ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ।
ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ਦੇ ‘ਅਨੁਛੇਦ 15’ ਨਾਲ ਜੁੜੇ ਹੋਣਾ। ਦੂਸਰਾ ਫ਼ਿਲਮ ਨਾਲ ਜੁੜੇ ਲੋਕਾਂ ਵੱਲੋਂ ਇਹ ਕਬੂਲ ਲੈਣਾ ਕਿ ਉਨ੍ਹਾਂ ਦੀ ਫ਼ਿਲਮ ਪਿਛਲੇ ਕੁਝ ਅਰਸੇ ਦੌਰਾਨ ਦੇਸ਼ ਵਿਚ ਵਾਪਰੀਆਂ ਦੋ ਚਰਚਿਤ ਘਟਨਾਵਾਂ ਤੋਂ ਪ੍ਰੇਰਿਤ ਹੈ। ਪਹਿਲੀ, 2014 ਵਿਚ ਉੱਤਰ ਪ੍ਰਦੇਸ਼ ਦੇ ਬੁਦਾਊਂ ਜ਼ਿਲ੍ਹੇ ਦੇ ਪਿੰਡ ‘ਕਾਤੜਾ’ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਤਿੰਨ ਨਾਬਾਲਗ ਕੁੜੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਅਤੇ ਦੂਜੀ ਘਟਨਾ ਗੁਜਰਾਤ ਦੇ ‘ਗਿਰ ਸੋਮਨਾਥ’ ਜ਼ਿਲ੍ਹੇ ਦੇ ਪਿੰਡ ਊਨਾ ਵਿਚ ਕੁਝ ਅਖੌਤੀ ਗਾਂ ਰੱਖਿਅਕਾਂ ਵੱਲੋਂ ਮਰੀਆਂ ਗਾਵਾਂ ਦੀ ਚਮੜੀ ਉਤਾਰਦੇ ਇਕ ਦਲਿਤ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਸ਼ਰ੍ਹੇਆਮ ਕਤਲ ਕਰਨ ਸਬੰਧੀ ਹੈ। ਇਲਜ਼ਾਮ ਇਹ ਲਗਾਇਆ ਗਿਆ ਕਿ ਉਨ੍ਹਾਂ ਨੇ ਗਾਵਾਂ ਦੀ ਹੱਤਿਆ ਕੀਤੀ ਹੈ। ਤੀਸਰਾ ਕਾਰਨ, ਫ਼ਿਲਮ ਦਾ ਨਿਰਦੇਸ਼ਕ ਅਨੁਭਵ ਸਿਨਹਾ ਹੈ ਜੋ ਪਹਿਲਾਂ ਵੀ ਹਿੰਦੂ, ਮੁਸਲਿਮ ਤੇ ਅਤਿਵਾਦ ’ਤੇ ਆਧਾਰਿਤ ਚਰਚਿਤ ਤੇ ਵਿਵਾਦਤ ਫ਼ਿਲਮ ‘ਮੁਲਕ’ ਨਿਰਦੇਸ਼ਿਤ ਕਰ ਚੁੱਕਾ ਹੈ।
ਫ਼ਿਲਮ ਵਿਚ ਉੱਚ ਜਾਤੀ ਨਾਲ ਸਬੰਧਿਤ ਕੁਝ ਲੋਕਾਂ ਵੱਲੋਂ ਅਨੁਸੂਚਿਤ ਜਾਤੀ ਦੀਆਂ ਤਿੰਨ ਨਾਬਾਲਗ ਕੁੜੀਆਂ ਦਾ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ। ਇਕ ਕੁੜੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿਚ ਸਫਲ ਹੋ ਜਾਂਦੀ ਹੈ। ਬਾਕੀ ਦੀਆਂ ਦੋ ਕੁੜੀਆਂ ਦਾ ਉਨ੍ਹਾਂ ਨੇ ਕਤਲ ਕਰ ਦਿੱਤਾ। ਬਾਅਦ ਵਿਚ ਪਿੰਡ ਦੇ ਬਾਹਰ ਦਰੱਖਤ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਫਾਹੇ ਟੰਗ ਦਿੱਤਾ। ਇਸ ਸਭ ਦਾ ਕਾਰਨ ਹੁੰਦਾ ਹੈ ਉਨ੍ਹਾਂ ਕੁੜੀਆਂ ਦਾ ਆਪਣੇ ਠੇਕੇਦਾਰ ਕੋਲੋਂ ਆਪਣੀ ਦਿਹਾੜੀ ਪੱਚੀ ਰੁਪਏ ਤੋਂ ਵਧਾ ਕੇ ਅਠਾਈ ਰੁਪਏ ਕਰਨ ਦੀ ਮੰਗ ਕਰਨਾ। ਮੰਗ ਨਾ ਮੰਨਣ ਕਰਕੇ ਨੌਕਰੀ ਛੱਡ ਦੇਣਾ। ਇਹ ਸਾਰਾ ਘਿਨੌਣਾ ਕਾਰਨਾਮਾ ਇਸ ਲਈ ਕੀਤਾ ਹੈ ਤਾਂ ਕਿ ਦਲਿਤ ਸਮਾਜ ਨਾਲ ਸਬੰਧਿਤ ਕੁੜੀਆਂ ਨੂੰ ਉਨ੍ਹਾਂ ਦੀ ਔਕਾਤ ਵਿਖਾਈ ਜਾ ਸਕੇ। ਉਨ੍ਹਾਂ ਵਿਚ ਡਰ ਪੈਦਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਹੋਰ ਇਸ ਤਰ੍ਹਾਂ ਦੀ ਬਗਾਵਤ ਕਰਨ ਦੀ ਹਿੰਮਤ ਨਾ ਕਰ ਸਕੇ।
ਨਵੇਂ ਨਵੇਂ ਬਣੇ ਆਈ. ਪੀ. ਐੱਸ. ਨੌਜਵਾਨ ਅਫ਼ਸਰ ਕੋਲ ਇਹ ਕੇਸ ਆਉਂਦਾ ਹੈ। ਉਹ ਖ਼ੁਦ ਬ੍ਰਾਹਮਣ ਜਾਤੀ ਨਾਲ ਸਬੰਧਿਤ ਹੈ। ਨਿੱਜੀ ਤੌਰ ਉੱਪਰ ਜਾਤਪਾਤ ਦੇ ਵਰਤਾਰੇ ਤੋਂ ਅਭਿੱਜ ਹੈ। ਉਹ ਵਿਦੇਸ਼ ਤੋਂ ਪੜ੍ਹਾਈ ਕਰਕੇ ਪਰਤਿਆ ਨੌਜਵਾਨ ਹੈ ਜੋ ਆਪਣੇ ਦੇਸ਼ ਨੂੰ ਆਧੁਨਿਕ ਦੇਸ਼ ਬਣਾਉਣ ਦਾ ਸੁਪਨਾ ਪਾਲੀ ਬੈਠਾ ਹੈ। ਉਸ ਦੀ ਟੀਮ ਵਿਚ ਪੁਲੀਸ ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ ਤੇ ਸਿਪਾਹੀ ਬ੍ਰਾਹਮਣ ਅਨੁਸੂਚਿਤ ਜਾਤਾਂ ਸਮੇਤ ਹੋਰ ਕਈ ਜਾਤਾਂ ਨਾਲ ਸਬੰਧਿਤ ਹਨ। ਉਹ ਸਾਰੇ ਇਕ ਟੀਮ ਦਾ ਹਿੱਸਾ ਹੁੰਦੇ ਹੋਏ ਵੀ ਜਾਤਪਾਤ ਦੇ ਵਿਤਕਰੇ ਤੋਂ ਬਚ ਨਹੀਂ ਪਾਏ। ਫ਼ਿਲਮ ਵਿਚ ਦਲਿਤਾਂ ਨਾਲ ਹੁੰਦੇ ਅੱਤਿਆਚਾਰ ਤੇ ਵਿਤਕਰੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਿਖਾਇਆ ਗਿਆ ਹੈ ਕਿ ਅੱਜ ਵੀ ਦਲਿਤ ਸਮਾਜ ਨੂੰ ਹੀਣਭਾਵਨਾ ਨਾਲ ਦੇਖਿਆ ਜਾਂਦਾ ਹੈ, ਉਨ੍ਹਾਂ ਨੂੰ ਸਮਾਜ ਦਾ ਅੰਗ ਨਹੀਂ ਸਮਝਿਆ ਜਾਂਦਾ। ਇਹ ਫ਼ਿਲਮ ਸੋਚਣ ਲਈ ਮਜਬੂਰ ਕਰਦੀ ਹੈ।
ਭਾਰਤ ਦੇ ਸੰਵਿਧਾਨ ਦੇ ਅਨੁਛੇਦ 15 ਅਨੁਸਾਰ ਭਾਰਤ ਵਿਚ ਕਿਸੇ ਵੀ ਨਾਗਰਿਕ ਵਿਰੁੱਧ ਉਸਦੇ ਧਰਮ, ਮੂਲਵੰਸ਼, ਜਾਤ, ਲਿੰਗ, ਜਨਮ ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਆਧਾਰ ਬਣਾ ਕੇ ਉਸ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ, ਪਰ ਫ਼ਿਲਮ ਦੱਸਦੀ ਹੈ ਕਿ ਆਜ਼ਾਦੀ ਨੂੰ ਬਹੱਤਰ ਸਾਲ ਹੋਣ ਦੇ ਬਾਵਜੂਦ ਦੇਸ਼ ਵਿਚ ਇਹ ਵਰਤਾਰਾ ਵੱਡੇ ਪੈਮਾਨੇ ’ਤੇ ਫੈਲਿਆ ਹੋਇਆ ਹੈ। ਹਰ ਪਾਸੇ ਅਨੁਛੇਦ 15 ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।
ਫ਼ਿਲਮ ਇਹ ਸਾਬਤ ਕਰਨ ਵਿਚ ਸਫਲ ਹੁੰਦੀ ਹੈ ਕਿ ਅਸਲ ਵਿਚ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣਾ ਹੈ, ਸੰਭਾਲਣਾ ਹੈ ਤੇ ਸੰਤੁਲਨ ਬਰਕਰਾਰ ਰੱਖਣਾ ਹੈ, ਅਸਲ ਵਿਚ ਉਹੀ ਇਸਨੂੰ ਵੱਡੀ ਢਾਹ ਲਗਾ ਰਹੇ ਹਨ। ਸਿਆਸੀ, ਧਾਰਮਿਕ ਤੇ ਹੋਰ ਖਿੱਤਿਆਂ ਦੇ ਮੁਖੀ ਆਪਣਾ ਸਿਆਸੀ ਤੇ ਧਾਰਮਿਕ ਲਾਭ ਲੈਣ ਲਈ ਇਸਨੂੰ ਜਿਉਂਦਾ ਰੱਖਣ ਵਿਚ ਅਹਿਮ ਕਿਰਦਾਰ ਨਿਭਾ ਰਹੇ ਹਨ। ਉਹ ਜਾਣਦੇ ਹਨ ਕਿ ਜਿਸ ਦਿਨ ਇਹ ਸਭ ਕੁਝ ਖ਼ਤਮ ਹੋ ਗਿਆ, ਉਸ ਦਿਨ ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਜਾਏਗੀ, ਇਸ ਲਈ ਉਹ ਇਸ ਨੂੰ ਜਿਉਂਦਾ ਰੱਖਣ ਲਈ ਕਿਸੇ ਵੀ ਹੱਦ ਤਕ ਗਿਰ ਜਾਂਦੇ ਹਨ। ਫ਼ਿਲਮ ਦੀ ਬਣਤਰ ਤੇ ਪੇਸ਼ਕਾਰੀ ਕਮਾਲ ਦੀ ਹੈ। ਦੇਸ਼ ਦੇ ਮੌਜੂਦਾ ਸਿਆਸੀ, ਧਾਰਮਿਕ ਤੇ ਪ੍ਰਸ਼ਾਸਨਿਕ ਹਾਲਾਤ ਸਬੰਧੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਬਹੁਤ ਵੱਡੇ ਪੱਧਰ ਉੱਪਰ ਲੋੜ ਹੈ।