ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

Posted On July - 8 - 2019

ਲਕਸ਼ਮੀਕਾਂਤਾ ਚਾਵਲਾ

ਕਹਾਵਤ ਹੈ ਕਿ ਬੁਰਾਈ ਨੂੰ ਸ਼ੁਰੂਆਤ ਵਿਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਅਜੋਕੇ ਸਮੇਂ ਦਾ ਸੱਚ ਇਹ ਹੈ ਕਿ ਰੋਗ ਹੋਵੇ ਜਾਂ ਬੁਰਾਈ ਪਹਿਲਾਂ ਉਸ ਨੂੰ ਖ਼ੂਬ ਫੈਲਣ ਦਿੱਤਾ ਜਾਂਦਾ ਹੈ ਅਤੇ ਜਦੋਂ ਹਾਲਤ ਭਿਆਨਕ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ਦੀ ਚਰਚਾ ਸੱਤਾ ਦੇ ਸਿਖਰ ਤੋਂ ਸ਼ੁਰੂ ਹੁੰਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਇਸ ਦਾ ਨਤੀਜਾ ਸਿਫ਼ਰ ਹੀ ਹੁੰਦਾ ਹੈ। ਅੱਜ ਉਸ ਬੁਰਾਈ ਦੀ ਗੱਲ ਕਰ ਰਹੀ ਹਾਂ ਜੋ ਸਿਆਸਤ ਦੇ ਖੇਤਰ ਵਿਚ ਤੇਜ਼ੀ ਨਾਲ ਫੈਲ ਰਹੀ ਹੈ। 21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਕਦੇ-ਕਦਾਈਂ ਇਹ ਖ਼ਬਰ ਮਿਲਦੀ ਸੀ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ’ਤੇ ਕਾਬਜ਼ ਹੋਏ ਲੋਕ ਸੱਤਾ ਦੇ ਨਸ਼ੇ ਵਿਚ ਏਨੇ ਅਸੰਤੁਲਿਤ ਹੋ ਗਏ ਕਿ ਉਹ ਉਚਿਤ-ਅਣਉਚਿਤ, ਇਨਸਾਫ਼-ਬੇਇਨਸਾਫ਼ੀ ਵਿਚ ਫ਼ਰਕ ਕਰਨਾ ਭੁੱਲ ਗਏ। 2009-10 ਵਿਚ ਅੰਮ੍ਰਿਤਸਰ ਵਿਚ ਇਕ ਦੁਖਦਾਈ ਕਾਂਡ ਵਾਪਰਿਆ ਸੀ। ਉਦੋਂ ਇਕ ਵਿਧਾਇਕ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਰੇਆਮ ਬੇਇੱਜ਼ਤ ਕੀਤਾ ਸੀ। ਸਥਾਨਕ ਟੀਵੀ ਚੈਨਲਾਂ ਉੱਤੇ ਉਸ ਲਈ ਭੱਦੀ ਸ਼ਬਦਾਵਲੀ ਵਰਤੀ ਅਤੇ ਆਪਣੇ ਹਮਾਇਤੀਆਂ ਨੂੰ ਟਰੱਕਾਂ, ਗੱਡੀਆਂ ਵਿਚ ਭਰ ਕੇ ਪੂਰੇ ਸ਼ਹਿਰ ਵਿਚ ਉਸ ਅਧਿਕਾਰੀ ਬਾਰੇ ਅਪਮਾਨਜਨਕ ਸ਼ਬਦ ਵਰਤਦਾ ਰਿਹਾ। ਬੇਹੱਦ ਦੁੱਖ ਦੀ ਗੱਲ ਹੈ ਕਿ ਉਦੋਂ ਕਿਸੇ ਨੇ ਵੀ ਉਸ ਵਿਧਾਇਕ ਨੂੰ ਕਾਬੂ ਨਹੀਂ ਕੀਤਾ ਸਗੋਂ ਉਸ ਦੇ ਉਚਿਤ-ਅਣਉਚਿਤ ਸ਼ਬਦਾਂ ਅਤੇ ਕਾਰਨਾਮਿਆਂ ਦਾ ਬੋਝ ਇਕ ਲਾਇਕ ਅਧਿਕਾਰੀ ਨੂੰ ਚੁੱਕਣਾ ਪਿਆ। ਹੁਣ ਤਾਂ ਇਹ ਹਰ ਰੋਜ਼ ਦੀ ਗੱਲ ਹੋ ਗਈ ਹੈ। 20ਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਨਗਰ ਨਿਗਮ ਦੇ ਦੋ-ਚਾਰ ਮੈਂਬਰਾਂ ਵੱਲੋਂ ਕਿਸੇ ਬਿਜਲੀ ਕਰਮਚਾਰੀ ਦੀ ਕੁੱਟ-ਮਾਰ ਕਰਨ, ਕਦੇ ਸਫ਼ਾਈ ਕਰਮੀਆਂ ਨੂੰ ਅਪਮਾਨਿਤ ਕਰਨ ਅਤੇ ਗ਼ੈਰਕਾਨੂੰਨੀ ਉਸਾਰੀ ਕਰਵਾਉਣ ਦੀ ਚਰਚਾ ਰਹਿੰਦੀ ਸੀ। ਨੇਤਾਵਾਂ ਦੇ ਦਬਾਅ ਕਾਰਨ ਪੁਲੀਸ ਅਤੇ ਪ੍ਰਸ਼ਾਸਕੀ ਅਧਿਕਾਰੀ ਵੀ ਅਨੇਕਾਂ ਵਾਰ ਉਹ ਸਭ ਕਰਦੇ ਸਨ ਜੋ ਕਿਸੇ ਵੀ ਪੱਖ ਤੋਂ ਉਚਿਤ ਨਹੀਂ, ਪਰ ਹੁਣ ਤਾਂ ਅਤਿ ਹੋ ਗਈ। ਪਿਛਲੇ ਦੋ ਹਫ਼ਤਿਆਂ ਵਿਚ ਮਹਾਂਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਅਤੇ ਆਂਧਰਾ ਪ੍ਰਦੇਸ਼ ਜਿਹੇ ਸੂਬਿਆਂ ਵਿਚੋਂ ਸੱਤਾ ਦੇ ਨਸ਼ੇ ’ਚ ਚੂਰ ਨੇਤਾਵਾਂ ਦੁਆਰਾ ਜੋ ਕੁਝ ਕੀਤਾ ਗਿਆ ਉਸ ਕਾਰਨ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਆਖਦਿਆਂ ਵੀ ਸ਼ਰਮ ਆਉਂਦੀ ਹੈ ਅਤੇ ਉਨ੍ਹਾਂ ਚਾਪਲੂਸਾਂ ਦੀ ਭ੍ਰਿਸ਼ਟ ਬੁੱਧੀ ਉੱਤੇ ਦੁੱਖ ਤੇ ਹੈਰਾਨੀ ਹੁੰਦੀ ਹੈ ਜੋ ਆਪਣੇ ਵਿਧਾਇਕ ਨੂੰ ਮੂਲੋਂ ਗ਼ੈਰਕਾਨੂੰਨੀ ਕੰਮ ਕਰਦਿਆਂ ਵੇਖਦੇ ਹਨ ਅਤੇ ਫਿਰ ਵੀ ਉਸ ਦੇ ਗੁਣਗਾਨ ਕਰਦਿਆਂ ਉਸ ਦੇ ਸੁਆਗਤ ਲਈ ਤਿਆਰ ਰਹਿੰਦੇ ਹਨ, ਫੁੱਲ ਵਰ੍ਹਾਉਂਦੇ ਹਨ। ਇਕ ਮਾਂ ਨੇ ਤਾਂ ਆਪਣੇ ਇਸ ਮਾਣਯੋਗ ਪੁੱਤ ਦੀ ਆਰਤੀ ਇਉਂ ਉਤਾਰੀ ਜਿਵੇਂ ਉਹ ਫ਼ੌਜ ਵਿਚ ਬਹਾਦਰੀ ਦਿਖਾਉਂਦਿਆਂ ਪਰਮਵੀਰ ਬਣ ਕੇ ਘਰ ਪਰਤਿਆ ਹੋਵੇ।
ਭਾਰਤ ਸਮੇਤ ਪੂਰੀ ਦੁਨੀਆਂ ਨੇ ਵੇਖਿਆ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਸੰਸਦ ਮੈਂਬਰ ਜਾਂ ਵਿਧਾਇਕ ਨਹੀਂ ਸਗੋਂ ਇਕ ਨਿਗਮ ਮੈਂਬਰ ਦੇ ਭਰਾ ਨੇ ਸਾਥੀਆਂ ਨਾਲ ਮਿਲ ਕੇ ਇਕ ਪਰਿਵਾਰ ਦੀ ਮਾਰ-ਕੁੱਟ ਕੀਤੀ, ਨਿਰਦਯਤਾ ਨਾਲ ਔਰਤਾਂ ਨੂੰ ਝੰਬਿਆ। ਜਦੋਂ ਲੋਕ ਰੋਹ ਵਧਿਆ ਤਾਂ ਮੈਂਬਰ ਸਮੇਤ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। ਇਹ ਚੰਗੀ ਉਦਾਹਰਣ ਸੀ। ਟੀਆਰਐੱਸ ਪਾਰਟੀ ਦੇ ਸੱਤਾਧਾਰੀ ਧਿਰ ਨਾਲ ਸਬੰਧਿਤ ਵਿਧਾਇਕ ਨੇ ਤਾਂ ਜੰਗਲਾਤ ਵਿਭਾਗ ਦੀ ਅਧਿਕਾਰੀ ਨੂੰ ਆਪਣੇ ਸਾਥੀਆਂ ਸਮੇਤ ਲਾਠੀਆਂ ਨਾਲ ਕੁੱਟਿਆ ਤੇ ਕੋਈ ਉਸ ਨੂੰ ਬਚਾ ਨਹੀਂ ਸਕਿਆ। ਜ਼ਖ਼ਮੀ ਹੋਈ ਇਹ ਮਹਿਲਾ ਅਧਿਕਾਰੀ ਸੁਨੀਤਾ ਹਸਪਤਾਲ ਵਿਚ ਪਹੁੰਚੀ ਅਤੇ ਆਪਣੀ ਕਹਾਣੀ ਦੱਸੀ। ਲੁਧਿਆਣਾ ਵਿਚ ਵੀ ਇਕ ਮਹਿਲਾ ਕਰਮਚਾਰੀ ਦੀ ਇਉਂ ਮਾਰ-ਕੁੱਟ ਹੋਈ। ਇੰਦੌਰ ਵਿਚ ਉੱਥੋਂ ਦੇ ਵਿਧਾਇਕ ਨੇ ਤਾਂ ਕ੍ਰਿਕਟ ਦੇ ਬੱਲੇ ਨਾਲ ਹੀ ਨਗਰ ਨਿਗਮ ਅਧਿਕਾਰੀ ਨੂੰ ਕੁੱਟਿਆ। ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੇ ਚੰਗਾ ਕਦਮ ਚੁੱਕਦਿਆਂ ਉਨ੍ਹਾਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਜੋ ਆਪਣੇ ਅਧਿਕਾਰੀ ਦੀ ਕੁੱਟ-ਮਾਰ ਹੁੰਦਿਆਂ ਵੇਖਦੇ ਰਹੇ ਅਤੇ ਉਸ ਨੂੰ ਬਚਾ ਨਹੀਂ ਸਕੇ। ਮੀਡੀਆ ਦਾ ਧੰਨਵਾਦ ਜਿਸ ਦੇ ਪ੍ਰਭਾਵ ਨਾਲ ਇੰਦੌਰ ਪੁਲੀਸ ਨੇ ਇਸ ਵਿਧਾਇਕ ਵਿਰੁੱਧ ਕੇਸ ਦਰਜ ਕਰਕੇ ਜੇਲ੍ਹ ਭੇਜਿਆ। ਮੁੰਬਈ ਵਿਚ ਤਾਂ ਇਕ ਵਿਧਾਇਕ ਨੇ ਅਤਿ ਕਰ ਦਿੱਤੀ ਜਿਸ ਨੇ ਇੰਜੀਨੀਅਰ ਨੂੰ ਚਿੱਕੜ ਨਾਲ ਪੂਰੀ ਤਰ੍ਹਾਂ ਲਿਬੇੜ ਦਿੱਤਾ। ਇਸ ਦੀ ਨਿੰਦਿਆ ਕਰੀਏ ਜਾਂ ਰਾਜਸਥਾਨ ਦੇ ਕੋਟਾ ਦੇ ਇਕ ਸਾਬਾਕ ਵਿਧਾਇਕ ਦੀ ਕਰਤੂਤ ਦੀ ਚਰਚਾ ਕਰੀਏ ਜਿਸ ਨੇ ਦੋ ਜਵਾਨ ਇੰਜੀਨੀਅਰਾਂ ਨੂੰ ਲੋਕਾਂ ਸਾਹਮਣੇ ਕੰਨ ਫੜ ਕੇ ਮੁਆਫ਼ੀ ਮੰਗਣ ਲਈ ਕਿਹਾ। ਉਨ੍ਹਾਂ ਨੇ ਮੁਆਫ਼ੀ ਮੰਗ ਵੀ ਲਈ ਨਹੀਂ ਤਾਂ ਉਹ ਦੋਵੇਂ ਸਾਬਕਾ ਵਿਧਾਇਕ ਦੇ ਚਹੇਤਿਆਂ ਹੱਥੋਂ ਹੋਰ ਵੀ ਕੁੱਟ ਖਾਂਦੇ। ਉਂਜ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੋਈ ਕਿਸੇ ਦਾ ਵੀ ਪੁੱਤਰ ਹੋ, ਇਹ ਕੁਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਇੰਦੌਰ ਵਿਚ ਕੀਤਾ ਗਿਆ ਹੈ। ਮਹਾਂਰਾਸ਼ਟਰ ਦੇ ਵਿਧਾਇਕ ਰਾਣੇ ਨੂੰ ਤਾਂ ਪੁਲੀਸ ਹਿਰਾਸਤ ਵਿੱਚ ਭੇਜਿਆ ਗਿਆ, ਪਰ ਇਹ ਸ਼ੁਭ ਸੰਕੇਤ ਹੈ ਕਿ ਉਸ ਦੇ ਪਿਤਾ ਨੇ ਜਨਤਕ ਤੌਰ ’ਤੇ ਇੰਜੀਨੀਅਰ ਤੋਂ ਮੁਆਫ਼ੀ ਮੰਗੀ ਹੈ। ਆਸ ਦੀ ਕਿਰਨ ਇਹ ਹੈ ਕਿ ਸਾਡੇ ਨੇਤਾਵਾਂ ਨੇ ਅਨੁਭਵ ਕੀਤਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਵਿਧਾਇਕਾਂ ਜਾਂ ਮੈਂਬਰਾਂ ਦੀਆਂ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਅਫ਼ਸੋਸ ਦੀ ਗੱਲ ਇਹ ਹੈ ਕਿ ਉਹ ਹੁਣ ਤਕ ਨਹੀਂ ਬੋਲੇ ਜਿਨ੍ਹਾਂ ਨੇ ਅਜਿਹੇ ਵਿਅਕਤੀਆਂ ਨੂੰ ਵਿਧਾਇਕ ਬਣਾਇਆ। ਉਨ੍ਹਾਂ ਦੀਆਂ ਕੋਝੀਆਂ ਹਰਕਤਾਂ ਨੂੰ ਵੇਖ ਕੇ ਵੀ ਉਹ ਚੁੱਪ ਰਹੇ। ਇੰਦੌਰ ਵਾਲਿਆਂ ਨੇ ਤਾਂ ਬੱਲੇ ਨਾਲ ਕੁੱਟ-ਮਾਰ ਕਰਨ ਵਾਲੇ ਵਿਧਾਇਕ ਦੇ ਮਾਣ ਵਿਚ ਗੋਲੀਆਂ ਤਕ ਚਲਾ ਦਿੱਤੀਆਂ। ਇਸ ਦੇ ਬਾਵਜੂਦ ਹੁਣ ਤਕ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਕਿ ਇਉਂ ਗੋਲੀਆਂ ਚਲਾ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੋਵੇ। ਜੇਕਰ ਪ੍ਰਸ਼ਾਸਨ ਇਹ ਦਰਸਾਵੇ ਕਿ ਕਾਨੂੰਨ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ ਤਾਂ ਚੰਗਾ ਹੋਵੇਗਾ। ਭਾਰਤ ਸਰਕਾਰ ਇਕ ਵੱਖਰਾ ਵਿਭਾਗ ਬਣਾਏ ਅਤੇ ਇਹ ਜਾਂਚ ਕਰਵਾਏ ਕਿ ਸੱਤਾ ਦੇ ਜ਼ੋਰ ’ਤੇ ਕਿਹੜੇ ਕਿਹੜੇ ਨੇਤਾਵਾਂ ਨੇ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹਨ। ਇਹ ਜਾਂਚ ਵੀ ਕਰਵਾਈ ਜਾਵੇ ਕਿ ਚੋਣਾਂ ਵਿਚ ਕਿੰਨਾ ਕਾਲਾ ਧਨ ਖ਼ਰਚ ਹੁੰਦਾ ਹੈ। ਉਂਜ, ਇਸ ਵਾਰ ਚੋਣ ਕਮਿਸ਼ਨ ਨੇ ਪੰਜਾਬ ਦੀ ਇਕ ਸੰਸਦ ਮੈਂਬਰ ਨੂੰ ਚੋਣਾਂ ਵਿਚ ਤੈਅ ਸੀਮਾ ਨਾਲੋਂ ਵਧੇਰੇ ਖਰਚ ਕਰਨ ਦੀ ਦੋਸ਼ੀ ਪਾਇਆ ਹੈ। ਸਵਾਲ ਇਹ ਹੈ ਕਿ ਕਿਸ ਨੇ ਸੀਮਾ ਦੇ ਅੰਦਰ ਖਰਚ ਕੀਤਾ ਹੈ, ਖਰਚ ਕੀਤਾ ਤਾਂ ਇਹ ਪੈਸਾ ਕਿੱਥੋਂ ਆਇਆ ਹੈ? ਕੁਝ ਵੱਡੇ-ਵੱਡੇ ਆਗੂਆਂ ਦੇ ਬੰਗਲੇ ਜਿਵੇਂ ਵੰਗਾਰਦੇ ਹਨ ਕਿ ਜੇਕਰ ਕਿਸੇ ’ਚ ਹਿੰਮਤ ਹੈ ਤਾਂ ਇਹ ਜਾਂਚ ਕਰ ਲਓ ਕਿ ਕੀਹਦੀ ਜ਼ਮੀਨ ਅਤੇ ਕੀਹਦੇ ਪੈਸੇ ਨਾਲ ਇਹ ਸ਼ਾਨਦਾਰ ਬੰਗਲੇ ਉਸਰੇ ਹਨ।
ਇਹ ਕੁਝ ਕੁ ਘਟਨਾਵਾਂ ਹਨ ਜੋ ਜਾਗਰੂਕ ਮੀਡੀਆ ਜ਼ਰੀਏ ਲੋਕਾਂ ਦੇ ਸਾਹਮਣੇ ਆ ਗਈਆਂ। ਬਹੁਤ ਵੱਡੇ ਦੇਸ਼ ਵਿਚ ਕਿੱਥੇ ਕਿੱਥੇ, ਕੀ ਕੀ ਹੋ ਰਿਹਾ ਹੈ ਉਸ ਲਈ ਜ਼ਰੂਰੀ ਹੈ ਕਿ ਭਾਰਤ ਸਰਕਾਰ ਹੀ ਕੋਈ ਅਜਿਹਾ ਵੱਖਰਾ ਮੰਤਰਾਲਾ ਜਾਂ ਸਿੱਟ ਬਣਾ ਦੇਵੇ, ਜੋ ਮਹਿਜ਼ ਜਾਂਚ ਹੀ ਨਾ ਕਰੇ ਸਗੋਂ ਦੇਸ਼ ਵਾਸੀਆਂ ਸਾਹਮਣੇ ਇਹ ਸੱਚ ਵੀ ਰੱਖੇ ਕਿ ਕੋਈ ਕਿੰਨਾ ਵੀ ਵੱਡਾ ਕਿਉਂ ਨਹੀਂ ਹੋਵੇ, ਕਾਨੂੰਨ ਤੋਂ ਉੱਪਰ ਨਹੀਂ। ਦਰਅਸਲ, ਇਹ ਕੌੜਾ ਸੱਚ ਹੈ ਕਿ ਕਾਨੂੰਨ ਵੀ ਉਨ੍ਹਾਂ ਡਾਢਿਆਂ ਦੇ ਪੱਖ ਵਿਚ ਭੁਗਤਦਾ ਹੈ ਜਿਨ੍ਹਾਂ ਕੋਲ ਪੈਸਾ, ਬਾਹੂਬਲ ਅਤੇ ਸੱਤਾ ਹੈ। ਸੱਤਾ ਦੇ ਨਸ਼ੇ ਵਿਚ ਚੂਰ ਕੋਈ ਵਿਅਕਤੀ ਅਪਰਾਧ ਕਰਦੇ ਹਨ ਤਾਂ ਉਨ੍ਹਾਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਤੇ ਮਿਸਾਲੀ ਸਜ਼ਾ ਮਿਲੇ। ਇਸ ਨਾਲ ਹੀ ਜਮਹੂਰੀਅਤ ਵਿਚ ਲੋਕਾਂ ਦਾ ਵਿਸ਼ਵਾਸ ਪੱਕਾ ਹੋ ਸਕੇਗਾ।


Comments Off on ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.