ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਵਾਤਾਵਰਨ ਤੇ ਟਰੰਪ

Posted On July - 11 - 2019

ਸਾਲ 2016 ਵਿਚ ਵਾਤਾਵਰਨ ਬਾਰੇ ਮਸ਼ਹੂਰ ਸੰਧੀ ‘ਪੈਰਿਸ ਐਗਰੀਮੈਂਟ’ ਉੱਤੇ 196 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਸਤਾਖ਼ਰ ਕੀਤੇ। ਇਸ ਸੰਧੀ ਦਾ ਮਕਸਦ ਦੁਨੀਆ ਦੇ ਵਾਤਾਵਰਨ ਵਿਚ ਆ ਰਹੀਆਂ ਨਾਕਾਰਾਤਮਕ ਤਬਦੀਲੀਆਂ, ਜਿਨ੍ਹਾਂ ਨਾਲ ਤਪਸ਼ ਵਧਦੀ ਜਾ ਰਹੀ ਹੈ, ਦੇ ਵਿਰੁੱਧ ਅਸਰਦਾਰ ਕਦਮ ਚੁੱਕਣਾ ਹੈ। ਵਾਤਾਵਰਨ ਦੇ ਮਸਲਿਆਂ ਨਾਲ ਸਬੰਧਤ ਮਾਹਿਰਾਂ ਅਨੁਸਾਰ ਇਹ ਤਪਸ਼ ਗਰੀਨ ਹਾਊਸ ਗੈਸਾਂ ਤੇ ਕਾਰਬਨ-ਡਾਇਆਕਸਾਈਡ ਗੈਸ ਦੀ ਵਧਦੀ ਹੋਈ ਉਪਜ ਕਾਰਨ ਵਧ ਰਹੀ ਹੈ ਅਤੇ ਜੇਕਰ ਇਨ੍ਹਾਂ ਗੈਸਾਂ ਦੀ ਉਪਜ ’ਤੇ ਕਾਬੂ ਨਾ ਪਾਇਆ ਗਿਆ ਤਾਂ ਵਾਤਾਵਰਨ ਵਿਚ ਵੱਡੀਆਂ ਤਬਦੀਲੀਆਂ ਆਉਣਗੀਆਂ ਜੋ ਲੋਕਾਂ ਦੇ ਜੀਵਨ ’ਤੇ ਮਾਰੂ ਅਸਰ ਪਾਉਣਗੀਆਂ। ਇਸ ਮਾਮਲੇ ਵਿਚ ਉੱਤਰੀ ਯੂਰੋਪ ਦੇ ਦੇਸ਼ ਵੱਡੇ ਕਦਮ ਚੁੱਕ ਰਹੇ ਹਨ। ਉਦਾਹਰਨ ਦੇ ਤੌਰ ’ਤੇ ਨਾਰਵੇ 2025 ਤਕ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ’ਤੇ ਪਾਬੰਦੀ ਲਾ ਦੇਵੇਗਾ। ਫਰਾਂਸ ਦਾ ਕਹਿਣਾ ਹੈ ਕਿ ਉਹ ਇਸ ਨਿਸ਼ਾਨੇ ਤਕ 2040 ਵਿਚ ਪਹੁੰਚੇਗਾ। ਹਾਲੈਂਡ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਹੁਣ ਹਵਾ ਤੋਂ ਪੈਦਾ ਕੀਤੀ ਊਰਜਾ ਨਾਲ ਚੱਲਦੀਆਂ ਹਨ।
ਇਸ ਅਹਿਦਨਾਮੇ ਅਨੁਸਾਰ ਜ਼ਹਿਰੀਲੀਆਂ ਗੈਸਾਂ ਦੀ ਉਪਜ ਨੂੰ ਵੀਹ ਫ਼ੀਸਦੀ ਘਟਾਇਆ ਜਾਏਗਾ ਅਤੇ ਸੂਰਜ, ਹਵਾ ਆਦਿ ਤੋਂ ਬਣਾਈ ਜਾਣ ਵਾਲੀ ਬਿਜਲੀ/ਊਰਜਾ ਨੂੰ ਵੀ ਵੀਹ ਫ਼ੀਸਦੀ ਵਧਾਇਆ ਜਾਏਗਾ। ਇਸੇ ਤਰ੍ਹਾਂ ਕਾਰਖ਼ਾਨਿਆਂ, ਮਸ਼ੀਨਾਂ, ਵਾਹਨਾਂ, ਰੇਲਗੱਡੀਆਂ ਤੇ ਹੋਰ ਊਰਜਾ ਖਪਾਉਣ ਵਾਲੀਆਂ ਮਸ਼ੀਨਾਂ ਵਿਚ ਸੁਧਾਰ ਕਰਕੇ ਵੀਹ ਫ਼ੀਸਦੀ ਊਰਜਾ ਬਚਾਈ ਜਾਏਗੀ। ਇਨ੍ਹਾਂ ਨਿਸ਼ਾਨਿਆਂ ਨੂੰ 20/20/20 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ ਵਿਚ ਵੱਖ ਵੱਖ ਦੇਸ਼ਾਂ ਵੱਲੋਂ ਕਾਰਬਨ-ਡਾਇਆਕਸਾਈਡ ਗੈਸ ਦੀ ਉਪਜ ਘਟਾਉਣ ਦੇ ਨਿਸ਼ਾਨੇ ਵੀ ਮਿੱਥੇ ਗਏ ਹਨ। ਇਸ ਅਨੁਸਾਰ ਚੀਨ ਇਹ ਉਪਜ 29.4 ਫ਼ੀਸਦੀ, ਭਾਰਤ 6.8 ਫ਼ੀਸਦੀ ਅਤੇ ਅਮਰੀਕਾ 14.3 ਫ਼ੀਸਦੀ ਘਟਾਏਗਾ। ਇਸ ਤੋਂ ਪਹਿਲਾਂ 1992 ਵਿਚ ਇਸੇ ਤਰ੍ਹਾਂ ਦੀ ਪਹਿਲਕਦਮੀ ਕਿਓਟੋ ਸਮਝੌਤੇ ਅਧੀਨ ਕੀਤੀ ਗਈ ਸੀ ਅਤੇ ਉਸ ਵਿਚ ਮਿੱਥੇ ਗਏ ਨਿਸ਼ਾਨਿਆਂ ’ਤੇ ਪਹੁੰਚਣਾ ਹਰ ਦੇਸ਼ ਵਾਸਤੇ ਜ਼ਰੂਰੀ ਸੀ। ਪੈਰਿਸ ਅਹਿਦਨਾਮੇ ਅਨੁਸਾਰ ਸਾਰੇ ਦੇਸ਼ਾਂ ਉੱਤੇ ਵਾਤਾਵਰਨ ਸੁਧਾਰਨ ਵਾਸਤੇ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਉਨ੍ਹਾਂ ਦੇਸ਼ਾਂ ਦੀ ਸਵੈ-ਇੱਛਾ ਉੱਤੇ ਨਿਰਭਰ ਕਰਦੀਆਂ ਹਨ।
2017 ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਰਿਸ ਅਹਿਦਨਾਮੇ ਤੋਂ ਹੱਥ ਖਿੱਚਣ ਦੇ ਸੰਕੇਤ ਦਿੱਤੇ ਸਨ। ਉਸ ਦੇ ਅਨੁਸਾਰ ਇਹ ਅਹਿਦਨਾਮਾ ਅਮਰੀਕਾ ਦੇ ਅਰਥਚਾਰੇ ਦੇ ਹਿੱਤ ਵਿਚ ਨਹੀਂ। ਅਹਿਦਨਾਮੇ ਦੀ ਧਾਰਾ 28 ਅਨੁਸਾਰ ਅਮਰੀਕਾ 2020 ਤੋਂ ਪਹਿਲਾਂ ਇਸ ਸਮਝੌਤੇ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਉਦੋਂ ਤਕ ਉਸ ਨੂੰ ਸਬੰਧਤ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਹੁਣੇ ਹੁਣੇ ਦਿੱਤੇ ਇਕ ਬਿਆਨ ਵਿਚ ਡੋਨਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਦੱਸਦਿਆਂ ਬਾਰਾਕ ਓਬਾਮਾ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਇਸ ਸਮਝੌਤੇ ’ਤੇ ਹਸਤਾਖ਼ਰ ਕਰਕੇ ਅਮਰੀਕਾ ਨੂੰ ਨੁਕਸਾਨ ਪਹੁੰਚਾਇਆ। ਟਰੰਪ ਅਨੁਸਾਰ ਇਹ ਸਮਝੌਤਾ ਵੱਧ ਪ੍ਰਦੂਸ਼ਣ ਕਰਨ ਵਾਲੇ ਚੀਨ ਤੇ ਭਾਰਤ ਦੇ ਹਿੱਤਾਂ ਦੀ ਪੈਰਵੀ ਕਰਦਾ ਹੈ। ਜਦੋਂ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਇਸ ਸਮਝੌਤੇ ਨੂੰ ਸਵੀਕਾਰ ਕੀਤਾ ਸੀ ਤਾਂ ਸਾਰਿਆਂ ਨੇ ਇਸ ਦੀ ਤਾਰੀਫ਼ ਕੀਤੀ ਸੀ। ਟਰੰਪ ਦੀ ਵਜ਼ਾਰਤ ਵਿਚ ਵੀ ਬਹੁਤ ਸਾਰੇ ਸਲਾਹਕਾਰ ਅਮਰੀਕਾ ਵੱਲੋਂ ਇਸ ਸਮਝੌਤੇ ਦਾ ਪਾਲਣ ਕਰਨ ਦੇ ਹੱਕ ਵਿਚ ਸਨ/ਹਨ ਪਰ ਟਰੰਪ ਇਸ ਸਮਝੌਤੇ ਨੂੰ ਅਮਰੀਕਨ ਉਦਯੋਗਪਤੀਆਂ ਤੇ ਕਾਮਿਆਂ ਦੇ ਵਿਰੁੱਧ ਦੱਸਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਘਟਾਇਆ ਜਾਂਦਾ ਹੈ ਅਤੇ ਜਲਵਾਯੂ ਵਿਚ ਸੁਧਾਰ ਕਰਨ ਲਈ ਕੁਝ ਹੋਰ ਕਦਮ ਚੁੱਕੇ ਜਾਂਦੇ ਹਨ ਤਾਂ ਇਸ ਦਾ ਅਰਥਚਾਰੇ ਦੇ ਕੁਝ ਹਿੱਸਿਆਂ ’ਤੇ ਅਸਰ ਪਵੇਗਾ ਪਰ ਇਸ ਸਾਰੇ ਵਰਤਾਰੇ ਨੂੰ ਮਨੁੱਖਤਾ ਦੇ ਸਾਂਝੇ ਭਵਿੱਖ ਦੇ ਪ੍ਰਸੰਗ ਵਿਚ ਵੇਖਣ ਤੇ ਸਮਝਣ ਦੀ ਜ਼ਰੂਰਤ ਹੈ। ਬਹੁਤ ਸਾਰੇ ਦੇਸ਼ ਜਲਵਾਯੂ ਵਿਚ ਸੁਧਾਰ ਕਰਨ ਲਈ ਲੋੜੀਂਦੇ ਕਦਮ ਚੁੱਕਣ ਵਾਸਤੇ ਪ੍ਰਤੀਬੱਧ ਹਨ। ਇਸ ਸਬੰਧ ਵਿਚ ਡੋਨਲਡ ਟਰੰਪ ਦੇ ਵਿਚਾਰ ਗ਼ੈਰ-ਜ਼ਿੰਮੇਵਾਰਾਨਾ ਹਨ ਤੇ ਇਨ੍ਹਾਂ ਸਾਰਿਆਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਟਰੰਪ ਦੀਆਂ ਅਜਿਹੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ।


Comments Off on ਵਾਤਾਵਰਨ ਤੇ ਟਰੰਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.