ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸਟੇਜੀ ਹੋਈਆਂ ਤੀਆਂ

Posted On July - 20 - 2019

ਪਰਮਜੀਤ ਕੌਰ ਸਰਹਿੰਦ

ਸਾਉਣ ਦੇ ਮਹੀਨੇ ਅਖ਼ਬਾਰਾਂ ਵਿਚ ਤੀਆਂ ਦੇ ਚਰਚੇ ਹੁੰਦੇ ਹਨ, ਲਿਖਿਆ ਜਾਂਦਾ ਹੈ ਸਾਉਣ ਦੇ ਮਹੀਨੇ ਕੁੜੀਆਂ ਪੇਕੇ ਆਉਂਦੀਆਂ ਹਨ ਤੇ ਕੁਆਰੀਆਂ-ਵਿਆਹੀਆਂ ਰਲ਼-ਮਿਲ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹਨ। ਗਿੱਧੇ ਦਾ ਨਜ਼ਾਰਾ ਪੇਸ਼ ਕਰਦੀ ਤਸਵੀਰ ਛਾਪ ਕੇ ਉਹੋ ਘਸੀਆਂ-ਪਿਟੀਆਂ ਬੋਲੀਆਂ ਵੀ ਲਿਖੀਆਂ ਹੁੰਦੀਆਂ ਹਨ, ਪਰ ਹਕੀਕਤ ਕੀ ਹੈ? ਇਹ ਨਹੀਂ ਲਿਖਿਆ ਜਾਂਦਾ। ਇਹ ਧਮਾਲਾਂ ਪਾਉਂਦੀਆਂ ਤੀਆਂ ਤਾਂ ਇਕ ਸੁਪਨਾ ਬਣ ਕੇ ਰਹਿ ਗਈਆਂ ਹਨ। ਉਹ ਰੰਗਲੇ ਦਿਨ ਤਾਂ ਬਹੁਤ ਪਿੱਛੇ ਰਹਿ ਗਏ ਹਨ, ਪਰ ਸਾਡਾ ਸੱਭਿਆਚਾਰ ਅਜਿਹਾ ਹੈ ਜੋ ਭੁਲਾਇਆ ਨਹੀਂ ਭੁੱਲਦਾ। ਤੀਆਂ ਦੇ ਦਿਨੀਂ ਵਿਆਹੀਆਂ ਕੁੜੀਆਂ ਵੀ ਪੇਕੇ ਆਈਆਂ ਹੁੰਦੀਆਂ ਸਨ ਤੇ ਖ਼ੂਬ ਰੌਣਕ ਹੁੰਦੀ। ਅੱਜ ਵੀ ਰੌਣਕ ਭਰੇ ਦਿਨਾਂ ਦੀ ਗੱਲ ਕਰਦਿਆਂ ਆਖ ਦਿੱਤਾ ਜਾਂਦਾ ਹੈ ਕਿ ‘ਤੀਆਂ ਵਰਗੇ ਦਿਨ ਲੰਘਦੇ ਨੇ।’ ਹੌਲੀ-ਹੌਲੀ ਤੀਆਂ ਦਾ ਰੰਗ ਫਿੱਕਾ ਪੈਂਦਾ ਗਿਆ। ਡੂੰਘੇ ਮੋਹ-ਪਿਆਰ ਘਟਦੇ ਗਏ। ਮਸ਼ੀਨੀ ਯੁੱਗ ਵਿਚ ਲੋਕ ਮਸ਼ੀਨਾਂ ਬਣ ਕੇ ਰਹਿ ਗਏ ਤੇ ਤੀਆਂ ਪਿੰਡਾਂ ਵਿਚੋਂ ਨਿਕਲ ਕੇ ਅਖ਼ਬਾਰ ਦੇ ਪੰਨੇ ਅਤੇ ਸਟੇਜ ਉੱਤੇ ਜਾਂ ਫਿਰ ਟੀ.ਵੀ. ’ਤੇ ਆ ਗਈਆਂ।
ਕਿੰਨੇ ਹੀ ਸਾਲਾਂ ਤੋਂ ਪਿੰਡਾਂ ਵਿਚ ਜਾਂ ਸ਼ਹਿਰਾਂ ਵਿਚ ਨਾ ਪੀਘਾਂ, ਨਾ ਗਿੱਧੇ ਦੇਖਣ ਨੂੰ ਮਿਲਦੇ ਹਨ, ਦਿਖਦੀ ਹੈ ਤਾਂ ‘ਬਿਊਟੀ ਪਾਰਲਰਾਂ’ ਉੱਤੇ ਲੱਗੀ ਮਹਿੰਦੀ ਲਵਾਉਣ ਵਾਲੀਆਂ ਦੀ ਭੀੜ, ‘ਮੇਕ-ਅੱਪ’ ਕਰਵਾਉਣ ਵਾਲੀਆਂ ਦੀ ਭੀੜ ਜਿਨ੍ਹਾਂ ਨੇ ਸਟੇਜ ਉੱਤੇ ਤੀਆਂ ਲਾਉਣੀਆਂ ਹੁੰਦੀਆਂ ਹਨ ਜਾਂ ਫਿਰ ਕੁਝ ਰੀਸੋ-ਰੀਸੀ ਇਹ ਅਡੰਬਰ ਰਚਦੀਆਂ ਹਨ। ਕਈ ਵਾਰ ਪਿੰਡ ਜਾਂਦੇ ਹਾਂ ਜਾਂ ਪਿੰਡਾਂ ਵਿਚੋਂ ਲੰਘਦੇ ਹਾਂ ਤਾਂ ਕਿਤੇ ਵੀ ਉਹ ਪਹਿਲਾਂ ਵਾਲੇ ਤੀਆਂ ਦੇ ਨਜ਼ਾਰੇ ਦੇਖਣ ਨੂੰ ਨਹੀਂ ਮਿਲਦੇ। ਬਸ! ਕਿਸੇ ਘਰ ਦੇ ਅੱਗੇ ਦਰੱਖਤ ਉੱਤੇ ਛੋਟੇ-ਛੋਟੇ ਬੱਚੇ ਜ਼ਰੂਰ ਪੀਂਘਾਂ ਝੂਟ ਰਹੇ ਹੁੰਦੇ ਹਨ। ਜਦੋਂ ਜਾਂਦੇ ਹਾਂ ਤਾਂ ਕਦੇ ਕੋਈ ਬਚਪਨ ਦੀ ਸਹੇਲੀ ਨਹੀਂ ਮਿਲਦੀ, ਕਿਸੇ ਕੋਲ ਐਨਾ ਸਮਾਂ ਹੀ ਨਹੀਂ ਹੈ। ਕੋਈ ਕਿਸੇ ਨੂੰ ਪਿੰਡ ਤੀਆਂ ’ਤੇ ਆ ਕੇ ਮਿਲਣ ਨੂੰ ਸੁਨੇਹੇ ਨਹੀਂ ਘੱਲਦੀ।
ਅਜੋਕੇ ਸਮੇਂ ਤੀਆਂ ਸਟੇਜਾਂ ਉੱਤੇ ਜ਼ਰੂਰ ਭਰਦੀਆਂ ਹਨ, ਟੀ.ਵੀ.ਉੱਤੇ ਜ਼ਰੂਰ ਧਮਾਲਾਂ ਪਾਉਂਦੀਆਂ ਹਨ, ਪਰ ਕੀ ਇਨ੍ਹਾਂ ਤੀਆਂ ਵਿਚ ਉਹ ਰੰਗ ਵਰਸਦਾ ਹੈ ਜੋ ਖੁੱਲ੍ਹ-ਦਿਲੀਆਂ ਪੇਂਡੂ ਮੁਟਿਆਰਾਂ ਦੇ ਪਿੰਡ ਦੀਆਂ ਤੀਆਂ ਦੇ ਗਿੱਧੇ ਵਿਚ ਧਮਾਲਾਂ ਨਾਲ ਵਰਸਦਾ ਸੀ? ਇਨ੍ਹਾਂ ਵਿਚ ਤਾਂ ਬਣਾਉਟੀਪਣ ਹੋਰ ਵੀ ਉੱਘੜਦਾ ਹੈ। ਮਣਾਂ ਮੂੰਹੀਂ ਨਹੀਂ ਤਾਂ ਸੇਰਾਂ ਮੂੰਹੀਂ ਗਹਿਣੇ ਤਾਂ ਇਨ੍ਹਾਂ ‘ਸਟੇਜੀ’ ਮੁਟਿਆਰਾਂ ਨੇ ਜ਼ਰੂਰ ਪਾਏ ਹੁੰਦੇ ਹਨ। ਲੋਹੜੇ ਦੇ ਭੜਕੀਲੇ ਰੰਗਾਂ ਦੇ ਘੱਗਰੇ-ਕੁੜਤੀਆਂ ਤੇ ਦੁਪੱਟੇ ਪਹਿਨੇ-ਲਏ ਹੁੰਦੇ ਹਨ, ਪਰ ਕੀ ਸਾਡੀਆਂ ਪੇਂਡੂ ਮੁਟਿਆਰਾਂ ਇਸ ਤਰ੍ਹਾਂ ਦੇ ਹਾਰ-ਸ਼ਿੰਗਾਰ ਤੇ ਭੜਕੀਲੇ ਕੱਪੜੇ ਪਹਿਨ ਕੇ ਪੇਕੇ ਪਿੰਡ ਤੀਆਂ ਮਨਾਉਂਦੀਆਂ ਤੇ ਗਿੱਧਾ ਪਾਉਂਦੀਆਂ ਸਨ? ਸਾਡੀਆਂ ਪੇਂਡੂ ਧੀਆਂ-ਭੈਣਾਂ ਸਦਾ ਹੀ ਸਾਦਗੀ ਨਾਲ ਵਿਚਰਦੀਆਂ ਸਨ। ਉਹ ਕੱਪੜੇ-ਗਹਿਣਿਆਂ ਦੀ ਕੋਈ ਨੁਮਾਇਸ਼ ਨਹੀਂ ਸਨ ਲਾਉਂਦੀਆਂ, ਉਹ ਤਾਂ ‘ਸਹੁਰੇ ਕੈਦ ਕੱਟੀ ਨਾ ਚੋਰੀ ਨਾ ਡਾਕਾ’ ਵਰਗੇ ਮਾਹੌਲ ਵਿਚੋਂ ਨਿਕਲ ਕੇ ਮਸਾਂ ਚਾਰ ਦਿਨ ਹੱਸਣ-ਖੇਡਣ ਮਾਪਿਆਂ ਨੂੰ ਮਿਲਣ ਆਉਣ ਦਾ ਬਹਾਨਾ ਜਾਂ ਸਬੱਬ ਤੀਆਂ ਨੂੰ ਬਣਾ ਲੈਂਦੀਆਂ ਸਨ। ਬੋਲੀਆਂ ਪਾਉਂਦੀਆਂ:
ਵੇ ਨਾ ਝਿੜਕੀਂ ਵੇ ਚਾਚਾ
ਦੋ ਦਿਨ ਕੁੜੀਆਂ ਦਾ ਤਮਾਸ਼ਾ
ਵੇ ਨਾ ਝਿੜਕੀਂ ਵੇ ਤਾਇਆ
ਇਹ ਦਿਨ ਮਸਾਂ-ਮਸਾਂ ਨੂੰ ਆਇਆ
ਵੇ ਨਾ ਝਿੜਕੀਂ ਵੇ ਵੀਰਾ
ਦੋ ਦਿਨ ਕੁੜੀਆਂ ਵੇ ਵੀਰਾ
ਸਟੇਜ ’ਤੇ ਸਾਲਾਂ ਪੁਰਾਣੀ ਬੋਲੀ ਵੀ ਪੈਂਦੀ ਹੈ:
ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਵੇ
ਜਾਹ, ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ
ਪਰ ਇਹ ਬੋਲੀ ਉਸ ਪੇਂਡੂ ਅੱਲ੍ਹੜ ਮੁਟਿਆਰ ਦੇ ਬੋਲਾਂ ਵਾਲਾ ਅਸਰ ਨਹੀਂ ਰੱਖਦੀ ਜਿਸਨੂੰ ਕੈਂਠੇ ਵਾਲਾ ਪ੍ਰਾਹੁਣਾ ਲੈਣ ਆਉਂਦਾ ਸੀ। ਸਾਡੀਆਂ ਪੇਂਡੂ ਤੀਆਂ ਦੀ ਇਸ ਬੋਲੀ ਦੀ ਅੱਜ ਕੀ ਅਹਿਮੀਅਤ ਹੈ ‘ਬੱਲੀਏ ਨੀਂ ਗੱਡੀ ਵਿਚੋਂ ਲੱਤ ਲਮਕੇ, ਗੋਰੇ ਪੈਰ ਸਲੀਪਰ ਕਾਲੇ…।’ ਕਿਉਂਕਿ ਗੱਡੀ ਵਿਚ ਸਾਡੀ ਉਹ ਅੱਲ੍ਹੜ ਮੁਟਿਆਰ ਨਹੀਂ ਜਿਹੜੀ ਸਹੁਰੇ ਜਾਣ ਲੱਗੀ ਮਾਂ ਨੂੰ ਮਿਲ ਕੇ ਰੋ-ਰੋ ਕੇ ਚੁਬਾਰੇ ਦੀਆਂ ਕੰਧਾਂ ਹਿਲਾ ਦਿੰਦੀ ਸੀ। ਜਿਹੜੀ ਭੈਣਾਂ-ਭਰਜਾਈਆਂ ਤੇ ਭਾਈ-ਭਤੀਜਿਆਂ ਦੇ ਗੱਲ ਲੱਗ ਕੇ ਧਾਹੀਂ ਰੋਂਦੀ ਸੀ ਕਿਉਂਕਿ ਸਾਲ-ਛਿਮਾਹੀ ਮਿਲਣ ਦਾ ਕੋਈ ਸਬੱਬ ਨਹੀਂ ਸੀ ਹੁੰਦਾ। ਸਟੇਜੀ ਤੀਆਂ ਵਿਚ ਤਾਂ ਫੁੱਲਾਂ-ਫੁਲਕਾਰੀਆਂ ਨਾਲ ਸ਼ਿੰਗਾਰੇ ਰੱਥ ਜਾਂ ਰੱਥ-ਗੱਡੀ ਵਿਚ ਵੀ ਕਿਸੇ ਮੰਤਰੀ, ਵਿਧਾਇਕ ਜਾਂ ਵੱਡੇ ਸਰਕਾਰੀ ਅਫ਼ਸਰ ਦੀ ਪਤਨੀ ਹੀ ਆਉਂਦੀ ਹੈ, ਆਪਣੀ ਕਿੱਟੀ ਪਾਰਟੀ ਵਾਲੀਆਂ ਸਹੇਲੀਆਂ ਨਾਲ ਤੇ ਗੰਨ ਮੈਨ ਇਨ੍ਹਾਂ ਦੇ ਨਾਲ ਵੀ ਹੁੰਦੇ ਹਨ। ਗੱਡੀ ਵਿਚੋਂ ਲੱਤ ਤਾਂ ਕੀ ਸਾੜ੍ਹੀ ਦਾ ਪੱਲਾ ਜਾਂ ਚੁੰਨੀ ਦਾ ਲੜ ਵੀ ਬਾਹਰ ਝਾਕ ਜਾਵੇ ਕੀ ਮਜਾਲ ਹੈ? ਏ.ਸੀ. ਵਾਲੀ ਗੱਡੀ ਬੰਦ ਹੁੰਦੀ ਹੈ। ਉਹ ਕੋਈ ਰੋ-ਰੋ ਕੇ ਕਮਲੀ ਹੋਈ ਕੁੜੀ ਥੋੜ੍ਹਾ ਹੈ ਜਿਸ ਨੂੰ ਮਾਪਿਆਂ ਤੇ ਭੈਣਾਂ-ਭਰਾਵਾਂ ਤੋਂ ਵਿੱਛੜਦਿਆਂ ਆਪੇ ਦੀ ਸੁਰਤ ਵੀ ਨਹੀਂ ਰਹਿੰਦੀ। ਇਹ ਸਟੇਜੀ ਤੀਆਂ ਵਾਲੀਆਂ ਸਖੀਆਂ ਉਹ ਸਖੀਆਂ ਕਿਵੇਂ ਵੀ ਨਹੀਂ ਹੋ ਸਕਦੀਆਂ ਜਿਨ੍ਹਾਂ ਕੋਲ ਤੀਆਂ ਦੇ ਗਿੱਧੇ ਵਿਚ ਦਿਲ ਦੇ ਗੁਬਾਰ ਕੱਢੇ ਜਾਣ। ਜਿਨ੍ਹਾਂ ਕੋਲ ਸੱਸ ਦਾ ਕਚੀਰ੍ਹਾ ਕੀਤਾ ਜਾਵੇ, ਨਖਰੇ ਪਿੱਟੀ ਨਣਦ ਦੀ ਗੱਲ ਕੀਤੀ ਜਾਵੇ ਜਾਂ ਚੌਧਰ ਕਰਦੀ ਜਠਾਣੀ ਦੇ ਦੁੱਖ ਰੋਏ ਜਾਣ ਜਾਂ ਫਿਰ ਸਹੁਰੇ ਤੇ ਜੇਠ ਤੋਂ ਘੁੰਡ ਕੱਢਣ ਦੀ ਔਖ ਦੇ ਹੱਲ ਲੱਭੇ ਜਾਣ ਤੇ ਜਾਂ ਫਿਰ ਸਭ ਤੋਂ ਵੱਡਾ ਦੁੱਖ ਅਣਜੋੜ ਵਰ ਦਾ ਰੋਇਆ ਜਾਵੇ। ਮਾਡਰਨ ਤੀਆਂ ਵਿਚ ਗੱਲਾਂ ਹੁੰਦੀਆਂ ਹਨ ਸੂਟਾਂ-ਸਾੜ੍ਹੀਆਂ ਦੀਆਂ, ਨਾਲ ਹੀ ਸੈਂਡਲ-ਸਲੀਪਰ ਦੇ ਵਧੀਆ ਮੈਚ ਦੀਆਂ, ਡਾਇਮੰਡ ਦੇ ਵਧੀਆ ਸੈੱਟ ਦੀਆਂ ਜਾਂ ਚੰਗੇ ਬਿਊਟੀ ਪਾਰਲਰ ਦੇ ਐਡਰੈੱਸ ਦੀਆਂ…।

ਪਰਮਜੀਤ ਕੌਰ ਸਰਹਿੰਦ

ਪੇਂਡੂ ਤੇ ਪੁਰਾਤਨ ਤੀਆਂ ਵਿਚ ਅਧੂਰੀਆਂ ਹਸਰਤਾਂ ਦੀ ਗੱਲ ਹੁੰਦੀ ਸੀ। ਸੱਸ ਦੇ ਡਰੋਂ ਸੂਫ ਦੀ ਸੁੱਥਣ ਪਾਉਣ ਨੂੰ ਤਰਸਦੀਆਂ ਕੁੜੀਆਂ ਇੱਥੇ ਹੀ ਕਹਿੰਦੀਆਂ:
ਸੁੱਥਣੇ ਸੂਫ ਦੀਏ, ਤੈਨੂੰ ਸੱਸ ਮਰੀ ਤੋਂ ਪਾਵਾਂ
ਇੱਥੇ ਹੀ ਨਣਦ ਦੀ ਸਰਦਾਰੀ ਨੂੰ ਕੋਸਿਆ ਜਾਂਦਾ:
ਉਹ ਘਰ ਨਹੀਂ ਵੱਸਦੇ ਜਿੱਥੇ ਨਣਦਾਂ ਦੀ ਸਰਦਾਰੀ
ਕੋਈ ਅਣਜੋੜ ਵਰ ਦਾ ਦੁੱਖ ਰੋਂਦੀ:
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
ਸਟੇਜੀ ਜਾਂ ਅਜੋਕੀਆਂ ਤੀਆਂ ਤੇ ਅਸਲੀ ਜਾਂ ਪੁਰਾਤਨ ਤੀਆਂ ਦੇ ਫਰਕ ਨੂੰ ਉਹੋ ਹੀ ਮਨ ਸਮਝ ਸਕਦਾ ਹੈ ਜਿਸਨੇ ਇਹ ਦੇਖੀਆਂ-ਮਾਣੀਆਂ ਹੋਣ। ਪੇਂਡੂ ਗ਼ਰੀਬ ਕਿਰਸਾਨੀ ਘਰਾਂ ਵਿਚੋਂ ਤੰਗੀ-ਤੁਰਸ਼ੀ ਕੱਟਦੀਆਂ, ਮਿਹਨਤ ਮੁਸ਼ੱਕਤ ਕਰਦੀਆਂ ਮੁਟਿਆਰਾਂ ਨੂੰ ਤੀਆਂ ਫਿਰ ਤੋਂ ਹਾਲਾਤ ਨਾਲ ਨਜਿੱਠਣ ਦੀ ਤਾਕਤ ਦਿੰਦੀਆਂ ਮਨ ਨੂੰ ਰਾਹਤ ਦਿੰਦੀਆਂ। ਅੱਜ ਕੋਈ ਮੁਟਿਆਰ ਪਿੰਡ ਵਿਚ ਰਹਿਣਾ ਪਸੰਦ ਨਹੀਂ ਕਰਦੀ ਭਾਵੇਂ ਪੇਂਡੂ ਹੀ ਹੋਵੇ। ਕੁਝ ਰੋਜ਼ੀ-ਰੋਟੀ ਦੀ ਮਜਬੂਰੀ ਸ਼ਹਿਰੀਂ ਲੈ ਵੜੀ ਹੈ-ਵਿਦੇਸ਼ ਲੈ ਤੁਰੀ ਹੈ। ਉਦੋਂ ਤਾਂ ਮੁਟਿਆਰਾਂ ਕਹਿੰਦੀਆਂ ਸਨ:
ਨੌਕਰ ਨੂੰ ਨਾ ਦੇਈਂ ਬਾਬਲਾ, ਹਾਲ਼ੀ ਪੁੱਤ ਬਥੇਰੇ
ਨੌਕਰ ਪੁੱਤ ਤਾਂ ਘਰ ਨਾ ਰਹਿੰਦੇ ਵਿਚ ਪਰਦੇਸਾਂ ਡੇਰੇ
ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ
ਸਮੇਂ ਨਾਲ ਮੁਟਿਆਰ ਦੀ ਸੋਚ ਵੀ ਬਦਲ ਗਈ ਤੇ ਤੀਆਂ ਦੇ ਗਿੱਧੇ ਵਿਚ ਉਹ ਬੋਲੀ ਪਾਉਣ ਲੱਗੀ:
ਵੱਸਣਾ ਨੌਕਰ ਦੇ ਭਾਵੇਂ ਸਣੇ ਬੂਟ ਲੱਤ ਮਾਰੇ
ਜਾਂ ਕੋਈ ਕਹਿੰਦੀ ਹੈ:
ਟਿਕਟਾਂ ਦੋ ਲੈ ਲਈਂ
ਜਿੱਥੇ ਚੱਲੇਗਾਂ ਚੱਲੂੰਗੀ ਨਾਲ ਤੇਰੇ
ਉਨ੍ਹਾਂ ਪੁਰਾਣੀਆਂ ਤੀਆਂ ਨੂੰ ਯਾਦ ਕਰਕੇ ਸੋਚਦੀ ਹਾਂ ਕਿ ਅੱਜ ਸਾਉਣ ਦੇ ਮਹੀਨੇ ਕੋਈ ਮੁਟਿਆਰ ਆਪਣੇ ਢੋਲ ਨੂੰ ਇਹ ਨਹੀਂ ਕਹਿੰਦੀ:
ਆਰੀ-ਆਰੀ-ਆਰੀ
ਤੀਆਂ ਦਾ ਮਹੀਨਾ ਢੋਲਣਾ
ਪੇਕੇ ਘੱਲ ਦੇ ਸਵੇਰ ਵਾਲੀ ਲਾਰੀ
ਅੱਜ ਨਾ ਹੀ ਕੋਈ ਮੁਟਿਆਰ ਪੇਕੇ ਆ ਕੇ ਰਹਿੰਦੀ ਹੈ ਤੇ ਨਾ ਹੀ ਕਹਿੰਦੀ ਹੈ:
ਸਾਉਣ ਦਾ ਮਹੀਨਾ ਅੜਿਆ ਪੇਕੇ ਪਿੰਡ ਮਨਾਈਦਾ
ਬੇਅਕਲੀ ਦਿਆ ਜਾਇਆ
ਵੇ ਤੀਆਂ ਨੂੰ ਲੈਣ ਨੀ ਆਈਦਾ

ਸੰਪਰਕ: 98728-98599


Comments Off on ਸਟੇਜੀ ਹੋਈਆਂ ਤੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.