ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਲੋਪ ਹੋ ਰਹੀ ਨਕਲਾਂ ਦੀ ਕਲਾ

Posted On July - 27 - 2019

ਪ੍ਰੋ. ਬੇਅੰਤ ਸਿੰਘ ਬਾਜਵਾ
ਨਕਲਾਂ ਪੰਜਾਬੀ ਸੱਭਿਆਚਾਰ ਵਿਚ ਲੋਕ ਨਾਟਕਾਂ ਦੀ ਅਜਿਹੀ ਨਾਟਕੀ ਵਿਧਾ ਹੈ ਜਿਸ ਨੂੰ ਰੀਸ ਕਰਨਾ ਜਾਂ ਨਕਲ ਲਾਉਣਾ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ਇਸ ਕਲਾ ਨੂੰ ਭੰਡ ਵੀ ਆਖਦੇ ਹਨ। ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲੀਏ ਕਿਹਾ ਜਾਂਦਾ ਹੈ। ਮਰਾਸੀ ਅਤੇ ਭੰਡ ਦੋ ਖ਼ਾਸ ਜਾਤਾਂ ਹਨ। ਮਰਾਸੀ ਜਿਸ ਨੂੰ ਲੋੜ ਤੋਂ ਵੱਧ ਗੱਲ ਔੜ ਦੀ ਹੋਵੇ। ਇਸ ਦੇ ਲਫ਼ਜ਼ੀ ਅਰਥ ਹਨ ਮੀਰਾਸ, ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ। ਪੁਰਾਤਨ ਸਮਿਆਂ ਵਿਚ ਮਰਾਸੀ ਆਪਣੇ ਜਜ਼ਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿਚ ਜੋੜ ਕੇ ਪੜ੍ਹਦੇ ਸਨ ਤੇ ਇਨਾਮ ਪ੍ਰਾਪਤ ਕਰਦੇ ਸਨ। ਭੰਡ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ। ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਗ਼ੈਰ ਆਰੀਅਨ ਭਾਰਤ ਜਾਤੀ ਵਿਚੋਂ ਸਨ ਅਤੇ ਪੰਜਾਬ ਦੇ ਵਸਨੀਕ ਸਨ। ਜਦੋਂ ਉਨ੍ਹਾਂ ਦੀ ਨਾਟਕੀ ਕਲਾ ਆਰੀਆ ਨੇ ਆਪਣਾ ਕੇ ਇਨ੍ਹਾਂ ਨੂੰ ਘਟੀਆ ਸ਼ੂਦਰ ਕਹਿ ਕੇ ਇਨ੍ਹਾਂ ਦਾ ਨਿਰਾਦਰ ਕੀਤਾ ਤਾਂ ਇਨ੍ਹਾਂ ਨੇ ਉੱਚ ਜਾਤੀਆਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਨਿਰਾਦਰ ਦਾ ਬਦਲਾ ਲਿਆ ਜਾ ਸਕੇ। ਇਹੀ ਬਾਅਦ ਵਿਚ ਨਕਲਾਂ ਅਖਵਾਈਆਂ।
ਨਕਲਾਂ ਦੀ ਕਲਾ ਚੁਸਤ ਵਾਰਤਾਲਾਪ, ਹਾਜ਼ਰ ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸੰਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ। ਨਕਲਾਂ ਅੱਗੇ ਦੀ ਅੱਗੇ ਉਸਤਾਦੀ-ਸ਼ਾਗਿਰਦੀ ਨਾਲ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆ ਰਹੀਆਂ ਹਨ। ਕੁਝ ਖੋਜਾਰਥੀਆਂ ਨੇ ਇਨ੍ਹਾਂ ਨੂੰ ਕਲਮਬੱਧ ਵੀ ਕੀਤਾ ਹੈ। ਲਿਖਤੀ ਰੂਪ ਵਿਚ ਆ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿਚ ਹੀ ਕਿਰਿਆਸ਼ੀਲ ਰਹਿੰਦੀਆਂ ਹਨ। ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਨ੍ਹਾਂ ਦੀ ਸਾਰਥਿਕਤਾ ਵੀ ਘੱਟ ਵੱਧ ਹੁੰਦੀ ਰਹਿੰਦੀ ਹੈ। ਸਮੇਂ ਦੇ ਬਦਲਣ ਨਾਲ ਪੁਰਾਤਨ ਨਕਲਾਂ ਵਿਚ ਕਾਫ਼ੀ ਫੇਰ ਬਦਲ ਹੋ ਗਿਆ। ਪੁਰਾਣੀਆਂ ਨਕਲਾਂ ਦੀ ਥਾਂ ਨਵੀਆਂ ਨਕਲਾਂ ਨੇ ਲੈ ਲਈ। ਇਹ ਸਾਰਾ ਕੁਝ ਆਪਣੇ ਆਪ ਹੀ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ।
ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ ’ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਰੀਸਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ। ਰੂਪਕ ਤੌਰ ’ਤੇ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ : ਨਿੱਕੀਆਂ ਨਕਲਾਂ ਅਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ। ਜਿਨ੍ਹਾਂ ਵਿਚੋਂ ਇਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ। ਜਿਸ ’ਤੇ ਹਾਸਾ ਪੈਦਾ ਹੁੰਦਾ ਹੈ। ਇਸ ਦੀ ਇਕ ਝਾਕੀ ’ਚ ਹਾਸਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤਕ ਦਾ ਹੁੰਦਾ ਹੈ। ਇਸ ਦੀ ਸ਼ੁਰੂਆਤ ਸਾਧਾਰਨ ਗੱਲਬਾਤ ਤੋਂ ਹੁੰਦੀ ਹੈ। ਵਿਚਕਾਰ ਲਟਕਾਊ ਤੇ ਅੰਤ ਪਟਾਕੇ ਵਾਂਗ ਫੁੱਟਦਾ ਹੈ।

ਪ੍ਰੋ. ਬੇਅੰਤ ਸਿੰਘ ਬਾਜਵਾ

ਨਿੱਕੀਆਂ ਨਕਲਾਂ ਨੂੰ ਜਿੱਥੇ ਦੋ ਹੀ ਕਲਾਕਾਰ ਖੇਡਦੇ ਹਨ। ਉੱਥੇ ਲੰਮੀ ਨਕਲ ਖੇਡਣ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ। ਇਸ ਵਿਚ ਦਸ ਤੋਂ ਪੰਦਰਾਂ ਦੇ ਕਰੀਬ ਪਾਤਰ ਹੁੰਦੇ ਹਨ। ਲੰਮੀ ਨਕਲ ਵਿਚ ਘਟਨਾ ਜਾਂ ਕਹਾਣੀ ਨੂੰ ਵੱਖ ਵੱਖ ਝਾਕੀਆਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਮਾਂ ਤਿੰਨ ਘੰਟੇ ਤਕ ਹੋ ਸਕਦਾ ਹੈ। ਇਸ ਰਾਹੀਂ ਥਾਂ ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਜਾਂਦੇ ਹਨ। ਲੰਮੀਆਂ ਨਕਲਾਂ ਦੇ ਸਾਰੇ ਪਾਤਰਾਂ ਵਿਚੋਂ ਦੋ ਮਹੱਤਵਪੂਰਨ ਪਾਤਰ ਹੁੰਦੇ ਹਨ। ਜਿਨ੍ਹਾਂ ਵਿਚੋਂ ਇਕ ਰੰਗਾ ਹੁੰਦਾ ਹੈ ਤੇ ਦੂਜਾ ਬਿਗਲਾ। ਰੰਗਾ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ। ਰੰਗਾ ਲੰਮੀ ਨਕਲ ਦਾ ਇਕ ਪ੍ਰਕਾਰ ਦਾ ਨਿਰਦੇਸ਼ਕ ਹੁੰਦਾ ਹੈ। ਜਿਸ ਦੇ ਹੱਥ ਵਿਚ ਚਮੋਟਾ ਹੁੰਦਾ ਹੈ। ਬਹੁਤ ਸਿਆਣਾ ਨਕਲੀਆ ਰੰਗੇ ਦਾ ਕਿਰਦਾਰ ਨਿਭਾਉਂਦਾ ਹੈ। ਬਿਗਲਾ ਨਕਲਾਂ ਦਾ ਮਖੌਲੀਆ ਪਾਤਰ ਹੁੰਦਾ ਹੈ। ਜਿਸ ਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਤਰਾਂ ਨੂੰ ਔਰਤਾਂ ਵੀ ਬਣਨਾ ਪੈਂਦਾ ਹੈ।
ਨਕਲਾਂ ਵਿਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਦਰਸ਼ਕ ਚੱਲਦੀਆਂ ਨਕਲਾਂ ਵਿਚ ਆਪਣੀ ਵੀ ਕੋਈ ਗੱਲ ਆਖ ਸਕਦੇ ਹਨ। ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਨ੍ਹਾਂ ਦੇ ਆਲੇ ਦੁਆਲੇ ਜੁੜਨੇ ਸ਼ੁਰੂ ਹੋ ਜਾਂਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ ਪਸਾਰੀ ਹੁੰਦੀ ਹੈ। ਨਕਲਾਂ ਦੇ ਪ੍ਰੋਗਰਾਮ ਦੌਰਾਨ ਜਦੋਂ ਮਨ ਚਾਹੇ ਦਰਸ਼ਕ ਉਨ੍ਹਾਂ ਨੂੰ ਪੈਸੇ ਦੇ ਸਕਦੇ ਹਨ ਜਿਸ ਨੂੰ ‘ਵੇਲ’ ਕਿਹਾ ਜਾਂਦਾ ਹੈ। ਪੈਸੇ ਮਿਲਣ ’ਤੇ ਨਕਲੀਏ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿਚ ਵੇਲ ਕਰਦੇ ਹਨ। ਜੇਕਰ ਦਰਸ਼ਕ ਵੇਲ ਕਿਸੇ ਮਨਮਰਜ਼ੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸ ਨੂੰ ਕੋਲ ਵੀ ਸੱਦ ਲੈਂਦੇ ਹਨ ਜਾਂ ਮੰਚ ’ਤੇ ਵੀ ਜਾ ਸਕਦੇ ਹਨ। ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ। ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿਚ ਲੋਕਾਂ ਲਈ ਹੁੰਦੀ ਹੈ।
ਨਕਲਾਂ ਖੇਡਣ ਲਈ ਤਿੰਨ ਤਰ੍ਹਾਂ ਦਾ ਪਿੜ ਵਰਤਿਆ ਜਾਂਦਾ ਹੈ। ਘੱਗਰੀ, ਤੀਰ ਕਮਾਨੀ ਤੇ ਦਰੱਖਤ ਵਾਲਾ ਥੜ੍ਹਾ। ਜਦੋਂ ਨਕਲੀਏ ਇਕ ਥਾਂ ਖੜ੍ਹ ਕੇ ਨਕਲਾਂ ਕਰਨ ਤੇ ਦਰਸ਼ਕ ਉਨ੍ਹਾਂ ਦੇ ਚਾਰ ਚੁਫੇਰੇ ਗੋਲ ਘੇਰਾ ਬਣਾ ਲੈਣ ਤਾਂ ਉਸ ਪਿੜ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ। ਜਦੋਂ ਪਿਛਲੇ ਪਾਸੇ ਕਿਸੇ ਮਕਾਨ ਜਾਂ ਦੀਵਾਰ ਦਾ ਆਸਰਾ ਮਿਲ ਜਾਵੇ ਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਇਹ ਤੀਰ ਕਮਾਨੀ ਪਿੜ ਹੁੰਦਾ ਹੈ। ਕਦੇ ਕਦੇ ਕਿਸੇ ਦਰੱਖਤ ਹੇਠਾਂ ਬਣਿਆ ਥੜ੍ਹਾ ਵੀ ਨਕਲਾਂ ਕਰਨ ਲਈ ਵਰਤ ਲਿਆ ਜਾਂਦਾ ਹੈ। ਨਕਲੀਏ ਮੁੰਡਾ ਜੰਮਣ, ਵਿਆਹਾਂ ਆਦਿ ’ਤੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅਜੋਕੇ ਸਮੇਂ ਵਿਚ ਵੀ ਕਿਸੇ ਖ਼ਾਸ ਸਮਾਗਮ ’ਤੇ ਇਨ੍ਹਾਂ ਨੂੰ ਸਾਈ ਦੇ ਕੇ ਸੱਦਿਆ ਜਾਂਦਾ ਹੈ। ਆਧੁਨਿਕ ਸਮੇਂ ਵਿਚ ਮਨੋਰੰਜਨ ਦੇ ਅਨੇਕਾਂ ਸਾਧਨ ਆ ਗਏ ਹਨ। ਜਿਸ ਕਾਰਨ ਨਕਲਾਂ ਦੀ ਕਲਾ ਪੰਜਾਬ ਵਿਚੋਂ ਲੋਪ ਹੁੰਦੀ ਜਾ ਰਹੀ ਹੈ। ਨਕਲੀਆਂ ਦੀ ਨਵੀਂ ਪੀੜ੍ਹੀ ਹੁਣ ਇਹ ਕੰਮ ਨਹੀਂ ਕਰਦੀ।
ਸੰਪਰਕ: 70878-00168


Comments Off on ਲੋਪ ਹੋ ਰਹੀ ਨਕਲਾਂ ਦੀ ਕਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.