ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸਾਵਣ

Posted On July - 16 - 2019

ਇਸ ਸੰਗਰਾਂਦ ਮੌਕੇ ਡਾ. ਹਰਪਾਲ ਸਿੰਘ ਪੰਨੂ ਮਹਾਂਕਵੀ ਕਲੀਦਾਸ ਦੇ ਹਵਾਲੇ ਨਾਲ ਸਾਵਣ ਮਹੀਨੇ ਬਾਰੇ ਵਾਕਿਫ਼ ਕਰਵਾ ਰਹੇ ਹਨ:

ਡਾ. ਹਰਪਾਲ ਸਿੰਘ ਪੰਨੂ

ਚਿੱਤਰਕਾਰ: ਸਿਧਾਰਥ

ਪਿਛਲੇ ਮਹੀਨੇ ਹਾੜ੍ਹ ਦੀ ਸੰਗਰਾਂਦ ਦੇ ਦਿਨ ਵਾਅਦਾ ਕੀਤਾ ਸੀ ਕਿ ਸਾਵਣ ਦਾ ਮਹੀਨਾ ਆਏਗਾ, ਕਾਲੀਦਾਸ ਦੇ ਬੋਲਾਂ ਦੀਆਂ ਝੜੀਆਂ ਨਾਲ ਉਸਦਾ ਸੁਆਗਤ ਕਰਾਂਗੇ। ਜੋ ਸਬੰਧ ਵਾਰਿਸ ਸ਼ਾਹ ਦਾ ‘ਹੀਰ’ ਨਾਲ, ਉਹੀ ਕਾਲੀਦਾਸ ਦਾ ‘ਬਰਸਾਤ’ ਨਾਲ ਹੈ। ਝੰਗ ਸਿਆਲ ਨਦੀ ਕਿਨਾਰੇ ਹੀਰ ਦੀਆਂ ਸਹੇਲੀਆਂ ਨੱਚਦੀਆਂ, ਗਾਉਂਦੀਆਂ, ਅਠਖੇਲੀਆਂ ਕਰਦੀਆਂ ਦੌੜਦੀਆਂ ਫਿਰਦੀਆਂ। ਕਾਲੀਦਾਸ ਦੇ ਮੇਘਦੂਤ ਦੀਆਂ ਗਰਜਾਂ ਧਮਕਾਂ ਸੁਣ ਦੇਖ ਕੇ ਜੰਗਲਾਂ ਵਿਚ ਘੁੰਮਦੀਆਂ ਰਿਸ਼ੀ ਕੰਨਿਆਵਾਂ ਆਪੋ ਆਪਣੀ ਝੌਂਪੜੀ ਦੀ ਤਲਾਸ਼ ਵਿਚ ਭੱਜਦੀਆਂ ਦਿਸਦੀਆਂ। ਕਾਲੀਦਾਸ ਵਰਗੀ ਕਲਪਨਾ ਮੇਰੇ ਅੱਗੇ ਪਿੱਛੇ, ਉੱਪਰ ਹੇਠ ਬੱਦਲਾਂ ਵਾਂਗ ਉੱਡਦੀ ਫਿਰਦੀ ਹੈ, ਪਰ ਕਣੀਆਂ ਵਰਗੇ ਅੱਖਰ ਬਣ ਬਣ ਇਹ ਬੱਦਲ ਝੜੀਆਂ ਕਿਉਂ ਨਹੀਂ ਲਾਉਂਦੇ?
ਕਾਲੀਦਾਸ ਨੇ ਜੰਗਲ ਵੱਲੋਂ ਮਹਾਰਾਜਾ ਦੁਸ਼ਯੰਤ ਆਉਂਦਾ ਦੇਖ ਆਦਿ ਵਾਕ ਉਚਾਰਿਆ ‘ਅਹੁ ਆਉਂਦਾ ਹੈ ਸਾਡਾ ਮਿੱਤਰ ਜਿਸ ਦੇ ਗਲ ਫੁੱਲਾਂ ਦੀ ਮਾਲਾ, ਮੋਢੇ ਧਨੁਖ ਅਤੇ ਦਿਲ ਵਿਚ ਸ਼ਕੁੰਤਲਾ।’ ਸਾਵਣ ਮਹੀਨੇ ਬੱਦਲ ਆਉਂਦਿਆਂ ਦੇਖ ਕੇ ਜੁਗਾਦਿ ਵਾਕ ਉਚਾਰਿਆ ‘ਅਹੁ ਆ ਰਹੀ ਹੈ ਸਾਡੀ ਮਹਾਰਾਣੀ ਬਰਸਾਤ, ਸੰਸਾਰ ਦੀਆਂ ਸਾਰੀਆਂ ਮਹਾਰਾਣੀਆਂ ਤੋਂ ਸੋਹਣੀ, ਸਭ ਤੋਂ ਤਾਕਤਵਰ, ਰਥ ਅੱਗੇ ਬੱਦਲ ਜੁੜੇ ਹੋਏ, ਜਿਸਦੇ ਹੱਥ ਵਿਚ ਬਿਜਲੀਆਂ ਦਾ ਛਾਂਟਾ, ਆਓ ਇਸ ਮਹਾਰਾਣੀ ਨੂੰ ਪ੍ਰਣਾਮ ਕਰੀਏ।’
ਪੂਰਨ ਸਿੰਘ ਅਨੁਸਾਰ ਬਰੀਕ ਤ੍ਰੇਲ-ਬੂੰਦਾਂ ਨੂੰ ਖੁਰਦਬੀਨੀ ਨਜ਼ਰ ਨਾਲ ਨਿਹਾਰਕੇ ਕਵਿਤਾ ਲਿਖਦੇ ਸ਼ਾਇਰ ਗ਼ੁਲਾਮ ਮਾਨਸਿਕਤਾ ਦੇ ਸ਼ਿਕਾਰ ਹਨ। ਆਜ਼ਾਦ ਮਨੁੱਖ ਨ੍ਹੇਰੀਆਂ, ਤੂਫਾਨਾਂ, ਘਟਾਵਾਂ ਅਤੇ ਤਾਰਿਕਾ ਮੰਡਲਾਂ ਤੋਂ ਵਿਸਮਾਦਿਤ ਹੁੰਦਾ ਹੈ। ਟੈਗੋਰ ਨੇ ਲਿਖਿਆ ਹੈ, ‘ਮਾਰੂਥਲ ਨੇ ਘਾਹ ਦੀ ਪੱਤੀ ਅੱਗੇ ਪ੍ਰੇਮ ਦਾ ਇਜ਼ਹਾਰ ਕੀਤਾ, ਘਾਹ ਦੀ ਪੱਤੀ ਨੇ ਨਾਂਹ ਵਿਚ ਸਿਰ ਹਿਲਾਇਆ ਅਤੇ ਦੌੜ ਗਈ। ਲੱਖ ਸਾਲ ਤੋਂ ਘਾਹ-ਪੱਤੀ ਦੀ ਉਡੀਕ ਕਰਦਿਆਂ ਮਾਰੂਥਲ ਵਿਜੋਗ ਦੀ ਅੱਗ ਵਿਚ ਜਲ ਰਿਹਾ ਹੈ।’
ਇਸ ਵਾਰ ਸਾਵਣ ਦੀ ਸੰਗਰਾਂਦ ਕਾਲੀਦਾਸ ਦੇ ਮੇਘਦੂਤ ਨਾਮ ਕਰਕੇ ਦੇਖਦੇ ਹਾਂ ਬਰਸਾਤ ਕਿੰਨੀ ਕੁ ਮਿਹਰਬਾਨ ਹੁੰਦੀ ਹੈ।
ਪੁਸ਼ਕਰ ਦੀ ਵੰਸ਼ ਵਿਚ ਜਨਮੇ ਹੇ ਮੇਘ, ਤੂੰ ਇੰਦਰ ਮਹਾਰਾਜ ਦਾ ਬੁੱਧੀਵਾਨ ਵਜ਼ੀਰ ਹੈਂ। ਤੂੰ ਇੱਛਾਧਾਰੀ ਹਸਤੀ ਹੈਂ। ਵਿਜੋਗ ਕਾਰਨ ਅਲਕਾਪੁਰੀ ਝੁਲਸੀ ਪਈ ਹੈ। ਉੱਥੇ ਜਾ ਕੇ ਸ਼ਾਂਤ ਬਰਸ। ਤੇਰੇ ਅੱਗੇ ਮੇਰੀ ਇਹ ਅਰਦਾਸ ਹੈ। ਜੇ ਤੂੰ ਮੇਰੀ ਅਰਦਾਸ ਠੁਕਰਾ ਦਏਂਗਾ ਤਦ ਵੀ ਮੈਂ ਬੁਰਾ ਨਹੀਂ ਮਨਾਵਾਂਗਾ। ਦੁਸ਼ਟ ਤੋਂ ਬੇਨਤੀ ਮਨਵਾਉਣ ਨਾਲੋਂ ਤਾਂ ਭਲੇ ਤੋਂ ਠੋਕਰ ਖਾਧੀ ਚੰਗੀ।
ਸ਼ਿਵਾਲਿਕ ਪਹਾੜੀਆਂ ਪਿੱਛੋਂ ਆਰੀਆ-ਵਰਤ ਦੇਸ ਆਏਗਾ। ਇੱਥੋਂ ਦੀ ਲੰਘਦਾ ਹੋਇਆ ਇੰਨਾ ਨੀਵਾਂ ਆਈਂ ਕਿ ਬਨੇਰਿਆਂ ਨੂੰ ਛੁਹੇਂ। ਆਰੀਆ-ਵਰਤ ਦੀਆਂ ਸੁੰਦਰੀਆਂ ਆਪਣੇ ਵਿਹੜਿਆਂ ਵਿਚ ਨਿਕਲ ਕੇ ਖਿੜੇ ਹੋਠਾਂ ਨਾਲ ਤੈਨੂੰ ਪ੍ਰਣਾਮ ਕਰਨਗੀਆਂ ਕਿਉਂਕਿ ਇਨ੍ਹਾਂ ਦੀ ਕਿਸਮਤ ਤੂੰ ਹੀ ਹੈ। ਇਨ੍ਹਾਂ ਤੋਂ ਬਚ ਕੇ ਲੰਘੀਂ ਕਿਉਂਕਿ ਅੱਖਾਂ ਨਾਲ ਹੀ ਇਹ ਤੈਨੂੰ ਪੀਣ ਦਾ ਯਤਨ ਕਰਨਗੀਆਂ। ਜਦੋਂ ਇਨ੍ਹਾਂ ਸੁੰਦਰੀਆਂ ਨੂੰ ਦੇਖਣ ਲਈ ਤੂੰ ਨੀਵਾਂ ਉਤਰੇਂ ਤਾਂ ਬਿਜਲੀਆਂ ਨੂੰ ਆਪਣੇ ਨਾਲ ਨਾ ਲੈ ਕੇ ਜਾਈਂ। ਬਿਜਲੀਆਂ ਨੂੰ ਆਕਾਸ਼ ਵਿਚ ਉੱਚੇ ਹੀ ਛੱਡ ਆਈਂ। ਕੋਈ ਜ਼ਿੱਦੀ ਬਿਜਲੀ ਜੇ ਮਿੰਨਤਾਂ ਕਰੇ ਕਿ ਉਹ ਵੀ ਇਨ੍ਹਾਂ ਸੁੰਦਰੀਆਂ ਨੂੰ ਨੇੜੇ ਹੋ ਕੇ ਦੇਖਣ ਦੀ ਇੱਛੁਕ ਹੈ ਤਾਂ ਕਹੀਂ ਕਿ ਜੁਗਨੂੰ ਬਣ ਕੇ ਚੱਲ। ਸੁੰਦਰਤਾ ਦੇ ਦਰਸ਼ਨ ਕਰਨ ਲਈ ਕਿੰਨਾ ਨਿਮਰ ਹੋਣਾ ਪੈਂਦਾ ਹੈ, ਬਿਜਲੀਆਂ ਨੂੰ ਪਤਾ ਨਹੀਂ, ਤੂੰ ਦੱਸ ਦਈਂ ਹੇ ਮੇਘ।
ਫਿਰ ਬੀਰ-ਭੂਮੀ ਕੁਰੂਕਸ਼ੇਤਰ ਆਏਗੀ। ਕ੍ਰਿਸ਼ਨ ਜੀ ਦੇ ਕਹਿਣ ਉੱਤੇ ਅਰਜਣ ਨੇ ਧਨੁੱਖ ਚੁੱਕ ਲਿਆ ਸੀ ਤਾਂ ਅਣਗਿਣਤ ਸਿਰ ਉੱਡ ਗਏ ਸਨ। ਲਹੂ ਦੀ ਬਾਰਸ਼ ਜਮ ਕੇ ਹੋਈ ਸੀ, ਪੂਰਾਂ ਦੇ ਪੂਰ ਖਪ ਗਏ ਸਨ, ਪਰ ਕਹਿੰਦੇ ਹਨ ਇਹ ਧਰਮ ਯੁੱਧ ਸੀ। ਮਾਵਾਂ ਦੇ ਲੱਖ ਪੁੱਤਰ ਸੌਂ ਗਏ ਸਨ, ਪਰ ਕਹਿੰਦੇ ਹਨ ਇੱਥੇ ਧਰਮ-ਧੁਜਾ ਲਹਿਰਾਈ ਸੀ।

ਡਾ. ਹਰਪਾਲ ਸਿੰਘ ਪੰਨੂ

ਕੁਰੂਕਸ਼ੇਤਰ ਵਿਚੋਂ ਦੀ ਸਰਸਵਤੀ ਨਦੀ ਲੰਘਦੀ ਹੈ। ਬਲਰਾਮ ਜੀ, ਜਿਹੜੇ ਕੌਰਵਾਂ ਪਾਂਡਵਾਂ ਦੋਵਾਂ ਧਿਰਾਂ ਨੂੰ ਬੇਅੰਤ ਪਿਆਰ ਕਰਦੇ ਸਨ, ਇੱਥੇ ਵਸਦੇ ਸਨ। ਬਾਰ ਬਾਰ ਸਮਝਾਉਣ ਦੇ ਬਾਵਜੂਦ ਜਦੋਂ ਕੌਰਵ ਪਾਂਡਵ ਆਪਸ ਵਿਚ ਲੜ ਪਏ ਤਾਂ ਬਲਰਾਮ ਜੀ ਏਨੇ ਉਦਾਸ ਹੋ ਗਏ ਸਨ ਕਿ ਉਨ੍ਹਾਂ ਸਦਾ ਲਈ ਸ਼ਰਾਬ ਪੀਣੀ ਛੱਡ ਦਿੱਤੀ ਸੀ। ਫਿਰ ਉਹ ਅੰਤਿਮ ਸਵਾਸਾਂ ਤਕ ਸਰਸਵਤੀ ਨਦੀ ਦਾ ਪਵਿੱਤਰ ਜਲ ਪੀਆ ਕਰਦੇ ਸਨ। ਤੂੰ ਵੀ ਇਸਦਾ ਨਿਰਮਲ ਜਲ ਪੀ ਕੇ ਜਾਈਂ। ਗੱਜੀ ਨਾ। ਚੁੱਪ ਚਾਪ ਲੰਘੀਂ। ਇਸ ਧਰਤੀ ਨੇ ਬੜੇ ਦੁੱਖ ਦੇਖੇ ਹਨ।
ਗੰਗਾ ਨਦੀ ਦਾ ਜਲ ਪੀਣ ਲਈ ਹੇਠਾਂ ਉਤਰੀਂ। ਜਦੋਂ ਇਸ ਨਦੀ ਦਾ ਪਾਣੀ ਪੀਣ ਲਈ ਝੁਕੇਂਗਾ ਤਾਂ ਤੈਨੂੰ ਨਿਰਮਲ ਜਲ ਵਿਚੋਂ ਆਪਣਾ ਅਕਸ ਦਿਸੇਗਾ। ਜਦੋਂ ਤੈਨੂੰ ਆਪਣੀ ਸ਼ਕਲ ਨਦੀ ਵਿਚ ਦਿਸੇਗੀ ਤਦ ਪਤਾ ਲੱਗੇਗਾ ਕਿ ਕੇਵਲ ਪ੍ਰਯਾਗ ਦੇ ਸਥਾਨ ਉਤੇ ਨਹੀਂ, ਸੰਸਾਰ ਵਿਚ ਤਾਂ ਥਾਂ ਥਾਂ ਲੱਖਾਂ ਸੰਗਮ ਹੋ ਰਹੇ ਹਨ। ਆਕਾਸ਼ ਵਿਚ ਤੈਰਦੇ ਹੋਏ ਤਾਕਤਵਰ ਦਰਿਆ, ਕਦੀ ਤੂੰ ਨਦੀਆਂ ਦਾ ਪਾਣੀ ਪੀਣ ਲਈ ਝੁਕਦਾ ਹੈ, ਕਦੀ ਇਨ੍ਹਾਂ ਨੂੰ ਪਾਣੀ ਪਿਲਾਉਣ ਲਈ ਉਤਰਦਾ ਹੈ, ਇਹ ਖਾਮੋਸ਼ ਸੰਗਮ ਘੱਟ ਲੋਕਾਂ ਨੇ ਦੇਖੇ ਹਨ।
ਮਗਧ ਦੇਸ਼ ਦੀਆਂ ਨੀਲੀਆਂ ਝੀਲਾਂ ਦਾ ਪਾਣੀ ਬੜਾ ਸਵੱਛ ਹੈ। ਇਨ੍ਹਾਂ ਦਾ ਜਲ ਪੀਣ ਲਈ ਜਦੋਂ ਨੀਵਾਂ ਉਤਰੇਂਗਾ ਤਾਂ ਪਾਣੀ ਦੇ ਤਲ ਉੱਪਰ ਦਾਇਰਿਆਂ ਵਿਚ ਤੈਰਦੇ ਹੋਏ ਸਫ਼ੈਦ ਹੰਸ ਦਿਸਣਗੇ। ਦਾਇਰਿਆਂ ਵਿਚ ਤੈਰਦੇ ਹੰਸ ਦੇਖ ਕੇ ਤੂੰ ਸੋਚਣ ਲੱਗੇਗਾਂ, ‘ਕੋਈ ਕਿਉਂ ਏਨੀਆਂ ਸੋਹਣੀਆਂ ਝਾਂਜਰਾਂ ਭੁੱਲ ਗਿਆ ਹੈ ਇੱਥੇ? ਕੌਣ ਸੀ ਉਹ ਜਿਸ ਨੇ ਰਾਤ ਭਰ ਇਸ ਬਲੋਰੀ ਮੰਚ ਉੱਪਰ ਨਾਚ ਕੀਤਾ ਸੀ? ਤੂੰ ਪਿਆਸਾ ਹੋਏਂਗਾ ਪਰ ਏਨੀਆਂ ਸੋਹਣੀਆਂ ਝਾਂਜਰਾਂ ਦੇਖ ਕੇ ਕੁਝ ਦੇਰ ਲਈ ਪਾਣੀ ਪੀਣਾ ਭੁੱਲ ਜਾਏਂਗਾ। ਹੇ ਮੇਘ।
ਫਿਰ ਮੰਦਾਕਣੀ ਨਦੀ ਆਏਗੀ। ਉਤਰਾਖੰਡ ਵਿਚ ਮਸਤ ਹਾਥੀਆਂ ਦੇ ਝੁੰਡ ਜੰਗਲਾਂ ਵਿਚ ਘੁੰਮਦੇ ਹਨ। ਇਨ੍ਹਾਂ ਹਾਥੀਆਂ ਕੋਲੋਂ ਲੰਘਦਿਆਂ ਹੋਇਆਂ ਗੱਜੀ ਨਾ, ਕਿਉਂਕਿ ਫਿਰ ਇਹ ਤੈਨੂੰ ਆਪਣਾ ਬਦਤਮੀਜ਼ ਬੱਚਾ ਸਮਝ ਕੇ ਤੇਰੇ ਉੱਪਰ ਹੱਲਾ ਬੋਲ ਸਕਦੇ ਹਨ। ਇਹ ਹਾਥੀ ਮੰਦਾਕਣੀ ਨਦੀ ਦਾ ਜਲ ਪੀਂਦੇ ਹਨ ਤੇ ਇਸੇ ਵਿਚ ਇਸ਼ਨਾਨ ਕਰਦੇ ਹਨ। ਜਦੋਂ ਤੂੰ ਪਾਣੀ ਪੀਣ ਲਈ ਉਤਰੇਂ ਤਾਂ ਹੋ ਸਕਦਾ ਹੈ ਥੋੜ੍ਹੀ ਦੇਰ ਪਹਿਲਾਂ ਹਾਥੀ ਇਸ਼ਨਾਨ ਕਰਕੇ ਗਏ ਹੋਣ। ਇਹ ਸੋਚ ਕੇ ਕਿ ਪਾਣੀ ਗੰਧਲਿਆ ਹੋਇਆ ਹੈ, ਪੀਣ ਤੋਂ ਝਿਜਕ ਨਾ ਜਾਈਂ। ਜਿੱਥੇ ਮਹਾਂਪੁਰਖਾਂ ਦੇ ਚਰਨ ਪਏ ਹੋਣ ਉਹ ਜਲ ਪਵਿੱਤਰ ਹੁੰਦੇ ਹਨ।
ਹੇ ਮੇਘ, ਤੂੰ ਰੱਜ ਕੇ ਜਮਨਾ ਨਦੀ ਦਾ ਪਾਣੀ ਪੀਏਂਗਾ ਤਾਂ ਭਾਰਾ ਹੋ ਜਾਵੇਂਗਾ। ਫਿਰ ਹਵਾ ਦੇ ਬੁੱਲੇ ਤੈਨੂੰ ਡੁਲਾ ਨਹੀਂ ਸਕਣਗੇ। ਫਿਰ ਤੂੰ ਹਾਥੀ ਵਾਂਗ ਆਤਮ ਵਿਸ਼ਵਾਸ ਨਾਲ, ਟਿਕੇ ਵੇਗ ਉੱਡਦਾ ਜਾਏਂਗਾ। ਹੌਲਿਆਂ ਦਾ ਤਾਂ ਥਾਂ ਥਾਂ ਅਪਮਾਨ ਹੁੰਦਾ ਹੈ।
ਮੰਦਾਕਣੀ ਦੇ ਘਾਟਾਂ ਉੱਪਰ ਮੰਦਾਰ ਬਿਰਖਾਂ ਦੇ ਝੁੰਡ ਹਨ। ਕਿਨਾਰਿਆਂ ਦਾ ਰੇਤਾ ਸੋਨਰੰਗਾ ਹੈ। ਯੱਕਸ਼ ਸੁੰਦਰੀਆਂ ਇਸ ਰੇਤੇ ਵਿਚ ਮਣੀਆਂ ਲੁਕਾਣ ਅਤੇ ਲੱਭਣ ਦੀ ਖੇਡ ਆਮ ਖੇਡਦੀਆਂ ਹਨ।
ਨਿਰਵਿੰਧਿਆ ਨਦੀ ਵੀ ਦੇਖੀਂ ਭਰਾ। ਉਛਲਦੀਆਂ ਲਹਿਰਾਂ ਉੱਪਰ ਪੰਛੀਆਂ ਦੀਆਂ ਕਤਾਰਾਂ ਉੱਡਦੀਆਂ ਦੇਖਕੇ ਕਹੇਂਗਾ, ‘ਵਾਹ ! ਕਿੰਨਾ ਸੋਹਣਾ ਕਮਰਬੰਦ ਬੰਨ੍ਹ ਕੇ ਨਦੀ ਪੂਰੀ ਤਾਕਤ ਨਾਲ ਨੱਚੀ ਹੈ।’
ਨਰਬਦਾ ਨਦੀ ਤੇਜ਼ੀ ਨਾਲ ਬੜੇ ਤਿੱਖੇ ਮੋੜ ਕੱਟਦੀ ਹੈ ਜਿਵੇਂ ਕੋਈ ਨਟੀ ਨੱਚਦੀ ਹੋਈ ਜਾਂਦੀ ਹੋਵੇ। ਪਰਬਤ ਵਿਚ ਇਸ ਦੀਆਂ ਸੈਂਕੜੇ ਧਾਰਾਂ ਇੰਜ ਲੱਗਦੀਆਂ ਹਨ ਜਿਵੇਂ ਹਾਥੀ ਦੀ ਪਿੱਠ ਉੱਪਰ ਕਿਸੇ ਨੇ ਜਾਲ ਸੁੱਟ ਦਿੱਤਾ ਹੋਵੇ।
ਬਾਗ਼ਾਂ ਵਿਚ ਕੰਮ ਕਰਦੀਆਂ ਸੋਹਣੀਆਂ ਮਾਲਣਾਂ ਪਸੀਨੇ ਵਿਚ ਨਹਾਤੀਆਂ ਹੋਈਆਂ, ਸਖ਼ਤ ਮੁਸ਼ੱਕਤ ਅਤੇ ਸਖ਼ਤ ਗਰਮੀ ਵਿਚ ਅਧਜਲੀਆ ਹੋਈਆਂ ਪਈਆਂ ਹਨ। ਤੈਨੂੰ ਦੇਖ ਕੇ ਆਪਣੇ ਮੂੰਹ ਜਦੋਂ ਉੱਪਰ ਚੁੱਕਣ ਤਾਂ ਇਨ੍ਹਾਂ ਦੇ ਤਾਂਬੇ ਰੰਗੇ ਸੁੰਦਰ ਮੁਖੜੇ ਤੁਰੰਤ ਧੋ ਦਈਂ।
ਹਿਮ-ਪਰਬਤ ਦੇ ਬਾਂਸ-ਜੰਗਲਾਂ ਵੱਲ ਝਾਤ ਮਾਰੀਂ। ਅਣਗਿਣਤ ਭੰਵਰੇ ਬਾਂਸ ਦੀਆਂ ਪੋਰੀਆਂ ਵਿਚ ਤੇਜ਼ੀ ਨਾਲ ਸੁਰਾਖ ਕੱਢ ਕੱਢ ਬੀਨਾਂ ਬਣਾਉਂਦੇ ਦਿਖਾਈ ਦੇਣਗੇ। ਉਨ੍ਹਾਂ ਦੇ ਮਧੁਰ ਸਾਜ਼ਾਂ ਨਾਲ ਦੇਵ ਕੰਨਿਆਵਾਂ ਜਦੋਂ ਜੰਗਲ ਵਿਚ ਸੁਰਾਂ ਮਿਲਾ ਕੇ ਵਿਜੈ ਗੀਤ ਗਾਉਣ ਤਦ ਤੂੰ ਵੀ ਆਪਣੀ ਮ੍ਰਿਦੰਗ ਏਨੀ ਜਬਰਦਸਤ ਵਜਾਈਂ ਕਿ ਗੁਫਾਵਾਂ ਵਿਚ ਗੁੰਜਾਰਾਂ ਪੈ ਜਾਣ ਤੇ ਰਿਸ਼ੀ ਦੰਗ ਹੋ ਜਾਣ।

ਸੰਪਰਕ: 94642-51454

ਚੁਮਾਸਾ ਸਾਵਣ ਆ ਗਿਆ।

ਮਹਿੰਦਰ ਸਿੰਘ ਰੰਧਾਵਾ
ਦਵਿੰਦਰ ਸਤਿਆਰਥੀ
ਜੇਠ-ਹਾੜ੍ਹ ਦੀ ਝੁਲਸਦੀ ਗਰਮੀ ਮਗਰੋਂ ਬੱਦਲ ਇੰਦਰ ਦੇ ਚਿੱਟੇ ਹਾਥੀ, ਅਸਮਾਨ ਉੱਤੇ ਪ੍ਰਗਟ ਹੁੰਦੇ ਹਨ। ਉਹ ਮੀਹਾਂ ਨੂੰ ਉਡੀਕਦੇ ਜੱਟ ਦਾ ਚਿੱਤ ਖਿੜਾਉਂਦੇ ਹਨ ਤੇ ਠੰਢ ਲਈ ਤਾਂਘਦੇ ਪ੍ਰੇਮੀਆਂ ਨੂੰ ਤ੍ਰਿਪਤ ਕਰਦੇ ਹਨ:
ਸੌਣ ਮਹੀਨੇ ਦਿਨ ਗਿੱਧੇ ਦੇ
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ।
ਵਰ੍ਹਦੇ ਬੱਦਲ ਨੇ ਧਰਤੀ ਦੀ ਕੁੱਖ ਨੂੰ ਜੀਵਨ ਦੇ ਪਾਣੀ ਨਾਲ ਭਰ ਦਿੱਤਾ ਹੈ ਤੇ ਤਿਰਹਾਈ ਭੂਰੀ ਧਰਤੀ ਇਕਦਮ ਹਰੇ ਘਾਹ ਦੇ ਕਾਲੀਨ ਨਾਲ ਢਕੀ ਜਾਂਦੀ ਹੈ। ਲਾਲ ਸੂਹੀਆਂ ਮਖਮਲੀ ਬੀਰ ਬਹੁਟੀਆਂ ਧਰਤੀ ਨੂੰ ਇਕ ਅਜਿਹੀ ਸੁੰਦਰੀ ਵਾਂਗ ਬਣਾ ਦਿੰਦੀਆਂ ਹਨ ਜਿਸ ਨੇ ਚਮਕੀਲੀਆਂ ਮਣੀਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਹੋਵੇ। ਅੰਬ ਦਿਆਂ ਪੱਤਿਆਂ ਉੱਤੇ ਮੀਂਹ ਵਰ੍ਹਦਾ ਹੈ ਤੇ ਅੰਬ ਦੀਆਂ ਕਲਗੀਆਂ ਵਿਚ ਇਕ ਸੁਹਾਵਾਂ ਰਾਗ ਪੈਦਾ ਹੁੰਦਾ ਹੈ। ਬਾਲਾਂ ਤੇ ਤੀਵੀਆਂ ਦੀਆਂ ਟੋਲੀਆਂ ਸੋਨੇ ਵੰਨੇ ਪੱਕੇ ਤੇ ਰਸੇ ਹੋਏ ਟਪਕੇ ਦੇ ਅੰਬਾਂ ਦੀ ਭਾਲ ਵਿਚ ਫਿਰ ਰਹੀਆਂ ਹਨ। ਮੀਂਹ ਦੀਆਂ ਕਣੀਆਂ ਪਿੰਡ ਦੇ ਛੱਪੜਾਂ ਉੱਤੇ ਰੰਗ ਬਿਰੰਗੇ ਬੁਲਬਲਿਆਂ ਨੂੰ ਜਨਮ ਦੇ ਰਹੀਆਂ ਹਨ ਜੋ ਆਪਣਾ ਖਿਨ ਭੰਗਰ ਜਲਵਾ ਵਿਖਾ ਕੇ ਛੱਪੜ ਦੇ ਪਾਣੀ ਵਿਚ ਲੀਨ ਹੋ ਜਾਂਦੇ ਹਨ। ਕੋਈ ਦੂਰ ਵਿਆਹੀ ਮੁਟਿਆਰ ਆਪਣੀ ਮਾਂ ਨੂੰ ਸੁਨੇਹਾ ਭੇਜਦੀ ਹੈ:
ਊਦੀਆਂ ਕੰਸੁੰਬੀਆਂ ਚੋਲੀਆਂ ਨੀ ਮਾਏ।
ਰੰਗ ਰੰਗ ਕੇ ਭੇਜ ਨੀ,
ਚੁਮਾਸਾ ਸਾਵਣ ਆ ਗਿਆ।
ਬੱਦਲ ਛਣ ਗਏ ਹਨ ਤੇ ਮੀਂਹ ਦੀ ਪਤਲੀ ਫੁਹਾਰ ਵਿਚੋਂ ਸਾਨੂੰ ਸੂਰਜ ਦਾ ਦਰਸ਼ਨ ਹੁੰਦਾ ਹੈ। ਅਸਮਾਨ ਵਿਚ ਪੀਂਘ ਪ੍ਰਗਟ ਹੁੰਦੀ ਹੈ ਇਉਂ ਜਾਪਦਾ ਹੈ ਕਿ ਸਤਰੰਗੀ ਪੀਂਘ ਵਿਚ ਬੈਠ ਕੇ ਧਰਤੀ ਤੇ ਅੰਬਰ ਦਾ ਮਿਲਾਪ ਹੋ ਰਿਹਾ ਹੈ। ਪਿੰਡ ਦੀ ਰੱਖ ਵਿਚ ਮੱਝਾਂ ਗਾਈਆਂ ਹਰਾ ਘਾਹ ਚਰ ਰਹੀਆਂ ਹਨ। ਅੰਬਾਂ ਦੀਆਂ ਹਲਕੇ ਸਾਵੇਂ ਰੰਗ ਦੀਆਂ ਟਾਹਣੀਆਂ ਵਿਚ ਤੋਤੇ ਉੱਡ ਰਹੇ ਹਨ। ਘਾਹ ਦੇ ਚਿੱਟੇ ਫੁੱਲਾਂ ਉੱਤੇ ਕੇਸਰੀ ਖੰਭਾਂ ਵਾਲੀਆਂ ਤਿਤਲੀਆਂ ਖੰਭ ਮਾਰ ਰਹੀਆਂ ਹਨ। ਸਾਵਣ ਦੀ ਸਲਾਭੀ ਹਵਾ ਵਿਚ ਚੰਬੇਲੀ ਦੀ ਖੁਸ਼ਬੂ ਰਚੀ ਹੋਈ ਹੈ। ਰਾਤ ਰਾਣੀ ਤੇ ਮਹਿੰਦੀ ਦੇ ਬੂਟਿਆਂ ਵਿਚੋਂ ਕੋਮਲ ਸੁਗੰਧ ਦੀਆਂ ਲਪਟਾਂ ਨਿਕਲ ਰਹੀਆਂ ਹਨ। ਵਾੜਾਂ ਵਿਚ ਤੱਗਰ ਦੇ ਚਿੱਟੇ ਫੁੱਲ ਕਾਲੇ-ਨੀਲੇ ਅੰਬਰਾਂ ਵਿਚ ਚਮਕਦੇ ਸਿਤਾਰਿਆਂ ਵਾਂਗ ਜੜੇ ਹੋਏ ਹਨ। ਤੇਜ਼ ਵਗਦੀਆਂ ਨਦੀਆਂ ਕੰਢੇ ਸੋਨੇ ਵਾਂਗ ਚਮਕਦੀਆਂ ਚੰਬੇ ਦੀਆਂ ਡੋਡੀਆਂ ਝੂਮ ਰਹੀਆਂ ਹਨ।

***

ਆ ਸਾਵਣ ਸਿਰ ਤੇ ਗੱਜਿਆ, ਮੇਰਾ ਅਕਲ ਫਿਕਰ ਸਭ ਭੱਜਿਆ,
ਕਹੀ ਬਿਜਲੀ ਚਮਕ ਡਰਾਉਣੀ, ਘਟ ਉਠੀ ਮੀਂਹ ਵਸਾਉਣੀ,
ਮੇਰੇ ਸਿਰ ਤੇ ਪਾਣੀ ਚਲਿਆ, ਮੈਂ ਰੋ ਰੋ ਕਾਂਗਾਂ ਚਾੜ੍ਹ ਦੀ।

ਜਿਹੜੇ ਤਾਰੂ ਆਹੇ ਤਰ ਗਏ, ਸਿਰ ਦੋਸ਼ ਤੱਤੀ ਦੇ ਧਰ ਗਏ,
ਮੈਂ ਡਰਦੀ ਪੈਰ ਨਾ ਪਾਇਆ, ਮੇਰਾ ਗ਼ਫ਼ਲਤ ਜੀਉ ਡਰਾਇਆ,
ਕਦੀ ਬੇੜਾ ਠੇਲ੍ਹ ਮੁਹਾਣਿਆ! ਮੈਂ ਕੰਧੀ ਦੇਖਾਂ ਪਾਰ ਦੀ।

ਅਸਾਂ ਪਿਆ ਸਮੁੰਦਰ ਝਾਂਗਣਾ, ਹੁਣ ਮੈਤੋਂ ਕਿਤ ਵਲ ਭਾਗਣਾ?
ਜਿਥੇ ਚੱਖਾ ਵੰਞ ਨਾ ਲਗਦਾ, ਉਥੇ ਪਾਣੀ ਵਗਦਾ ਅੱਗ ਦਾ,
ਮੈਂ ਡੁੱਬੀ ਬਹਿਰ ਅਮੀਕ ਵਿਚ, ਜਿਥੇ ਖ਼ਬਰ ਉਰਾਰ ਨਾ ਪਾਰ ਦੀ।

ਮੈਂ ਡੁਬੀ ਲੈਂਦੀ ਹਾਹੁੜੇ, ਮਤਾਂ ਖ਼ਿਜ਼ਰ ਕਿਦਾਹੂੰ ਬਾਹੁੜੇ।
ਜੇ ਮੱਦਦ ਹੋਵੇ ਪੀਰ ਦੀ, ਉਹ ਸੁਣੋ ਫ਼ਰਿਆਦ ਫ਼ਕੀਰ ਦੀ।
ਉਹ ਕੱਢੇ ਬਹਿਰ ਅਮੀਕ ਥੀ, ਦੱਸ ਪਾਈਏ ਸ਼ਾਹ ਸਵਾਰ ਦੀ।

ਅੱਗੇ ਭਾਦੋਂ ਸੁਣੀਏ ਆਂਵਦਾ, ਮੇਰਾ ਤਨ ਮਨ ਝੋਰਾ ਖਾਂਵਦਾ,
ਨਾ ਉਹ ਥਾਂਉ ਟਿਕਾਣਾ ਕਹਿ ਗਿਆ, ਇਕ ਨਾਮ ਦਿਲੇ ਤੇ ਰਹਿ ਗਿਆ,
ਮੈਂ ਕਿਥੋਂ ਪੁੱਛਾਂ ਜਾਇ ਕੇ, ਨਿਤ ਥੱਕੀ ਫਾਲਾਂ ਪਾਇ ਕੇ।
ਕੋਈ ਬੋਲੇ ਭਾਗ ਸੁਲੱਖਣੀ, ਨਿਤ ਸ਼ਗਨ ਹਮੇਸ਼ ਵਿਚਾਰ ਦੀ।

ਜੋ ਕੀਤਾ ਸੋਈ ਪਾਇਆ, ਸਾਨੂੰ ਅਗਲਾ ਅੰਤ ਨਾ ਆਇਆ,
ਰਹੀ ਢੂੰਢ ਕਿਤਾਬਾਂ ਫੋਲ ਕੇ, ਸਭ ਵੇਦਾਂ ਪੋਥੀ ਖੋਲ੍ਹ ਕੇ,
ਉੱਡ ਕਾਗਾ! ਸੱਜਣ ਆਂਵਦੇ, ਮੈਂ ਥੱਕੀ ਰੋਜ਼ ਉਡਾਰਦੀ।

ਉਹ ਕਿਹੜੀ ਜਗ੍ਹਾ ਸੁਹਾਵਣੀ, ਜਿਥੇ ਪਿਆਰੇ ਪਾਈ ਛਾਵਣੀ,
ਇਹ ਮੱਦਤ ਗਿਣਦਿਆਂ ਜਾਂਵਦੀ, ਨਹੀਂ ਖ਼ਬਰ ਸੁਹਣੇ ਦੀ ਆਂਵਦੀ,
ਉਹ ਬੈਠਾ ਤੰਬੂ ਮਾਰ ਕੇ, ਪਰ ਮੈਨੂੰ ਮਨੋਂ ਵਿਸਾਰ ਕੇ,
ਉਹਨੂੰ ਹੁਬ ਵਤਨ ਦੀ ਨਾ ਰਹੀ, ਜੋ ਖ਼ਬਰ ਲਏ ਘਰ ਬਾਰ ਦੀ।

-ਖਵਾਜ਼ਾ ਫ਼ਰਦ ਫਕੀਰ

***
ਦੋਹਰਾ ਸਾਵਣ ਆਇ ਸੁਹਾਵਣਾ, ਘਟਾ ਛਾਈ ਅਸਮਾਨ
ਗੁਲਾਮ ਸੈਨ ਮੇਰਾ ਨੇਹੁੜਾ, ਲਗਿਆ ਨਾਲ ਨਿਦਾਨ।।

ਛੰਦ ਮਾਏ ਚੜ੍ਹਿਆ ਮਹੀਨਾ ਸਾਵਣ, ਚੜ੍ਹ ਚੜ੍ਹ ਘਟੀ ਕਾਲੀਆਂ ਆਵਣ
ਬਗਲੋ ਉਡਣ ਕਤਾਰਾਂ ਲਾਉਣ, ਸਾਡੇ ਦਿਲ ਨੂੰ ਬਹੁਤ ਸੰਤਾਉਣ।
ਕੂਕਣ ਮੋਰ ਪਾਇਲਾਂ ਪਾਵਣ, ਬਰਸੋ ਮੇਘਲਾ।।

ਬਰਸੈ ਮੇਘ ਚਿਕਾਰਨ ਮੋਰ, ਸੂਕਰ ਬਿਸੀਅਰ ਉਡਣ ਚਕੋਰ
ਦਾਦਰੇ ਪਾਉਣ ਜਲ ਮੇਂ ਸ਼ੋਰ, ਪਾਪੀ ਚੜ੍ਹੇ ਇਸ਼ਕ ਦੇ ਲੋਰ
ਕੋਇਲਾਂ ਬੋਲ ਰਹੀਆਂ ਇਕ ਜ਼ੋਰ, ਲਸ਼ਕੇ ਦਾਵਨੀ।।

ਲਸ਼ਕੇ ਦਾਵਨੀ ਪੈਣ ਫੁਹਾਰਾਂ, ਸਈਆਂ ਕਰਨ ਮਜਾਜ ਹਜ਼ਾਰਾਂ
ਬਟਣੇ ਲਾਉਣ ਮੁਸ਼ਕ ਹਜ਼ਾਰਾਂ, ਸੀਸ ਗੁੰਦਾਵਣ ਸਭੇ ਨਾਰਾਂ
ਪਹਿਰਨ ਸੂਹੇ ਕਰਨ ਬਹਾਰਾਂ, ਚਾਉ ਤਿਹਾਰ ਦੇ।।

ਚਾਉ ਤਿਹਾਰ ਦੇ ਖੇਲਣ ਆਈਆਂ, ਮੱਥੇ ਚੰਦ ਬਿੰਦੀਆਂ ਲਾਂਹੀਆਂ
ਨੱਕ ਵਿਚ ਬੇਸਰ ਅਜਬ ਸੁਹਾਈਆਂ, ਗਿਧਾ ਪਾਵਣ ਧੁੰਮ ਮਚਾਈਆਂ
ਰਲਮਿਲ ਪੀਘਾਂ ਆਣ ਚੜਾਈਆਂ, ਅਪਣੇ ਪਿਆਰਿਆਂ।।

-ਗ਼ੁਲਾਮ ਹੁਸੈਨ

***

ਸਾਂਵਣ ਸਭਨਾਂ ਥਾਂਈ ਬਦਲਾਂ ਲਾਏ ਆ ਝੁਨਕਾਰੇ ਨੀ।
ਵਸ ਵਸ ਬੂੰਦਾਂ ਠਾਂਰਿਨ ਲੋਕਾਂ ਮੇਰੇ ਭਾ ਚਿਨਗਾਰੇ ਨੀ।
ਦੇਖ ਦੇਖ ਮੈਂ ਬਰਸਾਂ ਸਾਵਣ ਜਾਰੀ ਨੈਨ ਫੁਹਾਰੇ ਨੀ।
ਧਰਮਦਾਸ ਭਠ ਜਾਵਣ ਉਸਨੂੰ ਜੈਂਦੇ ਦੂਰ ਪਿਆਰੇ ਨੀ।

-ਧਰਮਦਾਸ


Comments Off on ਸਾਵਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.