ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਕੱਤਰੇਤ ਦਾ ਕੰਮ ਆਨਲਾਈਨ ਸਿਸਟਮ ਰਾਹੀਂ ਕਰਨ ਦੀ ਹਦਾਇਤ

Posted On July - 11 - 2019

ਤਰਲੋਚਨ ਸਿੰਘ
ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਕੱਤਰੇਤ ਦਾ ਸਮੁੱਚਾ ਦਫ਼ਤਰੀ ਕੰਮ 26 ਜੁਲਾਈ ਤੋਂ ਇੰਟੈਗ੍ਰੇਟਿਡ ਵਰਕਫਲੋਅ ਡਾਕੂਮੈਂਟ ਮੈਨੇਜਮੈਂਟ ਸਿਸਟਮ (ਆਈਡਬਲਿਊਡੀਐੱਮਐੱਸ) ਰਾਹੀਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਖ ਸਕੱਤਰ ਨੇ ਇਹ ਹਦਾਇਤਾਂ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਮੁੱਖ ਸਕੱਤਰ ਨੇ ਪੰਜਾਬ ਸਕੱਤਰੇਤ ਦੀਆਂ ਸਾਰੀਆਂ ਬਰਾਂਚਾਂ ਦੇ ਅਫ਼ਸਰਾਂ ਨੂੰ ਸਾਰੀਆਂ ਫਾਈਲਾਂ ਤੇ ਰਿਕਾਰਡ ਕੰਪਿਊਟਰਾਈਜ਼ਡ ਅਤੇ ਡਿਜੀਟਲ ਕਰਨ ਦੇ ਹੁਕਮ ਦਿੱਤੇ ਹਨ। ਸਾਰੇ ਬਰਾਂਚ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ 25 ਜੁਲਾਈ ਤੋਂ ਪਹਿਲਾਂ ਸਰਟੀਫਿਕੇਟ ਦੇ ਕੇ ਗਾਰੰਟੀ ਦੇਣ ਕਿ ਉਨ੍ਹਾਂ ਦੀਆਂ ਬਰਾਂਚਾਂ ਦੇ ਸਾਰੇ ਸਰਕਾਰੀ ਰਿਕਾਰਡ ਨੂੰ ਡਿਜੀਟਲ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਅੱਗੇ ਤੋਂ ਦਫ਼ਤਰੀ ਕੰਮ ਆਈਡਬਲਿਊਡੀਐੱਮਐੱਸ ਰਾਹੀਂ ਹੀ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਈ ਸਾਲਾਂ ਤੋਂ ਇਸ ਸਿਸਟਮ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਦੱਸਣਯੋਗ ਹੈ ਕਿ ਆਈਡਬਲਿਊਡੀਐੱਮਐੱਸ ਲਾਗੂ ਹੋਣ ਨਾਲ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਜਾਂ ਮੁਲਾਜ਼ਮ ਨੂੰ ਫਾਈਲਾਂ ਜਾਣ ਬੁੱਝ ਕੇ ਦੱਬਣ, ਫਾਈਲ ਵਿਚਲੀ ਨੋਟਿੰਗ ਨੂੰ ਖੁਰਦ-ਬੁਰਦ ਕਰਨ, ਨੋਟਿੰਗ ਨਾਲ ਛੇੜਛਾੜ ਕਰਨ ਅਤੇ ਪਿਛਲੀਆਂ ਮਿਤੀਆਂ ਵਿਚ ਦਸਤਖ਼ਤ ਕਰ ਕੇ ਫਾਈਲਾਂ ਮਨਮਾਨੇ ਢੰਗ ਨਾਲ ਕੱਢਣ ਦਾ ਮੌਕਾ ਨਹੀਂ ਮਿਲੇਗਾ। ਸੂਤਰਾਂ ਅਨੁਸਾਰ ਕਈ ਸਾਲਾਂ ਤੋਂ ਇਹ ਸਿਸਟਮ ਲਾਗੂ ਨਾ ਹੋਣ ਦਾ ਕਾਰਨ ਕੁਝ ਅਧਿਕਾਰੀਆਂ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਕੰਪਿਊਟਰ ਸਿਸਟਮ ਨੂੰ ਲਾਗੂ ਕਰਨ ਤੋਂ ਟਾਲਾ ਵੱਟਣਾ ਹੈ। ਸੂਤਰਾਂ ਅਨੁਸਾਰ ਸਕੱਤਰੇਤ ਵਿਚ ਜਿਹੜਾ ਥੋੜ੍ਹਾ-ਬਹੁਤ ਦਫ਼ਤਰੀ ਕੰਮ ਆਈਡਬਲਿਊਡੀਐੱਮਐੱਸ ਰਾਹੀਂ ਚੱਲ ਵੀ ਰਿਹਾ ਹੈ, ਉਸ ਦੌਰਾਨ ਵੀ ਕਈ ਅਧਿਕਾਰੀ ਨਾਲ ਫਾਈਲਾਂ ਵੀ ਮੰਗਵਾਉਂਦੇ ਹਨ ਅਤੇ ਫ਼ੈਸਲੇ ਕੰਪਿਊਟਰ ਸਿਸਟਮ ਉਪਰ ਲੈਣ ਦੀ ਥਾਂ ਫਾਈਲਾਂ ਵਿਚ ਹੀ ਲੈ ਰਹੇ ਹਨ। ਸਕੱਤਰੇਤ ਵਿਚ ਡਾਇਰੀ ਤੇ ਡਿਸਪੈਚ ਦਾ ਕੰਮ ਜ਼ਰੂਰ ਆਈਡਬਲਿਊਡੀਐੱਮਐੱਸ ਰਾਹੀਂ ਚੱਲ ਰਿਹਾ ਹੈ ਪਰ ਇੰਟਰਨੈੱਟ ਸੇਵਾ ਹੌਲੀ ਹੋਣ ਕਾਰਨ ਮੁਲਾਜ਼ਮਾਂ ਨੂੰ ਦਿੱਕਤਾਂ ਆ ਰਹੀਆਂ ਹਨ।
ਪੰਜਾਬ ਸਕੱਤਰੇਤ ਦੇ ਸਾਰੇ ਰਿਕਾਰਡ ਨੂੰ ਡਿਜੀਟਲ ਕਰ ਕੇ ਆਈਡਬਲਿਊਡੀਐੱਮਐੱਸ ਸਿਸਟਮ ਲਾਗੂੁ ਕਰਨਾ ਔਖਾ ਹੈ ਕਿਉਂਕਿ ਸਰਕਾਰ ਮੌਜੂਦਾ ਸਟਾਫ਼ ਰਾਹੀਂ ਹੀ ਸਾਰਾ ਰਿਕਾਰਡ ਸਕੈਨ ਕਰਵਾ ਕੇ ਅਪਲੋਡ ਕਰਵਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੀਆਂ ਸੀਟਾਂ ਦਾ ਕੰਮ ਕਰਨ ਦੇ ਨਾਲ ਨਾਲ ਇਹ ਟੈਕਨੀਕਲ ਕੰਮ ਵੀ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੱਤਰੇਤ ਵਿਚ ਸੀਨੀਅਰ ਸਹਾਇਕਾਂ ਦੀਆਂ ਕੁੱਲ 778 ਅਸਾਮੀਆਂ ਵਿਚੋਂ 250 ਅਤੇ ਕਲਰਕਾਂ ਦੀਆਂ ਕੁੱਲ 593 ਅਸਾਮੀਆਂ ਵਿਚੋਂ 250 ਦੇ ਕਰੀਬ ਖਾਲੀ ਹਨ। ਇਸ ਕਾਰਨ ਮੌਜੂਦਾ ਮੁਲਾਜ਼ਮਾਂ ਰਾਹੀਂ ਹੀ ਸਕੱਤਰੇਤ ਦੇ ਪੁਰਾਣੇ ਰਿਕਾਰਡ ਨੂੰ ਸਕੈਨ ਕਰ ਕੇ ਅਪਲੋਡ ਕਰਨਾ ਦੂਰ ਦੀ ਗੱਲ ਲੱਗ ਰਹੀ ਹੈ। ਸੂਤਰਾਂ ਅਨੁਸਾਰ ਮੁਲਾਜ਼ਮਾਂ ਨੂੰ ਰਿਕਾਰਡ ਡਿਜੀਟਲ ਕਰਨ ਦੀ ਕੋਈ ਵਿਸ਼ੇਸ਼ ਟਰੇਨਿੰਗ ਵੀ ਨਹੀਂ ਦਿੱਤੀ ਗਈ। ਸਕੱਤਰੇਤ ਵਿਚ ਪੁਰਾਣੇ ਰਿਕਾਰਡ ਸਕੈਨ ਕਰਨ ਲਈ ਹਾਈ ਸਪੀਡ ਸਕੈਨਰਾਂ ਦੀ ਵੀ ਘਾਟ ਹੈ ਅਤੇ ਜਿਹੜੇ ਸਕੈਨਰ ਪਹਿਲਾਂ ਖਰੀਦੇ ਸਨ, ਉਨ੍ਹਾਂ ਵਿਚੋਂ ਵੀ ਅੱਧੇ ਕੁ ਖ਼ਰਾਬ ਹਨ।

ਮੁਲਾਜ਼ਮਾਂ ਕੋਲੋਂ ਦੋਵਾਂ ਸਿਸਟਮਾਂ ਰਾਹੀਂ ਕੰਮ ਲਿਆ ਜਾ ਰਿਹੈ: ਖਹਿਰਾ
ਪੰਜਾਬ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜਿਹੜੀਆਂ ਕੁਝ ਬਰਾਂਚਾਂ ਵਿਚ ਆਈਡਬਲਿਊਡੀਐੱਮਐੱਸ ਤਹਿਤ ਕੰਮ ਚੱਲਦਾ ਹੈ, ਉੱਥੇ ਵੀ ਕਈ ਅਧਿਕਾਰੀ ਮੁਲਾਜ਼ਮਾਂ ਕੋਲੋਂ ਕੰਪਿਊਟਰ ਅਤੇ ਫਾਈਲ ਦੋਵਾਂ ਸਿਸਟਮਾਂ ਰਾਹੀਂ ਕੰਮ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਕੰਪਿਊਟਰ ਸਿਸਟਮ ਰਾਹੀਂ ਭੇਜੇ ਕੇਸਾਂ ਦੀ ਤਾਂ ਅਧਿਕਾਰੀ ਮਹਿਜ਼ ਰਸਮ ਹੀ ਪੂਰੀ ਕਰਦੇ ਹਨ ਅਤੇ ਬਹੁਤੇ ਅਧਿਕਾਰੀ ਫ਼ੈਸਲੇ ਫਾਈਲਾਂ ਉੱਪਰ ਹੀ ਲੈਂਦੇ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਪੁਰਾਣੀਆਂ ਫਾਈਲਾਂ ਨੂੰ ਡਿਜੀਟਲ ਕਰਨਾ ਤਕਨੀਕੀ ਕੰਮ ਹੈ। ਇਸ ਲਈ ਇਹ ਕੰਮ ਕਿਸੇ ਪ੍ਰਾਈਵੇਟ ਕੰਪਨੀ ਦੇ ਸਮਰੱਥ ਮੁਲਾਜ਼ਮਾਂ ਰਾਹੀਂ ਕਰਵਾਇਆ ਜਾਵੇ।


Comments Off on ਸਕੱਤਰੇਤ ਦਾ ਕੰਮ ਆਨਲਾਈਨ ਸਿਸਟਮ ਰਾਹੀਂ ਕਰਨ ਦੀ ਹਦਾਇਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.