ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸੂਖ਼ਮ ਕਲਾਵਾਂ ਦਾ ਸੁਮੇਲ

Posted On July - 27 - 2019

ਸੁਰਜੀਤ ਜੱਸਲ
ਚਿੱਤਰਕਾਰੀ ਸੂਖਮ ਤੇ ਤੀਖਣ ਬੁੱਧੀ ਦੀਆਂ ਕਲਾਵਾਂ ਵਿਚੋਂ ਇਕ ਹੈ। ਲੋਕਾਂ ਦੇ ਚਿਹਰੇ ਪੜ੍ਹ ਕੇ ਰੰਗਾਂ ਦੇ ਸਹਾਰੇ ਕੈਨਵਸ ’ਤੇ ਪ੍ਰਗਟਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਲਾ ਦੇ ਇਸ ਖੇਤਰ ਵਿਚ ਦਰਸ਼ਨ ਸਿੰਘ ਟਿੱਬਾ ਜਾਣਿਆ-ਪਛਾਣਿਆ ਨਾਂ ਹੈ। ਉਹ ਚਿੱਤਰਕਾਰ ਵੀ ਹੈ, ਮੂਰਤੀਕਾਰ ਵੀ ਤੇ ਲੇਖਕ ਵੀ।
ਮੱਧਵਰਗੀ ਕਿਸਾਨ ਪਰਿਵਾਰ ’ਚ ਪੈਦਾ ਹੋਏ ਦਰਸ਼ਨ ਟਿੱਬਾ ਨੂੰ ਕਲਾ ਦਾ ਸ਼ੌਕ ਨਿੱਕੇ ਹੁੰਦਿਆਂ ਹੀ ਪੈ ਗਿਆ ਸੀ ਜਦੋਂ ਉਹ ਘਰਾਂ ਦੀਆਂ ਤਾਜ਼ੀਆਂ ਲਿੱਪੀਆਂ ਕੰਧਾਂ-ਕੰਧੋਲੀਆਂ ’ਤੇ ਆਪਣੇ ਕਲਾ ਦੇ ਨਮੂਨੇ ਉੱਕਰਨ ਲੱਗਾ। ਬਾਪੂ ਜੀ ਨਾਲ ਖੇਤ ਜਾਣਾ ਤਾਂ ਟਾਹਲੀ ਦੀ ਛਾਂ ਬੈਠ ਕੇ ਮਿੱਟੀ ਦੇ ਡਲਿਆਂ ਨੂੰ ਖੁਰਚ ਕੇ ਭਾਂਤ-ਸੁਭਾਂਤੀਆਂ ਵੰਨਗੀਆਂ ਘੜਨਾ ਦਰਸ਼ਨ ਦੀ ਮੁੱਢਲੀ ਦਿਮਾਗ਼ੀ ਖੇਡ ਸੀ। ਕਲਾ ਦੇ ਇਹ ਬੀਜ ਸਕੂਲੀ ਵਿੱਦਿਆ ਗ੍ਰਹਿਣ ਸਮੇਂ ਹੋਰ ਵੀ ਪ੍ਰਫੁਲੱਤ ਹੋਣ ਲੱਗੇ। ਡਰਾਇੰਗ ਮਾਸਟਰ ਮਹਿੰਦਰ ਸਿੰਘ ਨੇ ਦਰਸ਼ਨ ਦੀ ਕਲਾ ਨੂੰ ਪਰਖਿਆ ਤਾਂ ਉਸਦੀ ਉਂਗਲ ਫੜ ਉਸਨੂੰ ਰੰਗਾਂ ਦੀ ਦੁਨੀਆਂ ਵੱਲ ਲੈ ਤੁਰਿਆ। ਸਕੂਲੀ ਸਮਿਆਂ ਦੌਰਾਨ ਉਸਦੀ ਕਲਾ ਪੂਰੀ ਤਰ੍ਹਾਂ ਜਵਾਨ ਹੋਣ ਲੱਗੀ। ਕਲਾ ਦੇ ਇਸੇ ਖੇਤਰ ਵਿਚ ਅੱਗੇ ਵਧਣ ਦੇ ਆਸਾਰ ਨਾਲ ਉਸਨੇ ਆਰਟ ਐਂਡ ਕਰਾਫਟ ਦੇ ਕੋਰਸ ਵਿਚ ਨਾਭਾ ਵਿਖੇ ਦਾਖਲਾ ਲੈ ਲਿਆ।
ਉਹ ਕਲਾ ਦੇ ਕਈ ਰੰਗਾਂ ਦਾ ਸੁਮੇਲ ਹੈ। ਮਨ ਦੇ ਵਲਵਲਿਆਂ ਨੂੰ ਕਦੇ ਉਹ ਇਕ ਲੇਖਕ ਬਣ ਕੇ ਕਵਿਤਾ, ਗੀਤ ਕਹਾਣੀ ਦੇ ਰੂਪ ਵਿਚ ਕਾਗਜ਼ ’ਤੇ ਵੀ ਉਤਾਰਦਾ ਹੈ। ਸਾਹਿਤ ਪੜ੍ਹਨ ਦੀ ਚੇਟਕ ਨੇ ਹੀ ਉਸ ਅੰਦਰ ਲੇਖਕ ਪੈਦਾ ਕੀਤਾ, ਪਰ ਉਸਨੇ ਆਪਣੇ ਚਿੱਤਰਕਾਰੀ ਵਾਲੇ ਮੁੱਢਲੇ ਸ਼ੌਕ ’ਤੇ ਕਲਮ ਕਲਾ ਭਾਰੂ ਨਾ ਹੋਣ ਦਿੱਤੀ। ਉਸਦੀ ਲਿਖੀ ਕਹਾਣੀ ‘ਦੀਵੇ ਦੀ ਲੋਅ’ ਨੇ ਸਰਬ ਭਾਰਤੀ ਪੱਧਰ ’ਤੇ ਹੋਏ ਪੰਜਾਬੀ ਕਹਾਣੀ ਮੁਕਾਬਲੇ ਵਿਚ ਲਗਪਗ 90 ਕਹਾਣੀਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ। 1977 ਵਿਚ ਲੱਗੀ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਵਿਚ ਉਸਦੇ ਇਕ ਚਿੱਤਰ ਨੂੰ ਵਿਸ਼ੇਸ਼ ਸਨਮਾਨ ਮਿਲਿਆ।
ਉਸਦੀ ਕਲਾ ਦਾ ਵਿਹੜਾ ਬਹੁਤ ਵਿਸ਼ਾਲ ਹੈ। ਕਿਧਰੇ ਉਹ ਨਿੱਕੇ ਨਿੱਕੇ ਭਾਵਪੂਰਨ ਸਕੈੱਚ ਬਣਾਈ ਬੈਠਾ ਹੈ, ਕਿਧਰੇ ਵੱਡੇ ਵੱਡੇ ਪੋਰਟਰੇਟ ਜੋ ਤੁਹਾਨੂੰ ਗੱਲਾਂ ਕਰਦੇ ਮਹਿਸੂਸ ਹੁੰਦੇ ਹਨ। ਉਸਦੀ ਹਰ ਕਲਾ ਕ੍ਰਿਤ ਸਮਾਜ ਦਾ ਹਿੱਸਾ ਹੈ ਜੋ ਲੋਕਾਈ ਨੂੰ ਕੋਈ ਚੰਗਾ ਸੁਨੇਹਾ ਦੇਣ ਦਾ ਯਤਨ ਹੁੰਦੀ ਹੈ। ਔਰਤ ਦੀ ਦਿਸ਼ਾ ਤੇ ਦਸ਼ਾ ਦੀ ਤਰਜ਼ਮਾਨੀ ਕਰਦੇ ਉਸਦੇ ਇਕ ਚਿੱਤਰ ਦੀ ਬਹੁਤ ਪ੍ਰਸੰਸਾ ਹੋਈ ਜਿਸ ਵਿਚ ਅਤੀਤ ਤੋਂ ਵਰਤਮਾਨ ਵੱਲ ਔਰਤ ਦੇ ਵਧਦੇ ਕਦਮਾਂ ਨੂੰ ਦਰਸਾਇਆ ਗਿਆ ਹੈ।
ਇਸੇ ਤਰ੍ਹਾਂ ਇਕ ਹੋਰ ਪੇਂਟਿੰਗ ਵਿਚ ਇਕ ਬੱਚਾ ਆਪਣੇ ਦਾਦੇ ਦੇ ਮੋਢਿਆਂ ’ਤੇ ਬੈਠਾ ਆਪਣੀਆਂ ਹੀ ਖੇਡਾਂ ਵਿਚ ਮਸਤ ਹੈ ਜੋ ਬਾਲ ਅਵਸਥਾ ਤੇ ਬੁਢਾਪੇ ਦੇ ਫ਼ਰਕ ਅਤੇ ਪਿਆਰ ਭਾਵਨਾਵਾਂ ਦੀ ਗੰਭੀਰ ਪੇਸ਼ਕਾਰੀ ਹੈ। ਇਕ ਹੋਰ ਚਿੱਤਰ ਵਿਚ ਪੰਜਾਬੀ ਸੰਗੀਤ ’ਚੋਂ ਮਨਫ਼ੀ ਹੁੰਦੇ ਜਾ ਰਹੇ ਰਵਾਇਤੀ ਸਾਜ਼ਾਂ ਤੋਂ ਦੂਰ ਹੋ ਰਹੀ ਅਜੋਕੀ ਗਾਇਕੀ ਦੇ ਪੁਰਾਤਨ ਰੰਗ ਨੂੰ ਦਰਸਾਇਆ ਗਿਆ ਹੈ। ਉਸਦੇ ਚਿੱਤਰ ਸਤਯਮ, ਸ਼ਿਵਮ ਅਤੇ ਸੁੰਦਰਮ ਦੇ ਸਿਧਾਂਤ ’ਤੇ ਖਰੇ ਉੱਤਰਦੇ ਹਨ।
ਦਰਸ਼ਨ ਟਿੱਬੇ ਪਿੰਡ ਦਾ ਜੰਮਪਲ ਹੈ, ਉੱਥੇ ਹੀ ਪਲਿਆ, ਪਰ ਅੱਜ ਉਹ ਬਰਨਾਲਾ ਸ਼ਹਿਰ ਦਾ ਵਸਨੀਕ ਹੈ। ਲੇਖਕ ਸਭਾਵਾਂ ਵਿਚ ਉਸਦਾ ਚੰਗਾ ਸਹਿਚਾਰ ਹੋਣ ਕਰਕੇ ਉਹ ਪ੍ਰਕਾਸ਼ਿਤ ਹੋਣ ਵਾਲੀਆਂ ਪੁਸਤਕਾਂ ਦੇ ਸਰਵਰਕ ਵੀ ਤਿਆਰ ਕਰਦਾ ਹੈ। ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਅਨੇਕਾਂ ਪੁਸਤਕਾਂ ਲਈ ਵੀ ਉਸਨੇ ਭਾਵਪੂਰਵਕ ਚਿੱਤਰ ਬਣਾਏ। ਤਿੰਨ ਦਹਾਕੇ ਪਹਿਲਾਂ ਉਸਦੇ ਚਿੱਤਰ ਇੰਗਲੈਂਡ ਤੋਂ ਛਪਦੇ ਪਰਚੇ ‘ਦੇਸ਼ ਪ੍ਰਦੇਸ਼’ ਦੇ ਵਿਸ਼ੇਸ ਅੰਕਾਂ ਦਾ ਸ਼ਿੰਗਾਰ ਬਣਦੇ ਰਹੇ। ਪੰਜਾਬੀ ਰਸਾਲੇ ‘ਹੁਣ’ ਦੇ ਟਾਇਟਲ ਪੰਨੇ ’ਤੇ ਵੀ ਉਸਦੇ ਚਿੱਤਰ ਪ੍ਰਕਾਸ਼ਿਤ ਹੁੰਦੇ ਰਹੇ ਹਨ।
ਦਰਸ਼ਨ ਸਿੰਘ ਟਿੱਬਾ ਕਈ ਕਲਾਵਾਂ ਦਾ ਸੁਮੇਲ ਹੈ। ਉਸਦਾ ਸੰਗੀਤ ਨਾਲ ਵੀ ਗੂੜ੍ਹਾ ਨਾਤਾ ਹੈ। ਨੁਸਰਤ ਫਤਿਹ ਅਲੀ ਖ਼ਾਨ, ਗ਼ੁਲਾਮ ਅਲੀ, ਮਹਿੰਦੀ ਹਸਨ, ਜਗਜੀਤ ਸਿੰਘ ਆਦਿ ਉਸਦੇ ਪਸੰਦੀਦਾ ਫ਼ਨਕਾਰ ਹਨ। ਸੰਗੀਤ ਦੇ ਦੋ ਸਾਜ਼ ਹਾਰਮੋਨੀਅਮ ਅਤੇ ਬੈਂਜੋ ਵਜਾਉਣ ’ਚ ਵੀ ਉਸਨੂੰ ਕਾਫ਼ੀ ਮੁਹਾਰਤ ਹੈ। ਉਹ ਸੋਭਾ ਸਿੰਘ ਦੀਆਂ ਕ੍ਰਿਤਾਂ ਤੋਂ ਬਹੁਤ ਪ੍ਰਭਾਵਿਤ ਰਿਹਾ। ਉਸਨੇ ਮਨ ਹੀ ਮਨ ਇਸ ਮਹਾਨ ਚਿੱਤਰਕਾਰ ਨੂੰ ਆਪਣਾ ਗੁਰੂ ਧਾਰ ਕੇ ਉਸ ਦੀਆਂ ਕਲਾਕ੍ਰਿਤਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਚਿੱਠੀ ਪੱਤਰ ਦੀ ਸਾਂਝ ਪੈਣ ਕਰਕੇ ਗੁਰੂ-ਚੇਲੇ ਵਿਚ ਹੋਰ ਵੀ ਨੇੜਤਾ ਬਣ ਗਈ।
ਚਿੱਤਰਕਾਰੀ ਦੇ ਨਾਲ ਹੀ ਉਸਨੇ ਮਾਸਟਰ ਮਹਿੰਦਰ ਸਿੰਘ ਤੋਂ ਹੀ ਮੂਰਤੀਆਂ ਘੜਨ ਦਾ ਗੁਰ ਵੀ ਲਿਆ। ਉਸਨੇ ਸੀਮਿੰਟ ਤੇ ਕੰਕਰੀਟ ਨਾਲ ਮੂਰਤੀਆਂ ਤਿਆਰ ਕਰਨ ਦੀ ਵਿਧੀ ’ਚ ਮੁਹਾਰਤ ਹਾਸਲ ਕੀਤੀ। ਉਸ ਦੀਆਂ ਬਣਾਈਆਂ ਗੁਰੂ ਪੀਰਾਂ, ਦੇਸ਼ ਭਗਤਾਂ, ਯੋਧਿਆਂ ਅਤੇ ਪੁਰਾਤਨ ਸੱਭਿਆਚਾਰ ਦੀਆਂ ਪ੍ਰਤੀਕ ਅਨੇਕਾਂ ਮੂਰਤੀਆਂ ਬਰਨਾਲਾ ਨੇੜਲੇ ਅਨੇਕਾਂ ਸ਼ਹਿਰਾਂ, ਕਸਬਿਆਂ ਅਤੇ ਵੱਖ ਵੱਖ ਯਾਦਗਾਰੀ ਥਾਵਾਂ ’ਤੇ ਸੁਸ਼ੋਭਿਤ ਹਨ। ਦੁੱਧ ਰਿੜਕਦੀ ਮੁਟਿਆਰ, ਕਸੀਦਾ ਕੱਢਦੀ ਪੰਜਾਬਣ ਦੀਆਂ ਦੋ ਮੂਰਤੀਆਂ ਸੰਗਰੂਰ ਦੇ ਬਨਾਸਰ ਬਾਗ਼ ਵਿਚ ਸੁਸ਼ੋਭਿਤ ਹਨ। ਉਸਨੂੰ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਅਨੇਕਾਂ ਸੰਸਥਾਵਾਂ ਵੱਲੋਂ

ਦਰਸ਼ਨ ਸਿੰਘ ਟਿੱਬਾ ਅਤੇ ਉਸ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ (ਉੱਪਰ)।

ਸਨਮਾਨਤ ਵੀ ਕੀਤਾ ਗਿਆ। ਸਿੱਖਿਆ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਲਈ 2012 ਵਿਚ ਉਸਨੂੰ ਸਟੇਟ ਐਵਾਰਡ ਵੀ ਮਿਲਿਆ।
ਸਰਕਾਰੀ ਡਰਾਇੰਗ ਮਾਸਟਰ ਵਜੋਂ ਸੇਵਾ ਮੁਕਤ ਹੋਏ ਦਰਸ਼ਨ ਸਿੰਘ ਟਿੱਬਾ ਦਾ ਹੁਣ ਬਹੁਤਾ ਸਮਾਂ ਕਲਾ ਨੂੰ ਹੀ ਸਮਰਪਿਤ ਹੁੰਦਾ ਹੈ। ਉਸਨੂੰ ਝੋਰਾ ਹੈ ਕਿ ਕੰਪਿਊਟਰ ਯੁੱਗ ਨੇ ਇਸ ਕਲਾ ਨੂੰ ਬਹੁਤ ਵੱਡੀ ਢਾਹ ਲਾਈ ਹੈ। ਰੰਗਾਂ ਦੀ ਅਹਿਮੀਅਤ ਵਾਲੀ ਚਿੱਤਰਕਾਰੀ ਦਿਨੋਂ ਦਿਨ ਖ਼ਤਮ ਹੋ ਰਹੀ ਹੈ। ਪਹਿਲਾਂ ਇਸ ਕਲਾ ਨੂੰ ਸਿੱਖਣ ਲਈ ਨਵੇਂ ਮੁੰਡਿਆਂ ਵਿਚ ਉਤਸ਼ਾਹ ਹੁੰਦਾ ਸੀ ਜੋ ਹੁਣ ਨਾਂਮਾਤਰ ਹੀ ਰਹਿ ਗਿਆ ਹੈ। ਅੱਜ ਸਿਰਫ਼ ਕੁਝ ਕੁ ਸੰਸਥਾਵਾਂ ਹੀ ਇਸ ਖੇਤਰ ਵਿਚ ਕੰਮ ਕਰ ਰਹੀਆਂ ਹਨ।


Comments Off on ਸੂਖ਼ਮ ਕਲਾਵਾਂ ਦਾ ਸੁਮੇਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.