ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਸੰਕਟ ’ਚ ਘਿਰੀ ਕਾਂਗਰਸ

Posted On July - 9 - 2019

ਕਾਂਗਰਸ ਪਾਰਟੀ ਦੇ ਜਮਾਤੀ, ਜਾਤੀ ਤੇ ਸਮਾਜਿਕ ਆਧਾਰ ਬਾਰੇ ਕਾਫ਼ੀ ਬਹਿਸ ਹੋ ਸਕਦੀ ਹੈ ਪਰ ਇਸ ਗੱਲ ਤੋਂ ਕਦੀ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਪਾਰਟੀ ਨੇ ਦੇਸ਼ ਦੇ ਇਤਿਹਾਸ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਈ ਹੈ। ਦੇਸ਼/ਰਾਸ਼ਟਰ ਦੀ ਵਿਚਾਰਧਾਰਕ ਬਣਤਰ ਬਣਾਉਣ ਵਿਚ ਵੀ ਇਸ ਪਾਰਟੀ ਦੇ ਆਗੂਆਂ ਨੇ ਵੱਡਾ ਹਿੱਸਾ ਪਾਇਆ ਹੈ। ਇਸ ਵੇਲ਼ੇ ਪਾਰਟੀ ਦਾ ਸ਼ਿਰਾਜਾ ਬਿਖਰਿਆ ਹੋਇਆ ਹੈ। ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤੇ ਹਨ। ਨਹਿਰੂ-ਗਾਂਧੀ ਪਰਿਵਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਪ੍ਰਧਾਨਗੀ ਦਾ ਉਮੀਦਵਾਰ ਨਹੀਂ ਅਤੇ ਨਾ ਹੀ ਉਹ ਨਵਾਂ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਆਗੂ ਨੂੰ ਸੰਭਾਲਣੀ ਚਾਹੀਦੀ ਹੈ। ਜੇਕਰ ਪਾਰਟੀ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਏ ਤਾਂ ਪਾਰਟੀ ਦੀ ਜ਼ਿਆਦਾਤਰ ਵਾਗਡੋਰ ਸੀਨੀਅਰ ਆਗੂਆਂ ਦੇ ਹੱਥ ਵਿਚ ਰਹੀ ਹੈ ਭਾਵੇਂ ਵਿਚ ਵਿਚ ਨੌਜਵਾਨ ਆਗੂ ਵੀ ਲਗਾਤਾਰ ਮੂਹਰਲੀ ਕਤਾਰ ਵਿਚ ਆਉਂਦੇ ਰਹੇ। ਕਾਂਗਰਸ ਨੇ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰਨ ਦੇ ਨਾਲ ਨਾਲ ਇਹੋ ਜਿਹੀ ਪਾਰਟੀ ਬਣਾਈ ਜਿਸ ਵਿਚ ਅੰਦਰੂਨੀ ਜਮਹੂਰੀਅਤ ਨੂੰ ਆਦਰਯੋਗ ਸਥਾਨ ਦਿੱਤਾ ਗਿਆ। ਪਾਰਟੀ ਅੰਦਰਲੀ ਅੰਦਰੂਨੀ ਜਮਹੂਰੀਅਤ ਕਈ ਵਾਰ ਇਸ ਦੇ ਆਗੂਆਂ ਨੂੰ ਆਪਮੁਹਾਰੀ ਵੀ ਹੁੰਦੀ ਦਿਸੀ। ਇਸ ਅੰਦਰੂਨੀ ਜਮਹੂਰੀਅਤ ਸਦਕਾ ਹੀ ਸੁਭਾਸ਼ ਚੰਦਰ ਬੋਸ ਮਹਾਤਮਾ ਗਾਂਧੀ ਦੇ ਵਿਰੋਧ ਦੇ ਬਾਵਜੂਦ ਦੋ ਵਾਰ ਕਾਂਗਰਸ ਦੇ ਪ੍ਰਧਾਨ ਬਣੇ। ਜਦ ਸੁਭਾਸ਼ ਚੰਦਰ ਬੋਸ ਨੇ ਦੂਸਰੀ ਵਾਰ ਮਹਾਤਮਾ ਗਾਂਧੀ ਦੇ ਉਮੀਦਵਾਰ ਨੂੰ ਹਰਾਇਆ ਤਾਂ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਕਾਂਗਰਸ ਦੀ ਕੇਂਦਰੀ ਕਮੇਟੀ ਤੋਂ ਅਸਤੀਫ਼ੇ ਦੇ ਦਿੱਤੇ ਤੇ ਆਖ਼ਰਕਾਰ ਸੁਭਾਸ਼ ਚੰਦਰ ਬੋਸ ਨੂੰ ਪਾਰਟੀ ਛੱਡਣੀ ਪਈ। ਇੰਦਰਾ ਗਾਂਧੀ ਦੇ ਸਮਿਆਂ ਤੋਂ ਪਾਰਟੀ ਵਿਚ ਕੇਂਦਰਵਾਦ ਭਾਰੂ ਹੋਣ ਲੱਗਾ ਤੇ ਪਾਰਟੀ ਇੰਦਰਾ ਗਾਂਧੀ ਦੀ ਨਿੱਜੀ ਸ਼ਖ਼ਸੀਅਤ ਦੇ ਆਲੇ-ਦੁਆਲੇ ਘੁੰਮਣ ਲੱਗੀ। ਇਸੇ ਤਰ੍ਹਾਂ ਵੱਖ ਵੱਖ ਸੂਬਿਆਂ ਵਿਚ ਪਾਰਟੀ ਕੁਝ ਮਜ਼ਬੂਤ ਆਗੂਆਂ ਦੇ ਕੰਟਰੋਲ ਵਿਚ ਆ ਗਈ ਅਤੇ ਅੰਦਰੂਨੀ ਜਮਹੂਰੀਅਤ ਨੂੰ ਹਰ ਪੱਧਰ ’ਤੇ ਖ਼ੋਰਾ ਲੱਗਾ। ਇਸੇ ਖ਼ੋਰੇ ਕਾਰਨ ਹੀ ਅੱਜ ਪਾਰਟੀ ਨੂੰ ਰਾਹੁਲ ਗਾਂਧੀ ਦਾ ਬਦਲ ਲੱਭਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਹੁਤ ਦੇਰ ਸੱਤਾ ਵਿਚ ਰਹਿਣ ਕਾਰਨ ਕਾਂਗਰਸੀ ਆਗੂ ਲੋਕਾਂ ਤੋਂ ਦੂਰ ਹੋ ਗਏ। ਕਾਂਗਰਸੀ ਆਗੂਆਂ ਲਈ ਇਹ ਯਾਦ ਕਰਨ ਦਾ ਸਮਾਂ ਹੈ ਕਿ ਪਾਰਟੀ ਦੀ ਨੀਂਹ ਚੰਪਾਰਨ ਸੱਤਿਆਗ੍ਰਹਿ, ਅੰਗਰੇਜ਼ਾਂ ਵਿਰੁੱਧ ਅਸਹਿਯੋਗ ਅੰਦੋਲਨ, ਲੂਣ ਬਣਾਉਣ ਲਈ ਡਾਂਡੀ ਮਾਰਚ ਤੇ ‘ਭਾਰਤ ਛੱਡੋ’ ਅੰਦੋਲਨ ਜਿਹੀਆਂ ਲੋਕ-ਪੱਖੀ ਲਹਿਰਾਂ ਉੱਤੇ ਰੱਖੀ ਗਈ। ਲੋਕਾਂ ਤੋਂ ਦੂਰੀ ਕਾਰਨ ਅੱਜ ਕਾਂਗਰਸ ਵਿਚ ਕੋਈ ਅਜਿਹਾ ਨੇਤਾ ਨਹੀਂ ਹੈ ਜੋ ਪੂਰੇ ਹਿੰਦੋਸਤਾਨ ਵਿਚ ਜਾਣਿਆ ਜਾਂਦਾ ਹੋਵੇ। ਕਈ ਰਾਜਸੀ ਮਾਹਿਰਾਂ ਅਨੁਸਾਰ ਕਾਂਗਰਸ ਨੂੰ ਪ੍ਰਧਾਨ ਨਾਲੋਂ ਜ਼ਿਆਦਾ ਟੇਕ ਸਮੂਹਿਕ ਕੇਂਦਰੀ ਲੀਡਰਸ਼ਿਪ ’ਤੇ ਰੱਖਣੀ ਚਾਹੀਦੀ ਹੈ ਜਿਸ ਵਿਚ ਪੰਜ ਜਾਂ ਛੇ ਸੀਨੀਅਰ ਆਗੂ ਸ਼ਾਮਲ ਹੋਣ। ਇਸ ਦੇ ਵਿਰੋਧ ਵਿਚ ਰਾਇ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਮੂਹਿਕ ਲੀਡਰਸ਼ਿਪ ਵਿਚ ਨਿੱਜੀ ਟਕਰਾਓ ਜ਼ਿਆਦਾ ਹੋਏਗਾ ਅਤੇ ਪਾਰਟੀ ਹੋਰ ਬਿਖਰੇਗੀ। ਕਰਨਾਟਕ ਵਿਚ ਕਾਂਗਰਸ ਦੇ ਸਹਿਯੋਗ ਨਾਲ ਬਣੀ ਸਰਕਾਰ ਗੰਭੀਰ ਖ਼ਤਰੇ ਵਿਚ ਹੈ ਅਤੇ ਇਸੇ ਤਰ੍ਹਾਂ ਦਾ ਖ਼ਤਰਾ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ’ਤੇ ਵੀ ਮੰਡਰਾਅ ਰਿਹਾ ਹੈ। ਜੇ ਇਹ ਸਰਕਾਰਾਂ ਵੀ ਟੁੱਟ ਗਈਆਂ ਤਾਂ ਬਹੁਤ ਸਾਰੇ ਆਗੂਆਂ ਦੀ ਪਾਰਟੀ ਛੱਡ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕਮਿਊਨਿਸਟ ਤੇ ਸੋਸ਼ਲਿਸਟ ਪਾਰਟੀਆਂ ਆਪਣੀ ਸਰਬਹਿੰਦ ਹੋਂਦ ਗਵਾ ਚੁੱਕੀਆਂ ਹਨ। ਦੇਸ਼ ਦੇ ਇਤਿਹਾਸ ਵਿਚ ਵੱਡਾ ਰੋਲ ਅਦਾ ਕਰਨ ਵਾਲੀ ਕਾਂਗਰਸ ਪਾਰਟੀ ਵਿਚ ਹੋ ਰਿਹਾ ਬਿਖਰਾਓ ਲੋਕ-ਹਿਤ ਵਿਚ ਨਹੀਂ। ਪਾਰਟੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਰਲ-ਮਿਲ ਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਇਸ ਦਾ ਹੱਲ ਲੱਭਣ।


Comments Off on ਸੰਕਟ ’ਚ ਘਿਰੀ ਕਾਂਗਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.