ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸ਼ਾਮਲਾਤ ਜ਼ਮੀਨ ਦੀ ਬੋਲੀ ਰੱਦ ਹੋਣ ’ਤੇ ਰੋਸ ਮੁਜ਼ਾਹਰਾ

Posted On July - 11 - 2019

ਦਰਸ਼ਨ ਸਿੱਘ ਮਿੱਠਾ
ਫਤਹਿਗੜ੍ਹ ਸਾਹਿਬ, 10 ਜੁਲਾਈ

ਪੰਚਾਇਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ।

ਪਿੰਡ ਚੋਲਟੀ ਖੇੜੀ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ 5ਵੀਂ ਵਾਰ ਰੱਦ ਹੋ ਜਾਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਪੰਚਾਇਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਕੇਸਰ ਸਿੰਘ, ਦਰਸ਼ਨ ਕੁਮਾਰ, ਸ਼ਲਿੰਦਰ ਸਿੰਘ, ਰੁਲਦਾ ਸਿੰਘ, ਸ਼ੇਰ ਸਿੰਘ, ਜਰਨੈਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 13 ਜੂਨ ਤੋਂ ਫ਼ਸਲ ਬੀਜਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ, ਪਰ ਪੰਚਾਇਤ ਵਿਭਾਗ ਨੇ ਪਿੰਡ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ ਚਾਰ ਦਿਨ ਬਾਦ 17 ਜੂਨ ਨੂੰ ਰੱਖੀ। ਉਸ ਤੋਂ ਬਾਅਦ 28 ਜੂਨ, 3 ਜੁਲਾਈ, 5 ਜੁਲਾਈ ਨੂੰ ਬੋਲੀ ਰੱਖੀ ਗਈ ਪਰ ਜ਼ਮੀਨ ਦੀ ਬੋਲੀ ਦਾ ਰੇਟ ਮਹਿੰਗਾ ਹੋਣ ਕਰ ਕੇ ਕਿਸੇ ਨੇ ਬੋਲੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਪੰਜਵੀਂ ਵਾਰ ਬੋਲੀ ਰੱਖੀ ਗਈ ਸੀ, ਪਰ ਬਲਾਕ ਪੰਚਾਇਤ ਅਫ਼ਸਰ ਖੇੜਾ ਬੋਲੀ ’ਤੇ ਨਹੀਂ ਪਹੁੰਚੇ। ਬੋਲੀ ਤੇ ਕੇਵਲ ਬਲਾਕ ਪੰਚਾਇਤ ਵਿਭਾਗ ਦੇ ਮੁਲਾਜ਼ਮ ਹੀ ਪਹੁੰਚੇ ਸਨ। ਇਸ ਕਾਰਨ ਪਿੰਡ ਵਾਸੀਆਂ ਨੇ ਬੀਡੀਪੀਓ ਬਲਾਕ ਖੇੜਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਤਿੰਨ ਵਾਰ ਬੋਲੀ ਰੱਦ ਹੋ ਜਾਣ ਤੋਂ ਬਾਦ ਬਲਾਕ ਪੰਚਾਇਤ ਅਫ਼ਸਰ ਅਤੇ ਜ਼ਿਲ੍ਹਾ ਪੰਚਾਇਤ ਅਫ਼ਸਰ ਰਿਪੋਰਟ ਕਰ ਕੇ ਜ਼ਮੀਨ ਦੇ ਰੇਟ ਘੱਟ ਕਰ ਕੇ ਬੋਲੀ ਕਰਵਾ ਸਕਦੇ ਸਨ ਪਰ ਪੰਚਾਇਤ ਅਫ਼ਸਰਾਂ ਨੇ ਜ਼ਮੀਨ ਦੇ ਰੇਟ ਘੱਟ ਕਰਨ ਲਈ ਉੱਚ ਅਧਿਕਾਰੀਆਂ ਨੂੰ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਕਿਸਾਨ ਸ਼ਾਮਲਾਤ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ ਅਤੇ ਆਪਣਾ ਪਰਿਵਾਰ ਪਾਲਦੇ ਹਨ। ਪਰ ਪੰਚਾਇਤੀ ਜ਼ਮੀਨ ਹਰ ਸਾਲ ਮਹਿੰਗੀ ਬੋਲੀ ’ਤੇ ਦਿੱਤੀ ਜਾਂਦੀ ਹੈ ਜਿਸ ਕਾਰਨ ਬੇਜ਼ਮੀਨੇ ਕਿਸਾਨ ਜ਼ਿਆਦਾ ਬੋਲੀ ਦੇਣ ਤੋਂ ਅਸਮਰਥ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਾਮਲਾਤ ਜ਼ਮੀਨ ਦੀ ਬੋਲੀ ਦੀ ਰਕਮ ਘੱਟ ਕਰ ਕੇ ਬੇਜ਼ਮੀਨੇ ਕਿਸਾਨਾਂ ਨੂੰ ਸ਼ਾਮਲਾਤ ਜ਼ਮੀਨ ਠੇਕੇ ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਾਮਲਾਤ ਜ਼ਮੀਨ ਦੀ ਬੋਲੀ ਲੇਟ ਹੋਣ ਨਾਲ ਬਿਜਾਈ ਦਾ ਸਮਾਂ ਵੀ ਲੰਘ ਰਿਹਾ ਹੈ। ਜੇਕਰ ਬੋਲੀ ਛੇਤੀ ਨਾ ਕੀਤੀ ਗਈ ਤਾਂ ਪੰਚਾਇਤ ਨੂੰ ਲੱਖਾ ਰੁਪਏ ਦਾ ਨੁਕਸਾਨ ਹੋਵੇਗਾ। ਇਸੇ ਦੌਰਾਨ ਕੇਸਰ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਪਿੰਡ ਵਾਸੀਆਂ ਨੇ ਬੰਦੀ ਨਹੀਂ ਬਣਾਇਆ। ਇਹ ਦੋਸ਼ ਝੂਠੇ ਤੇ ਬੇਬੁਨਿਆਦ ਹਨ।

ਪੰਚਾਇਤ ਅਫ਼ਸਰ ਵੱਲੋਂ ਸਪੱਸ਼ਟੀਕਰਨ
ਜ਼ਿਲ੍ਹਾ ਪੰਚਾਇਤ ਅਫ਼ਸਰ ਅਮਰੀਕ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਕੰਮ ਕਰ ਰਹੇ ਹਨ। ਪਿੰਡ ਚੋਲਟੀ ਖੇੜੀ ਵਿਖੇ ਕਈ ਵਾਰ ਸ਼ਾਮਲਾਤ ਜ਼ਮੀਨ ਦੀ ਬੋਲੀ ਰੱਖੀ ਗਈ ਹੈ ਪਰ ਹਰ ਵਾਰ ਕੋਈ ਬੋਲੀ ਨਹੀਂ ਦਿੰਦਾ, ਜਿਸ ਕਰ ਕੇ ਬੋਲੀ ਰੱਦ ਕਰ ਕੇ ਅਗਲੀ ਤਰੀਕ ਦਿੱਤੀ ਜਾਂਦੀ ਹੈ। ਪੰਜਵੀਂ ਵਾਰ ਬੋਲੀ ਕਰਨ ਲਈ ਬਲਾਕ ਵਿਕਾਸ ਪੰਚਾਇਤ ਖੇੜਾ ਦੇ ਮੁਲਾਜ਼ਮ ਗਏ ਸਨ। ਉੱਥੇ ਦਾ ਮਾਹੌਲ ਗਰਮ ਸੀ ਅਤੇ ਲੋਕਾਂ ਨੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਸੀ। ਇਸ ਸਬੰਧੀ ਉਹ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਗੱਲ ਕਰਨਗੇ।


Comments Off on ਸ਼ਾਮਲਾਤ ਜ਼ਮੀਨ ਦੀ ਬੋਲੀ ਰੱਦ ਹੋਣ ’ਤੇ ਰੋਸ ਮੁਜ਼ਾਹਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.