਹੇਜ’ (1981) ਦੇ ਨਾਮ ਨਾਲ ਡੱਬ ਹੋਈ। ਬਰਾੜ ਪ੍ਰੋਡਕਸ਼ਨਜ਼ ਦੀ ਬੂਟਾ ਸਿੰਘ ਸ਼ਾਦ ਤੇ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ’ਚ ਉਸਨੇ ਇਕ ਵਾਰ ਫਿਰ ਅੰਮ੍ਰਿਤਧਾਰੀ ਸਿੰਘ ‘ਬਾਬਾ ਜੀ’ ਦਾ ਪਾਤਰ ਅਦਾ ਕੀਤਾ। ਵੇਦਪਾਲ ਵਰਮਾ ਦੇ ਸੰਗੀਤ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਸ਼ਬਦ ‘ਸੰਗ ਸਖਾ ਸਭ ਤਜਿ ਗਏ॥’ (ਮਹਿੰਦਰ ਕਪੂਰ) ਮਨਮੋਹਨ ਕ੍ਰਿਸ਼ਨ ਤੇ ਸੰਗਤਾਂ ’ਤੇ ਫ਼ਿਲਮਾਇਆ ਗਿਆ। ਗੁਰੂ ਫ਼ਿਲਮਜ਼, ਬੰਬੇ ਦੀ ਐੱਸ. ਆਰ. ਕਪੂਰ ਨਿਰਦੇਸ਼ਿਤ ਫ਼ਿਲਮ ‘ਗੁਰੂ ਮਾਨਿਓ ਗ੍ਰੰਥ’ (1977) ’ਚ ਉਸਨੇ ਅੰਮ੍ਰਿਤਧਾਰੀ ਸਿੰਘ ‘ਗਿਆਨੀ ਜੀ’ ਦਾ ਰੋਲ ਕੀਤਾ। ਪ੍ਰੇਮ ਧਵਨ ਦੇ ਸੰਗੀਤ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਸ਼ਬਦ ਉਸ ’ਤੇ ਫ਼ਿਲਮਾਏ ਗਏ। ਇਨ੍ਹਾਂ ਤੋਂ ਇਲਾਵਾ ਗੀਤ ‘ਈਰੀਏ ਭੰਬੀਰੀਏ ਤੂੰ ਦਿੱਤਾ ਘਰ ਕਹਿੜਾ’ (ਦਿਲਰਾਜ ਕੌਰ, ਮੁਹੰਮਦ ਰਫ਼ੀ) ਮਨਮੋਹਨ ਕ੍ਰਿਸ਼ਨ ਤੇ ਬੱਚਿਆਂ ’ਤੇ ਫ਼ਿਲਮਾਇਆ ਗਿਆ ਲਾਜਵਾਬ ਗੀਤ ਸੀ।
ਅਜੀਤ ਆਰਟਸ, ਬੰਬੇ ਦੀ ਅਜੀਤ ਸਿੰਘ ਦਿਓਲ ਨਿਰਦੇਸ਼ਿਤ ਫ਼ਿਲਮ ‘ਸੰਤੋ ਬੰਤੋ’ (1977) ’ਚ ਉਸਨੇ ਅਰੂਨਾ ਇਰਾਨੀ (ਸੰਤੋ-ਬੰਤੋ/ਡਬਲ ਰੋਲ) ਦੇ ਪਿਤਾ ‘ਕਰਤਾਰ ਚੰਦ’ ਦਾ ਪਾਤਰ ਅਦਾ ਕੀਤਾ। ਜਸਵੰਤ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸ਼ੇਰ ਪੁੱਤਰ’ (1977) ’ਚ ਉਸਨੇ ਧੀਰਜ ਕੁਮਾਰ ਦੇ ਬਾਪੂ ‘ਗੋਪਾਲ ਜੀ’ ਦਾ ਰੋਲ ਕੀਤਾ। ਹੰਸ ਰਾਜ ਬਹਿਲ ਦੇ ਸੰਗੀਤ ’ਚ ਮਨਮੋਹਨ ਕ੍ਰਿਸ਼ਨ ਤੇ ਭਗਤਾਂ ’ਤੇ ਇਕ ਭੇਟ ਫ਼ਿਲਮਾਈ ਗਈ। ਪੰਜਾਬ ਪਿਕਚਰਜ਼, ਬੰਬੇ ਦੀ ਪ੍ਰੋ. ਨਰੂਲਾ ਨਿਰਦੇਸ਼ਿਤ ਫ਼ਿਲਮ ‘ਵੰਗਾਰ’ (1977) ’ਚ ਉਸਨੇ ਹੀਰੋ ਬਲਦੇਵ ਖੋਸੇ ਦੇ ਬਾਊ ਜੀ ‘ਪੰਜਾਬ ਦਾਸ’ ਦਾ ਚਰਿੱਤਰ ਰੋਲ ਖ਼ੂਬਸੂਰਤੀ ਨਾਲ ਅਦਾ ਕੀਤਾ। ਦੀਪਕਲਾ ਪ੍ਰੋਡਕਸ਼ਨਜ਼, ਨਵੀਂ ਦਿੱਲੀ ਦੀ ਪਵਨ ਦੇਵ ਨਿਰਦੇਸ਼ਿਤ ਫ਼ਿਲਮ ‘ਡੇਰਾ ਆਸ਼ਿਕਾਂ ਦਾ’ (1979) ’ਚ ਉਸਨੇ ‘ਖ਼ਿਆਲੀ ਰਾਮ’ ਦਾ ਚਰਿੱਤਰ ਕਿਰਦਾਰ ਅਦਾ ਕੀਤਾ। ਨਾਨਕ ਮੂਵੀਜ਼, ਅੰਮ੍ਰਿਤਸਰ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਂਝਾ ਇਕ ਤੇ ਹੀਰਾਂ ਦੋ’ (1979) ’ਚ ਉਸਨੇ ਇਕ ਵਾਰ ਫਿਰ ਸਿੱਖੀ ਸਰੂਪ ਵਿਚ ‘ਨਿਹਾਲ ਸਿੰਘ’ ਦਾ ਪਾਰਟ ਅਦਾ ਕੀਤਾ। ਪਰਨੀਤ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸਰਦਾਰ-ਏ-ਆਜ਼ਮ’ (1979) ’ਚ ਉਸਨੇ ਦੇਸ਼ ਭਗਤ ‘ਲਾਲਾ ਹਰਦਿਆਲ’ ਦਾ ਕਿਰਦਾਰ ਨਿਭਾਇਆ। ਸਚਦੇਵਾ ਫ਼ਿਲਮਜ਼, ਬੰਬੇ ਦੀ ਪ੍ਰਤਾਪ ਸਾਗਰ ਨਿਰਦੇਸ਼ਿਤ ਫ਼ਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ’ (1979) ’ਚ ਮੁੜ ਸੰਤ ਦਾ ਪਾਤਰ ਅਦਾ ਕੀਤਾ।
ਗਰੇਵਾਲ ਮੂਵੀਜ਼, ਲੁਧਿਆਣਾ ਦੀ ਜਗਜੀਤ ਸਿੰਘ ਸਿੱਧੂ ਨਿਰਦੇਸ਼ਿਤ ਫ਼ਿਲਮ ‘ਰਾਂਝਣ ਮੇਰਾ ਯਾਰ’ (1984) ’ਚ ਉਸਨੇ ਕਾਲਜ ਦੇ ਪ੍ਰਿੰਸੀਪਲ ਦਾ ਰੋਲ ਕੀਤਾ। ਨਾਗੀ ਇੰਟਰਪ੍ਰਾਈਸਜ਼, ਬੰਬਈ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜਗ ਚਾਣਨ ਹੋਇਆ’ (1986) ’ਚ ਉਸਨੇ ਭਾਈ ਲਾਲੋ ਦਾ ਕਿਰਦਾਰ ਨਿਭਾਇਆ। ਵੇਖਿਆ ਜਾਵੇ ਤਾਂ ਪੰਜਾਬੀ ਫ਼ਿਲਮਾਂ ਵਿਚ ਸਿੰੰਘ ਦੇ ਜਿੰਨੇ ਹਲੀਮੀ ਤੇ ਅਦਬ ਭਰੇ ਕਿਰਦਾਰ ਮਨਮੋਹਨ ਕ੍ਰਿਸ਼ਨ ਨੇ ਨਿਭਾਏ ਸ਼ਾਇਦ ਹੀ ਕੋਈ ਹੋਰ ਨਿਭਾ ਸਕਿਆ ਹੋਵੇ। ਇਹ ਅਜ਼ੀਮ ਫ਼ਨਕਾਰ 3 ਨਵੰਬਰ 1990 ਨੂੰ 68 ਸਾਲ ਦੀ ਉਮਰ ਵਿਚ ਵਫ਼ਾਤ ਪਾ ਗਿਆ।
ਸੰਪਰਕ: 97805-09545

 


Comments Off on ਹਰਮਨਪਿਆਰਾ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.