ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ

Posted On July - 20 - 2019

ਸੁਖਵਿੰਦਰਜੀਤ ਸਿੰਘ ਮਨੌਲੀ
ਸੰਸਾਰ ਟੈਨਿਸ ਦੇ ਖੇਡ ਨਕਸ਼ੇ ’ਤੇ ਪੀਟ ਸੈਂਪਰਾਸ, ਬੋਰਿਸ ਬੇਕਰ, ਆਂਦਰੇ ਅਗਾਸੀ, ਰੋਜ਼ਰ ਫੈਡਰਰ, ਰੋਡਿਕ, ਐਂਡੀ ਮੱਰੇ, ਰਫੇਲ ਨਡਾਲ ਆਦਿ ਖਿਡਾਰੀਆਂ ਦੇ ਵੱਡੇ ਨਾਂ ਉਕਰੇ ਹੋਏ ਹਨ ਪਰ ਵਿਸ਼ਵ ਰੈਂਕਿੰਗ ’ਚ ਪਹਿਲੇ ਨੰਬਰ ਦੇ ਮਾਲਕ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਵੀ ਆਪਣੀ ਖੇਡ ਨਾਲ ਟੈਨਿਸ ਪ੍ਰੇਮੀਆਂ ਨੂੰ ਜ਼ਰੂਰ ਮੰਤਰ-ਮੁਗਧ ਕੀਤਾ ਹੈ। ਨੋਵਾਕ ਜੋਕੋਵਿਚ ਦਾ ਜਨਮ 22 ਮਈ, 1987 ਨੂੰ ਸਰਬੀਆ ’ਚ ਹੋਇਆ। ਨੋਵਾਕ ਦੇ ਦੋ ਛੋਟੇ ਭਰਾ ਮਾਰਕੋ ਅਤੇ ਦਜੋਰਜੀ ਵੀ ਪ੍ਰੋਫੈਸ਼ਨਲ ਟੈਨਿਸ ਖਿਡਾਰੀ ਹਨ।
ਇੰਗਲੈਂਡ ’ਚ ਖੇਡੇ ਗਏ ਮੌਜੂਦਾ ਵਿੰਬਲਡਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ’ਚ ਨੋਵਾਕ ਅਤੇ ਫੈਡਰਰ ’ਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਖੇਡੇ ਗਏ ਪੰਜ ਸੈੱਟਾਂ ’ਚ ਪਹਿਲਾ ਸੈੱਟ ਨੋਵਾਕ ਨੇ ਜਿੱਤਿਆ ਜਦੋਂਕਿ ਦੂਜੇ ਸੈੱਟ ’ਚ ਫੈਡਰਰ ਨੇ ਮੈਚ ਬਰਾਬਰ ਕਰ ਦਿੱਤਾ। ਤੀਜੇ ਸੈੱਟ ’ਚ ਨੋਵਾਕ ਨੇ ਇਕ ਵਾਰ ਫੇਰ ਲੀਡ ਹਾਸਲ ਕੀਤੀ। ਫੈਡਰਰ ਨੇ ਚੌਥੇ ਸੈੱਟ ’ਤੇ ਆਪਣਾ ਕਬਜ਼ਾ ਕਰ ਕੇ ਨੋਵਾਕ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਨੋਵਾਕ ਨੇ ਪੰਜਵਾਂ ਸੈੱਟ ਆਪਣੇ ਹੱਕ ਕਰ ਕੇ ਲਗਾਤਾਰ ਦੂਜੀ ਵਾਰ ਵਿੰਬਲਡਨ ਦਾ ਖਿਤਾਬ ਹਾਸਲ ਕੀਤਾ। ਸਾਲ-2016 ’ਚ ਫਰੈਂਚ ਓਪਨ ਦਾ ਗਰੈਂਡ ਸਲੈਮ ਜਿੱਤਣ ਵਾਲੇ ਨੋਵਾਕ ਜੋਕੋਵਿਚ ਨੇ ਵਿੰਬਲਡਨ ਦੇ ਟਾਈਟਲ ’ਤੇ ਪੰਜਵੀਂ ਵਾਰ ਕਬਜ਼ਾ ਕੀਤਾ ਹੈ। ਆਲਮੀ ਟੈਨਿਸ ਰੈਂਕਿੰਗ ’ਚ ਪਹਿਲੇ ਪਾਏਦਾਨ ’ਤੇ ਬਿਰਾਜਮਾਨ ਨੋਵਾਕ ਨੂੰ ਤਿੰਨ ਵਾਰ ਯੂਐਸ ਓਪਨ ਟੈਨਿਸ ਦਾ ਚੈਪੀਅਨ ਰਹਿਣ ਤੋਂ ਇਲਾਵਾ ਛੇ ਵਾਰ ਆਸਟਰੇਲੀਅਨ ਓਪਨ ਟੈਨਿਸ ਦਾ ਟਾਈਟਲ ਹਾਸਲ ਕਰਨ ਦਾ ਅਧਿਕਾਰ ਹਾਸਲ ਹੈ।
ਸੱਜੇ ਦਾਅ ਦੇ ਛੇ ਫੁੱਟ ਦੋ ਇੰਚ ਲੰਮੇ ਖਿਡਾਰੀ ਜੋਕੋਵਿਚ ਨੇ ਸਾਬਕਾ ਟੈਨਿਸ ਖਿਡਾਰੀ ਬੋਰਿਸ ਬੇਕਰ ਨੂੰ ਆਪਣਾ ਖੇਡ ਗੁਰੂ ਧਾਰ ਕੇ ਟੈਨਿਸ ਦੇ ਹਲਕਿਆਂ ’ਚ ਅੱਗੇ ਵਧਣਾ ਸ਼ੁਰੂ ਕੀਤਾ। ਨੋਵਾਕ ਨੂੰ 2007 ’ਚ ਆਪਣੇ ਪਹਿਲੇ ਅਮਰੀਕੀ ਓਪਨ ਦੇ ਫਾਈਨਲ ’ਚ ਹਾਰ ਦਾ ਸਾਹਮਣਾ ਕਰਨ ਸਦਕਾ ਉਪ ਜੇਤੂ ਰਹਿਣਾ ਪਿਆ ਪਰ 2008 ’ਚ ਆਸਟਰੇਲੀਅਨ ਓਪਨ ਉਸ ਨੂੰ ਪਹਿਲੇ ਗਰੈਂਡ ਸਲੈਮ ’ਚ ਜਿੱਤ ਨਸੀਬ ਹੋਈ। 2010 ’ਚ ਮੁੜ ਦੂਜੀ ਵਾਰ ਅਮਰੀਕੀ ਓਪਨ ’ਚ ਉਪ ਜੇਤੂ ਰਹਿਣ ਦਾ ਸਫ਼ਰ ਕਰਨ ਵਾਲੇ ਨੋਵਾਕ ਜੋਕੋਵਿਚ ਨੇ 2011 ’ਚ ਉਤੋੜਿਤੀ ਆਸਟਰੇਲੀਅਨ, ਵਿੰਬਲਡਨ ਤੇ ਅਮਰੀਕੀ ਓਪਨ ਤਿੰਨ ਗਰੈਂਡ ਸਲੈਮ ਜਿੱਤਿਆ। 2012 ਦਾ ਵਰ੍ਹਾ ਜੋਕੋਵਿਚ ਲਈ ਇਸ ਕਰ ਕੇ ਮਾੜਾ ਰਿਹਾ ਕਿਉਂਕਿ ਉਹ ਸਿਰਫ਼ ਆਸਟਰੇਲੀਅਨ ਓਪਨ ਦਾ ਗਰੈਂਡ ਸਲੈਮ ਹੀ ਜਿੱਤ ਸਕਿਆ ਜਦਕਿ ਫਰੈਂਚ ਤੇ ਅਮਰੀਕੀ ਓਪਨ ’ਚ ਉਪ ਜੇਤੂ ਖਿਤਾਬ ਨਾਲ ਸਬਰ ਕਰਨਾ ਪਿਆ। ਇਹੋ ਭਾਣਾ 2013 ’ਚ ਵਰਤਿਆ ਜਦੋਂ ਨੋਵਾਕ ਨੂੰ ਆਸਟਰੇਲੀਅਨ ਓਪਨ ’ਚ ਜੇਤੂ ਮੰਚ ਨਸੀਬ ਹੋਇਆ ਪਰ ਵਿੰਬਲਡਨ ਓਪਨ ਅਤੇ ਅਮਰੀਕੀ ਓਪਨ ’ਚ ਫਾਈਨਲ ਹਾਰਨ ਸਦਕਾ ਉਸ ਦੇ ਪੱਲੇ ਚਾਂਦੀ ਦੇ ਟੈਨਿਸ ਕੱਪ ਪਏ। ਇਨ੍ਹਾਂ ਗਰੈਂਡ ਸਲੈਮਜ਼ ਤੋਂ ਇਲਾਵਾ ਨੋਵਾਕ ਜੋਕੋਵਿਚ ਨੇ 2008 ’ਚ ਸ਼ੰਘਈ ਓਪਨ ’ਚ ਚੈਂਪੀਅਨ ਬਣ ਕੇ ਵੱਡਾ ਖੇਡ ਨਾਮਣਾ ਖੱਟਿਆ। ਇਥੇ ਹੀ ਬਸ ਨਹੀਂ ਹੋਈ, ਨੋਵਾਕ ਨੇ 2012 ਤੇ 13 ’ਚ ਲਗਾਤਾਰ ਦੋ ਵਾਰ ਲੰਡਨ ਟੈਨਿਸ ਚੈਂਪੀਅਨਸ਼ਿਪ ਜਿੱਤੀ।
ਵਿੰਬਲਡਨ ਟੈਨਿਸ ਦੀ ਨਵੀਂ ਚੈਂਪੀਅਨ ਸਿਮੋਨਾ ਹਾਲੇਪ: ਰੋਮਾਨੀਆ ਦੀ 27 ਸਾਲਾ ਵਿਮੈਨ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਵਿੰਬਲਡਨ ਦੀ ਨਵੀਂ ਚੈਂਪੀਅਨ ਬਣਨ ਸਦਕਾ ਨਵਾਂ ਟੈਨਿਸ ਇਤਿਹਾਸ ਸਿਰਜਿਆ ਹੈ। 7 ਜੂਨ 2019 ’ਚ ਸੱਤਵੀਂ ਸੀਡ ਪ੍ਰਾਪਤ ਸਿਮੋਨਾ ਹਾਲੇਪ ਨੇ ਵਿਸ਼ਵ ਟੈਨਿਸ ਦੀ ਰੈਂਕਿੰਗ ’ਚ 10ਵੀਂ ਸੀਡ ਹਾਸਲ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੂੰ ਲਗਾਤਾਰ ਦੋ ਸਿੱਧੇ ਸੈਟਾਂ ’ਚ 6-2 ਤੇ 6-2 ਹਰਾਉਣ ’ਚ ਸਫ਼ਲਤਾ ਹਾਸਲ ਕੀਤੀ। ਇਸ ਜਿੱਤ ਨਾਲ ਸਿਮੋਨਾ ਦਾ ਵਿਸ਼ਵ ਟੈਨਿਸ ਦਰਜਾ ਸੁਧਰ ਕੇ ਚਾਰ ਰੈਂਕ ’ਤੇ ਆ ਗਿਆ ਹੈ। ਸਿਮੋਨਾ ਹਾਲੇਪ ਨੇ ਮੈਚ ਦੌਰਾਨ ਸ਼ਾਨਦਾਰ ਖੇਡ ਮੁਜ਼ਾਹਰਾ ਕਰ ਕੇ ਚਾਰ ਵਾਰ ਸੇਰੇਨਾ ਦੀ ਸਰਵਿਸ ਤੋੜਨ ’ਚ ਕਾਮਯਾਬੀ ਹਾਸਲ ਕਰਨ ਦੇ ਨਾਲ 13 ਵਿੰਨਰਜ਼ ਲਗਾਉਣ ’ਚ ਵੀ ਸਫ਼ਲਤਾ ਹਾਸਲ ਕੀਤੀ। ਪੂਰੇ ਮੈਚ ਦੌਰਾਨ ਸੇਰੇਨਾ ਵਿਲੀਅਮਜ਼ ਨੂੰ ਸਿਰਫ਼ ਇਕ ਵਾਰ ਹੀ ਬਰੇਕ ਅੰਕ ਮਿਲਿਆ ਪਰ ਉਹ ਇਸ ਦਾ ਵੀ ਫ਼ਾਇਦਾ ਨਹੀਂ ਲੈ ਸਕੀ। ਅਮਰੀਕਾ ਦੀ 37 ਸਾਲਾ ਖਿਡਾਰਨ ਸੇਰੇਨਾ ਵਿਲੀਅਮਜ਼ ’ਤੇ ਇਸ ਜਿੱਤ ਨਾਲ ਸਿਮੋਨਾ ਹਾਲੇਪ ਰੋਮਾਨੀਆ ਦੀ ਪਹਿਲੀ ਵਿੰਬਲਡਨ ਚੈਂਪੀਅਨ ਖਿਡਾਰਨ ਨਾਮਜ਼ਦ ਹੋਈ ਹੈ। ਸਿਮੋਨਾ ਹਾਲੇਪ ਨੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੱਤ ਗਰੈਂਡ ਸਲੈਮ ਜਿੱਤਣ ਵਾਲੀ ਸੇਰੇਨਾ ਵਿਲੀਅਮਜ਼ ਨੂੰ 56 ਮਿੰਟ ’ਚ ਹਾਰ ਦੇ ਰਸਤੇ ਤੋਰਦਿਆਂ ਕਰੀਅਰ ਦੇ ਦੂਜੇ ਗਰੈਂਡ ਸਲੈਮ ’ਤੇ ਕਬਜ਼ਾ ਕੀਤਾ ਹੈ। ਵਿੰਬਲਡਨ ਗਰੈਂਡ ਸਲੈਮ ਟਾਈਟਲ ਜਿੱਤਣ ਤੋਂ ਪਹਿਲਾਂ ਸਿਮੋਨਾ ਹਾਲੇਪ ਨੇ ਸਾਲ-2018 ’ਚ ਫਰੈਂਚ ਓਪਨ ਦਾ ਟੈਨਿਸ ਖਿਤਾਬ ਜਿੱਤ ਕੇ ਆਪਣੀ ਝੋਲੀ ਪਾਇਆ ਸੀ। ਸਾਲ-2018 ’ਚ ਆਸਟਰੇਲੀਅਨ ਓਪਨ ਦਾ ਖਿਤਾਬੀ ਅਤੇ 2015 ਦੇ ਯੂਐਸ ਓਪਨ ਦਾ ਸੈਮੀਫਾਈਨਲ ਮੈਚ ਗਵਾਉਣ ਵਾਲੀ ਸਿਮੋਨਾ ਹਾਲੇਪ ਨੇ ਉਂਜ ਡਬਲਿਊਟੀਏ ਦੇ 19 ਸਿੰਗਲਜ਼ ਟਾਈਟਲ ਜਿੱਤਣ ਅਤੇ 17 ਡਬਲਿਓਟੀਏ ਦੇ ਸਿੰਗਲਜ਼ ’ਚ ਉਪ ਜੇਤੂ ਰਹਿਣ ਦਾ ਹੱਕ ਹਾਸਲ ਹੈ। ਸਿਮੋਨ ਹਾਲੇਪ 2013 ਦੇ ਇਕ ਸਾਲ ਕੈਲੰਡਰ ’ਚ ਡਬਲਿਊਟੀਏ ਦੇ 6 ਖਿਤਾਬ ਹਾਸਲ ਕਰ ਚੁੱਕੀ ਹੈ। ਸਿਮੋਨਾ ਤੋਂ ਪਹਿਲਾਂ ਜਰਮਨੀ ਦੀ ਸਟੈਫੀ ਗਰਾਫ ਨੂੰ 1986 ’ਚ ਇਕ ਸਾਲ ਕੈਲੰਡਰ ’ਚ 7 ਖਿਤਾਬ ਜਿੱਤਣ ਦਾ ਐਜਾਜ਼ ਹਾਸਲ ਹੈ। ਇਸ ਜਿੱਤ ਨਾਲ ਵਿੰਬਡਲਨ ਚੈਂਪੀਅਨ ਸਿਮੋਨਾ ਹਾਲੇਪ ਨੂੰ 20 ਕਰੋੜ ਦੀ ਇਨਾਮੀ ਰਕਮ ਅਤੇ ਉਪ ਜੇਤੂ ਸੇਰੇਨਾ ਵਿਲੀਅਮਜ਼ ਨੂੰ 10 ਕਰੋੜ ਰੁਪਏ ਮਿਲੇ ਹਨ।
ਮੌਜੂਦਾ ਵਿੰਬਲਡਨ ਟਾਈਟਲ ਹਾਰਨ ਤੋਂ ਪਹਿਲਾਂ ਸੇਰੇਨਾ ਵਿਲੀਅਮਜ਼ ਸਾਲ-2018 ’ਚ ਵੀ ਵਿੰਬਲਡਨ ਟੈਨਿਸ ਦਾ ਫਾਈਨਲ ਜਰਮਨੀ ਦੀ ਖਿਡਾਰਨ ਇੰਜੇਲਿਕ ਕੇਰਬਰ ਕੋਲੋਂ ਹਾਰ ਗਈ ਸੀ ਅਤੇ ਇਸੇ ਲੰਘੇ ਸਾਲ ਉਹ ਯੂਐੱਸ ਓਪਨ ਟੈਨਿਸ ਦਾ ਖਿਤਾਬੀ ਮੈਚ ਵੀ ਜਾਪਾਨ ਦੀ ਖਿਡਾਰਨ ਐਨ. ਓਸਾਕਾ ਤੋਂ 2-6 ਅਤੇ 4-6 ਦੇ ਸੈਟਾਂ ਨਾਲ ਹਾਰਨ ਕਰ ਕੇ ਉਪ ਜੇਤੂ ਬਣੀ ਸੀ। ਸੇਰੇਨਾ ਨੇ 2017 ’ਚ ਆਸਟਰੇਲੀਅਨ ਓਪਨ ਟੈਨਿਸ ਦਾ ਖਿਤਾਬ ਜਿੱਤਿਆ ਸੀ। ਇਸ ਖਿਤਾਬ ਤੋਂ ਬਾਅਦ ਸੇਰੇਨਾ ਕੋਈ ਵੀ ਗਰੈਂਡ ਸਲੈਮ ਜਿੱਤਣ ’ਚ ਨਾਕਾਮ ਸਿੱਧ ਹੋਈ ਹੈ। ਸੇਰੇਨਾ ਵਿਲੀਅਮਜ਼ ਵਲੋਂ ਪਿੱਛਲੇ 12 ਮਹੀਨਿਆਂ ’ਚ ਖੇਡੇ ਗਏ ਮੇਜਰ ਟੈਨਿਸ ਟੂਰਨਾਮੈਂਟਾਂ ’ਚ ਇਹ ਤੀਜੀ ਹਾਰ ਹੈ। ਹਾਲਾਂਕਿ ਵਿਸ਼ਵ ਟੈਨਿਸ ਰੈਂਕਿੰਗ ’ਚ 11ਵੇਂ ਪਾਏਦਾਨ ’ਤੇ ਬਿਰਾਜਮਾਨ ਸੇਰੇਨਾ ਵਿਲੀਅਮਜ਼ ਨੇ ਰੋਮਾਨੀਆ ਦੀ ਸਿਮੋਨਾ ਕੋਲੋਂ ਹਾਰਨ ਤੋਂ ਪਹਿਲਾਂ ਇਸ ਟੈਨਿਸ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ਖੇਡਣ ਦਾ ਸਫ਼ਰ ਤੈਅ ਕੀਤਾ ਸੀ। ਸਿਮੋਨਾ ਹਾਲੇਪ ਹੱਥੋਂ ਹੋਈ ਇਸ ਹਾਰ ਨਾਲ 23 ਗਰੈਂਡ ਸਲੈਮ ਜਿੱਤ ਚੁੱਕੀ ਸੇਰੇਨਾ ਵਿਲੀਅਮਜ਼ ਦਾ ਸਭ ਤੋਂ ਜ਼ਿਆਦਾ 24 ਗਰੈਂਡ ਸਲੈਮ ਜਿੱਤਣ ਵਾਲੀ ਮਾਰਗਰੇਟ ਕੋਰਟ ਦੀ ਬਰਾਬਰੀ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਹੈ।
ਸਾਲ-2016-18 ਤੱਕ ਟੈਨਿਸ ਕੋਚ ਡੈਰਨ ਚਿੱਲ ਤੋਂ ਸਿਖਲਾਈਯਾਫਤਾ ਅਤੇ ਜਨਵਰੀ-2019 ਤੋਂ ਨਵੇਂ ਟੈਨਿਸ ਉਸਤਾਦ ਡੇਨੀਅਲ ਡੋਬਰੇ ਤੋਂ ਟਰੇਨਿੰਗ ਹਾਸਲ ਕਰਨ ਵਾਲੀ ਸਿਮੋਨਾ ਹਾਲੇਪ ਦਾ ਜਨਮ 27 ਸਤੰਬਰ 1991 ’ਚ ਰੋਮਾਨੀਆ ਦੇ ਸ਼ਹਿਰ ਕੰਸਟੈਂਟਾ ’ਚ ਮਾਂ ਤਾਨੀਆ ਹਾਲੇਪ ਤੇ ਸਤੇਰੇ ਹਾਲੇਪ ਦੇ ਗ੍ਰਹਿ ਵਿਖੇ ਹੋਇਆ। ਹਾਲੇਪ ਸਿਮੋਨਾ ਦਾ ਪਿਤਾ ਸਤੇਰੇ ਰੋਮਾਨੀਆ ’ਚ ਪ੍ਰੋਫੈਸ਼ਨਲ ਲੀਗ ਖੇਡਣ ਵਾਲਾ ਫੁਟਬਾਲਰ ਸੀ। ਛੋਟੀ ਹੁੰਦਿਆਂ ਰੋਮਾਨੀਆ ਦੇ ਸਿਰਕੱਢ ਫੁਟਬਾਲਰ ਜੀ. ਹੈਗੀ ਨੂੰ ਖੇਡਦਿਆਂ ਦੇਖਣ ਸਦਕਾ ਸਿਮੋਨਾ ਹਾਲੇਪ ਉਸ ਦੀ ਖੇਡ ਤੋਂ ਵੀ ਬਹੁਤ ਪ੍ਰਵਾਭਿਤ ਸੀ। ਪਿਤਾ ਸਤੇਰੇ ਹਾਲੇਪ ਅਤੇ ਕੌਮਾਂਤਰੀ ਫੁਟਬਾਲ ਸਟਾਰ ਅਤੇ ਸਟਰਾਈਕਰ ਜੀ. ਹੈਗੀ ਦੀ ਖੇਡ ਦੀ ਦੀਵਾਨੀ ਸਿਮੋਨ ਹਾਲੇਪ ਵੀ ਫੁਟਬਾਲ ’ਚ ਕਰੀਅਰ ਬਣਾਉਣਾ ਚਾਹੁੰਦੀ ਸੀ। ਇਕ ਵਾਰ ਫੀਫਾ ਨੂੰ ਦਿੱਤੀ ਇਕ ਇੰਟਰਵਿਊ ’ਚ ਹਾਲੇਪ ਨੇ ਮੰਨਿਆ ਸੀ ਕਿ ਫੁਟਬਾਲ ਖੇਡਦੇ ਹੈਗੀ ਦੀ ਤਸਵੀਰ ਉਸ ਦੀ ਦਿਲ ’ਚ ਸਦਾ ਘੁੰਮਦੀ ਰਹਿੰਦੀ ਹੈ, ਜਿਸ ਕਰਕੇ ਉਸ ਦਾ ਮਨ ਵੀ ਫੁਟਬਾਲ ਖੇਡਣ ਨੂੰ ਕਰਦਾ ਹੈ। ਹੈਗੀ ਤੋਂ ਇਲਾਵਾ ਸਿਮੋਨਾ ਅਰਜਨਟੀਨੀ ਟੀਮ ਦੇ ਕੈਪਟਨ ਅਤੇ ਸਟਰਾਈਕਰ ਮੈਸੀ ਅਤੇ ਪੁਰਤਗਾਲੀ ਟੀਮ ਦੇ ਸੈਂਟਰ ਫਾਰਵਰਡ ਅਤੇ ਕਪਤਾਨ ਰੋਨਾਲਡੋ ਦੀ ਕਲਾਤਮਕ ਫੁਟਬਾਲ ਦੀ ਚਰਚਾ ਕਰਨਾ ਵੀ ਪਸੰਦ ਕਰਦੀ ਹੈ।
ਸੰਪਰਕ: 94171-82993


Comments Off on ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.