ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਵਿਰਾਸਤ ਨੂੰ ਸੰਭਾਲਣ ਵਾਲਾ ਬੁੱਤਘਾੜਾ

Posted On July - 20 - 2019

ਉਜਾਗਰ ਸਿੰਘ

ਜਦੋਂ ਇਨਸਾਨ ਨੂੰ ਕੋਈ ਸ਼ੌਕ ਜਨੂੰਨ ਦੀ ਹੱਦ ਤਕ ਹੋਵੇ ਤਾਂ ਉਸਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਰਹਿੰਦੀ। ਅਜਿਹੀ ਹੀ ਸ਼ਖ਼ਸੀਅਤ ਹੈ ਮਨਜੀਤ ਸਿੰਘ ਗਿੱਲ। ਜ਼ਿਲ੍ਹਾ ਮੋਗਾ ਦੇ ਪਿੰਡ ਘਲ ਕਲਾਂ ਵਿਚ ਬੁੱਤਤਰਾਸ਼ ਮਨਜੀਤ ਸਿੰਘ ਗਿੱਲ ਨੇ ਭਾਰਤ ਦੀਆਂ ਇਤਿਹਾਸਕ ਤੇ ਵਿਰਾਸਤੀ ਘਟਨਾਵਾਂ, ਕਿਰਦਾਰਾਂ ਅਤੇ ਮਹੱਤਵਪੂਰਨ ਵਿਅਕਤੀਆਂ ਦੇ ਬੁੱਤ ਬਣਾਕੇ ‘ਮਹਾਨ ਦੇਸ਼ ਭਗਤ’ ਨਾਂ ਦੀ ਪਾਰਕ ਵਿਚ ਸਥਾਪਤ ਕੀਤੇ ਹਨ। ਇਹ ਪਾਰਕ ਉਸਨੇ ਆਪਣੀ ਇਕ ਏਕੜ ਜ਼ਮੀਨ ਵਿਚ ਸਥਾਪਤ ਕੀਤੀ ਹੈ। ਰੋਜ਼ਾਨਾ ਵੱਡੀ ਸੰਖਿਆ ਵਿਚ ਲੋਕ ਇਸ ਪਾਰਕ ਨੂੰ ਵੇਖਣ ਲਈ ਆਉਂਦੇ ਹਨ। ਇਹ ਪਾਰਕ ਮੋਗਾ ਕੋਟਕਪੂਰਾ ਸੜਕ ’ਤੇ ਹੈ।
ਮਨਜੀਤ ਸਿੰਘ ਗਿੱਲ ਅਤੇ ਉਸਦਾ ਭਰਾ ਸੁਰਜੀਤ ਸਿੰਘ ਗਿੱਲ ਦੋਵੇਂ ਬੁੱਤਤਰਾਸ਼ ਹਨ। ਮਨਜੀਤ ਸਿੰਘ ਨੂੰ ਬਚਪਨ ਤੋਂ ਹੀ ਕਲਾਕ੍ਰਿਤੀਆਂ ਵਿਚ ਦਿਲਚਸਪੀ ਸੀ। ਬਚਪਨ ਵਿਚ ਜਦੋਂ ਉਹ ਮਿੱਟੀ ਦੇ ਘਰ ਬਣਾ ਕੇ ਖੇਡਦਾ ਸੀ ਤਾਂ ਉਸ ਅੰਦਰਲਾ ਕਲਾਕਾਰ ਉਸਨੂੰ ਕੁਰੇਦਦਾ ਰਹਿੰਦਾ ਸੀ। ਮਿੱਟੀ ਨਾਲ ਖੇਡਦਾ ਹੀ ਉਹ ਮਿੱਟੀ ਦੀਆਂ ਮੂਰਤੀਆਂ ਬਣਾਉਣ ਲੱਗਾ। ਉਸਦੀ ਇਸ ਕਲਾ ਦਾ ਪ੍ਰਗਟਾਵਾ 1982 ਦੀਆਂ ਏਸ਼ੀਆਈ ਖੇਡਾਂ ਮੌਕੇ ਹੋਇਆ ਜਦੋਂ ਅਖ਼ਬਾਰਾਂ ਵਿਚ ਖੇਡਾਂ ਦੇ ਚਿੰਨ੍ਹ ‘ਅੱਪੂ ਹਾਥੀ’ ਦੀਆਂ ਤਸਵੀਰਾਂ ਆਉਣ ਲੱਗੀਆਂ। ਉਦੋਂ ਮਨਜੀਤ ਸਿੰਘ ਨੇ ਮਿੱਟੀ ਦਾ ‘ਅੱਪੂ ਹਾਥੀ’ ਬਣਾਇਆ ਤਾਂ ਸਕੂਲ ਮੁਖੀ ਦਲੀਪ ਸਿੰਘ ਭੁਪਾਲ ਨੇ ਉਸਦੀ ਕਲਾ ਦੀ ਪਛਾਣ ਕਰਦਿਆਂ ਪ੍ਰਸੰਸਾ ਕੀਤੀ। ਉਦੋਂ ਉਹ ਸਿਰਫ਼ 11 ਸਾਲ ਦਾ ਸੀ। ਉਸ ਦਿਨ ਤੋਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਉਸਨੂੰ ਬੁੱਤ ਤਰਾਸ਼ੀ ’ਤੇ ਹੱਥ ਅਜਮਾਉਣਾ ਚਾਹੀਦਾ ਹੈ। ਉਸਦੇ ਸ਼ੌਕ ਨੂੰ ਬੂਰ ਉਦੋਂ ਪਿਆ ਜਦੋਂ 20 ਸਾਲ ਦੀ ਉਮਰ ਵਿਚ ਉਸਨੇ ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਗੁਰਭਜਨ ਗਿੱਲ ਦੇ ਕਹਿਣ ’ਤੇ ਪ੍ਰੋ. ਮੋਹਨ ਸਿੰਘ ਦਾ ਬੁੱਤ ਬਣਾਇਆ। ਉਹ ਬੁੱਤ ਆਰਤੀ ਚੌਕ ਲੁਧਿਆਣਾ ਵਿਚ ਲਗਾਇਆ ਗਿਆ। ਜਦੋਂ 1991 ਵਿਚ ਉਸ ਬੁੱਤ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਉਦੋਂ ਦੇ ਰਾਜਪਾਲ ਸੁਰਿੰਦਰ ਨਾਥ ਆਏ ਤਾਂ ਉਹ ਮਨਜੀਤ ਸਿੰਘ ਗਿੱਲ ਵੱਲੋਂ ਇਹ ਬੁੱਤ ਬਣਾਉਣ ਤੋਂ ਪ੍ਰਭਾਵਿਤ ਹੋ ਗਏ। ਉਨ੍ਹਾਂ ਉਸਨੂੰ ਗੌਰਮਿੰਟ ਕਾਲਜ ਆਫ ਫਾਈਨ ਆਰਟ, ਚੰਡੀਗੜ੍ਹ ਤੋਂ ਪੇਸ਼ੇਵਰ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਸਦੀ ਕਲਾ ਨੂੰ ਸਹੀ ਸੇਧ ਮਿਲ ਸਕੇ। ਇਸ ਪੜ੍ਹਾਈ ਲਈ ਰਾਜਪਾਲ ਨੇ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਕੀਤੀ। ਉਸਨੇ ਫਿਰ ਗੌਰਮਿੰਟ ਕਾਲਜ ਆਫ ਫਾਈਨ ਆਰਟ, ਚੰਡੀਗੜ੍ਹ ਤੋਂ 1997 ਵਿਚ ਆਰਟ ਦੀ ਗ੍ਰੈਜੂਏਸ਼ਨ ਅਤੇ 2009 ਵਿਚ ਮਾਸਟਰ ਆਫ ਫਾਈਨ ਆਰਟ ਬੁੱਤਤਰਾਸ਼ੀ ਪਾਸ ਕੀਤੀ। ਪੰਜਾਬ ਸਰਕਾਰ ਨੇ ਉਸਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਨੂੰ ਬੁੱਤਤਰਾਸ਼ੀ ਰਾਹੀਂ ਜਿਉਂਦੀ ਰੱਖਣ ਲਈ ਪਾਏ ਯੋਗਦਾਨ ਦੀ ਕਦਰ ਕਰਦਿਆਂ ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਵਿਚ ਭਰਤੀ ਕਰ ਲਿਆ। ਫਿਰ ਉਸਨੂੰ ਚੀਫ ਵਿਜੀਲੈਂਸ ਅਧਿਕਾਰੀ ਲਗਾ ਦਿੱਤਾ।
ਫਿਰ ਉਸਨੇ ਮਹਿਸੂਸ ਕੀਤਾ ਕਿ ਉਸਦੀ ਬੁੱਤਤਰਾਸ਼ੀ ਦੀ ਕਲਾ ਉਸਦੇ ਅਧਿਕਾਰੀ ਰਹਿੰਦਿਆਂ ਇਤਿਹਾਸਕ ਵਿਰਾਸਤ ਵਿਚ ਵਡਮੁੱਲਾ ਯੋਗਦਾਨ ਨਹੀਂ ਪਾ ਸਕੇਗੀ। ਉਸਨੇ ਆਪਣੇ ਸ਼ੌਕ ਦੀ ਪੂਰਤੀ ਲਈ ਇਸ ਨੌਕਰੀ ਤੋਂ ਅਸਤੀਫਾ ਦੇ ਕੇ ਆਪਣੇ ਪਿੰਡ ਵਿਚ ਹੀ ਬੁੱਤਤਰਾਸ਼ੀ ਦਾ ਕੰਮ ਸ਼ੁਰੂ ਕਰ ਲਿਆ। ਉਸਨੇ ਪਹਿਲਾਂ ਕਲੇਅ ਮਾਡਲਿੰਗ ਕਰਨੀ ਸ਼ੁਰੂ ਕੀਤੀ। ਉਸ ਵਿਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਫਾਈਬਰ ਦੇ ਬੁੱਤ ਬਣਾਉਣੇ ਸ਼ੁਰੂ ਕੀਤੇ। ਨੌਕਰੀ ਛੱਡਣ ਤੋਂ ਬਾਅਦ ਦੋਵਾਂ ਭਰਾਵਾਂ ਨੇ 50 ਤੋਂ ਵੱਧ ਬੁੱਤ ਬਣਾ ਕੇ ਪਾਰਕ ਵਿਚ ਸਥਾਪਤ ਕਰ ਦਿੱਤੇ। ਇਨ੍ਹਾਂ ਵਿਚ ਦੇਸ਼ ਭਗਤ, ਸਿਆਸਤਦਾਨ, ਕਵੀ, ਗਾਇਕ ਆਦਿ ਸ਼ਾਮਲ ਹਨ।
ਮਨਜੀਤ ਸਿੰਘ ਵੱਲੋਂ ਬਣਾਏ ਗਏ ਬੁੱਤ ਸੰਸਾਰ ਅਤੇ ਦੇਸ਼ ਵਿਚ ਕਈ ਮਹੱਤਵਪੂਰਨ ਸਥਾਨਾਂ ’ਤੇ ਲਗਾਏ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਅਤੇ ਪਹਿਲੀ ਸੰਸਾਰ ਜੰਗ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬਹਾਦਰ ਜਵਾਨਾਂ ਦੇ ਦੋ ਬੁੱਤ ਇੰਗਲੈਂਡ ਦੇ ਡਰਬੀ ਅਜਾਇਬ ਘਰ ਵਿਚ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਇਕ ਗੁਰੂ ਘਰ ਵਿਚ ਜਿਹੜੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਸਾਰਿਆਂ ਦੇ ਬੁੱਤ ਲਗਾਏ ਗਏ ਹਨ। ਮਲੇਸ਼ੀਆ ਵਿਚ ਮਚਪ ਗੁਰੂ ਘਰ ਵਿਚ ਸਾਂਈਂ ਮੀਆਂ ਮੀਰ ਦਾ ਬੁੱਤ ਲਗਾਇਆ ਗਿਆ ਹੈ। ਨੁਸਰਤ ਫਤਿਹ ਅਲੀ ਖ਼ਾਂ ਦੇ ਬੁੱਤ ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚ ਲਗਾਏ ਗਏ ਹਨ। ਉਸਨੇ ਪੰਜਾਬੀ ਸੱਭਿਆਚਾਰ ਦੀ ਪੁਰਾਤਨ ਵਿਰਾਸਤ ਨੂੰ ਦਰਸਾਉਂਦੇ ਬੁੱਤ ਵੀ ਬਣਾਏ ਹਨ। ਹੋਟਲਾਂ ਅਤੇ ਮਹੱਤਵਪੂਰਨ ਢਾਬਿਆਂ ਵਿਚ ਉਸ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਵਜੋਂ ਬਣਾਏ ਹੋਏ ਬੁੱਤ ਲਗਾਏ ਗਏ ਹਨ।

ਸੰਪਰਕ: 94178-13072


Comments Off on ਵਿਰਾਸਤ ਨੂੰ ਸੰਭਾਲਣ ਵਾਲਾ ਬੁੱਤਘਾੜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.