ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸਰ ਜੀ, ਜ਼ਰਾ ਐਡਜਸਟ ਕਰ ਲਿਓ…!

Posted On July - 7 - 2019

ਰਾਜੇਸ਼ ਰਿਖੀ ਪੰਜਗਰਾਈਆਂ
ਵਿਅੰਗ

‘‘ਬਾਈ ਕੀ ਕਰੀਏ, ਘਰ ਵਿਚ ਇਕ ’ਤੇ ਇਕ ਉਲਝੇਵਾਂ ਪੈ ਰਿਹਾ ਹੈ। ਪਹਿਲਾਂ ਬੱਚਾ ਬਿਮਾਰ। ਫਿਰ ਪਤਨੀ ਦਾ ਤਾਇਆ ਸੁਰਗਵਾਸ ਹੋ ਗਿਆ। ਫਿਰ ਮੇਰੇ ਤਾਏ ਦਾ ਮੁੰਡਾ ਘਰੋਂ ਰੁੱਸ ਕੇ ਭੱਜ ਗਿਆ। ਰਹਿੰਦੀ-ਖੂੰਹਦੀ ਮੋਟਰ ਖਰਾਬ ਹੋ ਗਈ। ਪਤਾ ਨਹੀਂ ਕੀ ਚੱਲ ਰਿਹਾ ਸਭ। ਮੇਰੀਆਂ ਤਾਂ ਸਾਰੀਆਂ ਛੁੱਟੀਆਂ ਵੀ ਆਹ ਮਾਰਚ ਦੇ ਮਹੀਨੇ ਵਿਚ ਹੀ ਮੁੱਕਣ ਵਾਲੀਆਂ ਹੋ ਗਈਆਂ।’’
‘‘ਇਹ ਤਾਂ ਆਪਾਂ ਸਮਾਧਾਂ ਵਾਲੇ ਬਾਬੇ ਨੂੰ ਪੁੱਛ ਲਵਾਂਗੇ। ਇਕ ਧਾਗੇ ਨਾਲ ਸਭ ਠੀਕ ਕਰ ਦੇਊ। ਪਰ ਆਹ ਛੁੱਟੀਆਂ ਖ਼ਤਮ ਹੋਣ ਵਾਲੀ ਗੱਲ ਸਮਝ ਨਹੀਂ ਆਈ ਮੈਨੂੰ।’’
‘‘ਇਹਦੇ ਵਿਚ ਨਾ ਸਮਝ ਆਉਣ ਵਾਲੀ ਕਿਹੜੀ ਗੱਲ ਹੈ। ਬਈ ਜਦੋਂ ਐਨੇ ਕੰਮ ਨਿਕਲਦੇ ਰਹੇ ਤਾਂ ਮੈਂ ਦਫ਼ਤਰ ਤੋਂ ਛੁੱਟੀ ਲੈ ਕੇ ਕੰਮ ਤਾਂ ਕਰਨੇ ਹੀ ਸੀ।’’
‘‘ਹੈਂ! ਛੁੱਟੀਆਂ ਲੈ ਕੇ ਕਿਉਂ? ਤੇਰੇ ਦਫ਼ਤਰ ਵਿਚ ਐਡਜਸਟ ਨਹੀਂ ਕਰਦੇ?’’
‘‘ਐਡਜੈਸਟ! ਮੈਂ ਸਮਝਿਆ ਨਹੀਂ। ਕੀ ਮਤਲਬ?’’
‘‘ਓ ਭਰਾਵਾ! ਮੇਰਾ ਸਿੱਧਾ ਮਤਲਬ ਹੈ ਕਿ ਫਰਲੋ।’’
‘‘ਫਰਲੋ ਕਿਸ ਲਈ ਮਾਸਟਰ ਜੀ? ਮੇਰੇ ਕੰਮ ਸੀ ਮੈਂ ਨਹੀਂ ਛੁੱਟੀ ਲਵਾਂਗਾ ਤਾਂ ਹੋਰ ਕੌਣ ਲਵੇਗਾ। ਨਾਲੇ ਛੁੱਟੀਆਂ ਤਾਂ ਹੁੰਦੀਆਂ ਹੀ ਦੁਖਦੇ ਸੁਖਦੇ ਲਈ ਹਨ।’’
‘‘ਓ ਛੱਡ ਯਾਰ, ਛੁੱਟੀਆਂ ਇਸ ਲਈ ਥੋੜ੍ਹਾ ਹੁੰਦੀਆਂ ਨੇ, ਤੁਹਾਨੂੰ ਕਿਹੜਾ ਸਮਝਾਵੇ! ਦੇਖ ਭਰਾਵਾ, ਜੇ ਤੇਰੇ ਵਾਂਗ ਛੁੱਟੀ ਭਰਨ ਲੱਗ ਜਾਈਏ ਤਾਂ ਆਹ ਦਸ ਸੀ.ਐੱਲ. ਤੇ ਬਾਕੀ ਮੈਡੀਕਲ ਛੁੱਟੀਆਂ ਨਾਲ ਸਾਰੇ ਸਾਲ ਵਿਚ ਸਾਡਾ ਕਿੱਥੋਂ ਸਰ ਜਾਵੇ। ਇਹ ਤਾਂ ਅਸੀਂ ਇਕ ਮਹੀਨੇ ਵਿਚ ਹੀ ਮੁਕਾ ਦੇਈਏ।’’
‘‘ਹੋਰ ਤੁਸੀਂ ਦੱਸ ਦਿਓ ਮਾਸਟਰ ਜੀ, ਐਡਜਸਟ ਕਿਵੇਂ ਹੁੰਦੈ?’’
‘‘ਐਡਜਸਟ ਕਿਹੜਾ ਔਖਾ ਕੰਮ ਹੈ। ਬਸ ਮਹੀਨੇ ਵਿਚ ਚਾਰ ਪੰਜ ਵਾਰ ਜੇ ਕੋਈ ਨਿੱਕਾ-ਮੋਟਾ ਕੰਮ ਹੋ ਜਾਵੇ ਜਾਂ ਜਾਣ ਨੂੰ ਚਿੱਤ ਜਿਹਾ ਨਾ ਕਰੇ ਤਾਂ ਆਪਣੇ ਮੁੱਖ ਅਧਿਆਪਕ ਨੂੰ ਇਕ ਫੋਨ ਹੀ ਕਰਨਾ ਹੁੰਦੈ ਕਿ ‘ਸਰ ਜੀ, ਜ਼ਰਾ ਐਡਜਸਟ ਕਰ ਲਿਓ’।’’
‘‘ਨਿੱਕਾ ਮੋਟਾ ਕੰਮ? ਮੈਂ ਸਮਝਿਆ ਨਹੀਂ।’’
‘‘ਓ ਤੂੰ ਵੀ ਭੋਲਾ ਹੀ ਹੈਂ। ਨਿੱਕਾ ਮੋਟਾ ਕੰਮ ਜਿਵੇਂ ਪਤਨੀ ਨੂੰ ਸੂਟ ਦਿਵਾਉਣ ਜਾਣਾ ਹੋਵੇ, ਬੱਚੇ ਦੀ ਫੀਸ ਭਰਨ ਜਾਣਾ ਹੋਵੇ ਜਾਂ ਦਵਾਈ ਬੂਟੀ ਕਰਾਉਣ ਡਾਕਟਰ ਦੇ ਜਾਣਾ ਹੋਵੇ ਜਾਂ ਸਹੁਰੇ ਜਾਣਾ ਹੋਵੇ ਜਾਂ ਕਣਕ ਉੱਤੇ ਕਰਨ ਵਾਲੀ ਸਪਰੇਅ ਲੈਣ ਜਾਣਾ ਹੋਵੇ; ਤੂੰ ਗੱਲ ਮੁਕਾ ਇਹੋ ਜਿਹਾ ਹੀ ਕੋਈ ਹੋਰ ਨਿੱਕਾ ਮੋਟਾ ਕੰਮ ਹੋਵੇ ਤਾਂ…। ਹੋਰ ਮਾਸਟਰਾਂ ਨੂੰ ਕਿਹੜਾ ਕੰਮ ਹੁੰਦੇ ਨੇ।’’
‘‘ਇਹ ਤਾਂ ਬੜਾ ਰਿਸਕੀ ਕੰਮ ਹੈ ਮਾਸਟਰ ਜੀ, ਆਖ਼ਰ ਨੂੰ ਸਰਕਾਰੀ ਡਿਊਟੀ ਹੈ, ਕਿਤੇ ਜੇ ਕੋਈ ਚੈਕਿੰਗ ਹੋ ਜਾਵੇ।’’
‘‘ਮੈਨੇਜਰ ਸਾਹਿਬ, ਤੁਸੀਂ ਤਾਂ ਬਾਹਲੇ ਹੀ ਡਰਪੋਕ ਓ। ਦਰਅਸਲ, ਆਪਣਾ ਖਾਨਾ ਖਾਲੀ ਹੁੰਦੈ। ਜੇ ਕੋਈ ਚੈਕਿੰਗ ਟੀਮ ਆਉਂਦੀ ਨਜ਼ਰ ਪਵੇ ਤਾਂ ਉਹ ਜਦੋਂ ਨੂੰ ਟੀਮ ਸਕੂਲ ਅੰਦਰ ਆਊ ਰਜਿਸਟਰ ਚੁੱਕ ਕੇ ਛੁੱਟੀ ਭਰ ਦਿਓ ਜਾਂ ਫਿਰ ਮੂਵਮੈਂਟ ਦਿਖਾ ਦਿਓ ਕਿ ਭਾਈ ਉਹ ਤਾਂ ਮਿਡ ਡੇਅ ਮੀਲ ਦਾ ਸਿਲੰਡਰ ਭਰਾਉਣ ਗਿਆ ਹੋਇਐ। ਬੱਸ ਹੋਰ ਕੀ ਹੈ, ਨਾਲੇ ਭੇਡ ਮਰੀ ਤੇ ਫਾਂਸੀ ਨਹੀਂ ਹੁੰਦੀ।’’
‘‘ਇਹ ਤਾਂ ਤੇਰੇ ਵਰਗਾ ਹੀ ਕਰਦਾ ਹੋਣਾ ਕੋਈ ਵਿਰਲਾ ਹੀ। ਆਖ਼ਰ ਡਿਊਟੀ ਵੀ ਕੋਈ ਚੀਜ਼ ਹੈ।’’

ਰਾਜੇਸ਼ ਰਿਖੀ ਪੰਜਗਰਾਈਆਂ

‘‘ਮੇਰੇ ਵਰਗਾ ਕੋਈ…? ਬਈ ਇੱਥੇ ਤਾਂ ਤੇਰੇ ਵਰਗਾ ਕੋਈ ਕੋਈ ਹੈ। ਤੈਨੂੰ ਇਕ ਗੱਲ ਦੱਸਾਂ, ਸਾਡੇ ਮਹਿਕਮੇ ਵਿਚ ਤਾਂ ਇਹ ਐਡਜਸਟਮੈਂਟ ਐਨੀ ਵਧੀਆ ਚੀਜ਼ ਹੈ ਨਾ…। ਚਾਹੇ ਅਸੀਂ ਵਿਆਹ ਕਰਾਉਣਾ ਹੋਵੇ, ਯਾਤਰਾ ’ਤੇ ਜਾਣਾ ਹੋਵੇ, ਘਰ ਬਣਾਉਣਾ ਹੋਵੇ, ਕੋਈ ਖ਼ੁਸ਼ੀ ਹੋਵੇ ਜਾਂ ਗ਼ਮੀ ਖਾਨੇ ਵਿਚ ਛੁੱਟੀ ਭਰਾਉਣ ਦੀ ਲੋੜ ਨਹੀਂ ਪੈਂਦੀ। ਬੱਸ ਇਕ ਫੋਨ ਹੀ ਕਰਨਾ ਪੈਂਦਾ ਹੈ ਕਿ ਸਰ ਜੀ, ਜ਼ਰਾ ਐਡਜਸਟ ਕਰ ਲਿਓ।’’
‘‘ਫਿਰ ਜੇ ਥੋੜ੍ਹਾ ਮੋਟਾ ਲੇਟ ਜਾਣਾ ਜਾਂ ਪਹਿਲਾਂ ਆਉਣਾ ਹੋਵੇ ਫਿਰ?’’
‘‘ਫਿਰ ਤਾਂ ਕਦੇ ਕਦੇ ਫੋਨ ਕਰਨ ਦੀ ਲੋੜ ਵੀ ਨਹੀਂ ਪੈਂਦੀ। ਬੱਸ ਪਤਾ ਹੀ ਹੁੰਦੈ ਕਿ ਆ ਜਾਣਗੇ।’’
‘‘ਫਿਰ ਤੁਹਾਡੀ ਜ਼ਮੀਰ ਕੁਝ ਨਹੀਂ ਕਹਿੰਦੀ ਕਿ ਤੁਸੀਂ ਆਪਣੀ ਡਿਊਟੀ, ਆਪਣੇ ਫ਼ਰਜ਼ ਨਾਲ ਇਨਸਾਫ਼ ਨਹੀਂ ਕਰ ਰਹੇ?’’
‘‘ਓ ਬਾਹਲਾ ਨਹੀਂ ਸੋਚੀਦਾ। ਸਾਡੇ ਵਿਚ ਵੀ ਹੈਗੇ ਤੇਰੇ ਵਾਂਗ ਮਹਾਨ ਗੱਲਾਂ ਕਰਨ ਵਾਲੇ ਤੇ ਫਿਰ ਤੇਰੇ ਵਾਂਗ ਤੀਜੇ ਮਹੀਨੇ ਹੀ ਛੁੱਟੀਆਂ ਮੁਕਾ ਕੇ ਬੈਠ ਜਾਂਦੇ ਹਨ ਅਤੇ ਸਾਡੇ ਵਰਗਿਆਂ ਕੋਲ ਦਸੰਬਰ ’ਚ ਵੀ ਵਾਧੂ ਛੁੱਟੀਆਂ ਪਈਆਂ ਹੁੰਦੀਆਂ ਨੇ।’’
‘‘ਭਾਵੇਂ ਸਾਡੀਆਂ ਛੁੱਟੀਆਂ ਜਿਹੜੇ ਮਹੀਨੇ ਮਰਜ਼ੀ ਮੁੱਕ ਜਾਣ, ਪਰ ਸਾਡੀ ਇਮਾਨਦਾਰੀ ਕਦੇ ਨਹੀਂ ਮੁੱਕਦੀ ਅਤੇ ਜਿਹੜਾ ਆਪਣੀ ਡਿਊਟੀ, ਆਪਣੇ ਕਿੱਤੇ ਨਾਲ ਇਨਸਾਫ਼ ਨਹੀਂ ਕਰਦਾ ਉਸ ਨੂੰ ਪਰਮਾਤਮਾ ਕਦੇ ਮੁਆਫ਼ ਨਹੀਂ ਕਰਦਾ।’’
‘‘ਇਹ ਤਾਂ ਸਾਰੇ ਕਿਤੇ ਹੀ ਚੱਲਦਾ ਜਨਾਬ। ਜੇ ਐਡਜਸਟ ਨਾ ਹੋਵੇ ਫਿਰ ਸਰਕਾਰੀ ਮੁਲਾਜ਼ਮ ਕਾਹਦੇ!’’
‘‘ਸਾਰੇ ਕਿਤੇ ਨਹੀਂ ਚਲਦਾ। ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਅਤੇ ਸਮਾਂ ਵੀ ਸਦਾ ਇਕੋ ਜਿਹਾ ਨਹੀਂ ਰਹਿੰਦਾ। ਪਰ ਮੈਂ ਤੁਹਾਨੂੰ ਕੀ ਸਮਝਾ ਸਕਦਾ ਹਾਂ, ਤੁਸੀਂ ਤਾਂ ਖ਼ੁਦ ਗੁਰੂ ਹੋ, ਗਿਆਨ ਵੰਡਣ ਵਾਲੇ ਸੂਰਜ ਹੋ। ਚੰਗਾ ਚੱਲਦਾ ਹਾਂ ਮਾਸਟਰ ਜੀ, ਮੇਰਾ ਤਾਂ ਡਿਊਟੀ ਦਾ ਸਮਾਂ ਹੋ ਗਿਆ। ਤੁਸੀਂ ਤਾਂ ਕਹਿ ਹੀ ਦੇਣਾ ਐ ‘ਸਰ ਜੀ, ਜ਼ਰਾ ਐਡਜਸਟ ਕਰ ਲਿਓ’।’’

ਸੰਪਰਕ: 93565-52000


Comments Off on ਸਰ ਜੀ, ਜ਼ਰਾ ਐਡਜਸਟ ਕਰ ਲਿਓ…!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.