ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਸਪੀਕਰਾਂ ਦੀ ਆਵਾਜ਼ ਤੇ ਵਿਗਿਆਨਕ ਤੱਥ

Posted On July - 30 - 2019

ਮੇਘ ਰਾਜ ਮਿੱਤਰ

ਸਮੁੱਚੇ ਭਾਰਤ ਦੇ ਕਿਸੇ ਵੀ ਪਿੰਡ ਵਿਚ ਚਲੇ ਜਾਓ ਤਾਂ ਤੁਹਾਨੂੰ ਧਾਰਮਿਕ ਸਥਾਨਾਂ ’ਤੇ ਸਪੀਕਰਾਂ ਦੀ ਆਵਾਜ਼ ਜ਼ਰੂਰ ਸੁਣਾਈ ਦੇਵੇਗੀ। ਕਿਤੇ ਮਸਜਿਦਾਂ ਵਿਚ ਨਮਾਜ਼ਾਂ ਪੜ੍ਹੀਆਂ ਜਾ ਰਹੀਆਂ ਹੋਣਗੀਆਂ, ਕਿਤੇ ਮੰਦਿਰਾਂ ਵਿਚ ਸਲੋਕ ਬੋਲੇ ਜਾਂਦੇ ਹੋਣਗੇ, ਕਿਤੇ ਜਗਰਾਤੇ ਹੋ ਰਹੇ ਹੋਣਗੇ ਤੇ ਕਿਤੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹੋਣਗੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸਪੀਕਰਾਂ ਤੋਂ ਇਹ ਰੌਲਾ ਕਿਸ ਨੂੰ ਸੁਣਾਇਆ ਜਾ ਰਿਹਾ ਹੈ? ਕੀ ਇਹ ਕਿਸੇ ਕੋਲ ਪੁੱਜ ਵੀ ਰਿਹਾ ਹੈ ਜਾਂ ਨਹੀਂ? ਆਓ ਜਾਣੀਏ ਕਿ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕਿਵੇਂ ਗਤੀ ਕਰਦੀਆਂ ਹਨ?
ਅਸੀਂ ਜਾਣਦੇ ਹਾਂ ਕਿ ਜੇ ਅਸੀਂ ਪਾਣੀ ਵਿਚ ਇਕ ਰੋੜ੍ਹਾ ਸੁੱਟਦੇ ਹਾਂ ਤਾਂ ਸਾਨੂੰ ਪਾਣੀ ਵਿਚ ਗਤੀ ਕਰਦੀਆਂ ਕੁਝ ਗੋਲਾਈਆਂ ਦਿਖਾਈ ਦੇਣਗੀਆਂ ਜਿਹੜੀਆਂ ਫੈਲਦੀਆਂ ਜਾ ਰਹੀਆਂ ਹੋਣਗੀਆਂ। ਇਨ੍ਹਾਂ ਨੂੰ ਲਹਿਰਾਂ ਕਹਿੰਦੇ ਹਨ, ਇਹ ਲਹਿਰਾਂ ਇਕੱਲੇ ਪਾਣੀ ਵਿਚ ਹੀ ਨਹੀਂ ਚੱਲਦੀਆਂ, ਹਵਾਂ ਵਿਚ ਵੀ ਤੇ ਹੋਰ ਧਾਤਾਂ ਵਿਚ ਵੀ ਚੱਲਦੀਆਂ ਹਨ। ਆਵਾਜ਼ ਦੀਆਂ ਤਰੰਗਾਂ ਵੀ ਇਸੇ ਤਰ੍ਹਾਂ ਹੀ ਗਤੀ ਕਰਦੀਆਂ ਹਨ। ਮੂੰਹ ਰਾਹੀਂ ਬੋਲ ਕੇ ਪੈਦਾ ਕੀਤੀ ਗਈ ਆਵਾਜ਼ 100-200 ਵਿਅਕਤੀਆਂ ਨੂੰ 100-200 ਫੁੱਟ ਦੇ ਘੇਰੇ ਵਿਚ ਸੁਣਾਈ ਦੇ ਸਕਦੀ ਹੈ, ਪਰ ਸਪੀਕਰ ’ਤੇ ਬੋਲੇ ਗਏ ਸ਼ਬਦ ਦੋ-ਤਿੰਨ ਕਿਲੋਮੀਟਰ ਤਕ ਸੁਣਾਈ ਦੇ ਸਕਦੇ ਹਨ। ਦੂਜੇ ਪਾਸੇ ਤਾਰ ਰਾਹੀਂ ਅਸੀਂ ਭਾਰਤ ਵਿਚ ਬੈਠ ਕੇ ਵਿਦੇਸ਼ਾਂ ਵਿਚ ਵੀ ਆਪਣੇ ਸਬੰਧੀਆਂ ਤੇ ਮਿੱਤਰਾਂ ਨਾਲ ਗੱਲਬਾਤ ਕਰ ਸਕਦੇ ਹਾਂ। ਆਵਾਜ਼ ਇੰਨੀ ਸਾਫ਼ ਹੁੰਦੀ ਹੈ ਕਿ ਅਸੀਂ ਅਲੱਗ-ਅਲੱਗ ਵਿਅਕਤੀਆਂ ਦੀ ਆਵਾਜ਼ ਪਛਾਣ ਸਕਦੇ ਹਾਂ। ਹੁਣ ਜੇ ਆਵਾਜ਼ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ ਇਹ ਸਿਰਫ਼ 343 ਮੀਟਰ ਪ੍ਰਤੀ ਸੈਕਿੰਡ ਹੈ ਜੋ ਘੰਟੇ ਦੀ 1235 ਕਿਲੋਮੀਟਰ ਬਣਦੀ ਹੈ। ਸਾਡੇ ਬਹੁਤ ਸਾਰੇ ਹਵਾਈ ਜਹਾਜ਼ ਆਵਾਜ਼ ਦੀ ਰਫ਼ਤਾਰ ਨਾਲੋਂ ਤੇਜ਼ ਗਤੀ ਕਰਦੇ ਹਨ ਇਨ੍ਹਾਂ ਨੂੰ ਸੁਪਰਸੋਨਕ ਜਹਾਜ਼ ਕਹਿੰਦੇ ਹਨ। ਵਿਗਿਆਨਕਾਂ ਦੇ ਬਣਾਏ ਹੋਏ ਰਾਕੇਟ ਤਾਂ 40,000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਜਾਂਦੇ ਹਨ। ਧਰਤੀ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ ਤਾਂ ਹਵਾ ਹੀ ਖ਼ਤਮ ਹੋ ਜਾਂਦੀ ਹੈ, ਆਵਾਜ਼ ਖਲਾਅ ਵਿਚ ਨਹੀਂ ਚੱਲ ਸਕਦੀ। ਇਸ ਲਈ ਸਪੀਕਰਾਂ ਰਾਹੀਂ ਆਵਾਜ਼ ਇਸ ਤੋਂ ਅੱਗੇ ਤਾਂ ਜਾ ਹੀ ਨਹੀਂ ਸਕਦੀ। ਸੋ ਸਪੀਕਰਾਂ ਦੀ ਤਕਨੀਕ ਤਾਂ ਹੁਣ ਬੁੱਢੀ ਹੋ ਚੁੱਕੀ ਹੈ। ਜੇ ਆਵਾਜ਼ ਉੱਪਰ ਪਹੁੰਚਾਉਣੀ ਜ਼ਰੂਰੀ ਹੈ ਤਾਂ ਤੁਹਾਨੂੰ ਉੱਥੇ ਵਾਯੂਮੰਡਲ ਵੀ ਪੈਦਾ ਕਰਨਾ ਪਵੇਗਾ ਜਾਂ ਤੁਹਾਨੂੰ ਇਹ ਕੰਮ ਰੇਡੀਓ ਤਰੰਗਾਂ ਰਾਹੀਂ ਕਰਨਾ ਪਵੇਗਾ।
ਵਿਗਿਆਨਕਾਂ ਨੇ ਇਕ ਅਜਿਹਾ ਢੰਗ ਵੀ ਵਿਕਸਤ ਕਰ ਲਿਆ ਹੈ ਜਿਸ ਵਿਚ ਆਵਾਜ਼ ਤਾਰ ਤੋਂ ਬਗੈਰ ਵੀ ਭੇਜੀ ਜਾ ਸਕਦੀ ਹੈ। ਪਹਿਲਾਂ ਘਰਾਂ ਵਿਚ ਲੈਂਡਲਾਈਨ ਫੋਨ ਹੁੰਦਾ ਸੀ। ਜਿਸ ਦੇ ਟਰਾਂਸਮੀਟਰ ਰਾਹੀਂ ਅਸੀਂ ਆਪਣੀ ਆਵਾਜ਼ ਭੇਜ ਸਕਦੇ ਸੀ। ਇਹ ਤਾਰ ਨਾਲ ਇਕ ਦੂਜੇ ਦੇ ਸੰਪਰਕ ਵਿਚ ਹੁੰਦੇ ਹਨ, ਪਰ ਅੱਜਕੱਲ੍ਹ ਤਾਂ ਸਾਡੇ ਕੋਲ ਤਾਰ ਰਹਿਤ ਮੋਬਾਈਲ ਫੋਨ ਹੈ ਜਿਸ ਵਿਚ ਵੀ ਟਰਾਂਸਮੀਟਰ ਤੇ ਰਿਸੀਵਰ ਲੱਗੇ ਹੁੰਦੇ ਸਨ। ਟਰਾਂਸਮੀਟਰ ਆਵਾਜ਼ ਨੂੰ ਉੱਚੀ ਫਰੀਕੁਐਂਸੀ ’ਤੇ ਹਵਾ ਵਿਚ ਖਿਲਾਰ ਦਿੰਦਾ ਹੈ ਤੇ ਰਿਸੀਵਰ ਇਸ ਫਰੀਕੁਐਂਸੀ ਨੂੰ ਫੜ ਲੈਂਦਾ ਹੈ। ਇਸ ਤਰ੍ਹਾਂ ਆਵਾਜ਼ ਇਕ ਥਾਂ ਤੋਂ ਦੂਜੀ ਥਾਂ ’ਤੇ ਪੁੱਜ ਜਾਂਦੀ ਹੈ। ਬਹੁਤ ਉੱਚੀ ਫਰੀਕੁਐਂਸੀ ਰਾਹੀਂ ਆਵਾਜ਼ ਚੰਦਰਮਾ ਜਾਂ ਦੂਜੇ ਗ੍ਰਹਿਾਂ ’ਤੇ ਵੀ ਭੇਜੀ ਤੇ ਸੁਣੀ ਜਾ ਸਕਦੀ ਹੈ।

ਮੇਘ ਰਾਜ ਮਿੱਤਰ

ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਆਵਾਜ਼ਾਂ ਪਰਮਾਤਮਾ ਤਕ ਪੁੱਜ ਜਾਂਦੀਆਂ ਹਨ? ਭਾਵੇਂ ਅਸੀਂ ਤਰਕਸ਼ੀਲ ਪਰਮਾਤਮਾ ਵਿਚ ਯਕੀਨ ਨਹੀਂ ਰੱਖਦੇ ਤੇ ਨਾ ਹੀ ਅੱਜ ਤਕ ਸਾਨੂੰ ਧਰਤੀ ’ਤੇ ਕੋਈ ਅਜਿਹਾ ਵਿਅਕਤੀ ਮਿਲਿਆ ਹੈ ਜਿਸ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਹੋਣ, ਪਰ ਜਦੋਂ ਅਸੀਂ ਕਿਸੇ ਧਰਮ ਦੇ ਪੈਰੋਕਾਰ ਨੂੰ ਪੁੱਛਦੇ ਹਾਂ ਕਿ ਤੁਸੀਂ ਸਪੀਕਰਾਂ ਦਾ ਸ਼ੋਰ ਕਿਉਂ ਪਾਉਂਦੇ ਰਹਿੰਦੇ ਹੋ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ‘ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ, ਇਸ ਲਈ ਅਸੀਂ ਉਸਦੀ ਦਿਨ ਰਾਤ ਪੂਜਾ ਕਰਦੇ ਹਾਂ। ਸਪੀਕਰਾਂ ਰਾਹੀਂ ਉਸਦਾ ਸ਼ੁਕਰਾਨਾ ਭੇਜਦੇ ਹਾਂ।’ ਆਓ ਵੇਖੀਏ ਕਿ ਸਮੁੱਚੀ ਦੁਨੀਆਂ ’ਤੇ ਵੱਜਦੇ ਲੱਖਾਂ ਸਪੀਕਰਾਂ ਦੀਆਂ ਆਵਾਜ਼ਾਂ ਉਸ ਕੋਲ ਪੁੱਜਦੀਆਂ ਵੀ ਹਨ ਜਾਂ ਨਹੀਂ? ਕੀ ਉਸ ਕੋਲ ਲੱਖਾਂ ਰਿਸੀਵਰ ਹੁੰਦੇ ਹਨ? ਕੀ ਉਹ ਲੱਖਾਂ ਰਿਸੀਵਰਾਂ ਨੂੰ ਇਕੋ ਸਮੇਂ ਸੁਣਨ ਦੇ ਸਮਰੱਥ ਹੈ? ਕੀ ਉਸ ਕੋਲ ਕੋਈ ਅਜਿਹਾ ਸਾਧਨ ਹੈ ਕਿ ਉਹ ਲੱਖਾਂ ਸਪੀਕਰਾਂ ਦੀ ਆਵਾਜ਼ ਸੁਣ ਸਕਦਾ ਹੈ?
ਵਿਗਿਆਨੀਆਂ ਦੀਆਂ ਦੂਰਬੀਨਾਂ ਲੱਖਾਂ ਕਰੋੜਾਂ ਕਿਲੋਮੀਟਰਾਂ ਤਕ ਜਾ ਆਈਆਂ ਹਨ। ਉਨ੍ਹਾਂ ਨੂੰ ਕਿਤੇ ਕਿਸੇ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ ਨਾ ਹੀ ਉਨ੍ਹਾਂ ਨੂੰ ਜਿਉਣ ਲਈ ਜ਼ਰੂਰੀ ਗੈਸ ਆਕਸੀਜਨ ਦੀ ਮੌਜੂਦਗੀ ਮਿਲੀ ਹੈ, ਪਰ ਵਿਗਿਆਨਕਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਸਾਡਾ ਬ੍ਰਹਿਮੰਡ ਕੁਦਰਤੀ ਨਿਯਮਾਂ ਤਹਿਤ ਸਦਾ ਸੀ ਤੇ ਸਦਾ ਸਵੈ ਚਾਲਿਤ ਰਹੇਗਾ। ਕੁਦਰਤੀ ਨਿਯਮਾਂ ਤਹਿਤ ਹੀ ਘਟਨਾਵਾਂ ਜਾਂ ਦੁਰਘਟਨਾਵਾਂ ਨੇ ਵਾਪਰਦੇ ਰਹਿਣਾ ਹੈ। ਮਾਦੇ ਜਾਂ ਪਦਾਰਥ ਦਾ ਇਹ ਗੁਣ ਹੈ ਕਿ ਇਹ ਬਿਖਰ ਜਾਂਦਾ ਹੈ ਤੇ ਨਵੇਂ ਪਦਾਰਥ ਦੀ ਪੈਦਾਇਸ਼ ਹੋ ਜਾਂਦੀ ਹੈ। ਪਾਠ, ਪੂਜਾ, ਧਾਗੇ ਤਬੀਤਾਂ ਦਾ ਇਨ੍ਹਾਂ ਉੱਪਰ ਕੋਈ ਅਸਰ ਨਹੀਂ ਹੋਵੇਗਾ।
ਅਸੀਂ ਜਾਣਦੇ ਹਾਂ ਕਿ ਸਪੀਕਰਾਂ ਦੇ ਰੌਲੇ ਨਾਲ ਰੋਗੀਆਂ ਦੀ ਨੀਂਦ ਉੱਡ ਜਾਂਦੀ ਹੈ ਤੇ ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ। ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੇ ਬਜ਼ੁਰਗਾਂ ਦੀ ਨੀਂਦ ਵਿਚ ਵਿਘਨ ਪੈਂਦਾ ਹੈ। ਧਾਰਮਿਕ ਸਥਾਨਾਂ ਦੇ ਗੁਆਂਢ ਵਿਚ ਵਸੇ ਘਰਾਂ ਦੀ ਹਾਲਤ ਤਰਸਯੋਗ ਹੁੰਦੀ ਹੈ। ਫਿਰ ਵੀ ਸਪੀਕਰ ਬੰਦ ਨਹੀਂ ਹੁੰਦੇ। ਅਸਲ ਵਿਚ ਸਪੀਕਰਾਂ ਦੇ ਰੌਲੇ ਨੂੰ ਕੋਈ ਪ੍ਰਦੂਸ਼ਣ ਸਮਝਦਾ ਹੀ ਨਹੀਂ। ਜਿਵੇਂ ਪਾਣੀ ਵਿਚ ਕੂੜਾ ਸੁੱਟਣ ਨਾਲ ਪਾਣੀ ਗੰਦਾ ਹੋ ਜਾਂਦਾ ਹੈ ਉਸੇ ਤਰ੍ਹਾਂ ਹਵਾ ਵਿਚ ਵਾਰ ਵਾਰ ਲਹਿਰਾਂ ਸੁੱਟਣ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਅਜਿਹੇ ਪੱਤਰ ਲਿਖ ਚੁੱਕੀ ਹੈ ਜਿਸ ਵਿਚ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਪੀਕਰਾਂ ਦੀ ਆਵਾਜ਼ ਆਪਣੇ ਧਾਰਮਿਕ ਸਥਾਨ ਦੀ ਹਦੂਦ ਦੇ ਅੰਦਰ ਹੀ ਰੱਖਣ, ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਅਦਾਲਤਾਂ ਵੀ ਇਸ ਸਬੰਧੀ ਅਜਿਹੇ ਹੁਕਮ ਜਾਰੀ ਕਰ ਚੁੱਕੀਆਂ ਹਨ, ਪਰ ਹੁਕਮਾਂ ਨੂੰ ਲਾਗੂ ਤਾਂ ਸਰਕਾਰੀ ਪ੍ਰਬੰਧਕਾਂ ਨੇ ਕਰਨਾ ਹੁੰਦਾ ਹੈ। ਉਨ੍ਹਾਂ ਵਿਚੋਂ ਬਹੁਤੇ ਆਪ ਹੀ ਧਾਰਮਿਕ ਸਥਾਨਾਂ ਦੇ ਭਗਤ ਹੁੰਦੇ ਹਨ। ਇਸ ਲਈ ਉਹ ਇਸ ਨੂੰ ਲਾਗੂ ਨਹੀਂ ਕਰਦੇ। ਜੇ ਕੋਈ ਸਿਰਫਿਰਿਆ ਲਾਗੂ ਕਰ ਵੀ ਬੈਠੇ ਤਾਂ ਧਾਰਮਿਕ ਭੀੜ ਤੇ ਧਾਰਮਿਕ ਲੀਡਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਹਨ। ਕਈ ਥਾਈਂ ਇਸ ਸਬੰਧੀ ਲੜਾਈਆਂ ਵੀ ਹੋ ਚੁੱਕੀਆਂ ਹਨ। ਪੰਚਾਇਤਾਂ ਵੀ ਫ਼ੈਸਲੇ ਕਰ ਚੁੱਕੀਆਂ ਹਨ, ਪਰ ਫਿਰ ਵੀ ਸਪੀਕਰ ਬੰਦ ਨਹੀਂ ਹੁੰਦੇ। ਸਾਨੂੰ ਤਰਕਸ਼ੀਲਾਂ ਨੂੰ ਵਿਸ਼ਵਾਸ ਹੈ ਕਿ ਕਿਸੇ ਸਮੇਂ ਚੇਤਨ ਹੋਏ ਲੋਕਾਂ ਦੇ ਕਾਫਲੇ ਸਪੀਕਰਾਂ ਨੂੰ ਬੰਦ ਕਰਨ ਦੇ ਸਮੱਰਥ ਜ਼ਰੂਰ ਹੋਣਗੇ।

ਸੰਪਰਕ: 98887-87440


Comments Off on ਸਪੀਕਰਾਂ ਦੀ ਆਵਾਜ਼ ਤੇ ਵਿਗਿਆਨਕ ਤੱਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.