ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸਿੱਖ ਰੈਫਰੈਂਸ ਲਾਇਬ੍ਰੇਰੀ ਸਬੰਧੀ ਜਾਂਚ ਕਮੇਟੀ ਦੀ ਪਲੇਠੀ ਮੀਟਿੰਗ

Posted On July - 11 - 2019

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੁਲਾਈ

ਸਿੱਖ ਰੈਫਰੈਂਸ ਲਾਇਬ੍ਰੇਰੀ ਸਬੰਧੀ ਮੀਟਿੰਗ ਵਿਚ ਸ਼ਾਮਲ ਜਾਂਚ ਕਮੇਟੀ ਦੇ ਮੈਂਬਰ।

ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨੁਕਸਾਨੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮੁੱਲੇ ਖ਼ਜ਼ਾਨੇ ਦੀ ਵਾਪਸੀ ਸਬੰਧੀ ਪੈਦਾ ਹੋਏ ਭੰਬਲਭੂਸੇ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਜਾਂਚ ਕਮੇਟੀ ਦੀ ਅੱਜ ਪਲੇਠੀ ਮੀਟਿੰਗ ਹੋਈ। ਇਸ ਮੌਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮਲੇ ਨੂੰ ਲਾਇਬ੍ਰੇਰੀ ਵਿਚ ਅਮੁੱਲੇ ਖਜ਼ਾਨੇ ਬਾਰੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ, ਬਾਅਦ ਅਤੇ ਮੌਜੂਦਾ ਸਥਿਤੀ ਦੀ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ। ਇਸ ਸਬੰਧੀ ਅਗਲੀ ਮੀਟਿੰਗ 19 ਜੁਲਾਈ ਨੂੰ ਸੱਦੀ ਗਈ ਹੈ।
ਇਸ ਮੀਟਿੰਗ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਾਬਕਾ ਸਕੱਤਰ ਦਲਮੇਘ ਸਿੰਘ, ਜਾਂਚ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਸ਼ਾਮਲ ਹੋਏ। ਮੀਟਿੰਗ ਮਗਰੋਂ ਪ੍ਰੋ. ਬਡੂੰਗਰ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਹੈ ਕਿ ਇਹ ਜਾਂਚ ਕਮੇਟੀ ਕਿਹਡ਼ੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦੇ ਅਮਲੇ ਨੂੰ ਅਗਲੀ ਮੀਟਿੰਗ ਵਿਚ ਮੁਕੰਮਲ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਰਿਪੋਰਟ ਵਿਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਮੌਜੂਦ ਪੁਸਤਕਾਂ, ਹੱਥ ਲਿਖਤ ਖਰੜਿਆਂ ਤੇ ਹੁਕਮਨਾਮਿਆਂ, ਸਾਕਾ ਨੀਲਾ ਤਾਰਾ ਤੋਂ ਬਾਅਦ ਰੈਫਰੈਂਸ ਲਾਇਬਰੇਰੀ ਵਿਚ ਜੋ ਕੁਝ ਬਚਿਆ ਅਤੇ ਹੁਣ ਤਕ ਕੀ ਕੁਝ ਵਾਪਸ ਆਇਆ ਹੈ, ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਦਾਅਵਿਆਂ ਵਿਚ ਵਖਰੇਵਾਂ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਮੁੱਲਾ ਖਜ਼ਾਨਾ ਵਾਪਸ ਕਰ ਦਿੱਤਾ ਹੈ ਪਰ ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਸਿਰਫ਼ ਕੁਝ ਪੁਸਤਕਾਂ ਅਤੇ ਕੁਝ ਹੱਥ ਲਿਖਤ ਖਰੜੇ ਹੀ ਵਾਪਸ ਕੀਤੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਮੀਟਿੰਗ ਵਿਚ ਮੁੱਖ ਸਕਤਰ ਡਾ. ਰੂਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮੁੱਲੇ ਖ਼ਜ਼ਾਨੇ ਵਿਚ ਲਗਪਗ 13 ਹਜ਼ਾਰ ਦੁਰਲੱਭ ਪੁਸਤਕਾਂ, ਹੱਥ ਲਿਖਤ ਖਰੜੇ, ਹੁਕਮਨਾਮੇ ਤੇ ਹੋਰ ਸਾਮਾਨ ਸ਼ਾਮਲ ਸੀ। ਸਾਕਾ ਨੀਲਾ ਤਾਰਾ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਹੁਣ ਤਕ ਵਾਪਸ ਕੀਤੇ ਸਾਮਾਨ ਵਿਚ 205 ਹੱਥ ਲਿਖਤ ਖਰੜੇ ਅਤੇ 807 ਪੁਸਤਕਾਂ ਤੇ ਇਕ ਹੁਕਮਨਾਮਾ ਸ਼ਾਮਲ ਹੈ ਜਦੋਂਕਿ 11,107 ਪੁਸਤਕਾਂ, 300 ਤੋਂ ਵੱਧ ਹੱਥ ਲਿਖਤ ਖਰੜੇ, ਹੁਕਮਨਾਮੇ ਤੇ ਹੋਰ ਸਾਮਾਨ ਹੁਣ ਤਕ ਵਾਪਸ ਨਹੀਂ ਕੀਤਾ ਗਿਆ ਹੈ।

ਸਰੂਪ ਵੇਚਣ ਦੇ ਮਾਮਲੇ ਦੀ ਜਾਂਚ ਹੋਵੇਗੀ: ਬਡੰੂਗਰ
ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਾਪਸ ਕੀਤੇ ਪਾਵਨ ਸਰੂਪਾਂ ਵਿਚੋਂ ਇਕ ਸਰੂਪ ਨੂੰ ਵਿਦੇਸ਼ ਵਿਚ ਵੇਚਣ ਦੇ ਦੋਸ਼ਾਂ ਬਾਰੇ ਪ੍ਰੋ. ਬਡੂੰਗਰ ਨੇ ਆਖਿਆ ਕਿ ਇਹ ਗੰਭੀਰ ਮਾਮਲਾ ਹੈ। ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ 19 ਜੁਲਾਈ ਦੀ ਮੀਟਿੰਗ ਵਿਚ ਇਸ ਮੁੱਦੇ ’ਤੇ ਨਵੇਂ ਖ਼ੁਲਾਸੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕਰੇਗੀ ਅਤੇ ਸੱਚਾਈ ਸਾਹਮਣੇ ਲੈ ਕੇ ਆਵੇਗੀ। ਅੱਜ ਮੀਟਿੰਗ ਵਿਚ ਸਕੱਤਰ ਮਹਿੰਦਰ ਸਿੰਘ ਆਹਲੀ, ਬਲਵਿੰਦਰ ਸਿੰਘ ਜੌੜਾਸਿੰਘਾ ਤੇ ਲਾਇਬ੍ਰੇਰੀ ਦੇ ਕੁਝ ਅਧਿਕਾਰੀ ਹਾਜ਼ਰ ਸਨ।


Comments Off on ਸਿੱਖ ਰੈਫਰੈਂਸ ਲਾਇਬ੍ਰੇਰੀ ਸਬੰਧੀ ਜਾਂਚ ਕਮੇਟੀ ਦੀ ਪਲੇਠੀ ਮੀਟਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.