ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਵੱਡੇ ਪਰਦੇ ਦੀ ਚਾਹਤ

Posted On July - 13 - 2019

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਦੇ ਸੁਪਨੇ ਪੂਰੇ ਵੀ ਹੋਏ ਹਨ ਤਾਂ ਕੁਝ ਉਨ੍ਹਾਂ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰ ਰਹੀਆਂ ਹਨ। ਉਨ੍ਹਾਂ ਲਈ ਇਹ ਘਾਟੇ ਦਾ ਸੌਦਾ ਬਿਲਕੁਲ ਨਹੀਂ ਹੈ ਕਿਉਂਕਿ ਇਕ ਪਾਸੇ ਫ਼ਿਲਮਾਂ ਤਾਂ ਦੂਜੇ ਪਾਸੇ ਵੈੱਬਸੀਰੀਜ਼ ਵਿਚ ਉਨ੍ਹਾਂ ਨੂੰ ਮੌਕੇ ਮਿਲ ਰਹੇ ਹਨ। ਟੀਵੀ ਦੀ ਦੁਨੀਆਂ ਵਿਚ ਤਾਂ ਉਨ੍ਹਾਂ ਦਾ ਜਲਵਾ ਹਮੇਸ਼ਾਂ ਕਾਇਮ ਹੀ ਰਹਿੰਦਾ ਹੈ।

ਅਸੀਮ ਚਕਰਵਰਤੀ

ਸ਼ਿਲਪਾ ਸ਼ਿੰਦੇ

ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ ਸੀ। ਫਿਰ ਜੌਹਨ ਅਬਰਾਹਮ ਨਾਲ ਫ਼ਿਲਮ ‘ਰੋਮੀਓ ਅਕਬਰ ਵਾਲਟਰ’ ਨੇ ਉਸਨੂੰ ਇਕਦਮ ਚਕਾਚੌਂਧ ਵਿਚ ਲਿਆ ਦਿੱਤਾ। ਹੁਣ ਉਹ ਕਈ ਹੋਰ ਵੱਡੀਆਂ ਫ਼ਿਲਮਾਂ ਵਿਚ ਕੰਮ ਕਰ ਰਹੀ ਹੈ। ਦੇਖਿਆ ਜਾਵੇ ਤਾਂ ਸਿਰਫ਼ ਮੌਨੀ ਰੌਇ ਹੀ ਨਹੀਂ ਕਈ ਹੋਰ ਅਭਿਨੇਤਰੀਆਂ ਇਸ ਕਤਾਰ ਵਿਚ ਹਨ। ਉਂਜ ਟੀਵੀ ਅਭਿਨੇਤਰੀਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵਿਦਿਆ ਬਾਲਨ, ਪ੍ਰਾਚੀ ਦੇਸਾਈ, ਸਾਕਸ਼ੀ ਤੰਵਰ, ਰਾਗਿਨੀ ਖੰਨਾ ਆਦਿ ਛੋਟੇ ਪਰਦੇ ਦੀਆਂ ਕਈ ਅਭਿਨੇਤਰੀਆਂ ਫ਼ਿਲਮਾਂ ਵਿਚ ਦਸਤਕ ਦੇ ਚੁੱਕੀਆਂ ਹਨ।
ਜਦੋਂ ਤੋਂ 33 ਸਾਲ ਦੀ ਮੌਨੀ ਰੌਇ ਨੇ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੋਲਡ’ ਕੀਤੀ ਹੈ, ਉਹ ਟੀਵੀ ਦੀ ਨਾਇਕਾ ਨਹੀਂ ਰਹੀ। ਛੋਟੇ ਪਰਦੇ ਦੀ ਇਹ ਨਾਗਿਨ ਹੁਣ ਬੌਲੀਵੁੱਡ ਦਾ ਨਵਾਂ ਨਸ਼ਾ ਹੈ। ਮੌਨੀ ਨੇ ਹੁਣ ਬੌਲੀਵੁੱਡ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’, ਰਾਜਕੁਮਾਰ ਰਾਏ ਦੀ ‘ਮੇਡ ਇਨ ਚੀਨ’ ਵਰਗੀਆਂ ਕਈ ਵੱਡੀਆਂ ਫ਼ਿਲਮਾਂ ਵਿਚ ਉਹ ਕੰਮ ਕਰ ਰਹੀ ਹੈ। ਉਹ ਇਸਤੋਂ ਪਹਿਲਾਂ ਵੀ ਕੁਝ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ, ਪਰ ਇਸ ਵਾਰ ਉਸਨੇ ਧਮਾਕੇ ਨਾਲ ਪ੍ਰਵੇਸ਼ ਕੀਤਾ ਹੈ। ਮੌਨੀ ਦੱਸਦੀ ਹੈ, ‘ਮੈਂ ਆਖਰੀ ਵਾਰ ਨਾਗਿਨ ਲਈ ਕੈਮਰੇ ਦਾ ਸਾਹਮਣਾ ਕੀਤਾ ਸੀ ਅਤੇ ਇਸਦੀ ਤਿਆਰੀ ਮੈਂ ਬਹੁਤ ਪਹਿਲਾਂ ਕਰ ਲਈ ਸੀ। ਮੈਨੂੰ ਸਿਰਫ਼ ਮੌਕੇ ਦੀ ਤਲਾਸ਼ ਸੀ। ਜਿਵੇਂ ਹੀ ਮੈਨੂੰ ‘ਗੋਲਡ’ ਵਿਚ ਕਾਸਟ ਕੀਤਾ ਗਿਆ ਮੈਂ ਟੀਵੀ ਨੂੰ ਛੱਡਣ ਦਾ ਮਨ ਬਣਾ ਲਿਆ। ਹੁਣ ਮੇਰਾ ਪੂਰਾ ਧਿਆਨ ਫ਼ਿਲਮਾਂ ਵੱਲ ਹੈ, ਪਰ ਭਵਿੱਖ ਵਿਚ ਮੈਂ ਫ਼ਿਲਮਾਂ ਵਿਚ ਕੁਝ ਖ਼ਾਸ ਕਰਨਾ ਚਾਹਾਂਗੀ। ਮੇਰੀ ਕੋਈ ਅਜਿਹੀ ਜ਼ਿੱਦ ਨਹੀਂ ਕਿ ਹਰ ਫ਼ਿਲਮ ਵਿਚ ਸਿਰਫ਼ ਹੀਰੋਇਨ ਹੀ ਬਣਾ। ਮੈਨੂੰ ਸਿਰਫ਼ ਦਮਦਾਰ ਕਿਰਦਾਰ ਦੀ ਤਲਾਸ਼ ਹੋਵੇਗੀ।’

ਵਿਦਿਆ ਬਾਲਨ

ਅਭਿਨੇਤਰੀ ਅੰਕਿਤਾ ਲੋਖੰਡੇ ਨੇ ਸਿਰਫ਼ ਇਕ ਲੜੀਵਾਰ ‘ਪਵਿੱਤਰ ਰਿਸ਼ਤਾ’ ਲਈ ਬਹੁਤ ਤਾਰੀਫ਼ ਹਾਸਿਲ ਕੀਤੀ। ਬੇਹੱਦ ਹੈਰਾਨੀਜਨਕ ਢੰਗ ਨਾਲ ਉਸਨੇ ਇਸ ਤੋਂ ਬਾਅਦ ਇਕ ਦੋ ਹੋਰ ਲੜੀਵਾਰ ਕੀਤੇ। ਉਸਨੂੰ ਲੜੀਵਾਰ ‘ਪਵਿੱਤਰ ਰਿਸ਼ਤਾ’ ਲਈ ਲਗਾਤਾਰ ਚਾਰ ਸਾਲ ਬਿਹਤਰੀਨ ਅਭਿਨੇਤਰੀ ਦਾ ਐਵਾਰਡ ਵੀ ਮਿਲਿਆ। ਇਸੀ ਦੌਰਾਨ ਫਰਾਹ ਖ਼ਾਨ ਦੀ ਫ਼ਿਲਮ ‘ਹੈਪੀ ਨਿਊ ਈਯਰ’ ਵਿਚ ਉਸਨੂੰ ਕਾਸਟ ਕੀਤਾ ਗਿਆ ਸੀ, ਪਰ ਆਖਰੀ ਸਮੇਂ ਵਿਚ ਉਸਦੀ ਜਗ੍ਹਾ ਦੀਪਿਕਾ ਪਾਦੁਕੋਣ ਨੇ ਲੈ ਲਈ। ਫਿਰ ਉਸਨੂੰ ਫ਼ਿਲਮ ‘ਮਣੀਕਰਣਿਕਾ-ਦਿ ਕੁਇਨ ਆਫ ਝਾਂਸੀ’ ਮਿਲੀ ਜਿਸ ਵਿਚ ਝਲਕਾਰੀ ਬਾਈ ਦੇ ਕਿਰਦਾਰ ਵਿਚ ਉਸਦੀ ਕਾਫ਼ੀ ਤਾਰੀਫ਼ ਹੋਈ।
ਹਾਲ ਹੀ ਵਿਚ ਫ਼ਿਲਮ ‘ਪਟੇਲ ਕੀ ਪੰਜਾਬੀ ਸ਼ਾਦੀ’ ਵਿਚ ਸ਼ਿਲਪਾ ਸ਼ਿੰਦੇ ਦਾ ਡਾਂਸ ਕਾਫ਼ੀ ਚਰਚਿਤ ਹੋਇਆ ਸੀ। ‘ਬਿੱਗ ਬੌਸ-11’ ਦੀ ਜੇਤੂ ਅਭਿਨੇਤਰੀ ਸ਼ਿਲਪਾ ਸ਼ਿੰਦੇ ਹੁਣ ਫਿਰ ਤੋਂ ਸਰਗਰਮ ਹੈ। ਫ਼ਿਲਮਾਂ ਵਿਚ ਉਸਦੇ ਪੈਰ ਜੰਮਣੇ ਸ਼ੁਰੂ ਹੋ ਗਏ ਹਨ। ਉਸਨੂੰ ਆਈਟਮ ਡਾਂਸ ਤੋਂ ਇਲਾਵਾ ਕੁਝ ਹੋਰ ਪੇਸ਼ਕਸ਼ਾਂ ਮਿਲ ਰਹੀਆਂ ਹਨ। ਉਹ ਦੱਸਦੀ ਹੈ, ‘ਪਹਿਲਾਂ ਤਾਂ ਇਹ ਸਪੱਸ਼ਟ ਕਰ ਦੇਵਾਂ ਕਿ ਮੈਂ ਆਈਟਮ ਡਾਂਸਰ ਬਣਨ ਲਈ ਫ਼ਿਲਮ ਨਹੀਂ ਕੀਤੀ। ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦਾ ਡਾਂਸ ਕਰਨ ਵਿਚ ਨੁਕਸਾਨ ਹੀ ਕੀ ਹੈ। ਇਸ ਨਾਲ ਤੁਹਾਡੇ ਡਾਂਸ ਹੁਨਰ ਨੂੰ ਵੀ ਚੁਣੌਤੀ ਮਿਲਦੀ ਹੈ। ਫਿਰ ਇਹ ਵੀ ਅਦਾਕਾਰੀ ਦਾ ਇਕ ਹਿੱਸਾ ਹੈ। ਇਸ ਲਈ ਅੱਗੇ ਵੀ ਕੁਝ ਅਜਿਹੀ ਚੰਗੀ ਪੇਸ਼ਕਸ਼ ਆਏਗੀ ਤਾਂ ਜ਼ਰੂਰ ਕਰਾਂਗੀ।’ ਉਸਦੀ ਇਕ ਫ਼ਿਲਮ ‘ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ’ ਦਾ ਪੋਸਟ ਪ੍ਰੋਡਕਸ਼ਨ ਅਜੇ ਪੂਰਾ ਨਹੀਂ ਹੋਇਆ।
,ਛੋਟੇ ਪਰਦੇ ਲਈ ਹਿਨਾ ਖ਼ਾਨ ਨੇ ਕਾਫ਼ੀ ਕੰਮ ਕੀਤਾ ਹੈ, ਪਰ ਅੱਜਕੱਲ੍ਹ ਉਸਦਾ ਮਨ ਫ਼ਿਲਮਾਂ ਵਿਚ ਆਉਣ ਲਈ ਮਚਲ ਰਿਹਾ ਹੈ। ਚਰਚਿਤ ਟੀਵੀ ਸ਼ੋਅ ‘ਖਤਰੋਂ ਕੇ ਖਿਲਾੜੀ’ ਅਤੇ ‘ਬਿੱਗ ਬੌਸ-11’ ਦੀ ਰਨਰਜ਼ ਅੱਪ ਰਹਿ ਚੁੱਕੀ ਹਿਨਾ ਖ਼ਾਨ ਹੁਣ ਤਕ ਦੇ ਸਭ ਤੋਂ ਲੰਬੇ ਚੱਲਣ ਵਾਲੇ ਟੀਵੀ ਸ਼ੋਅ ‘ਯਹ ਰਿਸ਼ਤਾ ਕਿਆ ਕਹਿਲਾਤਾ ਹੈ’ ਵਿਚ ਮੁੱਖ ਕਿਰਦਾਰ ਰਹੀ ਹੈ। ਹੁਣ ਉਹ ‘ਕਸੌਟੀ ਜ਼ਿੰਦਗੀ ਕੇ’ ਵਿਚ ਅਹਿਮ ਕਿਰਦਾਰ ਕਰ ਰਹੀ ਹੈ। ਇੱਧਰ ਉਸ ਦੀਆਂ ਦੋ ਫ਼ਿਲਮਾਂ ਦਾ ਪੋਸਟ ਪ੍ਰੋਡਕਸ਼ਨ ਚੱਲ ਰਿਹਾ ਹੈ। ਹਿਨਾ ਕਹਿੰਦੀ ਹੈ, ‘ਮੈਂ ਹੁਣ ਫ਼ਿਲਮਾਂ ਨੂੰ ਲੈ ਕੇ ਅਸਲ ਵਿਚ ਕਾਫ਼ੀ ਗੰਭੀਰ ਹਾਂ। ਇਸੀ ਦਿਸ਼ਾ ਵਿਚ ਕੋਸ਼ਿਸ਼ ਵੀ ਕਰ ਰਹੀ ਹਾਂ। ਫ਼ਿਲਮਾਂ ਵਿਚ ਮੈਂ ਚੰਗੇ ਕਿਰਦਾਰ ਕਰਨਾ ਚਾਹੁੰਦੀ ਹੈ। ਸਿਰਫ਼ ਗਲੈਮਰ ਗਰਲ ਦੇ ਤੌਰ ’ਤੇ ਮੈਂ ਨਹੀਂ ਆਉਣਾ।’
ਕਈ ਛੋਟੀਆਂ ਛੋਟੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਅਭਿਨੇਤਰੀ ਕ੍ਰਿਤਕਾ ਕਾਮਰਾ ਦਾ ਫ਼ਿਲਮਾਂ ਨਾਲ ਖ਼ਾਸ ਰਿਸ਼ਤਾ ਹੈ। ਉਹ ਇਕ ਦਰਜਨ ਤੋਂ ਜ਼ਿਆਦਾ ਟੀਵੀ ਲੜੀਵਾਰਾਂ ਵਿਚ ਕੰਮ ਕਰ ਚੁੱਕੀ ਹੈ, ਪਰ ਉਹ ਥੋੜ੍ਹਾ ਸੁਰੱਖਿਅਤ ਗੇਮ ਖੇਡਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ, ‘ਫ਼ਿਲਮਾਂ ਅਤੇ ਟੀਵੀ ਲਈ ਮੈਂ ਕੋਈ ਅਣਜਾਣ ਨਹੀਂ ਹਾਂ, ਪਰ ਹੁਣ ਮੈਂ ਵੈੱਬ ਸੀਰੀਜ਼ ਦੇ ਇਲਾਵਾ ਫ਼ਿਲਮਾਂ ਵੀ ਕਰਨਾ ਚਾਹੁੰਦੀ ਹਾਂ। ਅੱਜਕੱਲ੍ਹ ਮੇਰੀ ਦੋ ਫ਼ਿਲਮਾਂ ਲਈ ਗੱਲ ਚੱਲ ਰਹੀ ਹੈ। ਫ਼ਿਲਮਾਂ ਵਿਚ ਕਿਰਦਾਰ ਨੂੰ ਲੈ ਕੇ ਮੇਰੀ ਕੋਈ ਸ਼ਰਤ ਨਹੀਂ ਹੈ, ਇਸ ਲਈ ਇੱਥੇ ਮੇਰਾ ਰਸਤਾ ਆਸਾਨ ਹੀ ਹੋਵੇਗਾ।’
ਉਂਜ ਛੋਟੇ ਪਰਦੇ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਦੀ ਸੂਚੀ ਲੰਬੀ ਹੈ ਜੋ ਅੱਜਕੱਲ੍ਹ ਫ਼ਿਲਮਾਂ ਵਿਚ ਆਉਣ ਲਈ ਬੇਤਾਬ ਹਨ। ‘ਤੁਮ ਦੇਨਾ ਸਾਥ ਮੇਰਾ’, ‘ਪ੍ਰਿਥਵੀ ਵੱਲਭ’, ‘ਦਾਸਤਾਨ-ਏ-ਸਲੀਮ ਅਨਾਰਕਲੀ’ ਵਰਗੇ ਕੁਝ ਲੜੀਵਾਰਾਂ ਦੀ ਖ਼ੂਬਸੂਰਤ ਅਭਿਨੇਤਰੀ ਸੋਨਾਰਿਕਾ ਭਦੋਰਿਆ ਦੱਖਣ ਦੀਆਂ ਕੁਝ ਫ਼ਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਹਿੰਦੀ ਫ਼ਿਲਮਾਂ ਵਿਚ ਆਉਣ ਲਈ ਜੱਦੋ ਜਹਿਦ ਕਰ ਰਹੀ ਹੈ। ਦੀਪਿਕਾ ਸਿੰਘ ਵੀ ਹੁਣ ਫ਼ਿਲਮਾਂ ਵੱਲ ਕਦਮ ਵਧਾ ਰਹੀ ਹੈ। ਦੂਜੇ ਪਾਸੇ ਆਸ਼ਿਕਾ ਗੋਰਡਿਆ ਨੇ ਆਪਣੀ ਫ਼ਿਲਮ ਸਾਈਨ ਕਰ ਲਈ ਹੈ। ਹਰਮਨਪਿਆਰੀ ਅਭਿਨੇਤਰੀ ਜੈਨੀਫਰ ਵਿੰਗੇਟ ਵੀ ਟੀਵੀ ਤੋਂ ਨਿਕਲ ਕੇ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਹੈ, ਪਰ ਅਜੇ ਤਕ ਕੋਈ ਗੱਲ ਨਹੀਂ ਬਣੀ। ਸਾਨਿਆ ਇਰਾਨੀ, ਦ੍ਰਿਸ਼ਟੀ ਧਾਮੀ, ਦਿਵਯਾਂਕਾ ਤ੍ਰਿਪਾਠੀ ਸਮੇਤ ਕਈ ਅਭਿਨੇਤਰੀਆਂ ਦੇ ਅਜਿਹੇ ਇਰਾਦੇ ਹਨ। ਦਿਵਯਾਂਕਾ ਨੇ ਕੁਝ ਫ਼ਿਲਮਾਂ ਵਿਚ ਕੰਮ ਕੀਤਾ ਹੈ, ਪਰ ਉਹ ਫ਼ਿਲਮਾਂ ਕਿਸੇ ਨੂੰ ਯਾਦ ਨਹੀਂ ਹਨ। ਹੁਣ ਦਿਵਯਾਂਕਾ ਕਹਿੰਦੀ ਹੈ, ‘ਮੈਂ ਕੁਝ ਮਸਾਲਾ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹਾਂ।’
ਵਿਦਿਆ ਤੇ ਸਾਕਸ਼ੀ ਦੀ ਉਦਾਹਰਨ
ਅਭਿਨੇਤਰੀ ਵਿਦਿਆ ਬਾਲਨ ਨੇ ਬੇਹੱਦ ਹਰਮਨਪਿਆਰੇ ਕਾਮੇਡੀ ਸ਼ੋਅ ‘ਹਮ ਪਾਂਚ’ ਤੋਂ ਆਪਣਾ ਅਦਾਕਾਰੀ ਕਰੀਅਰ ਸ਼ੁਰੂ ਕੀਤਾ ਸੀ। ਇਸਦੇ ਬਾਅਦ ਉਸਨੇ ਟੀਵੀ ਵੱਲ ਮੁੜਕੇ ਨਹੀਂ ਦੇਖਿਆ। ਉਹ ਇੰਨੀ ਦਮਦਾਰ ਅਭਿਨੇਤਰੀ ਹੈ ਕਿ ਇਸ ਲਈ ਉਸਦੀ ਕਿਸੇ ਵੀ ਫ਼ਿਲਮ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਕਦੇ ਸਿਲਕ, ਕਦੇ ਵਿਦਿਆ ਬਾਗਚੀ, ਕਦੇ ਸੁੱਲੂ ਉਹ ਜਦੋਂ ਵੀ ਕੋਈ ਕਿਰਦਾਰ ਕਰਦੀ ਹੈ, ਉਸ ਵਿਚੋਂ ਉਸਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਵਿਦਿਆ ਕਹਿੰਦੀ ਹੈ, ‘ਇਕ ਐਕਟਰ ਦਾ ਤਾਂ ਇਹੀ ਕੰਮ ਹੈ। ਪਹਿਲਾਂ ਮੈਂ ਉਸ ਕਿਰਦਾਰ ’ਤੇ ਯਕੀਨ ਕਰਦੀ ਹਾਂ। ਇਸਤੋਂ ਬਾਅਦ ਮੇਰੀ ਜ਼ਿੰਮੇਵਾਰੀ ਵਧ ਜਾਂਦੀ ਹੈ। ਉਸ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਾ ਮੇਰੀ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ। ਮੈਨੂੰ ਅੱਜ ਵੀ ਟੀਵੀ ’ਤੇ ਆਉਣ ਵਿਚ ਕੋਈ ਗੁਰੇਜ਼ ਨਹੀਂ ਹੈ। ਟੀਵੀ ’ਤੇ ਕੁਝ ਖ਼ਾਸ ਹੋਵੇ ਤਾਂ ਜ਼ਰੂਰ ਸੋਚਿਆ ਜਾ ਸਕਦਾ ਹੈ।’
ਛੋਟੇ ਪਰਦੇ ਦੀ ਚਰਚਿਤ ਬਹੁ ਸਾਕਸ਼ੀ ਤੰਵਰ ਨੂੰ ਬਿਹਤਰੀਨ ਅਦਾਕਾਰਾ ਮੰਨਿਆ ਜਾਂਦਾ ਹੈ। ਆਮਿਰ ਖ਼ਾਨ ਨਾਲ ‘ਦੰਗਲ’ ਵਿਚ ਉਸਦੀ ਸ਼ਾਨਦਾਰ ਅਦਾਕਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ‘ਮੁਹੱਲਾ ਅੱਸੀ’ ਵਿਚ ਵੀ ਸਨੀ ਦਿਓਲ ਨਾਲ ਉਸਦੀ ਅਦਾਕਾਰੀ ਦੀ ਬਹੁਤ ਤਾਰੀਫ਼ ਹੋਈ। ਅੱਜ ਵੀ ਉਹ ਕੁਝ ਫ਼ਿਲਮਾਂ ਵਿਚ ਕੰਮ ਕਰ ਰਹੀ ਹੈ, ਪਰ ਉਸਦਾ ਫ਼ਿਲਮੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ। ਪਰ ਫ਼ਿਲਮੀ ਤਾਰੀਫ਼ ਨੇ ਉਸ ਲਈ ਇਸ਼ਤਿਹਾਰਬਾਜ਼ੀ ਦਾ ਰਸਤਾ ਖੋਲ੍ਹ ਦਿੱਤਾ ਹੈ। ਹੁਣ ਉਹ ਕਈ ਇਸ਼ਤਿਹਾਰਾਂ ਵਿਚ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ, ‘ਮੈਂ ਜਾਣਦੀ ਹਾਂ ਟੀਵੀ ਦੀ ਬਹੂ ਵਾਲੀ ਦਿੱਖ ਮੇਰਾ ਪਿੱਛਾ ਨਹੀਂ ਛੱਡੇਗੀ, ਪਰ ਮੈਂ ਫ਼ਿਲਮਾਂ ਅਜਿਹੀਆਂ ਕਰ ਰਹੀ ਹਾਂ ਜੋ ਇਸ ਦਿੱਖ ਨੂੰ ਪਿੱਛੇ ਛੱਡ ਦਿੰਦੀਆਂ ਹਨ।’
ਛੋਟੇ ਪਰਦੇ ਦੀਆਂ ਕਈ ਅਭਿਨੇਤਰੀਆਂ ਦੇ ਫ਼ਿਲਮੀ ਦੁਨੀਆਂ ਦੇ ਸੁਪਨਿਆਂ ’ਤੇ ਗ੍ਰਹਿਣ ਲੱਗ ਗਿਆ ਹੇ। ਜਿੱਥੇ ਰਾਗਿਨੀ ਖੰਨਾ ਸੁਪਰ ਸਟਾਰ ਗੋਵਿੰਦਾ ਦੀ ਭਾਣਜੀ ਹੈ, ਉੱਥੇ ਹੀ ਪ੍ਰਾਚੀ ਟੀਵੀ ਕੁਇਨ ਏਕਤਾ ਕਪੂਰ ਦੀ ਛਤਰ ਛਾਇਆ ਵਿਚ ਰਹੀ ਹੈ। ਦੋਵਾਂ ਨੇ ਹੀ ਫ਼ਿਲਮ ਅਤੇ ਟੀਵੀ ਵਿਚ ਕੰਮ ਕੀਤਾ ਹੈ, ਪਰ ਸਟਾਰਡਮ ਦਾ ਉਨ੍ਹਾਂ ਦਾ ਸੁਪਨਾ ਅਜੇ ਤਕ ਪੂਰਾ ਨਹੀਂ ਹੋਇਆ। ਹੋਰ ਅਭਿਨੇਤਰੀਆਂ ਦੀ ਤਰ੍ਹਾਂ ਇਨ੍ਹਾਂ ਦੀ ਵੀ ਕੋਸ਼ਿਸ਼ ਜਾਰੀ ਹੈ। ਠੀਕ ਵੀ ਹੈ ਸਾਰੀਆਂ ਵਿਦਿਆ ਬਾਲਨ, ਸਾਕਸ਼ੀ ਤੰਵਰ, ਮੌਨੀ ਰੌਇ ਵਰਗੀ ਸੰਘਰਸ਼ ਸਮਰੱਥਾ ਅਤੇ ਕਿਸਮਤ ਲੈ ਕੇ ਨਹੀਂ ਆਉਂਦੀਆਂ।


Comments Off on ਵੱਡੇ ਪਰਦੇ ਦੀ ਚਾਹਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.