ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸ਼ਹੀਦ ਡਾਇਰੈਕਟਰੀ ਦਾ ਚੌਥਾ ਐਡੀਸ਼ਨ ਅਗਸਤ ਵਿਚ ਜਾਰੀ ਹੋਵੇਗਾ

Posted On July - 12 - 2019

ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਗੱਲਬਾਤ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੁਲਾਈ
ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਫ਼ੌਜੀ ਹਮਲੇ ਖ਼ਿਲਾਫ਼ ਕਾਰਵਾਈ ਕਰਨ ਅਤੇ ਫ਼ੌਜੀ ਗੋਲੀਬਾਰੀ ਦਾ ਸ਼ਿਕਾਰ ਬਣੇ ਸਿੱਖਾਂ ਦੀ ਗਿਣਤੀ ਦੇ ਸਹੀ ਅੰਕੜੇ ਅੱਜ ਤਕ ਸਾਹਮਣੇ ਨਹੀਂ ਆਏ। ਇਸ ਹਮਲੇ ਦੌਰਾਨ ਕਿੰਨੇ ਸ਼ਰਧਾਲੂ ਅਤੇ ਫ਼ੌਜੀ ਮਾਰੇ ਗਏ ਸਨ, ਇਹ ਵੀ ਭੇਤ ਬਣਿਆ ਹੋਇਆ ਹੈ। ਇਸ ਸਬੰਧੀ ਦਲ ਖ਼ਾਲਸਾ ਨੇ 2006 ਵਿਚ ਸ਼ਹੀਦ ਡਾਇਰੈਕਟਰੀ ਜਾਰੀ ਕੀਤੀ ਸੀ, ਜਿਸ ਵਿਚ ਉਸ ਵੇਲੇ 167 ਸਿੱਖਾਂ ਦੀਆਂ ਫੋਟੋਆਂ ਅਤੇ ਵੇਰਵੇ ਦਿੱਤੇ ਗਏ ਸਨ, ਜਿਨ੍ਹਾਂ ਨੇ ਫ਼ੌਜੀ ਹਮਲੇ ਦਾ ਸਾਹਮਣਾ ਕੀਤਾ ਸੀ ਅਤੇ ਗੋਲੀਬਾਰੀ ਦਾ ਸ਼ਿਕਾਰ ਹੋਏ ਸਨ। ਹੁਣ ਇਸ ਸਿੱਖ ਜਥੇਬੰਦੀ ਵੱਲੋਂ ਇਸ ਡਾਇਰੈਕਟਰੀ ਦਾ ਚੌਥਾ ਐਡੀਸ਼ਨ ਅਗਸਤ ’ਚ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਹੁਣ ਅਜਿਹੇ ਸਿੱਖਾਂ ਦੀ ਗਿਣਤੀ ਵਧ ਕੇ ਲਗਪਗ 225 ਹੋ ਗਈ ਹੈ। ਇਸ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਕਾਰ ਸੇਵਾ ਵਾਲੇ ਬਾਬਿਆਂ ਦੇ ਸਮਰਥਕ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੇ ਦੱਸਿਆ ਕਿ 2003 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਾਰ ਦਿੱਤੇ ਜਾਣ ਮਗਰੋਂ ਉਨ੍ਹਾਂ ਨੇ ਜੁਝਾਰੂ ਸਿੱਖਾਂ ਦੀ ਸੂਚੀ ਤਿਆਰ ਕਰਨ ਦਾ ਫ਼ੈਸਲਾ ਲਿਆ ਸੀ, ਜੋ ਸਾਕਾ ਨੀਲਾ ਤਾਰਾ ਸਮੇਂ ਫ਼ੌਜ ਖ਼ਿਲਾਫ਼ ਲੜੇ ਸਨ ਅਤੇ ਗੋਲੀਬਾਰੀ ਦਾ ਨਿਸ਼ਾਨਾ ਬਣੇ ਸਨ। ਉਨ੍ਹਾਂ ਦੱਸਿਆ ਕਿ 2006 ਵਿਚ ਪਹਿਲੀ ਵਾਰ ਅਜਿਹੇ 167 ਸਿੱਖਾਂ ਦੇ ਵੇਰਵਿਆਂ ਅਤੇ ਤਸਵੀਰਾਂ ਵਾਲੀ ਸ਼ਹੀਦ ਡਾਇਰੈਕਟਰੀ ਜਾਰੀ ਕੀਤੀ ਗਈ ਸੀ। ਮੁੜ 2007 ਵਿਚ ਇਸ ਸ਼ਹੀਦ ਡਾਇਰੈਕਟਰੀ ਦਾ ਦੂਜਾ ਐਡੀਸ਼ਨ ਜਾਰੀ ਕੀਤਾ ਗਿਆ ਅਤੇ ਉਸ ਵਿਚ ਇਨ੍ਹਾਂ ਜੁਝਾਰੂ ਸਿੱਖਾਂ ਦੀ ਗਿਣਤੀ 207 ਹੋ ਗਈ ਸੀ। 2012 ਵਿਚ ਤੀਜੇ ਐਡੀਸ਼ਨ ਵੇਲੇ ਇਹ ਗਿਣਤੀ ਵਧ ਕੇ 220 ਤਕ ਪੁੱਜ ਗਈ ਸੀ।
ਹੁਣ ਦਲ ਖ਼ਾਲਸਾ ਵੱਲੋਂ ਇਸ ਡਾਇਰੈਕਟਰੀ ਦਾ ਚੌਥਾ ਐਡੀਸ਼ਨ ਅਗਸਤ ਮਹੀਨੇ ਜਾਰੀ ਕੀਤਾ ਜਾਵੇਗਾ, ਜਿਸ ਵਿਚ ਸ਼ਹੀਦ ਸਿੱਖਾਂ ਦੀ ਗਿਣਤੀ ਵਧ ਕੇ 225 ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਹੁਣ ਤਕ ਦੁਵਿਧਾ ਬਣੀ ਹੋਈ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਕਿੰਨੇ ਜੁਝਾਰੂ ਸਿੱਖ ਅਤੇ ਕਿੰਨੇ ਸ਼ਰਧਾਲੂ ਮਾਰੇ ਗਏ ਸਨ? ਇਸੇ ਤਰ੍ਹਾਂ ਮਾਰੇ ਗਏ ਫ਼ੌਜੀਆਂ ਬਾਰੇ ਵੀ ਸਹੀ ਅੰਕੜੇ ਨਹੀਂ ਹਨ।
ਸਿੱਖ ਆਗੂਆਂ ਨੇ ਆਖਿਆ ਕਿ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਸਮਰਥਕ ਸਿੱਖਾਂ ਬਾਰੇ ਵੀ ਜਾਣਕਾਰੀ ਇਕੱਤਰ ਕਰ ਰਹੇ ਹਨ, ਜਿਨ੍ਹਾਂ ਨੇ ਆਖ਼ਰੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬੰਕਰ ਬਣਾਏ ਸਨ ਅਤੇ ਗੋਲੀਬਾਰੀ ਦਾ ਸ਼ਿਕਾਰ ਹੋਏ ਸਨ।


Comments Off on ਸ਼ਹੀਦ ਡਾਇਰੈਕਟਰੀ ਦਾ ਚੌਥਾ ਐਡੀਸ਼ਨ ਅਗਸਤ ਵਿਚ ਜਾਰੀ ਹੋਵੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.