ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਸਾਡੇ ਮਨੋਰੰਜਨ ਕੇਂਦਰ

Posted On July - 9 - 2019

ਬਲਦੇਵ ਸਿੰਘ (ਸੜਕਨਾਮਾ)

ਕਲਕੱਤਾ ਮਹਾਂਨਗਰ ਵਿਚ ਜਦੋਂ ਟੈਕਸੀ ਚਲਾਉਂਦਿਆਂ ਅੱਕ-ਥੱਕ ਜਾਣਾ ਜਾਂ ਘੰਟਾ-ਡੇਢ ਘੰਟਾ ਕੋਈ ਸਵਾਰੀ ਨਾ ਮਿਲਦੀ ਤਾਂ ਸਰੀਰ ਅਤੇ ਦਿਮਾਗ਼ ਨੂੰ ਰੀ-ਚਾਰਜ ਕਰਨ ਲਈ ਅਸੀਂ (ਡਰਾਈਵਰ) ਪੰਜਾਬੀ ਢਾਬਿਆਂ ’ਤੇ ਆ ਰੁਕਦੇ ਸਾਂ।
ਇਨ੍ਹਾਂ ਢਾਬਿਆਂ ਜਾਂ ਫੁੱਟਪਾਥਾਂ ’ਤੇ ਬਣੇ ਖੋਖੇ-ਨੁਮਾ ਹੋਟਲਾਂ ’ਤੇ ਕਿਸੇ ਵਿਆਹ ਉੱਪਰ ਇਕੱਠੀਆਂ ਹੋਈਆਂ ਵੰਨ-ਸੁਵੰਨੀਆਂ ਮੇਲਣਾਂ ਵਾਂਗ ਹਰ ਰੰਗ ਦੇ ਡਰਾਈਵਰਾਂ/ਮਾਲਕਾਂ ਦੀਆਂ ਮਹਿਫ਼ਲਾਂ ਲੱਗੀਆਂ ਰਹਿੰਦੀਆਂ ਸਨ। ਕੋਈ ਮਿਲੀਆਂ ਸਵਾਰੀਆਂ ਦੇ ਕਿੱਸੇ ਸੁਣਾਉਂਦਾ, ਕੋਈ ਗੱਡੀ ਦੇ ਟਾਇਰਾਂ ਨੂੰ ਸਾਬਣ ਲਾ ਕੇ ਧੋਂਦਾ, ਕੋਈ ਭਾੜਾ ਮਾਰ ਕੇ ਭੱਜੀ ਸਵਾਰੀ ਨੂੰ ਗਾਲ੍ਹਾਂ ਦਿੰਦਾ, ਕੋਈ ਮੰਦੇ ਬਾਜ਼ਾਰ ਦਾ ਝੋਰਾ ਕਰਦਾ।
ਕਿਸੇ ਡਰਾਈਵਰ ਦਾ ਟਰੈਫਿਕ ਵਾਲੇ ਨੇ ਚਲਾਨ ਕੱਟ ਦਿੱਤਾ ਹੁੰਦਾ। ਕੋਈ ਕਲਕੱਤੇ ਦੇ ਵਧ ਰਹੇ ਟਰੈਫਿਕ ਤੋਂ ਦੁਖੀ ਹੁੰਦਾ। ਕਿਸੇ ਦੀ ਟੈਕਸੀ ਦਾ ਗੇਅਰ ਖ਼ਰਾਬ ਹੁੰਦਾ, ਕੋਈ ਹੈੱਡ-ਲਾਈਟ ਤੁੜਵਾ ਕੇ ਆਇਆ ਹੁੰਦਾ। ਸਭ ਆਪਣੀ-ਆਪਣੀ ਭੜਾਸ ਕੱਢਦੇ।
‘ਬਾਈ ਜੀ, ਏਅਰ ਪੋਰਟ ਤੋਂ 15 ਕੁ ਕਿਲੋ ਦੀ ਮੇਮ ਮਿਲੀ, ਗੱਡੀ ਉੱਡਦੀ ਆਵੇ। ਪੈਸੇ ਵੀ ਵਾਧੂ ਸਿੱਟ ਗੀ, ਨਾਲੇ ਥੈਂਕ ਯੂ…ਥੈਂਕ ਯੂ ਕਹਿੰਦੀ।’
‘ਮੇਰੇ ਆਲੀ ਨੇ (ਗੱਡੀ ਨੇ) ਤਾਂ ਰੈੱਡ ਰੋਡ ’ਚ ਗੇਅਰ ਦੇ ਜੜਾਕੇ ਪਾ ’ਤੇ, ਖਿੱਚ ਕੇ ਲਿਆਂਦੀ, ਹੁਣ ਆਇਐਂ ਠੀਕ ਕਰਾ ਕੇ…।’
‘ਮੇਰੀ ਤਾਂ ਸਵਾਰੀ ਭੱਜਗੀ ਅੱਜ, ਨਿਊ ਮਾਰਕੀਟ ’ਚ ਗੁੰਮ ਹੋ ਗੀ ਘੰਟਾ ਉਡੀਕਿਆ…।’
‘ਬਿਹਾਲੇ ਆਲਾ ‘ਸੱਪ’ ਅੱਜ ਖਿਦਰਪੁਰ ਬਰਨਡ ਚੁੱਕੀ ਖੜ੍ਹਾ ਸੀ।’
‘ਓਹਦੇ ਪਲੱਗ ਈ ਸ਼ਾਟ ਹੋਏ ਰਹਿੰਦੇ ਆਂ।’
ਸਾਡਾ ਡਰਾਈਵਰ ਭਾਈਚਾਰਾ ਇਹੋ ਜਿਹੀਆਂ ਗੱਲਾਂ ਕਰਕੇ ਮਨ ਹੌਲਾ ਕਰਦਾ। ਡਰਾਈਵਰਾਂ ਦੇ ਨਾਮ ਪਤਾ ਨਹੀਂ ਕਿਥੋਂ ਕੱਢ ਕੇ ਲਿਆਉਂਦਾ। ਇਨ੍ਹਾਂ ਸਾਹਮਣੇ ਭਾਈ ਕਾਨ੍ਹ ਸਿੰੰਘ ਨਾਭਾ ਦਾ ਮਹਾਨ ਕੋਸ਼ ਵੀ ਫਿੱਕਾ ਪੈ ਜਾਂਦੈ।
ਕੋਈ ‘ਪਗਲਾ’, ਕੋਈ ‘ਸਿੱਧਰਾ’, ਕੋਈ ‘ਗੰਢੇ ਖਾਣਾ’, ਕੋਈ ‘ਸੱਪ’, ਕੋਈ ‘ਦੁਖੀਆ’, ਕੋਈ ‘ਡੇਂਜਰ’, ਕੋਈ ‘ਤੂਤੜ’ ਹੋਰ ਵੀ ਬਥੇਰੇ ਅਜਿਹੇ ਨਾਮ ਹਨ। ਕਿਸੇ ਨੂੰ ‘ਚੱਕਾ’, ਕਿਸੇ ਨੂੰ ‘ਜੱਕਾ’, ਕਿਸੇ ਨੂੰ ‘ਬੈਟਰੀ’, ਕਿਸੇ ਨੂੰ ‘ਪਾਨਾ’ ਕਹਿੰਦੇ।
ਇਕ ਦਿਨ ਦੁਪਹਿਰ ਵੇਲੇ ਕੋਈ ਸਵਾਰੀ ਨਾ ਮਿਲਦੀ ਵੇਖ ਕੇ ਮੈਂ ਅਜਿਹੇ ਇਕ ਢਾਬੇ ਉੱਪਰ ਆ ਰੁਕਿਆ। ਕੁਝ ਡਰਾਈਵਰ ਜਗਰਾਵਾਂ ਵੱਲ ਦੇ ਇਕ ਡਰਾਈਵਰ ‘ਠੇਠਰ’ ਨੂੰ ਘੇਰੀਂ ਬੈਠੇ ਸਨ। ਇਕ ਚੁੱਕਦਾ ਸੀ, ਦੂਸਰਾ ਧਰਦਾ ਸੀ। ਚਖ਼ਮਖੀਆਂ ਵਿਚ ਉਹ ਆਪਣੇ ਕਿੱਤੇ ਦੀ ਸਾਰੀ ਕੁੜੱਤਣ ਵਿਸਾਰੀ ਬੈਠੇ ਸਨ।
‘ਫੇਰ ਕੁੜਮਾ, ਦੱਸਦਾ ਨੀਂ ਤੂੰ, ਮੁੰਡੇ ਦੀ ਮਾਂ ਪਿੱਛੋਂ ਆ ਰਹੀ ਹੈ ਕਿ ਨਹੀਂ?’ ਇਕ ਡਰਾਈਵਰ ਨੇ ਠੇਠਰ ਦੇ ਮੋਢੇ ਉੱਪਰ ਧੱਫਾ ਮਾਰਦਿਆਂ ਪੁੱਛਿਆ।
ਠੇਠਰ ਦੀ 60 ਕੁ ਸਾਲਾਂ ਦੀ ਉਮਰ ਸੀ। ਨਸਵਾਰ ਲੈਣ ਦੀ ਆਦਤ ਸੀ ਤੇ ਗਲੇ ’ਚੋਂ ਗੁਣਗੁਣੀ ਜਿਹੀ ਆਵਾਜ਼ ਨਿਕਲਦੀ ਸੀ। ਉਮਰ ਵਿਚ ਭਾਵੇਂ ਉਹ ਸਾਰਿਆਂ ਨਾਲੋਂ ਵੱਡਾ ਸੀ ਤਾਂ ਵੀ ਮੰਡ੍ਹੀਰ ਉਸਨੂੰ ਸਾਲੀਆਂ ’ਚ ਜੀਜਾ ਬਣਾਈ ਰੱਖਦੀ ਸੀ।
ਜਦੋਂ ਸਾਰੇ ਖਹਿੜੇ ਪਏ ਰਹੇ ਤਾਂ ਠੇਠਰ ਨੇ ਸ਼ਰਤ ਰੱਖੀ:
‘ਪਹਿਲਾਂ ਚਾਹ ਪਿਆਓ, ਫੇਰ ਦੱਸੂੰ।’
ਇਕ ਨੇ ਝੱਟ ਆਪਣਾ ਗਲਾਸ ਫੜਾ ਕੇ ਕਿਹਾ ‘ਲੈ ਚਾਹ ਵੀ ਪੀਈ ਚੱਲ ਤੇ ਦੱਸੀ ਵੀ ਚੱਲ।’
‘ਪਹਿਲਾਂ ਮੈਨੂੰ ਇਉਂ ਦੱਸੋ, ਉਸ ਨੂੰ ਏਥੇ ਲਿਆ ਕੇ, ਮੈਂ ਓਹਦੀ ਧਾਰ ਕੱਢਣੀ ਐ…?’
ਠੇਠਰ ਨੇ ਜਿਰਾਹ ਕੀਤੀ।
‘ਲੈ ਵਾਹ ਓਏ ਤੇਰੇ ਡੈਡੀ ਠੇਠਰਾ, ਕਮਲਾ ਐਂ ਤੂੰ ਤਾਂ। ਵੀਹ ਫੈਦੇ ਐ, ਜੇ ਤੀਵੀਂ ਏਥੇ ਹੋਵੇ, ਧਾਰ ਕੱਢਣ ਵਾਲੀ ਕਿਹੜੀ ਗੱਲ ਐ।’
ਸਾਰੇ ਲਾਚੜੇ ਉਸ ਨੂੰ ਲਾਡ ਨਾਲ ਕਦੇ ਡੈਡੀ, ਕਦੇ ਠੇਠਰ, ਕਦੇ ਠੇਠਰ ਡੈਡੀ’ ਕਹਿ ਕੇ ਛੇੜਦੇ ਸਨ।
‘ਧਾਰ ਕੱਢਣ ਤੋਂ ਤਾਂ ਸਾਡਾ ਰੌਲਾ ਪਿਆ ਸੀ।’ ਠੇਠਰ ਬੋਲਿਆ।
‘ਕਾਹਦਾ ਰੌਲਾ?’ ਕਈ ਇਕੱਠੇ ਬੋਲੇ।
‘ਅਸੀਂ ਲੜ ਪਏ ਸੀ।’ ਠੇਠਰ ਬੋਲਿਆ।
‘ਧਾਰ ਕੱਢਣ ਤੋਂ ਕਿਉਂ ਲੜ ਪਏ ਬਈ ਡੈਡੀ?’
‘ਇਕ ਦਿਨ ਥੋਡੀ ਬੇਬੇ ਆਂਹਦੀ ਧਾਰ ਕੱਢ ਲੀਂ ਮੇਰਾ ਚਿੱਤ ਨੀਂ ਠੀਕ।

ਬਲੇਦਵ ਸਿੰਘ ਸੜਕਨਾਮਾ

ਮੈਂ ਕਿਹਾਂ ਮੈਥੋਂ ਧਾਰ ਕੱਢੀ ਨੀਂ ਜਾਣੀ, ਮੇਰਾ ਮੂੰਹ ਦੁਖਦਾਂ। ਮੈਨੂੰ ਕਹਿੰਦੀ ਥੋਡੀ ਬੇਬੇ, ਧਾਰ ਤਾਂ ਤੈਂ ਹੱਥਾਂ ਨਾਲ ਕੱਢਣੀ ਐਂ ਜਾਂ ਮੂੰਹ ਨਾਲ?’
ਮੈਂ ਕਿਹਾ, ‘ਸਿੱਧਰੀਏ ਜੇ ਮੱਝ ਲੱਤ ਚੁੱਕ ਗਈ ਤਾਂ ਮੈਂ ਬੁੰਸ਼ਕਰ ਕਾਹਦੇ ਨਾਲ ਮਾਰੂੰਗਾ? ਤੇ ਫੇਰ ਅਸੀਂ ਲੜ ਪੇ।’
ਚੁਫੇਰੇ ਡਰਾਈਵਰਾਂ ਦਾ ਹਾਸਾ ਖਿੱਲਰ ਗਿਆ।
‘ਵਾਹ ਓਏ ਤੇਰੇ ਠੇਠਰਾ ਡੈਡੀ, ਤੂੰ ਤਾਂ ਬਲਾਂ ਕੁੱਤੀ ਚੀਜ਼ ਐ।’ ਇਕ ਨੇ ਠੇਠਰ ਨੂੰ ਥਾਪੀ ਦਿੱਤੀ।
ਬਸ ਐਂ ਈ ਸਾਡਾ ਰੌਲਾ ਪੈ ਜਾਂਦਾ ਸੀ। ਠੇਠਰ ਪੂਰੇ ਜਲੌਅ ਵਿਚ ਸੀ।
‘ਐਤਕੀਂ ਜਦੋਂ ਮੈਂ ਸਿਆਲਾਂ ਨੂੰ ਗਿਆ ਸੀ ਨਾ ਪਿੰਡ, ਥੋਡੀ ਬੇਬੇ ਦੇ ਗੋਡਿਆਂ ’ਤੇ ਮਲਣ ਨੂੰ ਦਵਾਈ ਲੈ ਗਿਆ ਸੀ। ਆਂਹਦੀ ਰਹਿੰਦੀ ਸੀ ਗੋਡੇ ਦੁੱਖਦੇ ਐਂ। ਮੈਂ ਕਿਹਾ, ਦਵਾਈ ਮਲ ਕੇ ਗੋਡਿਆਂ ’ਤੇ ਰਜਾਈ ਲੈ ਲੀਂ। ਥੋੜ੍ਹੇ ਦੇਰ ਨੂੰ ਕਹਿੰਦੀ ਮੇਰੇ ਤਾਂ ਗੋਡਿਆਂ ’ਚੋਂ ਚੰਗਿਆੜੇ ਨਿਕਲੀਂ ਜਾਂਦੇ ਐਂ। ਮੈਂ ਕਿਹਾ, ਦੇਖੀਂ ਕਿਤੇ ਰਜਾਈ ਨੂੰ ਅੱਗ ਨਾ ਲਾ ਲਈਂ। ਫੇਰ ਲੜ ਪਈ।’
ਸਾਰੇ ਫੇਰ ਹੱਸ ਪਏ। ਮਚਲਾ ਹੋਇਆ ਠੇਠਰ ਗਿੱਚੀ ਖੁਰਕਣ ਲੱਗ ਪਿਆ।
‘ਚੱਲ ਕੋਈ ਨੀਂ ਤੂੰ ਬੇਬੇ ਨੂੰ ਮੰਗਾ ਏਥੇ। ਰੋਟੀ ਗਰਮ ਮਿਲਿਆ ਕਰੂ। ਜਦੋਂ ਟੈਕਸੀ ਚਲਾ ਕੇ ਥੱਕਿਆ ਘਰ ਜਾਏਂਗਾ, ਨਹਾਉਣ ਨੂੰ ਗਰਮ ਪਾਣੀ ਮਿਲਿਆ ਕਰੂ, ਡੈਡੀ ਬੇਬੇ ਤੇਰੀਆਂ ਲੱਤਾਂ ਘੁੱਟਿਆ ਕਰੂ। ਤੇਰੀ ਉਮਰ ਵਧ ਜੂ।’ ਇਕ ਨੇ ਸੂਈ ਫੇਰ ਪਹਿਲਾਂ ਵਾਲੀ ਥਾਂ ਉੱਪਰ ਲਿਆ ਧਰੀ।
‘ਹਾਲਾਂ, ਮੇਰੀ ਉਮਰ ਵੀ ਵਧ ਜੂ?’ ਠੇਠਰ ਨੇ ਹੈਰਾਨ ਹੋ ਕੇ ਪੁੱਛਿਆ।
‘ਹਾਂ ਡੈਡੀ, ਪੱਕੀ ਗੱਲ।’ ਇਕ ਸਾਰਿਆਂ ਨਾਲੋਂ ਅੱਗੇ ਹੋ ਕੇ ਬੋਲਿਆ ਤੇ ਪੋਲਾ ਜਿਹਾ ਉਸ ਦੀ ਦਾੜ੍ਹੀ ਨੂੰ ਪਲੋਸਿਆ।
‘ਫੇਰ ਐਂ ਕਰ ਸ਼ੇਰਾ, ਚਾਰ ਕੁ ਦਿਨ ਆਪਣੀ ਬੇਬੇ ਨੂੰ ਛੱਡ ਜਾ, ਪਰਤਿਆ ਲਈਏ, ਫੇਰ ਮੈਂ ਪਿੰਡੋਂ ਉਹਨੂੰ ਵੀ…।’ ਗੱਲ ਅਜੇ ਠੇਠਰ ਤੋਂ ਪੂਰੀ ਨਹੀਂ ਸੀ ਹੋਈ, ਇਕ ਨੇ ਚਾਂਭਲ ਕੇ ਬੈਠੇ ਬਿਠਾਏ ਠੇਠਰ ਨੂੰ ਚੁੱਕ ਕੇ ਗੇੜਾ ਦੇ ਦਿੱਤਾ। ‘ਢਿੰਬਰੀ ਫਿੱਟ ਕਰਤੀ, ਵਾਹ ਓਏ ਤੇਰੇ ਡੈਡੀ, ਸਦਕੇ ਓਏ ਤੇਰੇ ਡੈਡੀ।’
‘ਓਏ ਕੰਜਰਾ, ਤੂੰ ਤਾਂ ਮੈਨੂੰ ਰਾਕਟ ਬਣਾਈ ਫਿਰਦੈ।’ ਠੇਠਰ ਨੇ ਝੂਠਾ ਜਿਹਾ ਰੌਲਾ ਪਾਇਆ। ਡਰਾਈਵਰ ਤਾੜੀਆਂ ਮਾਰ-ਮਾਰ ਹੱਸਦੇ ਰਹੇ।
ਇਉਂ ਅਸੀਂ ਹੌਲੇ ਫੁੱਲ ਹੋਏ ਹੋਟਲ ਤੋਂ ਸੌਂਫ ਦੇ ਦਾਣੇ ਮੂੰਹ ਵਿਚ ਚੱਬਦੇ ਹੋਏ ਬਾਕੀ ਦਿਨ ਭਰ ਦੀ ਮੁਸ਼ੱਕਤ ਲਈ ਆਪਣੇ-ਆਪਣੇ ਸਟੇਰਿੰਗਾਂ ’ਤੇ ਜਾ ਬੈਠਦੇ।

ਸੰਪਰਕ: 98147-83069


Comments Off on ਸਾਡੇ ਮਨੋਰੰਜਨ ਕੇਂਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.