ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਸ਼ਹੀਦ ਤਾਰੂ ਸਿੰਘ

Posted On July - 10 - 2019

ਜੱਗਾ ਸਿੰਘ ਆਦਮਕੇ
ਸਿੱਖ ਇਤਿਹਾਸ ਸਿਦਕੀ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਇਸ ਨਾਲ ਸਬੰਧਤ ਅਜਿਹੇ ਹੀ ਇੱਕ ਮਹਾਨ ਸ਼ਹੀਦ ਹਨ ਭਾਈ ਤਾਰੂ ਸਿੰਘ, ਜਿਨ੍ਹਾਂ ਨੇ ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਈ। ਭਾਈ ਤਾਰੂ ਸਿੰਘ ਦਾ ਜਨਮ 1716 ਈ. ਵਿਚ ਅੰਮ੍ਰਿਤਸਰ ਦੇ ਪਿੰਡ ਪੂਹਲਾ ਦੇ ਕਿਸਾਨ ਪਰਿਵਾਰ ਵਿਚ ਹੋਇਆ। 1716 ਈ. ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਨੂੰ ਖਤਮ ਕਰਨ ਲਈ ਮੁਗਲਾਂ ਨੇ ਉਨ੍ਹਾਂ ਉੱਪਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਮੁਗਲ ਸੂਬੇਦਾਰ ਜ਼ਕਰੀਆਂ ਖਾਂ ਨੇ ਸਿੱੱਖਾਂ ਨੂੰ ਕੁਚਲਣ ਲਈ ਸਿੰਘਾਂ ਉੱਪਰ ਅੱਤਿਆਚਾਰਾਂ ਦੀ ਕੋਈ ਹੱਦ ਨਾ ਛੱਡੀ। ਸਿੰਘਾਂ ਨੂੰ ਭਾਲ ਭਾਲ ਕੇ ਸ਼ਹੀਦ ਕੀਤਾ ਜਾਣ ਲੱਗਿਆ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅਜਿਹਾ ਹੋਣ ਕਾਰਨ ਸਿੰਘਾਂ ਨੂੰ ਆਪਣੀ ਸੁਰੱਖਿਆ ਲਈ ਜੰਗਲਾਂ ਪਰਬਤਾਂ ਵਿੱਚ ਸ਼ਰਨ ਲੈਣੀ ਪਈ। ਇੱਥੋਂ ਉਨ੍ਹਾਂ ਨੇ ਆਪਣੀ ਗੁਰੀਲਾ ਯੁੱਧ ਪ੍ਰਣਾਲੀ ਨਾਲ ਮੁਗਲਾਂ ਦਾ ਵਿਰੋਧ ਜਾਰੀ ਰੱਖੀ।
ਭਾਈ ਤਾਰੂ ਸਿੰਘ ਆਪਣੇ ਮਾਤਾ ਜੀ ਅਤੇ ਭੈਣ ਨਾਲ ਆਪਣੇ ਪਿੰਡ ਪੂਹਲਾ ਵਿੱਚ ਰਹਿ ਕੇ ਖੇਤੀਬਾੜੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਸਨ। ਭਾਈ ਤਾਰੂ ਸਿੰਘ ਆਪਣੀ ਮਿਹਨਤ ਮੁਸ਼ੱਕਤ ਦੀ ਇਸ ਕਮਾਈ ’ਚੋਂ ਜੰਗਲਾਂ ਵਿੱਚ ਨਿਵਾਸ ਕਰ ਰਹੇ ਸਿੰਘਾਂ ਦੀ ਲੰਗਰ ਆਦਿ ਲਈ ਸਹਾਇਤਾ ਕਰਦੇ ਰਹਿੰਦੇ ਪਰ ਇਹ ਗੱਲ ਭਾਈ ਤਾਰੂ ਸਿੰਘ ਦੇ ਵਿਰੋਧੀਆਂ ਅਤੇ ਸਿੰਘਾਂ ਦੇ ਦੁਸ਼ਮਣਾਂ ਲਈ ਸਹਿਣ ਕਰਨ ਤੋਂ ਬਾਹਰ ਦੀ ਗੱਲ ਸੀ। ਭਾਈ ਤਾਰੂ ਸਿੰਘ ਨਾਲ ਖਾਰ ਖਾਣ ਵਾਲੇ ਅਤੇ ਮੁਗਲਾਂ ਦੇ ਮੁਖਬਰ ਹਰਭਗਤ ਨਿਰੰਜਨੀਏ ਨੂੰ ਭਾਈ ਤਾਰੂ ਸਿੰਘ ਦੁਆਰਾ ਸਿੰਘਾਂ ਨਾਲ ਸਬੰਧ ਰੱਖਣ ਦਾ ਪਤਾ ਲੱਗਣ ’ਤੇ ਉਸ ਨੇ ਇਸ ਦੀ ਸੂਹ ਜ਼ਕਰੀਆਂ ਖਾਂ ਨੂੰ ਜਾ ਦਿੱਤੀ। ਜ਼ਕਰੀਆ ਖਾਂ ਵੱਲੋਂ ਮੁਗਲ ਸੈਨਿਕਾਂ ਨੂੰ ਦਿੱਤੇ ਹੁਕਮਾਂ ’ਤੇ ਉਨ੍ਹਾਂ ਨੇ ਭਾਈ ਤਾਰੂ ਸਿੰਘ ਨੂੰ ਉਸ ਦੇ ਪਿੰਡ ਪੂਹਲੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਲਿਆ ਕੇ ਜ਼ਕਰੀਆਂ ਖਾਂ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ।
ਜ਼ਕਰੀਆ ਖਾਂ ਨੇ ਭਾਈ ਤਾਰੂ ਸਿੰਘ ਨੂੰ ਇਸਲਾਮ ਧਰਮ ਸਵੀਕਾਰ ਕਰਨ ਅਤੇ ਆਪਣੇ ਕੇਸ ਕਟਵਾਉਣ ਲਈ ਕਿਹਾ ਪਰ ਭਾਈ ਤਾਰੂ ਸਿੰਘ ਨੇ ਇਸਲਾਮ ਧਰਮ ਕਬੂਲ ਕਰਨ ਅਤੇ ਕੇਸ ਕਟਵਾਉਣ ਤੋਂ ਇਨਕਾਰ ਕਰ ਦਿੱਤਾ। ਭਾਈ ਸਾਹਿਬ ਨੂੰ ਦੁਨੀਆਵੀ ਐਸ਼ੋ-ਆਰਾਮ ਦੀਆਂ ਸਹੂਲਤਾਂ ਦਾ ਲਾਲਚ ਦਿੱਤਾ ਗਿਆ, ਤਸ਼ੱਦਦ ਕੀਤਾ ਗਿਆ ਪਰ ਭਾਈ ਸਾਹਿਬ ਆਪਣੇ ਇਰਾਦੇ ’ਤੇ ਅਡੋਲ ਰਹੇ। ਭਾਈ ਸਾਹਿਬ ਦੇ ਕੇਸ ਕਟਵਾਉਣ ਤੋਂ ਇਨਕਾਰ ਕਰਨ ’ਤੇ ਜ਼ਕਰੀਆ ਖਾਂ ਨੇ ਜਲਾਦ ਨੁੰ ਭਾਈ ਸਾਹਿਬ ਦੀ ਖੋਪੜੀ ਲਾਹੁਣ ਦਾ ਹੁਕਮ ਦਿੱਤਾ। ਜਲਾਦ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੁਣੀ ਸ਼ੁਰੂ ਕੀਤੀ ਤਾਂ ਭਾਈ ਤਾਰੂ ਸਿੰਘ ਨੇ ‘ਸੀ’ ਤੱਕ ਨਾ ਕੀਤੀ। ਭਾਈ ਸਾਹਿਬ ਅਡੋਲ ਰਹਿ ਕੇ ਬਾਣੀ ਪੜ੍ਹਦੇ ਰਹੇ।
ਖੋਪਰੀ ਉਤਾਰੇ ਜਾਣ ਤੋਂ ਬਾਅਦ ਭਾਈ ਤਾਰੂ ਸਿੰਘ 22 ਦਿਨਾਂ ਤੱਕ ਜਿਊਂਦੇ ਰਹੇ। ਅੰਤ ਜੁਲਾਈ 1745 ਵਿੱਚ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਂਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ।
ਸੰਪਰਕ: 94178-32908


Comments Off on ਸ਼ਹੀਦ ਤਾਰੂ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.