ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਸ਼ਿਵ ਦੀ ਸ਼ਾਇਰੀ ਦੇ ਸੱਤਾ-ਵਿਰੋਧੀ ਰੰਗ

Posted On July - 7 - 2019

ਔਰਤ ਦਾ ਦਰਦ ਸ਼ਿਵ ਕੁਮਾਰ ਦੀ ਕਾਵਿ-ਭਾਸ਼ਾ ਵਿਚ ਗੁੰਨ੍ਹਿਆ ਹੋਇਆ ਹੈ। ਉਹ ਔਰਤ ਦੀ ਸਮਾਜਿਕ ਸਥਿਤੀ ਨੂੰ ਬੜਬੋਲੇ ਬੋਲਾਂ ਰਾਹੀਂ ਨਹੀਂ ਸਗੋਂ ‘ਬੁੱਲ ਚਿੱਥ ਕੇ’ ਰੋਣ ਵਾਲੀ ਭਾਸ਼ਾ ਰਾਹੀਂ ਬਿਆਨ ਕਰਦਾ ਹੈ। ਨਿੱਜੀ ਦਰਦ ਦੀ ਪੇਸ਼ਕਾਰੀ ਵਿਚ ਵੀ ਬੁਨਿਆਦੀ ਤੌਰ ’ਤੇ ਸੱਤਾ-ਵਿਰੋਧੀ ਤੱਤ ਹੁੰਦੇ ਹਨ।

ਡਾ. ਰਵਿੰਦਰ ਸਿੰਘ

ਸ਼ਿਵ ਕੁਮਾਰ ਬਟਾਲਵੀ ਆਧੁਨਿਕ ਯੁੱਗ ਦਾ ਹਰਮਨ ਪਿਆਰਾ ਕਵੀ ਸੀ। ਉਸ ਨੇ ਲੰਮਾ ਜੀਵਨ ਤਾਂ ਨਹੀਂ ਜੀਵਿਆ, ਪਰ ਪੰਜਾਬੀ ਸਾਹਿਤ ਨੂੰ ਉਸ ਦੀ ਵਡਮੁੱਲੀ ਦੇਣ ਹੈ। ਉਸ ਦੇ ਕਾਵਿ-ਨਾਟ ਲੂਣਾ ਨੇ ਮੱਧਯੁਗ ਦੀਆਂ ਸਮਾਜਿਕ ਕੁਰੀਤੀਆਂ ਤੇ ਮਿੱਥਾਂ ਨੂੰ ਵੰਗਾਰਿਆ ਹੈ। ਉਸ ਨੂੰ ਕਿਸੇ ਨੇ ਰੁਮਾਂਟਿਕ ਕਵੀ ਕਿਹਾ ਹੈ। ਕਿਸੇ ਨੇ ਵਿਯੋਗ ਦਾ ਮਰਸੀਆ। ਕਿਸੇ ਨੇ ਗੀਤਾਂ ਦਾ ਵਣਜਾਰਾ। ਕਿਸੇ ਬਿਰਹਾ ਦਾ ਸੁਲਤਾਨ, ਪਰ ਉਹ ਗੀਤਾਂ ਦੇ ਮੰਦਿਰ ਵਿਚ ਬਹਿ ਕੇ ਇਸ਼ਕ ਦੀ ਆਰਤੀ ਗਾਉਣ ਵਾਲਾ ਕਵੀ ਸੀ। ਸ਼ਿਵ ਕੁਮਾਰ ਨੇ ਬਟਾਲੇ ਦਾ ਨਾਂ ਰੌਸ਼ਨ ਕੀਤਾ ਸੀ।
ਉਸ ਦੇ ਗੀਤਾਂ ਵਿਚ ਠੁਕਰਾਏ ਹੋਏ ਆਸ਼ਕ ਦੀ ਹੂਕ ਵਿਲਕਦੀ ਹੈ। ਉਹ ਜ਼ਖ਼ਮੀ ਦਿਲਾਂ ’ਤੇ ਸਬਰ ਦੀ ਮੱਲ੍ਹਮ ਲਾਉਂਦਾ ਹੈ। ਉਸ ਨੇ ਸਿਰਫ਼ ਪਿਆਰ ਤੇ ਬਿਰਹਾ ਦੇ ਗੀਤ ਹੀ ਨਹੀਂ ਲਿਖੇ ਸਗੋਂ ਇਸ ਤੋਂ ਅਗਾਂਹ ਤੁਰਦਿਆਂ ਪ੍ਰਗਤੀਵਾਦੀ ਕਵਿਤਾ ਵੀ ਲਿਖੀ। ਉਸ ਨੇ 70ਵਿਆਂ ਦੌਰਾਨ ਪੰਜਾਬ ਵਿਚ ਉੱਠੀ ਨਕਸਲਬਾੜੀ ਲਹਿਰ ਦੀ ਕਵਿਤਾ ਲਿਖੀ। ਸਰਕਾਰਾਂ ਨੂੰ ਚਿਤਾਵਨੀ ਦੇਣ ਦੀ ਹਿੰਮਤ ਕੀਤੀ। ਉਹ ਆਪਣੀ ਕਵਿਤਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਸੰਵਾਦ ਰਚਾਉਂਦਾ ਹੈ।
ਉਸ ਨੇ ਰਿਸ਼ਤਿਆਂ, ਰਸਤਿਆਂ, ਰੁੱਖਾਂ ਤੇ ਮੁਹੱਬਤ ਨੂੰ ਸੱਭਿਆਚਾਰ ਦੀ ਕੈਦ ਵਿਚ ਦਿਨ-ਕਟੀ ਕਰਦੇ ਬੇਵੱਸ ਤੇ ਲਾਚਾਰ ਪਰਿੰਦੇ ਕਿਹਾ ਹੈ। ਉਹ ਆਪਣੇ ਨਾਲ ਹੀ ਸ਼ਾਇਰੀ ਲੈ ਕੇ ਜੰਮਿਆ ਸੀ। ਉਸ ਨੇ ਇਸ ਨੂੰ ਗਾਇਆ ਅਤੇ ਆਪਣੇ ਰੰਗ ਦੀ ਸ਼ਾਇਰੀ ਆਪਣੇ ਨਾਲ ਲੈ ਕੇ ਤੁਰ ਗਿਆ।
ਉਸ ਦੀ ਕਵਿਤਾ ਦੇ ਇਨਕਲਾਬੀ ਪੱਖ ਵੱਲ ਵਿਦਵਾਨਾਂ, ਲੋਕਾਂ ਤੇ ਸਾਹਿਤ ਰਸੀਆਂ ਦਾ ਧਿਆਨ ਬਹੁਤ ਘੱਟ ਗਿਆ ਹੈ। ਉਸ ਨੇ ਨਕਸਲਬਾੜੀ ਦੌਰ ਵਿਚ ਕਤਲ ਕੀਤੇ ਜਾ ਰਹੇ ਨਕਸਲੀ ਯੋਧਿਆਂ ਦੇ ਕਾਜ ਦੀ ਪ੍ਰਸ਼ੰਸ਼ਾ ਕੀਤੀ। ਸਰਕਾਰਾਂ ਦੇ ਲੋਕ-ਵਿਰੋਧੀ ਵਿਹਾਰ ਤੇ ਵਿਭਚਾਰ ’ਤੇ ਉਂਗਲ ਧਰੀ। ਪੰਜਾਬੀ ਸਾਹਿਤ ਦੇ ਆਲੋਚਕਾਂ ਨੇ ਦੱਸ ਦਿੱਤਾ ਕਿ ‘ਉਹ ਦਰਦ ਦਾ ਕਵੀ ਹੈ। ਵਿਯੋਗ ਦਾ ਕਵੀ ਹੈ। ਆਸ਼ਕਾਂ ਦਾ ਕਵੀ ਹੈ। ਔਰਤਾਂ ਦਾ ਕਵੀ ਹੈ। ਉਹ ਮਰਸੀਏ ਪੜ੍ਹਦਾ ਹੈ। ਉਹ ਕੀਰਨੇ ਪਾਉਂਦਾ ਹੈ। ਉਹ ਅਲਾਹੁਣੀਆਂ ਗਾਉਂਦਾ ਹੈ। ਉਹ ਔਰਤ ਦੇ ਜਿਸਮ ਦੀ ਗੱਲ ਕਰਦਾ ਹੈ’ ਤੇ ਪੰਜਾਬੀਆਂ ਨੇ ਉਸ ਨੂੰ ਇਹੋ ਮੰਨ ਲਿਆ।
ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਤੋਂ ਬਾਅਦ ਸ਼ਿਵ ਕੁਮਾਰ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ। ਬਿਰਹਾ ਦੇ ਮੱਧਯੁਗੀ ਕਵੀਆਂ ਨੇ ਰੱਬ ਨੂੰ ਉਲਾਂਭਾ ਦਿੱਤਾ ਸੀ। ਉਸ ਦੀ ਸੱਤਾ-ਸ਼ਕਤੀ ’ਤੇ ਔਖ ਪ੍ਰਗਟ ਕੀਤੀ ਸੀ। ਸ਼ਿਵ ਕੁਮਾਰ ਬਟਾਲਵੀ ਨੇ ਰੱਬ ਨੂੰ ਉਲਾਂਭਾ ਦੇਣ ਦੀ ਥਾਂ ਸਮਾਜ ਦੇ ਠੇਕੇਦਾਰਾਂ ਅਤੇ ਸਰਕਾਰਾਂ ’ਤੇ ਤਲਖ਼ੀ ਜ਼ਾਹਿਰ ਕੀਤੀ ਹੈ।

ਡਾ. ਰਵਿੰਦਰ ਸਿੰਘ

ਪੰਜਾਬ ਵਿਚ ਚੱਲੀ ਨਕਸਲੀ ਲਹਿਰ ਵੇਲੇ ਇਕ ਸਮਾਂ ਅਜਿਹਾ ਆਇਆ ਜਦੋਂ ਉਹ ਆਪਣੀ ਕਵਿਤਾ ਨੂੰ ‘ਬੁਜ਼ਦਿਲ ਗੀਤ’ ਆਖਣ ਲੱਗ ਪਿਆ ਸੀ। ‘ਸੁਰਖ ਰੇਖਾ ਪ੍ਰਕਾਸ਼ਨ’ ਨੇ ਅਵਤਾਰ ਪਾਸ਼ ਦੀ ਮੌਤ ਤੋਂ ਬਾਅਦ ਪਾਸ਼ ਦੀਆਂ ਖਿੰਡੀਆਂ-ਪੁੰਡੀਆਂ ਰਚਨਾਵਾਂ ਦੀ ਇਕ ਪੁਸਤਕ ‘ਰੂ-ਬ-ਰੂ’ ਛਾਪੀ ਸੀ ਜਿਸ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਇਕ ਵਾਰ ਬਟਾਲਵੀ ਤੇ ਪਾਸ਼ ਕਿਸੇ ਕਵੀ ਦਰਬਾਰ ’ਤੇ ਇਕੱਠੇ ਹੋ ਗਏ। ਪਾਸ਼ ਨੇ ਸ਼ਿਵ ਨੂੰ ਕਿਹਾ ਕਿ ‘ਤੂੰ ਕਦੇ ਇਨਕਲਾਬੀ ਵੀ ਲਿਖ ਲਿਆ ਕਰ। ਇਸ਼ਕ ਦੇ ਰੋਣੇ-ਧੋਣੇ ਹੀ ਲਿਖਦਾ ਰਹਿੰਦਾ ਏਂ।’ ਸ਼ਿਵ ਨੇ ਉੱਤਰ ਵਿੱਚ ਕਿਹਾ ਸੀ, ‘ਮੈਂ ਇਨਕਲਾਬੀ ਲਿਖਿਆ ਹੈ ਤੇ ਹੋਰ ਲਿਖਾਂਗਾ।’
ਉਸ ਨੇ ‘ਰੂਪਵਤੀ’ ਮੈਗਜ਼ੀਨ ਦੇ ਦਸੰਬਰ 1972 ਅੰਕ ਵਿਚ ਮੰਨਿਆ ਸੀ ਕਿ ‘ਠੀਕ ਐ, ਮੇਰੀਆਂ ਪਹਿਲੀਆਂ ਨਜ਼ਮਾਂ ਕੇਵਲ ਨਿੱਜੀ ਪੀੜ ਦੀਆਂ ਲਖਾਇਕ ਸਨ ਪਰ ਮੈਂ ਉਦੋਂ ਗ਼ਲਤ ਰਾਹ ਤੁਰ ਰਿਹਾ ਸੀ। ਅਜੇ ਨਿਆਣਾ ਸਾਂ ਉਦੋਂ। ਹੁਣ ਮੈਂ ਬਹੁਤ ਅੱਗੇ ਆ ਗਿਆ ਹਾਂ।’ ਉਸ ਨੇ ਗ਼ਰੀਬ ਮੁਟਿਆਰ ਲੂਣਾ ਦੇ ਦਰਦ ਨੂੰ ਸਾਰੇ ਕਵੀਆਂ ਤੋਂ ਵੱਧ ਮਹਿਸੂਸ ਕੀਤਾ ਹੈ।
ਨਕਸਲੀ ਦੌਰ ਵਿਚ ਇਨਕਲਾਬੀਆਂ ’ਤੇ ਹੁੰਦੇ ਅੰਨ੍ਹੇ ਤਸ਼ੱਦਦ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ। ਪੁਲੀਸ ਮੁਕਾਬਲਿਆਂ ਅਤੇ ਹੱਥਕੜੀਆਂ ਦੇ ਇਸ ਜੰਗਲ ਵਿਚਦੀ ਲੰਘਦਿਆਂ ਉਸ ਮਹਿਸੂਸ ਕੀਤਾ ਕਿ ਇਹ ਜੀਵਨ ਸੁਪਨਾ ਨਹੀਂ ਸਗੋਂ ਇਕ ਕਰਤੱਵ ਹੈ। ਉਹ ਜ਼ੁਲਫ਼ ਦੀ ਥਾਂ ਜ਼ੁਲਮ ਨਾਲ ਟੱਕਰ ਲੈਣ ਦੀ ਗੱਲ ਕਰਨ ਲੱਗਦਾ ਹੈ। ਆਪਣੀ ਕਵਿਤਾ ‘ਪੁਰਾਣੀ ਅੱਖ’ ਵਿਚ ਆਪਣੇ ਪੁਰਾਣੇ ਰੋਮਾਂਟਿਕ ਤੇ ਬਿਮਾਰ ਦ੍ਰਿਸ਼ਟੀਕੋਣ ਦੀ ਨਿੰਦਾ ਕਰਦਿਆਂ ਸਮੇਂ ਦੇ ਸਾਦਕਾਂ ਦੇ ਹੱਥ ਸੁਲਗਦੇ ਅੱਖਰ ਰੱਖਦਾ ਹੈ।
ਉਸ ਦੀ ਕਵਿਤਾ ‘ਇੱਕ ਬਜ਼ੁਰਗ ਨਕਸਲਵਾਦੀ ਦੇ ਨਾਂ’ ਰੋਹ ਵਿਚ ਆਈ ਪੰਜਾਬੀ ਕਵਿਤਾ ਦਾ ਸੂਹਾ ਰੰਗ ਹੈ। ਉਹ ਫਾਂਸੀ ’ਤੇ ਚੜ੍ਹਨ ਵਾਲੇ ਨਕਸਲਵਾਦੀ ਨੂੰ ‘ਕਿੱਕਰ ਵਰਗੇ’ ਪਿਉ ਅਤੇ ‘ਬੇਰੀ ਵਰਗੀ’ ਮਾਂ ਦੀ ਔਲਾਦ ਕਹਿੰਦਾ ਹੈ। ਕਿੱਕਰ ਅਤੇ ਬੇਰੀ ‘ਪਿੰਡਾਂ ਦੇ ਵਿਹੜਿਆਂ’ ਵਿਚ ਵਸਦੇ ਕੰੰਮੀਆਂ ਦਾ ਪ੍ਰਤੀਕ ਹਨ। ਰੁੱਖਾਂ ਬਾਰੇ ਉਸ ਨੇ ਇਕੋ ਕਵਿਤਾ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਤੇ ਕੁਝ ਰੁੱਖ ਲੱਗਦੇ ਮਾਵਾਂ…’ ਹੀ ਨਹੀਂ ਲਿਖੀ ਸਗੋਂ ਉਸ ਦੀ ਪਿਛਲੇ ਦੌਰ ਦੀ ਕਵਿਤਾ ਵਿਚ ਸਭ ਤੋਂ ਵਧੇਰੇ ਵਰਤਿਆ ਜਾਣ ਵਾਲਾ ਬਿੰਬ ‘ਰੁੱਖ’ ਹੀ ਹੈ। ਉਹ ਨਕਸਲਬਾੜੀ ਨੌਜਵਾਨ ਦੀ ਤੁਲਨਾ ਰੁੱਖ ਨਾਲ ਕਰਦਾ ਹੈ।
ਮੇਰੇ ਪਿੰਡ ਦੇ ਕਿਸੇ ਰੁੱਖ ਨੂੰ ਮੈਂ
ਮੈਂ ਸੁਣਿਆ ਜੇਲ੍ਹ ਹੋ ਗਈ ਹੈ।
ਉਹਦੇ ਕਈ ਦੋਸ਼ ਸਨ:
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉੱਗਦੇ ਸਨ…
ਕਿ ਮੇਰੇ ਪਿੰਡ ਦੇ ਉਸ ਰੁੱਖ ਨੂੰ
ਫਾਂਸੀ ਵੀ ਹੋ ਰਹੀ ਹੈ
ਉਹਦਾ ਪਿਉ ਕਿੱਕਰ ਵਰਗਾ
ਤੇ ਮਾਂ ਬੇਰੀ ਵਰਗੀ ਰੋ ਰਹੀ ਹੈ।
ਉਹ ਕਿਰਤੀ-ਕਿਸਾਨਾਂ ਨੂੰ ਇਕ-ਦੂਜੇ ਦੇ ਸਾਂਝੀਵਾਲ ਕਹਿੰਦਾ ਹੈ। ਮਜ਼ਦੂਰਾਂ ਤੇ ਕਿਸਾਨਾਂ ਦੀ ਇਕਸੁਰਤਾ ਦੇ ਇਸ ਸੁਨੇਹੇ ਵਿਚੋਂ ਉਸ ਦੀ ਪ੍ਰਗਤੀਸ਼ੀਲ ਸੋਚ ਸਾਹਮਣੇ ਆਉਂਦੀ ਹੈ। ਉਸ ਦਾ ਗੀਤ ‘ਕਣਕਾਂ ਦੀ ਖ਼ੁਸ਼ਬੋ’ ਔਰਤ ਦੀ ਚੇਤਨਾ ਵਿਚ ਆਈ ਇਨਕਲਾਬੀ ਤਬਦੀਲੀ ਦਾ ਲਖਾਇਕ ਹੈ। ਪੰਜਾਬ ਵਿਚ ਚਲਦੀਆਂ ਇਨਕਲਾਬੀ ਲਹਿਰਾਂ ਨੇ ਪੇਂਡੂ ਔਰਤਾਂ-ਮਰਦਾਂ ਨੂੰ ਜਰਵਾਣਿਆਂ ਵੱਲੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟੇ ਜਾਣ ਪ੍ਰਤੀ ਸੁਚੇਤ ਕਰ ਦਿੱਤਾ ਸੀ। ਸੰਤ ਰਾਮ ਉਦਾਸੀ ‘ਜੱਟ ਤੇ ਸੀਰੀ’ ਦੀ ਅਟੁੱਟ ਸਾਂਝ ਦੀ ਗੱਲ ਕਰਦਾ ਹੈ ਤੇ ਸ਼ਿਵ ਕੁਮਾਰ ਬਟਾਲਵੀ ਔਰਤ-ਮਰਦ ਦੀ ਇਕਸੁਰਤਾ ਨੂੰ ਬੋਲ ਦਿੰਦਾ ਹੈ। ਉਸ ਦੀ ਕਵਿਤਾ ਵਿਚ ਔਰਤਾਂ ਲੋਟੂਆਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਆਪਣੇ ਮਰਦਾਂ ਨੂੰ ਕਹਿਣ ਲੱਗਦੀਆਂ ਹਨ।
ਇਹ ਖੇਤੀ ਅਸੀਂ ਮਰ-ਮਰ ਪਾਲੀ ਸਹਿ ਕੇ ਹਾੜ ਸਿਆਲਾ
ਇਸ ਖੱਟੀ ’ਚੋਂ ਲੈ ਦਈਂ ਮੈਨੂੰ ਲੌਂਗ ਬੁਰਜੀਆਂ ਵਾਲਾ
ਮੇਹਨਤ ਸਾਡੀ ਫੇਰ ਪਰਾਏ
ਲੈ ਨਾ ਜਾਵਣ ਖੋਹ
ਵੇ ਮਾਹੀਆ ਕਣਕਾਂ ਦੀ ਖ਼ੁਸ਼ਬੋ…
ਉਸ ਦੀ ਕਵਿਤਾ ‘ਆਵਾਜ਼’ ਜੁਝਾਰੂ ਕਵਿਤਾ ਦਾ ਸਿਖਰ ਹੈ। ਇਹ ‘ਆਵਾਜ਼’ ਮਜ਼ੂਦਰ ਜਮਾਤ ਦੀ ਸਾਮਰਾਜੀ ਤਾਕਤਾਂ ਨੂੰ ਲਲਕਾਰ ਹੈ। ਉਹ ਨਹਿਰੂ ਦੇ ਵਾਰਸਾਂ ਤੇ ਗਾਂਧੀ ਦੇ ਪੂਜਕਾਂ ਨੂੰ ਵੰਗਾਰਦਾ ਹੈ ਕਿ ਜੇ ਤੁਸੀਂ ਗ਼ਰੀਬੀ, ਬੇਰੁਜ਼ਗਾਰੀ ਅਤੇ ਸਮਾਜਿਕ ਕਾਣੀ-ਵੰਡ ਦਾ ਹੱਲ ਨਾ ਲੱਭਿਆ ਤਾਂ ਕਿਰਤੀ-ਕਾਮੇ ਤੁਹਾਡੀ ਹਰ ਇਕ ਗੱਲ ਮੰਨਣ ਤੋਂ ਇਨਕਾਰੀ ਹੋ ਜਾਣਗੇ। ਦੇਸ਼ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੇ ਧਾਰਮਿਕ ਗ੍ਰੰਥਾਂ ਨੂੰ ਸਾੜ ਦੇਣਗੇ।
ਨਹਿਰੂ ਦੇ ਵਾਰਸੋ ਤੁਸਾਂ, ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼, ਪੱਥਰਾਂ ਦਾ ਰੂਪ ਧਾਰ ਜਾਏਗੀ
ਗਾਂਧੀ ਦੇ ਪੂਜਕੋ ਤੁਸਾਂ, ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼, ਦਾਮਨਾਂ ਦੀ ਆਬ ਪਾੜ ਖਾਏਗੀ
ਵਤਨ ਦੇ ਰਾਹਬਰੋ ਤੁਸਾਂ, ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼, ਖ਼ੂਨ ਦੀ ਹਵਾੜ੍ਹ ਲੈ ਕੇ ਆਵੇਗੀ
ਸੁਣੋ ਆਵਾਜ਼ ਆਪਣੇ, ਗ਼ਰੀਬ ਹਿੰਦੁਸਤਾਨ ਦੀ
ਸੁਣੋ ਆਵਾਜ਼ ਆਪਣੇ, ਬੀਮਾਰ ਹਿੰਦੁਸਤਾਨ ਦੀ
ਆਵਾਜ਼ ਜੋ ਹੈ, ਖ਼ੁਦਕਸ਼ੀ ਦੇ ਮੌਸਮਾਂ ਦੇ ਆਉਣ ਦੀ।
ਸ਼ਿਵ ਕੁਮਾਰ ਬਟਾਲਵੀ ਬਾਰੇ ਸਾਡੇ ਦੇਸ਼ ਦੀ ਸਰਕਾਰ ਤਾਂ ਅਜਿਹਾ ਕੋਈ ਐਲਾਨ ਨਹੀਂ ਕਰੇਗੀ ਕਿ ‘ਸ਼ਿਵ ਕੁਮਾਰ ਇਨਕਲਾਬੀ ਕਵੀ ਸੀ।’ ਪਰ ਵਿਦਵਾਨਾਂ, ਆਲੋਚਕਾਂ, ਕਮਿਊਨਿਸਟਾਂ, ਲੋਕਾਂ ਤੇ ਸਾਹਿਤ ਰਸੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਇਸ਼ਕ ਦੇ ਮਰਸੀਏ ਪੜ੍ਹਨ ਤੋਂ ਅਗਾਂਹ ਸਮਾਜਿਕ ਤਬਦੀਲੀ ਦਾ ਕਵੀ ਸੀ। ਉਸ ਦੇ ਗੀਤਾਂ ਵਿਚ ਇਕ ਪਾਸੇ ਫ਼ਿਰਾਕ, ਹਿਜਰ ਤੇ ਦੀਦਾਰ ਦੀ ਪੀੜ ਡੁੱਲ੍ਹ-ਡੁੱਲ੍ਹ ਪੈਂਦੀ ਹੈ ਤੇ ਦੂਜੇ ਪਾਸੇ ਸਮਾਜਿਕ ਕੀਮਤਾਂ ਤੇ ਲੋਟੂ ਜਮਾਤਾਂ ਦੇ ਮਾਰੂ ਹੜ੍ਹ ਨੂੰ ਰੋਕਣ ਦਾ ਜੋਸ਼ ਠਾਠਾਂ ਮਾਰਦਾ ਹੈ। ਉਸ ਨੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਨ ਕੀਤਾ ਹੈ। ਇਨਕਲਾਬੀਆਂ ਦੇ ਹੱਕ ਵਿਚ ਉਸ ਨੇ ਬੇਬਾਕੀ ਨਾਲ ਲਿਖਿਆ ਹੈ। ਮਜ਼ਦੂਰਾਂ ਨੂੰ ਤਖ਼ਤ ਪਲਟ ਦੇਣ ਵਾਲੀ ਵੱਡੀ ਸ਼ਕਤੀ ਕਿਹਾ ਹੈ।

ਸੰਪਰਕ: 99887-22785


Comments Off on ਸ਼ਿਵ ਦੀ ਸ਼ਾਇਰੀ ਦੇ ਸੱਤਾ-ਵਿਰੋਧੀ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.