ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

Posted On July - 6 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ਨਾਲ ਬੋਲਦੀ ਤੇ ਬਾਖ਼ੂਬੀ ਸਮਝ ਲੈਂਦੀ ਸੀ।
ਰਸ਼ੇਲ ਕੋਹੇਨ ਉਰਫ਼ ਰਮੋਲਾ ਦੇਵੀ ਦੀ ਪੈਦਾਇਸ਼ 5 ਜੁਲਾਈ 1917 ਨੂੰ ਬੰਬਈ ਦੇ ਯਹੂਦੀ ਪਰਿਵਾਰ ਵਿਚ ਹੋਈ ਸੀ। ਬੁਨਿਆਦੀ ਤੌਰ ’ਤੇ ਉਸਦਾ ਆਬਾਈ ਤਾਲੁਕ ਕਲਕੱਤੇ ਦੇ ਇਜ਼ਰਾਇਲੀ ਖ਼ਾਨਦਾਨ ਨਾਲ ਸੀ। ਰਮੋਲਾ ਦੇ ਪਿਤਾ ਹਾਇਮ ਕੋਹੇਨ ਸਕੂਲ ਅਧਿਆਪਕ ਸਨ। ਉਸਦਾ ਬਚਪਨ ਬੰਬਈ ’ਚ ਬੀਤਿਆ ਅਤੇ ਸਕੂਲੀ ਤਾਲੀਮ ਕਲਕੱਤੇ ’ਚ ਮੁਕੰਮਲ ਹੋਈ। ਉਹ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਕਲਕੱਤੇ ਵਿਚ ਆਪਣੀ ਛੋਟੀ ਭੈਣ ਅਤੇ ਅਦਾਕਾਰਾ ਰੂਪਲੇਖਾ (ਮਿਸ ਹੈਲਨ) ਨਾਲ ਥੀਏਟਰ ਵਿਚ ਕੰਮ ਕਰਦੀ ਸੀ। ਉਸ ਵੇਲੇ ਉਸਦੇ ਤਸੱਵਰ ’ਚ ਵੀ ਨਹੀਂ ਸੀ ਕਿ ਅੱਗੇ ਚੱਲ ਕੇ ਉਸਨੂੰ ਫ਼ਿਲਮੀ ਦੁਨੀਆਂ ਵਿਚ ਐਨੀ ਸ਼ੋਹਰਤ, ਦੌਲਤ ਅਤੇ ਮਕਬੂਲੀਅਤ ਮਿਲੇਗੀ।
ਰਮੋਲਾ ਦੀ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਫ਼ਿਲਮ ਕਾਰਪੋਰੇਸ਼ਨ ਆਫ ਇੰਡੀਆ, ਕਲਕੱਤਾ ਦੀ ਜੇ. ਪੀ. ਅਡਵਾਨੀ ਨਿਰਦੇਸ਼ਿਤ ‘ਦਿਲ ਹੀ ਤੋ ਹੈ’ ਉਰਫ਼ ‘ਔਲਾਦ’ (1939) ਤੋਂ ਹੋਈ ਸੀ। ਉਸਨੇ ‘ਸ਼ੀਲਾ’ ਦਾ ਅਤੇ ਅਦਾਕਾਰ ਰਾਜਿੰਦਰ ਸਿੰਘ ਨੇ ‘ਬੰਸੀ’ ਦਾ ਕਿਰਦਾਰ ਅਦਾ ਕੀਤਾ। ਭੀਸ਼ਮ ਚੈਟਰਜੀ ਦੇ ਸੰਗੀਤ ’ਚ ਕੇਦਾਰ ਸ਼ਰਮਾ ਦੇ ਲਿਖੇ 12 ਗੀਤਾਂ ’ਚੋਂ 3 ਗੀਤ ਰਮੋਲਾ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ। ਇਹ ਗੀਤ ਸਨ ‘ਬਾਂਸੁਰੀਆ ਬ੍ਰਿਜਰਾਜ ਤਿਹਾਰੀ ਮਨ ਕੋ ਲੁਭਾਏ’ (ਨਾਲ ਰਾਜਿੰਦਰ ਸਿੰਘ, ਸਿਦੇਸ਼ਵਰ) ਤੇ ਦੋ ਗੀਤ ਰਾਮ ਦੁਲਾਰੀ ਨਾਲ ‘ਕਾਮਨੀਯਾ ਕਜਨ ਕੀ ਤੋਰੀ ਕਾਯਾ’ ਤੇ ‘ਨਿਰਾਲੀ ਨਿਰਾਲੀ, ਪ੍ਰੀਤ ਕੀ ਰੀਤ ਨਿਰਾਲੀ’। ਦੂਜੀ ਫ਼ਿਲਮ ਵੀ ਇਸੇ ਬੈਨਰ ਦੀ ‘ਤੁਮਹਾਰੀ ਜੀਤ’ (1939) ਸੀ। ਫ਼ਿਲਮ ਕਾਰਪੋਰੇਸ਼ਨ ਆਫ ਇੰਡੀਆ ਦੀ ਐੱਸ. ਐੱਫ. ਹਸਨੈਨ ਨਿਰਦੇਸ਼ਿਤ ਫ਼ਿਲਮ ‘ਕੈਦੀ’ (1940) ’ਚ ਉਸਨੇ ਨੰਦਰੇਰਕਰ ਨਾਲ ਅਦਾਕਾਰਾ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 14 ਦਸੰਬਰ 1940 ਨੂੰ ਲਮਿੰਗਟਨ ਟਾਕੀਜ਼, ਬੰਬੇ ਵਿਖੇ ਰਿਲੀਜ਼ ਹੋਈ। ਫ਼ਿਲਮ ਵਿਚ ਆਪਣੀ ਬਿਹਤਰੀਨ ਅਦਾਕਾਰੀ ਸਦਕਾ ਰਮੋਲਾ ਫ਼ਿਲਮਸਾਜ਼ਾਂ ਅਤੇ ਹਿਦਾਇਤਕਾਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਸੀ।
ਜਿਸ ਫ਼ਿਲਮ ਨੇ ਉਸਨੂੰ ਸਫਲਤਾ ਪ੍ਰਦਾਨ ਕੀਤੀ ਉਹ ਸੀ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਫ਼ਿਲਮ ‘ਖ਼ਜ਼ਾਨਚੀ’ (1941)। ਫ਼ਿਲਮ ਵਿਚ ਰਮੋਲਾ ਨੇ ਦੁਰਗਾ ਮੋਟਾ ਦੀ ਧੀ ‘ਮਿਸ ਮਾਧੁਰੀ’ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਰੂਬਰੂ ਐੱਸ. ਡੀ. ਨਾਰੰਗ ‘ਮਿਸਟਰ ਕਮਲ’ ਦਾ ਕਿਰਦਾਰ ਨਿਭਾ ਰਿਹਾ ਸੀ। ਭਾਈ ਗ਼ੁਲਾਮ ਹੈਦਰ, ਅੰਮ੍ਰਿਤਸਰੀ ਦੀਆਂ ਪੰਜਾਬੀ ਲੋਕ ਧੁਨਾਂ ’ਚ ਰਚੇ ਤੇ ਵਲੀ ਸਾਹਿਬ ਦੇ ਲਿਖੇ ਖ਼ੂਬਸੂਰਤ ਗੀਤਾਂ ਨੇ ਇਤਿਹਾਸ ਸਿਰਜ ਦਿੱਤਾ ਸੀ। ਰਮੋਲਾ ਤੇ ਨਾਰੰਗ ’ਤੇ ਫ਼ਿਲਮਾਏ ਮਸ਼ਹੂਰ ਜ਼ਮਾਨਾ ਗੀਤ ‘ਸਾਵਨ ਕੇ ਨਜ਼ਾਰੇ ਹੈਂ ਹਾਹਾ…ਕਲੀਓਂ ਆਹੋਂ ਮੇਂ ਮਸਤਾਨਾ ਇਸ਼ਾਰੇ ਹੈਂ’, ‘ਲੌਟ ਗਈ ਪਾਪਨ ਅੰਧਿਆਰੀ’ (ਸ਼ਮਸ਼ਾਦ ਬੇਗ਼ਮ) ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ ਸਨ। ਇਹ ਫ਼ਿਲਮ 5 ਅਪਰੈਲ 1941 ਨੂੰ ਕ੍ਰਿਸ਼ਨਾ ਸਿਨਮਾ, ਬੰਬੇ ’ਚ ਨੁਮਾਇਸ਼ ਹੋਣ ਵਾਲੀ ਭਾਰਤ ਦੀ ਪਹਿਲੀ ਗੋਲਡਨ ਜੁਬਲੀ ਫ਼ਿਲਮ ਸੀ। ਇਸਦੀ ਕਾਮਯਾਬੀ ਤੋਂ ਬਾਅਦ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਮਹਿੰਗੀਆਂ ਹੀਰੋਇਨਾਂ ’ਚ ਸ਼ੁਮਾਰੀ ਗਈ, ਜਿਸਦੀ ਮਹੀਨਾ ਤਨਖਾਹ ਦਸ ਹਜ਼ਾਰ ਰੁਪਏ ਸੀ।

ਮਨਦੀਪ ਸਿੰਘ ਸਿੱਧੂ

ਉਸਦੀ ਪਹਿਲੀ ਪੰਜਾਬੀ ਫ਼ਿਲਮ ਤਲਵਾਰ ਪ੍ਰੋਡਕਸ਼ਨ, ਕਲਕੱਤਾ ਦੀ ‘ਪਰਦੇਸੀ ਢੋਲਾ’ (1941) ਸੀ। ਇਸ ਫ਼ਿਲਮ ਵਿਚ ਉਸਨੇ ‘ਪਗਲੀ’ ਦਾ ਕਿਰਦਾਰ ਅਦਾ ਕੀਤਾ। 15 ਗੀਤਾਂ ਵਾਲੀ ਇਸ ਫ਼ਿਲਮ ਦੀ ਦਿਲਕਸ਼ ਮੌਸੀਕੀ ਜੀ. ਏ. ਚਿਸ਼ਤੀ ਨੇ ਮੁਰੱਤਿਬ ਕੀਤੀ। ਨਗ਼ਮਾਨਿਗ਼ਾਰ ਵਲੀ ਸਾਹਿਬ, ਏ. ਐੱਸ. ਗਿਆਨੀ ਤੇ ਹਿੰਮਤ ਰਾਏ ਸ਼ਰਮਾ ਦੇ ਲਿਖੇ ਤੇ ਰਮੋਲਾ ’ਤੇ ਫ਼ਿਲਮਾਏ ‘ਚੱਲ ਜਿੰਦੜੀਏ ਉਸ ਨਗਰੀ ਵੱਲ’, ‘ਆ ਪਰਦੇਸੀ ਢੋਲਾ’, ‘ਬਰਖਾ ਦੀ ਰਾਣੀ ਆਈ’, ‘ਏਥੇ ਬੈਠੇ ਕਿਸੇ ਨਈ ਰਹਿਣਾ’, ‘ਇਹ ਰੋਕਿਆਂ ਮੂਲ ਨਾ ਰੁੱਕਦੇ’, ‘ਓ ਪਰਦੇਸੀ ਢੋਲਾ ਤੂੰ ਤੇ ਸਿਪਾਹੀ ਵੇ’ (ਰਮੋਲਾ), ‘ਮੈਨੂੰ ਤਾਂ ਦੇਰ ਹੋ ਗਈ ਮੈਂ ਜਾਵਾਂ’, ‘ਆ ਪੀਂਘ ਵਧਾ ਲਈਏ’, ‘ਮੈਂ ਕਿਸ ਲਈ ਔਸੀਆਂ ਪਾਉਨੀ ਆਂ’ (ਰਮੋਲਾ, ਏ. ਐੱਸ. ਗਿਆਨੀ) ਆਦਿ ਗੀਤਾਂ ਤੋਂ ਇਲਾਵਾ ਰਮੋਲਾ ਦੀ ਗਾਈ ਤੇ ਉਸੇ ’ਤੇ ਫ਼ਿਲਮਾਈ ਲੋਰੀ ‘ਮਿੱਠੜੇ ਗੀਤ ਸੁਨਾਵਾਂ ਮੈਂ ਆਪਣੇ ਲਾਲ ਨੂੰ, ਲੋਰੀਆਂ ਦੇਵਾਂ ਗਾਵਾਂ ਮੈਂ ਆਪਣੇ ਲਾਲ ਨੂੰ’ ਵੀ ਬੇਹੱਦ ਪਸੰਦ ਕੀਤੀ ਗਈ। ਇਹ ਸੁਪਰਹਿੱਟ ਫ਼ਿਲਮ 24 ਜੁਲਾਈ 1941 ਨੂੰ ਵਲਿੰਗਟਨ ਸਿਨਮਾ ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ। ਰੂਪਬਾਨੀ ਫ਼ਿਲਮਜ਼, ਬੰਬੇ ਦੀ ‘ਮੁਟਿਆਰ’ (1950) ਉਸਦੀ ਦੂਜੀ ਤੇ ਆਖ਼ਰੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ’ਚ ਉਸਦੇ ਸਨਮੁੱਖ ਅਦਾਕਾਰ ਅਮਰਨਾਥ ਸਨ ਜਦੋਂਕਿ ਤੀਸਰੀ ਹੀਰੋਇਨ ਵਜੋਂ ਸ਼ਿਆਮਾ ਮੌਜੂਦ ਸੀ। ਕਹਾਣੀ ਅਤੇ ਮੁਕਾਲਮੇ ਪੀ. ਐੱਨ. ਰੰਗੀਨ ਅਤੇ ਗੀਤ ਅਜ਼ੀਜ਼ ਕਸ਼ਮੀਰੀ, ਨਾਜ਼ਿਮ ਪਾਣੀਪਤੀ, ਸਰਸ਼ਾਰ ਸੈਲਾਨੀ, ਸ਼ਾਮ ਲਾਲ ਸ਼ਮਸ਼ ਤੇ ਰੰਗੀਨ ਨੇ ਤਹਿਰੀਰ ਕੀਤੇ। ਵਿਨੋਦ ਦੇ ਦਿਲਕਸ਼ ਸੰਗੀਤ ’ਚ ਰਮੋਲਾ-ਅਮਰਨਾਥ ਤੇ ਸ਼ਿਆਮਾ ’ਤੇ ਫ਼ਿਲਮਾਏ ‘ਅੱਖੀਆਂ ਵਿਚ ਅੱਖੀਆਂ ਪਾ ਕੇ ਤਸਵੀਰ ਬਣਾ ਗਿਆ ਕੋਈ’ (ਸੁਰਿੰਦਰ ਕੌਰ), ‘ਓ ਮੇਰੇ ਦਿਲ ਦੀਆਂ ਰਮਜ਼ਾ ਜਾਣਦਾ ਨੀ ਓ ਮੇਰਾ ਮਾਹੀ ਮੇਰੇ ਹਾਣ ਦਾ ਨੀ’ (ਸੁਰਿੰਦਰ ਕੌਰ, ਆਸ਼ਾ ਭੋਸਲੇ), ‘ਆ ਚੰਨ ਵੇ ਬੱਦਲੀ ਦੇ ਪਿੱਛੋਂ ਚੋਰੀ ਝਾਤੀਆਂ ਨਾ ਪਾ’ (ਸੁਰਿੰਦਰ ਕੌਰ, ਤਲਤ ਮਹਿਮੂਦ) ਆਦਿ ਗੀਤ ਬੜੇ ਮਕਬੂਲ ਹੋਏ। ਇਹ ਫ਼ਿਲਮ 25 ਨਵੰਬਰ 1950 ਨੂੰ, ਬੰਬਈ ਤੇ 12 ਜਨਵਰੀ 1951 ਨੂੰ ਕ੍ਰਿਸ਼ਨਾ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਉਸਨੇ ਫ਼ਜ਼ਲੀ ਬ੍ਰਦਰਜ਼, ਕਲਕੱਤਾ ਦੀ ਐੱਸ. ਐੱਫ਼ ਹਸਨੈਨ ਨਿਰਦੇਸ਼ਿਤ ਫ਼ਿਲਮ ‘ਮਾਸੂਮ’ (1941) ’ਚ ਅਮਜ਼ਦ ਅਲੀ ਨਾਲ ਹੀਰੋਇਨ ਦਾ ਕਿਰਦਾਰ ਅਦਾ ਕੀਤਾ। ਤਲਵਾਰ ਪ੍ਰੋਡਕਸ਼ਨ, ਬੰਬਈ ਦੀ ਫ਼ਿਲਮ ‘ਖ਼ਾਮੋਸ਼ੀ’ (1942) ਵਿਚ ਸਿਆਲਕੋਟੀਏ ਗੱਭਰੂ ਸ਼ਿਆਮ ਨਾਲ ਅਦਾਕਾਰਾ ਦਾ ਪਾਰਟ ਨਿਭਾਇਆ। ਜੀ. ਏ. ਚਿਸ਼ਤੀ ਦੀ ਮੁਰੱਤਿਬ ਮੌਸੀਕੀ ’ਚ ਹਿੰਮਤ ਰਾਏ ਦੇ ਲਿਖੇ 11 ਗੀਤਾਂ ’ਚੋਂ 4 ਗੀਤ ਰਮੋਲਾ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ। ‘ਚਾਂਦਨੀ ਹੈ ਮੌਸਮ-ਏ-ਬਰਸਾਤ ਹੈ’ (ਨਾਲ ਸੁੰਦਰ ਸਿੰਘ), ‘ਸਰਮਸਤ ਫ਼ਿਜ਼ਾਏਂ ਹੈਂ’ (ਨਾਲ ਸੁੰਦਰ ਸਿੰਘ, ਰਾਮ ਦੁਲਾਰੀ) ਤੇ 2 ਗੀਤ ਰਾਮਦੁਲਾਰੀ ਨਾਲ ਗਾਏ ‘ਜਬ ਸੇ ਨੈਨ ਪਿਯਾ ਸੰਗ ਲਾਗੇ’ ਤੇ ‘ਜਾਨਾ ਜਾਨਾ ਨਨਦੀਯਾ’। ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੀ ਆਰ. ਸੀ. ਤਲਵਾਰ ਨਿਰਦੇਸ਼ਿਤ ਫ਼ਿਲਮ ‘ਮਨਚਲੀ’ (1943) ’ਚ ਉਸਨੇ ਜਯੋਤੀ ਪ੍ਰਕਾਸ਼ ਦੇ ਸਨਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਇਆ। ਜੀ. ਏ. ਚਿਸ਼ਤੀ ਦੇ ਸੰਗੀਤ ’ਚ ਜੀ. ਏ. ਚਿਸ਼ਤੀ ਤੇ ਕਸ਼ਯਪ ਦੇ ਲਿਖੇ 10 ਗੀਤਾਂ ’ਚੋਂ 6 ਗੀਤ ਰਮੋਲਾ ਨੇ ਗਾਏ ਤੇ ਉਸੇ ਉੱਪਰ ਫ਼ਿਲਮਾਏ ਗਏ। ਓਰੀਐਂਟਲ ਪਿਕਚਰਜ਼, ਬੰਬਈ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਕਲੀਆਂ’ (1944) ’ਚ ਰਮੋਲਾ ਨੇ ਮੋਤੀ ਲਾਲ ਨਾਲ ਅਦਾਕਾਰੀ ਕੀਤੀ। ਜੀ. ਏ. ਚਿਸ਼ਤੀ ਦੇ ਸੰਗੀਤ ’ਚ ਕੇਦਾਰ ਸ਼ਰਮਾ ਦੇ ਲਿਖੇ ਤੇ ਰਮੋਲਾ ਤੇ ਮੋਤੀ ਲਾਲ ’ਤੇ ਫ਼ਿਲਮਾਇਆ ਰੁਮਾਨੀ ਗੀਤ ‘ਸਾਜਨ ਪਾਸ ਬੁਲਾ ਲੋ’ (ਲੀਲਾ ਸਾਂਵਤ, ਬੀ. ਭਾਟਕਰ) ਵੀ ਪਸੰਦ ਕੀਤਾ ਗਿਆ। ਤਲਵਾਰ ਪ੍ਰੋਡਕਸ਼ਨਜ਼, ਬੰਬਈ ਦੀ ਹਰਨਾਮ ਸਿੰਘ ਰਵੇਲ ਨਿਰਦੇਸ਼ਿਤ ‘ਸ਼ੁਕਰੀਯਾ’ (1944) ’ਚ ਉਸਨੇ ਮਜ਼ਾਹੀਆ ਅਦਾਕਾਰ ਸੁੰਦਰ ਸਿੰਘ ਨਾਲ ਅਦਾਕਾਰੀ ਕੀਤੀ। ਜੀ. ਏ. ਚਿਸ਼ਤੀ ਦੀਆਂ ਤਰਜ਼ਾਂ ’ਚ ਚਿਸ਼ਤੀ ਤੇ ਸਰੂਪ ਦੇ ਲਿਖੇ 9 ਗੀਤਾਂ ’ਚੋਂ ਰਮੋਲਾ ਤੇ ਸੁੰਦਰ ਸਿੰਘ ’ਤੇ ਫ਼ਿਲਮਾਇਆ ਇਕ ਰੁਮਾਨੀ ਗੀਤ ‘ਹਮਾਰੀ ਗਲੀ ਆਨਾ ਅੱਛਾ ਜੀ’ (ਜ਼ੀਨਤ ਬੇਗ਼ਮ, ਅਮਰ) ਵੀ ਬਹੁਤ ਚੱਲਿਆ। ਜੇਯੰਤ ਦੇਸਾਈ ਪ੍ਰੋਡਕਸ਼ਨਜ਼, ਬੰਬਈ ਦੀ ਜਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਲਲਕਾਰ’ (1944) ’ਚ ਉਸਦੇ ਹੀਰੋ ਸਨ ਈਸ਼ਵਰ ਲਾਲ। ਭਾਰਤ ਲੱਛਮੀ ਪਿਕਚਰਜ਼, ਕਲਕੱਤਾ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫ਼ਿਲਮ ‘ਜ਼ਿੱਦ’ (1945) ’ਚ ਰਮੋਲਾ ਤੇ ਸੁੰਦਰ ਸਿੰਘ ਦੀ ਜੋੜੀ ਇਕ ਵਾਰ ਫਿਰ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਜੀ. ਏ. ਚਿਸ਼ਤੀ ਦੀ ਤਰਤੀਬ ਮੌਸੀਕੀ ’ਚ ਸ਼ਾਂਤੀ ਸਵਰੂਪ ਅਤੇ ਚਿਸ਼ਤੀ ਦੇ ਲਿਖੇ ਰਮੋਲਾ ’ਤੇ ਫ਼ਿਲਮਾਏ ਗੀਤ ‘ਮੁੱਦਤ ਕੇ ਬਾਦ ਨਜ਼ਰ ਆਏ ਹੋ ਕੈਸੇ ਮਿਜ਼ਾਜ ਹੈਂ’ (ਸੁੰਦਰ ਸਿੰਘ), ‘ਆਤੇ ਨਹੀਂ ਹੈ ਵੋ ਨਹੀਂ’ (ਰਾਧਾ ਰਾਣੀ) ਆਦਿ ਬੜੇ ਮਸ਼ਹੂਰ ਹੋਏ। ਤਲਵਾਰ ਪ੍ਰੋਡਕਸ਼ਨਜ਼ ਦੀ ਹੀ ਫ਼ਿਲਮ ‘ਅਲਬੇਲੀ’ (1945) ’ਚ ਰਮੋਲਾ ਦੇ ਹੀਰੋ ਸਤੀਸ਼ ਛਾਬੜਾ ਸਨ। ਜੀ. ਏ. ਚਿਸ਼ਤੀ ਦੇ ਸੰਗੀਤ ’ਚ ਰਮੋਲਾ ’ਤੇ ਫ਼ਿਲਮਾਏ ਗੀਤ ‘ਨਹੀਂ ਹੈ ਕੋਈ ਸੁਨਨੇ ਵਾਲਾ’ ਤੇ ‘ਬੇਕਸੋਂ ਕੀ ਬੇਕਸੀ ਕੋ ਦੇਖਤਾ ਕੋਈ ਨਹੀਂ’ (ਮੁਨੱਵਰ ਸੁਲਤਾਨਾ) ਆਦਿ ਸੰਗੀਤ-ਮੱਦਾਹਾਂ ਵੱਲੋਂ ਪਸੰਦ ਕੀਤੇ ਗਏ। ਇਹ ਫ਼ਿਲਮ ਸੈਂਟਰਲ, ਬੰਬਈ ਵਿਖੇ 22 ਦਸੰਬਰ 1945 ਨੂੰ ਪਰਦਾਪੇਸ਼ ਹੋਈ। ਰਾਵਲ ਪ੍ਰੋਡਕਸ਼ਨਜ਼, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫ਼ਿਲਮ ‘ਝੂਠੀ ਕਸਮੇਂ’ (1948) ’ਚ ਰਮੋਲਾ ਨੇ ਰਾਬਿਨ ਮਜੂਮਦਾਰ ਨਾਲ ਅਦਾਕਾਰਾ ਦਾ ਰੋਲ ਕੀਤਾ। ਮਾਯਾ ਆਰਟ ਪਿਕਚਰਜ਼, ਬੰਬਈ ਦੀ ‘ਹਮ ਭੀ ਇਨਸਾਨ ਹੈਂ’ (1948) ’ਚ ਉਸਨੇ ਦੇਵ ਆਨੰਦ ਦੇ ਸਨਮੁੱਖ ‘ਲੱਛੀਯਾ’ ਨਾਮੀ ਪਾਤਰ ਅਦਾ ਕੀਤਾ। ਸੋਲਰ ਪਿਕਚਰਜ਼, ਬੰਬਈ ਦੀ ‘ਦੋ ਬਾਤੇਂ’ (1949) ਰਮੋਲਾ ਤੇ ਐੱਸ. ਡੀ. ਨਾਰੰਗ ਦੀ ਅਦਾਕਾਰੀ ਵਾਲੀ ਦੂਜੀ ਫ਼ਿਲਮ ਸੀ। ਉਸਨੇ ਹਿੰਦੋਸਤਾਨ ਪਿਕਚਰਜ਼, ਬੰਬਈ ਦੀ ‘ਸਾਵਨ ਆਇਆ ਰੇ’ ਤੇ ‘ਰਿਮਝਿਮ’ (1949) ਕਿਸ਼ੋਰ ਸ਼ਾਹੂ ਨਾਲ ਕੀਤੀ ਅਤੇ ਖੇਮਚੰਦ ਪ੍ਰਕਾਸ਼ ਦੇ ਸੰਗੀਤ ’ਚ ਰਮੋਲਾ ਦਾ ਮੁਹੰਮਦ ਰਫ਼ੀ ਨਾਲ ਗਾਇਆ ਗੀਤ ‘ਹਵਾ ਤੂੰ ਉਨਸੇ ਜਾਕਰ ਕਹਿ ਦੇ’ ਵੀ ਖ਼ੂਬਸੂਰਤ ਸੀ।
ਉਸਨੇ ਵਤਨ ਪਿਕਚਰਜ਼, ਬੰਬਈ ਦੀ ‘ਬਸੇਰਾ’ (1950) ਹੀਰਾ ਲਾਲ ਨਾਲ ਅਤੇ ਨਿਊ ਲਾਈਟ ਫ਼ਿਲਮਜ਼, ਬੰਬਈ ਦੀ ‘ਮਾਂਗ’ (1950) ਅਦਾਕਾਰ ਵਾਸਤੀ ਨਾਲ ਕੀਤੀ। ਗ਼ੁਲਾਮ ਮੁਹੰਮਦ ਦੇ ਸੰਗੀਤ ’ਚ ਰਮੋਲਾ-ਵਾਸਤੀ ’ਤੇ ਫ਼ਿਲਮਾਇਆ ਰੁਮਾਨੀ ਗੀਤ ‘ਆਓ ਬੈਠੋ ਬਾਤ ਸੁਨੋ’ (ਜੀ. ਐੱਮ. ਦੁਰਾਨੀ, ਲਤਾ ਮੰਗੇਸ਼ਕਰ) ਵੀ ਬੜਾ ਹਿੱਟ ਹੋਇਆ। ਸਰੋਸ਼ ਪਿਕਚਰਜ਼, ਬੰਬਈ ਦੀ ਫ਼ਿਲਮ ‘ਐਕਟਰ’ (1951) ਭਗਵਾਨ ਦਾਦਾ ਨਾਲ ਅਤੇ ਅਗਰਵਾਲ ਬ੍ਰਦਰਜ਼, ਬੰਬਈ ਦੀ ਫ਼ਿਲਮ ‘ਜਵਾਨੀ ਕੀ ਆਗ’ (1951) ਰਾਬਿਨ ਮਜੂਮਦਾਰ ਨਾਲ ਕਰਨ ਤੋਂ ਬਾਅਦ ਜੀਵਨ ਪਿਕਚਰਜ਼, ਬੰਬਈ ਦੀ ‘ਸਟੇਜ’ (1951) ਦੇਵ ਆਨੰਦ ਨਾਲੀ ਆਈ ਰਮੋਲਾ ਦੀ ਆਖ਼ਰੀ ਫ਼ਿਲਮ ਸੀ। ਰਮੋਲਾ ਨੇ ਦੋ ਬੰਗਾਲੀ ਫ਼ਿਲਮਾਂ ‘ਗਰਾਹਰ ਫੇਰ’ (1937) ਅਤੇ ‘ਜਿਪਸੀ ਮੇਯ’ (1950) ਵਿਚ ਵੀ ਅਦਾਕਾਰੀ ਕੀਤੀ ਸੀ।
1950ਵੇਂ ਦਹਾਕੇ ’ਚ ਉਹ ਆਪਣੇ ਪਹਿਲੇ ਪਤੀ ਅਤੇ ਪੁੱਤਰ ਸੈਮ ਨਾਲ ਪੱਕੇ ਤੌਰ ’ਤੇ ਇਜ਼ਰਾਇਲ ਦੇ ਰੇਗਿਸਤਾਨੀ ਸ਼ਹਿਰ ਏਲਾਟ ਜਾ ਵੱਸੀ। ਪਹਿਲੇ ਪਤੀ ’ਚੋਂ ਇਕ ਪੁੱਤਰ ਸੈਮ ਦਾ ਵਿਆਹ 1959 ’ਚ ਬਾਰਬਰਾ ਨਾਲ ਹੋਇਆ। ਉਸਨੇ ਦੂਜਾ ਵਿਆਹ ਬ੍ਰਿਟਿਸ਼ ਏਅਰ ਫੋਰਸ ਦੇ ਕੈਪਟਨ ਨਾਲ ਕਰਵਾ ਲਿਆ ਸੀ, ਜਿਸ ਦੀਆਂ ਦੋ ਧੀਆਂ ਦੀਨਾ ਤੇ ਲਿੰਡਾ ਸਨ। ਦੀਨਾ ਨੇ ਬਤੌਰ ਅਦਾਕਾਰਾ ਸਿਰਫ਼ ਇਕੋ ਹਿੰਦੀ ਫ਼ਿਲਮ ‘ਅਹਿਸਾਸ’ (1979) ’ਚ ਅਦਾਕਾਰੀ ਕਰਕੇ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਮਕਬੂਲ ਅਦਾਕਾਰਾ ਰਮੋਲਾ 10 ਦਸੰਬਰ 1988 ਨੂੰ 71 ਸਾਲਾਂ ਦੀ ਉਮਰ ਵਿਚ ਵਫ਼ਾਤ ਪਾ ਗਈ।

ਸੰਪਰਕ: 97805-09545


Comments Off on ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.