ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਸਿੱਖਿਆ ਨੀਤੀ ਵਿਚੋਂ ‘ਧਰਮ ਨਿਰਪੱਖਤਾ’ ਸ਼ਬਦ ਗਾਇਬ

Posted On July - 12 - 2019

ਡਾ. ਵਿਦਵਾਨ ਸਿੰਘ ਸੋਨੀ

ਨਵੀਂ ਘੜੀ ਜਾ ਰਹੀ ਸਿੱਖਿਆ ਨੀਤੀ ਵਿਚੋਂ ਧਰਮ ਨਿਰਪੱਖਤਾ ਦੀ ਅਣਹੋਂਦ ਅਜਿਹਾ ਸੰਕੇਤ ਦਿੰਦੀ ਹੈ ਜਿਸ ਨਾਲ ਸਾਰੇ ਭਾਰਤ ਵਿਚ ਵਿਦਿਆਰਥੀ-ਸਿੱਖਿਆ ਨੂੰ ਬਲ-ਹੀਣ ਕਰ ਦਿੱਤਾ ਜਾਵੇਗਾ। 484 ਪੰਨਿਆਂ ਦੇ ਨੀਤੀ-ਖਰੜੇ ਵਿਚ ਸ਼ਬਦ ‘ਧਰਮ ਨਿਰਪੱਖ’ ਜਾਂ ‘ਧਰਮ ਨਿਰਪੱਖਤਾ’ ਕਿਸੇ ਵੀ ਥਾਂ ਤੇ ਲਿਖੇ ਨਹੀਂ ਮਿਲਦੇ। ਨਵੇਂ ਸਿਰਿਓਂ ਸਜਾਈ ਜਾ ਰਹੀ ਸਿੱਖਿਆ ਨੀਤੀ ਵਿਚ ਸਰਕਾਰ ਦੁਆਰਾ ਫੰਡ ਮੁਹੱਈਆ ਕਰਾਉਣ, ਸਕੂਲੀ ਸਿੱਖਿਆ ਦੀ ਨੁਹਾਰ ਬਦਲਣ, ਸਕੂਲੀ ਤੇ ਉਚੇਰੀ ਸਿੱਖਿਆ ਦਾ ਪਾਠਕ੍ਰਮ ਤਿਆਰ ਕਰਨ ਅਤੇ ਅਧਿਆਪਕਾਂ ਦੀ ਸਿਖਲਾਈ ਦਾ ਮਸੌਦਾ ਤਿਆਰ ਕਰਨਾ ਆਦਿਕ ਸ਼ਾਮਲ ਹਨ। ਧਰਮ ਨਿਰਪੱਖ ਉਤਸ਼ਾਹਪੂਰਨ ਸਿੱਖਿਆ ਨੀਤੀ ਲਈ ਸਪੱਸ਼ਟਤਾ ਤੇ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ ਜੋ ਇਸ ਖਰੜੇ ਵਿਚ ਮੌਜੂਦ ਨਹੀਂ।
ਇਸ ਪੱਖ ਵਲ ਜ਼ਿਆਦਾ ਧਿਆਨ ਦੇਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਸੰਨ 1986 ਦੀ ਸਿੱਖਿਆ ਨੀਤੀ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਅਜੋਕੀ ਸਿੱਖਿਆ ਪ੍ਰਣਾਲੀ ਲਈ ਰਾਹ ਦਸੇਰੇ ਦਾ ਕੰਮ ਕਰਦੀ ਸੀ। ਫਿਰ ‘ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ’ ਵੱਲੋਂ 2005 ਵਿਚ ਤਿਆਰ ਕੀਤੀ ਰਾਸ਼ਟਰੀ ਨੀਤੀ ਅਤੇ 2009 ਵਿਚ ਅਧਿਆਪਕਾਂ ਦੀ ਸਿੱਖਿਆ ਲਈ ਬਣਾਏ ਪਾਠਕ੍ਰਮ ਨੂੰ ਘੋਖੀਏ ਤਾਂ ਧਰਮ ਨਿਰਪੱਖ ਸਿੱਖਿਆ ਦੀ ਝਲਕ ਇਨ੍ਹਾਂ ਸਾਰਿਆਂ ਵਿਚ ਪੈਂਦੀ ਹੈ। 1986 ਦੀ ਸਿੱਖਿਆ ਨੀਤੀ ਵਿਚ ਸਾਫ਼ ਲਿਖਿਆ ਹੈ ਕਿ ਸਿੱਖਿਆ ਦੇ ਸਾਰੇ ਪ੍ਰੋਗਰਾਮਾਂ ਵਿਚ ‘ਧਰਮ ਨਿਰਪੱਖਤਾ’ ਦੇ ਪੱਖ ਦੀ ਕਠੋਰਤਾ ਨਾਲ ਨਿਗਰਾਨੀ ਕੀਤੀ ਜਾਵੇਗੀ। 2005 ਦੇ ਰਾਸ਼ਟਰੀ ਪਾਠਕ੍ਰਮ ਦੇ ਵੇਰਵੇ ਵਿਚ ਲੋਕਤੰਤਰ, ਬਰਾਬਰੀ, ਇਨਸਾਫ, ਧਰਮ ਨਿਰਪੱਖਤਾ ਅਤੇ ਮਾਨਵੀ ਕਦਰਾਂ ਕੀਮਤਾਂ ਦਾ ਧਿਆਨ ਰੱਖਣ ਉੱਤੇ ਜ਼ੋਰ ਦਿੱਤਾ ਗਿਆ ਹੈ। ਰਾਸ਼ਟਰੀ ਸਿੱਖਿਆ ਨੀਤੀ ਵਿਚ ਭਾਰਤ ਦੇ ਸੰਵਿਧਾਨ ਤੋਂ ਵੀ ਸਬਕ ਲੈਣਾ ਬਣਦਾ ਹੈ ਜਿਸ ਅਨੁਸਾਰ ਸਿੱਖਿਆ ਵਿਚ ਵਿਗਿਆਨਕ ਸੋਚ, ਤਰਕਸ਼ੀਲਤਾ ਤੇ ਅਗਾਂਹਵਧੂ ਵਿਚਾਰਧਾਰਾ ਦੇ ਅੰਸ਼ ਸ਼ਾਮਲ ਹੋਣੇ ਚਾਹੀਦੇ ਹਨ।
ਧਰਮ ਨਿਰਪੱਖ ਸਿੱਖਿਆ ਵਿਚ ਮਹੱਤਵਪੂਰਨ ਤੱਥਾਂ ਅਨੁਸਾਰ, ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਕਿਸੇ ਇਕ ਧਰਮ ਦੀ ਸਿੱਖਿਆ ਨਹੀਂ ਦੇਣੀ ਹੁੰਦੀ, ਪਾਠ ਪੁਸਤਕਾਂ ਵਿਚ ਸਭ ਧਰਮਾਂ ਤੇ ਰਿਵਾਜ਼ਾਂ ਨੂੰ ਬਰਾਬਰ ਥਾਂ ਦੇਣੀ ਹੁੰਦੀ ਹੈ। ਤਾਂ ਹੀ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਵਿਚ ਧਾਰਮਿਕ ਸਿੱਖਿਆ ਦੇਣ ਦੀ ਆਗਿਆ ਕਦੀ ਨਹੀਂ ਸੀ ਦਿੱਤੀ। ਰਾਸ਼ਟਰੀ ਸਿੱਖਿਆ ਨੀਤੀ-2019 ਵਿਚ ਨੈਤਿਕ ਤੇ ਇਖ਼ਲਾਕੀ ਸਿੱਖਿਆ ਦੇਣ ਦੇ ਬਹਾਨੇ ਸਕੂਲਾਂ ਵਿਚ ਧਾਰਮਿਕ ਸਿੱਖਿਆ ਦੇਣ ਦਾ ਟੀਚਾ ਮਿੱਥਿਆ ਜਾ ਰਿਹਾ ਹੈ ਪਰ ਸ਼ਾਇਦ ਕਿਸੇ ਖਾਸ ਧਰਮ ਨੂੰ ਧਿਆਨ ਵਿਚ ਰੱਖ ਕੇ। ਜਾਨਵਰਾਂ ਨੂੰ ਨਾ ਮਾਰਨਾ, ਉਨ੍ਹਾਂ ਦਾ ਮਾਸ ਨਾ ਖਾਣਾ ਆਦਿਕ ਸੁਤੰਤਰ ਸੋਚ ਵਾਲੇ ਸਿੱਖ, ਈਸਾਈ, ਮੁਸਲਮਾਨ ਲੋਕ ਤੇ ਬਹੁਤ ਸਾਰੇ ਹਿੰਦੂ ਵੀ ਨਹੀਂ ਮੰਨ ਸਕਦੇ, ਫਿਰ ਸਿੱਖਿਆ ਵਿਚ ਇਹ ਗੱਲਾਂ ਸ਼ਾਮਲ ਕਰਨੀਆਂ ਮਾਨਵੀ ਆਜ਼ਾਦੀ ਦੇ ਖ਼ਿਲਾਫ਼ ਨਹੀਂ ਜਾਂਦੀਆਂ?
ਜੇ ਕੁਝ ਸਰਕਾਰਾਂ ਚੁੱਪ-ਚਪੀਤੇ ਭਾਰਤ ਦੇ ਪੁਰਾਤਨ ਇਤਿਹਾਸ ਵਿਚ ਵਿਗਿਆਨ ਦੀ ਉੱਨਤੀ ਬਾਰੇ ਬਣਾਉਟੀ ਤੇ ਝੂਠੇ ਦਾਅਵੇ ਸ਼ਾਮਲ ਕਰ ਦੇਣਗੀਆਂ, ਜਿਵੇਂ ਇਹ ਪ੍ਰਚਲਤ ਕਰਨਾ ਕਿ ਕਿਵੇਂ ਪਲਾਸਟਿਕ ਸਰਜਰੀ ਨਾਲ ਸ੍ਰੀ ਗਣੇਸ਼ ਦੇ ਬਦਨ ਤੇ ਹਾਥੀ ਦਾ ਸਿਰ ਜੜਿਆ ਸੀ, ਸੋ ਉਦੋਂ ਵਿਗਿਆਨ ਕਿੰਨਾ ਅਗਾਂਹ ਲੰਘ ਚੁੱਕਾ ਸੀ। ਜੇਨੈਟਿਕ ਇੰਜਨੀਅਰਿੰਗ ਵੀ ਹੁੰਦੀ ਸੀ, ਟੈਸਟ ਟਿਊਬ ਬੇਬੀ ਦਾ ਢੰਗ ਵਰਤ ਕੇ ਇਕੋ ਮਾਂ ਦੀ ਕੁੱਖ ਵਿਚੋਂ 100 ਕੌਰਵ ਪੈਦਾ ਕੀਤੇ ਗਏ ਸਨ ਆਦਿ, ਕਈ ਬੇਬੁਨਿਆਦ ਦਾਅਵੇ ਕੀਤੇ ਜਾਣਗੇ ਅਤੇ ਪਾਠ ਪੁਸਤਕਾਂ ਵਿਚ ਅਜਿਹੀਆਂ ਕਈ ਗੱਲਾਂ ਲਿਖ ਕੇ ਸਿਖਿਆਰਥੀਆਂ ਨੂੰ ਗੁੰਮਰਾਹ ਕੀਤਾ ਜਾਵੇਗਾ।
ਹੋਰ ਤਾਂ ਹੋਰ, 2015 ਵਿਚ ਉਕਤ ਨਵੀਂ ਸਿੱਖਿਆ ਨੀਤੀ ਦੀ ਪ੍ਰਸਤਾਵਨਾ ਤੋਂ ਪਹਿਲਾਂ ਹੀ ਇਕ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਐੱਨਡੀਏ ਦੀਆਂ ਸੂਬਾ ਸਰਕਾਰਾਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਾਰਤ ਵਿਚ ਸੱਭਿਆਚਾਰਕ ਭ੍ਰਿਸ਼ਟਤਾ ਦੂਰ ਕਰਨ ਵਾਸਤੇ ਸਕੂਲੀ ਬੱਚਿਆਂ ਲਈ ਰਮਾਇਣ, ਮਹਾਂਭਾਰਤ ਤੇ ਗੀਤਾ ਵਿਚੋਂ ਪਾਠ, ਪੁਸਤਕਾਂ ਵਿਚ ਸ਼ਾਮਿਲ ਕੀਤੇ ਜਾਣਗੇ। ਇਸ ਮੀਟਿੰਗ ਵਿਚ ਆਰਐੱਸਐੱਸ ਨਾਲ ਜੁੜੇ ਕਈ ਅਖੌਤੀ ਬੁੱਧੀਜੀਵੀ ਵੀ ਸ਼ਾਮਲ ਸਨ। ਮੀਟਿੰਗ ਵਿਚ ਸੀਬੀਐੱਸਸੀ ਨਾਲ ਸੰਪਰਕ ਕਰਨ ਦੀ ਗੱਲ ਵੀ ਕੀਤੀ ਗਈ ਸੀ। ਜਦੋਂ ਪੁੱਛਿਆ ਕਿ ਇਹ ਤਾਂ ਆਰਐੱਸਐੱਸ ਦੀ ਵਿਚਾਰਧਾਰਾ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ (ਆਰਐੱਸਐੱਸ ਪੱਖੀ) ਮੋਦੀ ਸਰਕਾਰ ਕੋਲ ਪੂਰਨ ਬਹੁਮੱਤ ਹੈ, ਇਸ ਲਈ ਸਾਨੂੰ ਜੋ ਜਚਦਾ ਹੈ, ਅਸੀਂ ਉਹ ਕਰਾਂਗੇ। ਸਿੱਟੇ ਵਜੋਂ ਭਾਰਤੀ ਜਨਤਾ ਪਾਰਟੀ ਦੀਆਂ ਕਈ ਸੂਬਾ ਸਰਕਾਰਾਂ ਪਹਿਲਾਂ ਹੀ ਸਕੂਲਾਂ ਵਿਚ ਰਮਾਇਣ, ਮਹਾਂਭਾਰਤ ਤੇ ਗੀਤਾ ਚੋਂ ਸ਼ਲੋਕ ਪੜ੍ਹਾ ਰਹੀਆਂ ਹਨ। ਧਰਮ ਨਿਰਪੱਖਤਾ ਤਾਂ ਹੁੰਦੀ, ਜੇ ਹੋਰ ਧਰਮਾਂ ਦੇ ਗ੍ਰੰਥਾਂ ਵਿਚੋਂ ਵੀ ਕੁਝ ਅੰਸ਼ ਲਏ ਜਾਂਦੇ।
ਹੁਣ ਤਾਂ ਹੋਰ ਵੀ ਜ਼ਿਆਦਾ ਵੋਟਾਂ ਹਾਸਲ ਕਰਕੇ ਸਰਕਾਰ ਬਣੀ ਹੈ ਅਤੇ ਨਵੀਂ ਸਿੱਖਿਆ ਨੀਤੀ ਬਣ ਰਹੀ ਹੈ। ਜੇ ਨਿਰਪੱਖ ਚਿੰਤਕਾਂ ਨੇ ਕੋਈ ਹੀਲਾ ਨਾ ਕੀਤਾ ਤਾਂ ਸਾਰਾ ਇਤਿਹਾਸ ਹੀ ਬਦਲ ਦਿੱਤਾ ਜਾਵੇਗਾ। ਮਿਥਿਹਾਸ ਨੂੰ ਇਤਿਹਾਸ ਬਣਾ ਦਿੱਤਾ ਜਾਵੇਗਾ। ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਰੱਫੜ ਚੱਲ ਰਿਹਾ ਹੈ। ਭਗਵਾਨ ਰਾਮ ਸਾਢੇ ਸੱਤ ਹਜ਼ਾਰ ਸਾਲ ਪਹਿਲਾਂ ਅਯੁੱਧਿਆ ਵਿਚ ਪੈਦਾ ਹੋਏ ਮੰਨੇ ਜਾਂਦੇ ਹਨ ਪਰ ਸ਼ਾਇਦ ਕਿਸੇ ਨੂੰ ਪਤਾ ਨਹੀਂ ਕਿ ਉਦੋਂ ਤਾਂ ਭਾਰਤ ਸਮੇਤ ਸਾਰੀ ਦੁਨੀਆ ਵਿਚ ਪੱਥਰ ਯੁੱਗ ਸੀ?
ਸਾਰੇ ਲੋਕ ਆਰਕਿਓਲੋਜੀ ਜਾਂ ਪੂਰਵ-ਇਤਿਹਾਸ ਨਹੀਂਂ ਪੜ੍ਹਦੇ; ਇਸ ਲਈ ਦੱਸਣਾ ਜ਼ਰੂਰੀ ਹੈ ਕਿ ਸਾਰੇ ਦੱਖਣੀ ਏਸ਼ੀਆ ਵਿਚ 5300 ਸਾਲ ਪਹਿਲਾਂ ਤੱਕ ਨਿਓਲਿਥਿਕ (ਪੱਥਰ ਦਾ) ਯੁੱਗ ਸੀ, ਲੋਹੇ ਦਾ ਯੁੱਗ ਤਾਂ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਆਰੀਆ ਲੋਕ ਭਾਰਤ ਵਿਚ ਦਾਖਲ ਹੋਏ ਸਨ। ਰਮਾਇਣ ਵਿਚ ਲੋਹੇ ਦੇ ਰੱਥ ਤੇ ਹਥਿਆਰ ਵਰਤੇ ਜਾਂਦੇ ਦਿਖਾਏ ਜਾਂਦੇ ਹਨ। ਸੋ ਰਮਾਇਣ ਦੀ ਘਟਨਾ ਜਾਂ ਭਗਵਾਨ ਰਾਮ ਦੇ ਜਨਮ ਦਾ ਸਾਢੇ ਸੱਤ ਹਜ਼ਾਰ ਸਾਲਾਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਉਹ ਆਰੀਅਨਾਂ ਵਿਚੋਂ ਹੀ ਨਿਕਲੇ ਹੋਣਗੇ ਪਰ ਰਾਸ਼ਟਰਵਾਦੀ ਕਹਿੰਦੇ ਹਨ ਕਿ ਆਰੀਆ ਬਾਹਰੋਂ ਆਏ ਹੀ ਨਹੀਂ, ਕਈ ਹਜ਼ਾਰ ਸਾਲ ਤੋਂ ਭਾਰਤ ਵਿਚ ਰਹਿ ਰਹੇ ਬਾਸ਼ਿੰਦੇ ਸਨ, ਜੋ ਸਰਾਸਰ ਗਲਤ ਹੈ। ਜਾਪਦਾ ਹੈ, ਇਸ ਨਵੀਂ ਸਿੱਖਿਆ ਨੀਤੀ ਅਨੁਸਾਰ ਅਜਿਹਾ ਕਲਪਿਤ ਅਤੇ ਅਵਿਗਿਆਨਕ ਲੀਹਾਂ ਉੱਤੇ ਲਿਖਿਆ ਹੋਇਆ ਇਤਿਹਾਸ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ।
ਜਿਹੜੀਆਂ ਵੈਬਸਾਈਟਾਂ ਸੱਜੇ ਪੱਖੀ ਰਾਸ਼ਟਰਵਾਦੀਆਂ ਨੇ ਬਣਾਈਆਂ ਹੋਈਆਂ ਹਨ, ਉਨ੍ਹਾਂ ਉੱਤੇ ਮਹਾਂਭਾਰਤ ਵਿਚ ਐਟਮ ਬੰਬਾਂ (ਬ੍ਰਹਮ ਅਸਤਰਾਂ?) ਦਾ ਵੀ ਜ਼ਿਕਰ ਹੈ ਤੇ ਹੋਰ ਕਈ ਊਲ-ਜਲੂਲ ਗੱਲਾਂ ਵੀ ਲਿਖੀਆਂ ਹੁੰਦੀਆਂ ਹਨ। ਇਹ ਸਭ ਕੁਝ ਪੜ੍ਹਾ ਕੇ ਅਸੀਂ ਸਿਖਿਆਰਥੀਆਂ ਨੂੰ ਕਿਹੜੇ ਪਾਸੇ ਲੈ ਜਾਵਾਂਗੇ? ਸ਼ਬਦ ‘ਧਰਮ ਨਿਰਪੱਖ’ ਵੀ ਤਦੇ ਹੀ ਇਸ ਨੀਤੀ ਵਿਚ ਨਜ਼ਰ ਨਹੀਂ ਆਉਂਦਾ।

*ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
ਸੰਪਰਕ: 98143-48697


Comments Off on ਸਿੱਖਿਆ ਨੀਤੀ ਵਿਚੋਂ ‘ਧਰਮ ਨਿਰਪੱਖਤਾ’ ਸ਼ਬਦ ਗਾਇਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.