ਪੜ੍ਹਦਿਆਂ-ਸੁਣਦਿਆਂ
ਸੁਰਿੰਦਰ ਸਿੰਘ ਤੇਜ
ਚਾਰ ਦਹਾਕਿਆਂ ਤੋਂ ਮਨ ਵਿਚ ਜੋ ਭਰਮ-ਭੁਲੇਖੇ ਘਰ ਕਰੀ ਬੈਠੇ ਸਨ, ਉਹ ਇਕ ਕਿਤਾਬ ਨੇ ਦੂਰ ਕਰ ਦਿੱਤੇ। ਭਰਮ-ਭੁਲੇਖੇ ਸਿੱਕਿਮ ਦੇ ਭਾਰਤੀ ਸੰਘ ਨਾਲ ਰਲੇਵੇਂ ਨੂੰ ਲੈ ਕੇ ਸਨ। ਇਹ ਰਲੇਵਾਂ 16 ਮਈ 1975 ਨੂੰ ਹੋਇਆ। ਦੇਸ਼ ਵਿਚ ਇੰਦਰਾ ਗਾਂਧੀ ਦੀ ਹਕੂਮਤ ਸੀ। 1972 ਵਿਚ ਸ੍ਰੀਮਤੀ ਗਾਂਧੀ ਬਹੁਤ ਭਾਰੀ ਬਹੁਮਤ ਨਾਲ ਸੱਤਾ ’ਤੇ ਪਰਤੀ ਸੀ। ਪਰ 1975 ਤਕ ਮਾਹੌਲ ਬਿਲਕੁਲ ਬਦਲ ਚੁੱਕਾ ਸੀ। ਬੰਗਲਾਦੇਸ਼ ਨੂੰ ਵਜੂਦ ਵਿਚ ਲਿਆਉਣ ਦਾ ਜਲਵਾ ਆਪਣੀ ਚਮਕ ਗੁਆ ਚੁੱਕਾ ਸੀ। ‘ਗ਼ਰੀਬੀ ਹਟਾਓ’ ਦੇ ਨਾਅਰੇ ਦਾ ਅਸਰ, ਬੇਅਸਰ ਹੋੋ ਚੁੱਕਾ ਸੀ। ਲੋਕ ਮਨਾਂ ਵਿਚ ਇੰਦਰਾ ਗਾਂਧੀ ਦੀਆਂ ਜਮਹੂਰੀ ਤੇ ਹਕੂਮਤੀ ਯੋਗਤਾਵਾਂ ਪ੍ਰਤੀ ਸ਼ੁਬਹੇ ਪੈਦਾ ਹੋ ਚੁੱਕੇ ਸਨ। ਇਸ ਨੇਤਾ ਦੀ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਚੋਣ ਰੱਦ ਕਰਨ ਵਾਲਾ ਅਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਭਾਵੇਂ 12 ਜੂਨ 1975 ਨੂੰ ਆਇਆ, ਪਰ ਲੋਕ ਰੋਹ ਨੇ ਜਥੇਬੰਦਕ ਰੂਪ ਮਾਰਚ 1975 ਤੋਂ ਹੀ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਸਿੱਕਿਮ ਦੀ ਭਾਰਤੀ ਸੰਘ ਵਿਚ ਵਿਲੀਨਤਾ ਨੂੰ ਬੌਧਿਕ
ਹਲਕਿਆਂ ਵਿਚ ਇੰਦਰਾ ਗਾਂਧੀ ਦੀ ਜ਼ਾਲਮਾਨਾ ਕਾਰਵਾਈ ਵਜੋਂ ਦੇਖਿਆ ਗਿਆ। ਦੇਸ਼-ਵਿਦੇਸ਼ ਵਿਚ ਮੀਡੀਆ ਨੇ ਇਸ ਨੂੰ ਭੰਡਿਆ ਵੀ ਖ਼ੂਬ। ਇਸ ਦੇ ਖ਼ਿਲਾਫ਼ ਖੁੱਲ੍ਹ ਕੇ ਲਿਖਣ ਵਾਲੇ ਨਾਮਵਰ ਅਖ਼ਬਾਰਨਵੀਸ ਬੀ.ਜੀ. ਵਰਗੀਜ਼ ਨੂੰ ‘ਹਿੰਦੋਸਤਾਨ ਟਾਈਮਜ਼’ ਦੇ ਸੰਪਾਦਕ ਦੇ ਅਹੁਦੇ ਤੋਂ ਹਟਾਉਣ ਅਤੇ ‘ਸਟੇਟਸਮੈਨ’ ਅਖ਼ਬਾਰ ਖ਼ਿਲਾਫ਼ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸ਼ੁਰੂ ਕਰਨ ਦੀ ਕੇਂਦਰ ਸਰਕਾਰ ਦੀ ਕਾਰਵਾਈ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਅਗਲੇ ਕੁਝ ਵਰ੍ਹਿਆਂ ਦੌਰਾਨ ਇਸ ਰਲੇਵੇਂ ਬਾਰੇ ਜੋ ਕਿਤਾਬਾਂ ਆਈਆਂ, ਉਨ੍ਹਾਂ ਨੇ ਭਾਰਤ ਸਰਕਾਰ ਦੇ ਪੱਖ ਨੂੰ ਸਹੀ ਵੁੱਕਤ ਦੇਣ ਦੀ ਥਾਂ ਸਿੱਕਿਮ ਦੇ ‘ਸਮਰਾਟ’ (ਚੋਗਿਆਲ) ਤੇ ਪਰਜਾ ਨਾਲ ਭਾਰਤੀ ਬੇਵਫ਼ਾਈ ਦਾ ਬਿਰਤਾਂਤ ਸਿਰਜਣ ਨੂੰ ਹੀ ਤਰਜੀਹ ਦਿੱਤੀ। ਭੇੜੀਏ ਤੇ ਲੇਲੇ ਦੀ ਕਹਾਣੀ ਵਾਲਾ ਇਹੀ ਬਿਰਤਾਂਤ ਹੁਣ ਵੀ ਸਿੱਕਿਮ ਨਾਲ ਜੁੜੀਆਂ ਬਹੁਤੀਆਂ ਕਿਤਾਬਾਂ ਦਾ ਸ਼ਿੰਗਾਰ ਹੈ।
ਇਸ ਬਿਰਤਾਂਤ ਨੂੰ ਤਰਕ ਤੇ ਵਿਵੇਕਪੂਰਨ ਢੰਗ ਨਾਲ ਖੰਡਿਤ ਕਰਦੀ ਹੈ ਜੀ.ਬੀ.ਐੱਸ. ਸਿੱਧੂ ਦੀ ਕਿਤਾਬ ‘ਸਿੱਕਿਮ: ਡਾਅਨ ਆਫ ਡਿਮੋਕਰੇਸੀ’ (ਪੈਂਗੁਇਨ ਵਾਈਕਿੰਗ; 599 ਰੁਪਏ; ਪੰਨੇ 370)। ਇਹ ਕਿਤਾਬ ਤਿੰਨ ਦਹਾਕੇ ਪਹਿਲਾਂ ਪ੍ਰਕਾਸ਼ਿਤ ਹੋ ਜਾਣੀ ਚਾਹੀਦੀ ਸੀ। ਇਸ ਨੂੰ ਲਿਖਣ ਦਾ ਖ਼ਿਆਲ ਵੀ 1988 ਵਿਚ ਉਪਜਿਆ ਸੀ। ਜੇ ਉਦੋਂ ਹੀ ਇਸ ਨੂੰ ਅਮਲੀ ਰੂਪ ਦੇ ਦਿੱਤਾ ਜਾਂਦਾ ਤਾਂ ਭਾਰਤੀ ਸੰਘ ਜਾਂ ਭਾਰਤੀ ਇਰਾਦਿਆਂ ਬਾਰੇ ਗ਼ਲਤਫਹਿਮੀਆਂ ਨੂੰ ‘ਤੱਥਾਂ’ ਦਾ ਰੂਪ ਦੇਣ ਦਾ ਅਮਲ ਖ਼ੁਦ-ਬਖ਼ੁਦ ਕਮਜ਼ੋਰ ਪੈ ਜਾਣਾ ਸੀ। ਸਿੱਧੂ ਨੇ ਇਹ ਕਿਤਾਬ ਦੇਰ ਨਾਲ ਲਿਖੇ ਜਾਣ ਦੀਆਂ ਦੋ ਵਜ੍ਹਾਵਾਂ ਬਿਆਨ ਕੀਤੀਆਂ ਹਨ। ਇਕ ਸੀ ਨੌਕਰੀ ਦੌਰਾਨ ਸਰਕਾਰੀ ਰਾਜ਼ਾਂ ਦੀ ਰਾਜ਼ਦਾਰੀ ਬਰਕਰਾਰ ਰੱਖਣ ਦੀ ਮਜਬੂਰੀ ਅਤੇ ਦੂਜੀ ਸੀ ਪਤਨੀ ਦੀ ਬਿਮਾਰੀ। ਦੋਵਾਂ ਨੇ ਲੰਮਾ ਸਮਾਂ ਉਸ ਦੇ ਹੱਥ ਬੰਨ੍ਹੀ ਰੱਖੇ। ਬਹਰਹਾਲ, ਦੇਰ ਨਾਲ ਹੀ ਸਹੀ, ਉਸ ਦਾ ਉੱਦਮ ਨਿਹਫ਼ਲ ਜਾਣ ਵਾਲਾ ਨਹੀਂ। ਉਸ ਨੇ ਜੋ ਕੁਝ ਲਿਖਿਆ ਹੈ, ਉਹ ਪੁਰਸਬੂਤ ਹੈ, ਤਰਕਸੰਗਤ ਹੈ। ਉਹ ਰਲੇਵੇਂ ਵਾਲੀ ਸਮੁੱਚੀ ਕਵਾਇਦ ਦੌਰਾਨ ਗਰਾਊਂਡ ਜ਼ੀਰੋ ’ਤੇ ਮੌਜੂਦ ਸੀ ਅਤੇ ਇਹ ਚਸ਼ਮਦੀਦੀ ਹੀ ਇਸ ਕਿਤਾਬ ਨੂੰ ਪ੍ਰਮਾਣਿਕ ਬਣਾਉਂਦੀ ਹੈ।
ਕਿਤਾਬ ਬਾਰੇ ਕੁਝ ਹੋਰ ਲਿਖਣ ਤੋਂ ਪਹਿਲਾਂ ਲੇਖਕ ਨਾਲ ਤੁਆਰੁਫ਼ ਕਰਵਾਉਣਾ ਅਢੁਕਵਾਂ ਨਹੀਂ ਜਾਪਦਾ। ਉਹ ਭਾਰਤੀ ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨੇਲਸਿਸ ਵਿੰਗ (ਰਾਅ) ’ਚ ਵਿਸ਼ੇਸ਼ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਸ ਨੇ ਆਪਣਾ ਪੇਸ਼ੇਵਾਰਾਨਾ ਜੀਵਨ ਸਰਕਾਰੀ ਰਿਪੁਦਮਨ ਕਾਲਜ, ਨਾਭਾ ’ਚ ਬਤੌਰ ਲੈਕਚਰਰ ਸ਼ੁਰੂ ਕੀਤਾ, ਪਰ 1964 ਵਿਚ ਆਈਪੀਐੱਸ ਲਈ ਚੁਣੇ ਜਾਣ ਮਗਰੋਂ ਉੱਤਰ ਪ੍ਰਦੇਸ਼ ਕਾਡਰ ਦਾ ਪੁਲੀਸ ਅਧਿਕਾਰੀ ਬਣਿਆ। ਅੱਠ ਸਾਲ ਬਾਅਦ ਉਸ ਨੂੰ ‘ਰਾਅ’ ਵਿਚ ਦਾਖ਼ਲੇ ਦਾ ਮੌੌਕਾ ਮਿਲ ਗਿਆ। ਇਸੇ ਮੌਕੇ ਦੇ ਜ਼ਰੀਏ ਉਹ ਇਸ ਏਜੰਸੀ ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ਦੀ ਨਜ਼ਰੀਂ ਚੜ੍ਹਿਆ।
ਲੇਖਕ ਇਸ ਗੱਲੋਂ ਸਪਸ਼ਟ ਹੈ ਕਿ ਸਿੱਕਿਮ ਨੂੰ ਆਪਣੇ ਨਾਲ ਰਲਾ ਕੇ ਭਾਰਤ ਨੇ ਕੋਈ ਅਨਿਆਂ ਨਹੀਂ ਕੀਤਾ। ਉਸ ਦਾ ਮੱਤ ਹੈ ਕਿ ਜੋ ਕਾਰਜ 1947 ਵਿਚ ਹੋ ਜਾਣਾ ਚਾਹੀਦਾ ਸੀ, ਉਹ ਪੰਡਿਤ ਨਹਿਰੂ ਦੀ ਗ਼ਲਤੀ ਕਾਰਨ 28 ਸਾਲ ਪਛੜ ਗਿਆ। ਬ੍ਰਿਟਿਸ਼ ਅਧਿਕਾਰੀਆਂ ਨੇ ਚੀਨ ਨਾਲ ਹੋਈ 1850 ਦੀ ਸੰਧੀ ਰਾਹੀਂ ਸਿੱਕਿਮ ਨੂੰ ਭਾਰਤੀ ਰਿਆਸਤ ਹੀ ਕਬੂਲਿਆ ਸੀ ਅਤੇ ਸਿੱਕਮੀ ਸਮਰਾਟ ਵੀ ਚੈਂਬਰ ਆਫ ਇੰਡੀਅਨ ਪ੍ਰਿੰਸਿਜ਼ ਦਾ ਮੈਂਬਰ ਸੀ। ਲਿਹਾਜ਼ਾ, 1947-48 ਵਿਚ ਬਾਕੀ 565 ਰਿਆਸਤਾਂ ਵਾਂਗ ਸਿੱਕਿਮ ਨੂੰ ਵੀ ਭਾਰਤੀ ਸੰਘ ਦਾ ਹਿੱਸਾ ਬਣਾ ਲਿਆ ਜਾਣਾ ਚਾਹੀਦਾ ਸੀ। ਪਰ ਪੰਡਿਤ ਨਹਿਰੂ ਨੇ ਸਰਦਾਰ ਪਟੇਲ ਦੇ ਮੱਤ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਕਿਮ ਨੂੰ ਭਾਰਤ ’ਚ ਵਿਲੀਨ ਕਰਨ ਦੀ ਥਾਂ ਪ੍ਰੋਟੈਕਟੋਰੇਟ ਬਣਾਉਣਾ ਵਾਜਬ ਸਮਝਿਆ। ਉਹ ਸ਼ਾਇਦ ਚੀਨੀ ਸੰਵੇਦਨਾਵਾਂ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦੇ। ਪਰ ਅਜਿਹਾ ਕਰਕੇ ਉਨ੍ਹਾਂ ਨੇ ਜਿੱਥੇ ਸਿੱਕਮੀ ਲੋਕਾਂ ਦੀਆਂ ਜਮਹੂਰੀ ਉਮੰਗਾਂ ਨੂੰ ਸੱਟ ਮਾਰੀ, ਉੱਥੇ ਚੋਗਿਆਲਾਂ ਲਈ ਭਾਰਤ ਨੂੰ ਬਲੈਕਮੇਲ ਕਰਨ ਦਾ ਰਾਹ ਵੀ ਖੋਲ੍ਹ ਦਿੱਤਾ। ਇੰਦਰਾ ਗਾਂਧੀ ਨੇ 1966 ਵਿਚ ਪ੍ਰਧਾਨ ਮੰਤਰੀ ਬਣਨ ਮਗਰੋਂ ਮੁੱਢ ਵਿਚ ਤਾਂ ਸਿੱਕਮੀ ਰਾਜਘਰਾਣੇ ਨੂੰ ਪਲੋਸਣ ਦੀ ਨੀਤੀ ਜਾਰੀ ਰੱਖੀ ਅਤੇ 1968 ਵਿਚ ਮਹਾਰਾਜੇ (ਸਮਰਾਟ) ਨੂੰ ‘ਚੋਗਿਆਲ’ (ਧਰਮਰਾਜ ਭਾਵ ਧਾਰਮਿਕ + ਸਿਆਸੀ-ਸਮਾਜਿਕ ਮੁਖੀ) ਪ੍ਰਵਾਨਣ ਲਈ ਰਾਜ਼ੀ ਹੋ ਗਈ, ਪਰ ਦੋ ਵਰ੍ਹਿਆਂ ਬਾਅਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ। ਇਸੇ ਅਹਿਸਾਸ ਸਦਕਾ ਇੰਦਰਾ ਨੇ 1972 ਵਿਚ ਚੋਗਿਆਲ ਤੋਂ ਖਹਿੜਾ ਛੁਡਾਉਣ ਅਤੇ ਆਪਣੇ ਪਿਤਾ ਵੱਲੋਂ ਕੀਤੀ ਗ਼ਲਤੀ ਨੂੰ ਉਲਟਾਉਣ ਬਾਰੇ ਸੋਚਣਾ ਸ਼ੁਰੂ ਕੀਤਾ। ਉਂਜ, ਇਹ ਅਮਲ ਵੀ ਚੋਗਿਆਲ ਤੇ ਉਸ ਦੀ ਸਕੌਟਿਸ਼ ਪਤਨੀ ਵੱਲੋਂ ਕੌਮਾਂਤਰੀ ਮੰਚਾਂ ’ਤੇ ਭਾਰਤ ਨੂੰ ਨਿੰਦੇ ਜਾਣ ਤੋਂ ਉਪਜੀ ਨਾਖੁਸ਼ੀ ਤੋਂ ਸ਼ੁਰੂ ਹੋਇਆ। ਸ੍ਰੀਮਤੀ ਗਾਂਧੀ ਦੀ ਸੋਚ ਨੂੰ ਅਮਲੀ ਰੂਪ ਦੇਣ ਦੀ ਯੋਜਨਾ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐੱਨ. ਹਕਸਰ, ਵਿਦੇਸ਼ ਸਕੱਤਰ ਕੇਵਲ ਸਿੰਘ ਤੇ ‘ਰਾਅ’ ਦੇ ਮੁਖੀ ਕਾਓ ਵੱਲੋਂ ਤਿਆਰ ਕੀਤੀ ਗਈ। ਇਸ ਤੋਂ ਮਗਰੋਂ ਸਿੱਕਿਮ ਦੀਆਂ ਲੋਕਤੰਤਰੀ ਤਾਕਤਾਂ ਦੀ ਮਦਦ ਨਾਲ ‘ਅਪਰੇਸ਼ਨ ਮਰਜਰ’ ਅਮਲ ਵਿਚ ਆਇਆ। ਇਸ ਦਾ ਧੁਰਾ ਜੀ.ਬੀ.ਐੱਸ. ਸਿੱਧੂ ਨੂੰ ਬਣਾਇਆ ਗਿਆ।
ਕਿਤਾਬ ਦਾ ਸਭ ਤੋਂ ਖੁਸ਼ਗਵਾਰ ਪੱਖ ਇਹ ਹੈ ਕਿ ਲੇਖਕ ਆਤਮ-ਵਡਿਆਈ ਦੇ ਰਾਹ ਨਹੀਂ ਪਿਆ। ਨਹਿਰੂ, ਸ਼ਾਸਤਰੀ ਤੇ ਫਿਰ ਇੰਦਰਾ ਗਾਂਧੀ ਦੀਆਂ ਸਰਕਾਰਾਂ ਵਿਚ ਵਿਦੇਸ਼, ਰੇਲਵੇ ਤੇ ਰੱਖਿਆ ਮੰਤਰੀ ਵਰਗੇ ਅਹੁਦਿਆਂ ’ਤੇ ਰਹੇ ਸਰਦਾਰ ਸਵਰਨ ਸਿੰਘ ਦਾ ਦਾਮਾਦ ਹੋਣ ਦੇ ਬਾਵਜੂਦ ਸਿੱਧੂ ਨੇ ਉਨ੍ਹਾਂ ਦੇ ਯੋਗਦਾਨ ਨੂੰ ਬੇਲੋੜਾ ਵਡਿਆਉਣ ਤੋਂ ਵੀ ਪਰਹੇਜ਼ ਕੀਤਾ ਹੈ। ਹਾਂ, ਆਈਐੱਫਐੱਸ, ਆਈਏਐੱਸ ਤੇ ਆਈਪੀਐੱਸ ਨਾਲ ਜੁੜੇ ਆਪਣੇ ਸਹਿਕਰਮੀਆਂ ਖ਼ਾਸ ਕਰਕੇ ਸਿੱਖ ਅਫ਼ਸਰਾਂ, ਜਿਵੇਂਕਿ ਅਜੀਤ ਸਿੰਘ ਸਿਆਲੀ, ਗੁਰਬਚਨ ਸਿੰਘ ਆਈਐੱਫਐੱਸ, ਅਵਤਾਰ ਸਿੰਘ ਤੇ ਗੁਰਦੀਪ ਸਿੰਘ ਬੇਦੀ ਦੇ ਕਾਰਨਾਮਿਆਂ ਦਾ ਜ਼ਿਕਰ ਉਸ ਨੇ ਪੂਰੇ ਸਨੇਹ ਤੇ ਖ਼ਲੂਸ ਨਾਲ ਕੀਤਾ ਹੈ। ਇਹ ਤੱਤ ਵੀ ਇਸ ਕਿਤਾਬ ਨੂੰ ਯਾਦਗਾਰੀ ਬਣਾਉਂਦਾ ਹੈ।
* * *
ਗੋਪਾਲ ਸਿੰਘ ਖ਼ਾਲਸਾ ਦੀ ਸ਼ਖ਼ਸੀਅਤ ਤੋਂ ਭਾਵੇਂ ਅਜੋਕੀ ਪੀੜ੍ਹੀ ਬਹੁਤੀ ਵਾਕਫ਼ ਨਹੀਂ, ਪਰ ਤਿੰਨ ਕੁ ਦਹਾਕੇ ਪਹਿਲਾਂ ਤਕ ਸਥਿਤੀ ਅਜਿਹੀ ਨਹੀਂ ਸੀ। ਉਹ ਦਲਿਤ ਸਮਾਜ ਨੂੰ ਵਿੱਦਿਆ ਦਾ ਮਹੱਤਵ ਸਮਝਾਉਣ ਅਤੇ ਬੇਚਾਰਗੀ ਵਾਲੀ ਸੋਚ ਤੋਂ ਉੱਚਾ ਉੱਠਣ ਲਈ ਹਲੂਣਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ। ਉਹ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਵਿਧਾਨਕਾਰ ਅਤੇ ਪਰਤਾਪ ਸਿੰਘ ਕੈਰੋਂ ਸਰਕਾਰ ਵਿਚ ਮੰਤਰੀ ਵੀ ਰਹੇ। ਉਨ੍ਹਾਂ ਦੇ ਦੋ ਬੇਟੇ- ਬੁੱਤਸ਼ਿਕਨ ਸਿੰਘ ਤੇ ਹਰਿੰਦਰ ਸਿੰਘ ਖ਼ਾਲਸਾ ਇਕੋ ਵਰ੍ਹੇ (1974) ਵਿਚ ਆਈਐੱਫਐੱਸ ਬਣੇ। ਦੋਵਾਂ ਨੂੰ ਭਾਰਤੀ ਰਾਜਦੂਤ ਬਣਨ ਦਾ ਮਾਣ ਹਾਸਲ ਹੋਇਆ। ਹਰਿੰਦਰ ਸਿੰਘ ਖ਼ਾਲਸਾ ਸਿਆਸਤ ਵਿਚ ਜਾਣ ਮਗਰੋਂ ਦੋ ਵਾਰ ਲੋਕ ਸਭਾ ਮੈਂਬਰ ਵੀ ਬਣੇ।
ਸਿਆਸੀ ਤੇ ਸਮਾਜਿਕ ਪਿੜ ਵਿਚ ਸਰਗਰਮੀ ਤੋਂ ਇਲਾਵਾ ਗੋਪਾਲ ਸਿੰਘ ਖ਼ਾਲਸਾ ਅਖ਼ਬਾਰਨਵੀਸ ਵੀ ਸਨ। ਉਨ੍ਹਾਂ ਨੇ ਉਰਦੂ ਰੋਜ਼ਨਾਮੇ ‘ਪ੍ਰਭਾਤ’ ਵਿਚ ਆਪਣਾ ਅਮਰੀਕੀ ਸਫ਼ਰਨਾਮਾ ਕਿਸ਼ਤਵਾਰ ਛਾਪਿਆ ਜਿਸ ਨੂੰ 1954 ਵਿਚ ਕਿਤਾਬੀ ਰੂਪ ਵੀ ਦਿੱਤਾ ਗਿਆ। ਇਹ ਕਿਤਾਬ ਅੱਧੀ ਸਦੀ ਤੋਂ ਵੱਧ ਸਮੇਂ ਤਕ ਕਿਤੋਂ ਨਹੀਂ ਲੱਭੀ। ਅਖ਼ੀਰ ਸਾਹਿਤ-ਕਰਮੀ ਸੁਰਜੀਤ ਭਗਤ ਦੀ ਮਿਹਨਤ ਰੰਗ ਲਿਆਈ। ਪਟਨਾ ਸਾਹਿਬ ਦੀ ਖ਼ੁਦਾ ਬਖ਼ਸ਼ ਓਰੀਐਂਟਲ ਪਬਲਿਕ ਲਾਇਬਰੇਰੀ ਵਿਚੋਂ ਲੱਭੀ ਇਸ ਕਿਤਾਬ ਦਾ ਪੰਜਾਬੀ ਰੂਪਾਂਤਰ ਉਸ ਨੇ 2014 ਵਿਚ ਛਾਪਿਆ। ਇਸ ਦਾ ਦੂਜਾ ਸੰਸਕਰਣ ਹੁਣੇ ਜਿਹੇ ਪ੍ਰਕਾਸ਼ਿਤ ਹੋਇਆ ਹੈ। ਨਾਮ ਹੈ: ‘ਮੇਰਾ ਅਮਰੀਕਨ ਸਫ਼ਰਨਾਮਾ’ (ਗੋਰਕੀ ਪ੍ਰਕਾਸ਼ਨ, ਲੁਧਿਆਣਾ; 195 ਰੁਪਏ)।
ਨਿਵੇਕਲੇ ਕਿਸਮ ਦੇ ਸਾਹਸ ਤੇ ਘੁਮੱਕੜਪੁਣੇ ਦਾ ਨਮੂਨਾ ਹੈ ਇਸ ਕਿਤਾਬ ਅੰਦਰਲਾ ਬਿਰਤਾਂਤ। 1922 ਵਿਚ ਬਿਨਾਂ ਪਾਸਪੋਰਟ ਤੋਂ ਸਮੁੰਦਰੀ ਜਹਾਜ਼ ’ਚ ਸਵਾਰ ਹੋ ਕੇ ਬਰਮਾ, ਮਲਾਇਆ, ਚੀਨ, ਜਾਪਾਨ ਤੇ ਹਵਾਈ ਟਾਪੂਆਂ ਦੇ ਰਸਤੇ ਅਮਰੀਕਾ ਪਹੁੰਚਣ ਦਾ ਬਿਰਤਾਂਤ। ਬੜਾ ਰੋਮਾਂਚਿਕ ਸੀ ਦਸ ਮਹੀਨੇ ਲੰਮਾ ਇਹ ਸਫ਼ਰ। ਸ੍ਰੀ ਖ਼ਾਲਸਾ ਅੱਠ ਵਰ੍ਹੇ ਅਮਰੀਕਾ ਰਹੇ, ਪਰ 1931 ਵਿਚ ਉਨ੍ਹਾਂ ਨੂੰ ਇਹ ਮੁਲਕ ਛੱਡਣਾ ਪਿਆ। ਵਾਪਸੀ ਸਫ਼ਰ ਵੀ ਓਨਾ ਹੀ ਰੋਮਾਂਚਿਕ ਰਿਹਾ। ਕਿਤਾਬ ਸਿਰਫ਼ ਸਫ਼ਰਨਾਮਾ ਹੀ ਨਹੀਂ, ਆਪਣੇ ਸਮੇਂ ਦੇ ਸਿਆਸੀ-ਸਮਾਜਿਕ-ਸਭਿਆਚਾਰਕ ਹਾਲਾਤ ਦੀ ਤਸਵੀਰ ਵੀ ਹੈ। ਜ਼ਾਇਕੇਦਾਰ ਤਸਵੀਰ!
* * *
ਸੰਗੀਤਕਾਰ ਰਵੀ (ਪੂਰਾ ਨਾਮ ਰਵੀ ਚੰਦਰ ਸ਼ਰਮਾ: 1926-2012) ਬਾਰੇ ਇਹ ਪ੍ਰਭਾਵ ਆਮ ਸੀ ਕਿ ਉਹ ਕਦੇ ਸ਼ਿਕਾਇਤ ਨਹੀਂ ਕਰਦੇ; ਜੋ ਮਿਲ ਜਾਵੇ, ਉਸੇ ਨਾਲ ਗੁਜ਼ਾਰਾ ਚਲਾ ਲੈਂਦੇ ਸਨ। ਪਰ ਹਾਲ ਹੀ ਵਿਚ ਵਿਵਿਧ ਭਾਰਤੀ ਤੋਂ ਦੁਬਾਰਾ ਪ੍ਰਸਾਰਿਤ ਇਕ ਲੰਮੀ ਇੰਟਰਵਿਊ ਵਿਚ ਉਹ ਸ਼ਿਕਾਇਤ ਕਰ ਹੀ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸੁਭਾਅ ਦਾ ਲਾਭ ਫਿਲਮਸਾਜ਼ਾਂ, ਖ਼ਾਸ ਕਰਕੇ ਬੀ.ਆਰ. ਚੋਪੜਾ ਨੇ ਖ਼ੂਬ ਲਿਆ। ਚੋਪੜਾ ਨੇ ਪਹਿਲੀ ਬੰਦਿਸ਼ ਇਹ ਲਾਈ ਕਿ ਉਹ ਮੁਹੰਮਦ ਰਫ਼ੀ ਤੋਂ ਬੀ.ਆਰ. ਫਿਲਮਜ਼ ਲਈ ਕੋਈ ਗੀਤ ਨਹੀਂ ਗਵਾਉਣਗੇ। ਇਹੋ ਬੰਦਿਸ਼ ਲਤਾ ਮੰਗੇਸ਼ਕਰ ਦੇ ਮਾਮਲੇ ਵਿਚ ਵੀ ਲਾਗੂ ਕਰ ਦਿੱਤੀ ਗਈ। ਪਰ ਜਦੋਂ ‘ਦਾਸਤਾਨ’ (1972) ਵਿਚ ਲਕਸ਼ਮੀਕਾਂਤ-ਪਿਆਰੇ ਲਾਲ ਨੂੰ ਬਤੌਰ ਸੰਗੀਤਕਾਰ ਲਿਆ ਗਿਆ ਤਾਂ ਬੀ.ਆਰ. ਫਿਲਮਜ਼ ਨੇ ਰਫ਼ੀ ਵਾਲੀ ਬੰਦਿਸ਼ ਉਨ੍ਹਾਂ ’ਤੇ ਲਾਗੂ ਨਹੀਂ ਕੀਤੀ। ਇੰਜ ਹੀ ਜਦੋਂ ‘ਨਿਕਾਹ’ (1982) ਦੇ ਸੰਗੀਤ ਦੀ ਜ਼ਿੰਮੇਵਾਰੀ ਰਵੀ ਨੂੰ ਸੌਂਪੀ ਗਈ ਤਾਂ ‘ਚੋਪੜਾ ਸਾਹਿਬ’ ਨੇ ਸਾਰੇ ਗੀਤ (ਪਾਕਿਸਤਾਨੀ ਮੂੁਲ ਦੀ) ਨਾਇਕਾ ਸਲਮਾ ਆਗ਼ਾ ਤੋਂ ਹੀ ਗਵਾਏ ਜਾਣ ਦੀ ਸ਼ਰਤ ਰੱਖ ਦਿੱਤੀ। ਰਵੀ ਦੇ ਦੱਸਣ ਮੁਤਾਬਿਕ ਸਲਮਾ ਦੀ ਆਵਾਜ਼ ਲਈ ਢੁਕਵੀਆਂ ਧੁਨਾਂ ਤਿਆਰ ਕਰਨ ਵਾਸਤੇ ਉਨ੍ਹਾਂ ਨੂੰ ਦੁੱਗਣੀ ਨਹੀਂ, ਤਿੱਗਣੀ ਮੁਸ਼ੱਕਤ ਕਰਨੀ ਪਈ। ਉਂਜ, ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਰਹੀ ਕਿ ਸਲਮਾ ਦੀ ਆਵਾਜ਼ ’ਚ ਉਨ੍ਹਾਂ ਵੱਲੋਂ ਤਿਆਰ ਗੀਤਾਂ ਨੂੰ ਜੋ ਮਕਬੂਲੀਅਤ ਮਿਲੀ, ਉਹ ਹੋਰ ਕਿਸੇ ਸੰਗੀਤਕਾਰ ਵੱਲੋਂ ਤਿਆਰ ਧੁਨਾਂ ਦੇ ਹਿੱਸੇ ਨਹੀਂ ਆਈ।.