ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

Posted On July - 13 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ਨੂੰ ਜ਼ਿਲ੍ਹਾ ਲਾਹੌਰ ਦੇ ਪਿੰਡ ਰਾਇਵਿੰਡ ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ ਹੋਈ। ਮੀਨਾ ਹੁਰੀਂ ਚਾਰ ਭੈਣ-ਭਰਾ ਸਨ। ਵਾਲਿਦ ਬਰਕਤ ਅਲੀ ਨੇ ਬੇਹੱਦ ਗ਼ਰੀਬੀ ਦੇ ਚੱਲਦਿਆਂ ਲਾਹੌਰ ਵਿਚ ਰੰਗਾਈ ਦਾ ਕਿੱਤਾ ਸ਼ੁਰੂ ਕੀਤਾ, ਪਰ ਸਫਲ ਨਾ ਹੋ ਸਕਿਆ।
ਮੀਨਾ ਜਦੋਂ 12 ਸਾਲਾਂ ਦੀ ਹੋਈ ਤਾਂ ਵੱਡੀ ਭੈਣ ਵਜ਼ੀਰ ਬੇਗ਼ਮ ਦਾ ਨਿਕਾਹ ਬੰਬਈ ਦੇ ਅਸਲਮ ਨਾਲ ਹੋ ਗਿਆ। ਘਰ ਦੇ ਹਾਲਾਤ ਬਿਹਤਰ ਨਾ ਹੋਣ ਕਰਕੇ ਮੀਨਾ ਆਪਣੀ ਵੱਡੀ ਭੈਣ ਕੋਲ ਬੰਬੇ ਚਲੀ ਗਈ। ਮੀਨਾ ਦੇ ਭਣੌਈਏ ਦੀ ਫ਼ਿਲਮੀ ਲੋਕਾਂ ਨਾਲ ਚੰਗੀ ਪਛਾਣ ਸੀ। ਓਧਰ ਮੀਨਾ ਨੂੰ ਵੀ ਫ਼ਿਲਮਾਂ ’ਚ ਕੰਮ ਕਰਨ ਦਾ ਬੇਹੱਦ ਸ਼ੌਕ ਸੀ। ਇਕ ਵਾਰ ਅਸਲਮ ਹਿਦਾਇਤਕਾਰ ਸੋਹਰਾਬ ਦੀ ਫ਼ਿਲਮ ‘ਸਿਕੰਦਰ’ ਦੀ ਸ਼ੂਟਿੰਗ ਵੇਖਣ ਜਾ ਰਿਹਾ ਸੀ ਤਾਂ ਜ਼ਿੱਦ ਕਰਕੇ ਮੀਨਾ ਵੀ ਨਾਲ ਟੁਰ ਪਈ। ਜਦੋਂ ਮੀਨਾ ਸਟੂਡੀਓ ਪਹੁੰਚੀ ਤਾਂ ਸੋਹਰਾਬ ਮੋਦੀ ਇਸ ਪੰਜਾਬਣ ਮੁਟਿਆਰ ਦੀ ਸੋਹਣੀ ਦਿੱਖ ਤੋਂ ਬੜਾ ਮੁਤਾਸਿਰ ਹੋਇਆ। ਉਸ ਵੇਲੇ ਮੋਦੀ ਆਪਣੀ ਫ਼ਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਵਿਚ ਸੀ। ਉਨ੍ਹਾਂ ਨੇ ਮੀਨਾ ਨੂੰ ਆਪਣੀ ਫ਼ਿਲਮ ਲਈ ਚੁਣ ਲਿਆ।
ਇਸ ਤਰ੍ਹਾਂ ਮੀਨਾ ਦੀ ਪਹਿਲੀ ਤਾਰੀਖ਼ੀ ਫ਼ਿਲਮ ਸੋਹਰਾਬ ਮੋਦੀ ਨਿਰਦੇਸ਼ਿਤ ਮਿਨਰਵਾ ਮੂਵੀਟੋਨ, ਬੰਬਈ ਦੀ ‘ਸਿਕੰਦਰ’ (1941) ਸੀ, ਜਿਸ ਵਿਚ ਸੋਹਰਾਬ ਮੋਦੀ ਨੇ ਮੀਨਾ ਨੂੰ ਨਵੀਂ ਹੀਰੋਇਨ ਵਜੋਂ ਪੇਸ਼ ਕੀਤਾ। ਮੀਨਾ ਨੇ ਫ਼ਿਲਮ ’ਚ ਰਾਜਾ ਅੰਬੀ (ਕੇ. ਐੱਨ. ਸਿੰਘ) ਦੀ ਛੋਟੀ ਭੈਣ ‘ਪ੍ਰਾਰਥਨਾ’ ਦਾ ਕਿਰਦਾਰ ਅਦਾ ਕੀਤਾ। ਇਹ ਫ਼ਿਲਮ ਸੁਪਰਹਿੱਟ ਹੋਈ ਤੇ ਮੀਨਾ ਨੂੰ 3 ਹੋਰ ਫ਼ਿਲਮਾਂ ਲਈ ਸਾਇਨ ਕਰ ਲਿਆ। ਉਸਦੀ ਦੂਜੀ ਫ਼ਿਲਮ ਵੀ ਮਿਨਰਵਾ ਮੂਵੀਟੋਨ ਦੀ ਸੋਹਰਾਬ ਮੋਦੀ ਨਿਰਦੇਸ਼ਿਤ ‘ਫਿਰ ਮਿਲੇਂਗੇ’ (1942) ਸੀ। ਤੀਸਰੀ ਤਾਰੀਖ਼ੀ ਫ਼ਿਲਮ ਮਿਨਰਵਾ ਮੂਵੀਟੋਨ ਦੀ ‘ਪ੍ਰਿਥਵੀ ਵੱਲਭ’ (1943) ਸੀ। ਫ਼ਿਲਮ ’ਚ ਉਸਨੇ ‘ਵਿਲਾਸਪਤੀ ਦਾ ਕਿਰਦਾਰ ਨਿਭਾਇਆ। ਮੀਨਾ ਦੀ ਚੌਥੀ ਫ਼ਿਲਮ ਵੀ ਮਿਨਰਵਾ ਦੀ ‘ਪੱਥਰੋਂ ਕਾ ਸੌਦਾਗਰ’ (1944) ਸੀ, ਜਿਸ ’ਚ ਮੀਨਾ, ਅਲ-ਨਾਸਿਰ ਦੀ ਜੋੜੀ ਇਕ ਵਾਰ ਫਿਰ ਪਰਦੇ ’ਤੇ ਸੀ। ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਆਰਸੀ’ (1947) ’ਚ ਉਸਨੇ ‘ਆਰਸੀ’ ਦਾ ਤੇ ਅਲ-ਨਾਸਿਰ ਨੇ ‘ਰਮੇਸ਼’ ਦਾ ਪਾਰਟ ਨਿਭਾਇਆ। ਜੀਵਨ ਜਯੋਤ ਕਲਾ ਮੰਦਰ, ਬੰਬਈ ਦੀ ਫ਼ਿਲਮ ‘ਦੁਖਿਯਾਰੀ’ (1948) ਅਦਾਕਾਰ ਸੁਰਿੰਦਰ ਨਾਥ ਨਾਲ ਆਈ ਜੋ 8 ਅਕਤੂਬਰ 1948 ਨੂੰ ਕ੍ਰਿਸ਼ਨਾ ਸਿਨਮਾ, ਬੰਬਈ ਵਿਖੇ ਰਿਲੀਜ਼ ਹੋਈ।
ਆਜ਼ਾਦ ਹਿੰਦੋਸਤਾਨ ਵਿਚ ਤਾਮੀਰਸ਼ੁਦਾ ਮੀਨਾ ਸ਼ੋਰੀ ਦੀ ਪਹਿਲੀ ਪੰਜਾਬੀ ਫ਼ਿਲਮ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ‘ਚਮਨ’ (1948) ਸੀ। ਫ਼ਿਲਮ ਵਿਚ ਮੀਨਾ ਸ਼ੋਰੀ ਨੇ ‘ਸ਼ਾਂਤੀ’ ਦਾ, ਜਿਸ ਦੇ ਰੂਬਰੂ ਕਰਨ ਦੀਵਾਨ ‘ਡਾ. ਚਮਨ’ ਦਾ ਕਿਰਦਾਰ ਨਿਭਾ ਰਿਹਾ ਸੀ। ਫ਼ਿਲਮ ਦੇ ਮੁਕਾਲਮੇ ਅਤੇ ਗੀਤ ਅਜ਼ੀਜ਼ ਕਸ਼ਮੀਰੀ ਤੇ ਮੌਸੀਕੀ ਵਿਨੋਦ ਨੇ ਮੁਰੱਤਿਬ ਕੀਤੀ। ਮੀਨਾ ਸ਼ੋਰੀ ’ਤੇ ਫ਼ਿਲਮਾਏ ਮਸ਼ਹੂਰ ਗੀਤ ‘ਨਿੱਕੀ ਜਿੰਨੀ ਗੱਲੋਂ ਲਾਡੋ ਰਾਣੀ ਰੁੱਸ ਗਈ’ (ਪੁਸ਼ਪਾ ਚੋਪੜਾ, ਪ੍ਰੇਮ ਲਤਾ), ‘ਰਾਹੇ-ਰਾਹੇ ਜਾਂਦਿਆ ਅੱਖੀਆਂ ਮਿਲਾਂਦਿਆ’, ‘ਗਲੀਆਂ ’ਚ ਫਿਰਦੇ ਢੋਲਾ ਨਿੱਕੇ-ਨਿੱਕੇ ਬਾਲ ਵੇ’, ‘ਨਾ ਮੈਂ ਸੋਹਣੀ…ਅਸਾਂ ਬੇਕਦਰਾਂ ਨਾਲ ਲਾਈਆਂ’ (ਪੁਸ਼ਪਾ ਚੋਪੜਾ) ਕਾਫ਼ੀ ਮਕਬੂਲ ਹੋਏ। ਦੋ ਗੀਤ ਮੀਨਾ ਤੇ ਸੁਰੱਈਆ ਚੌਧਰੀ ’ਤੇ ਫ਼ਿਲਮਾਏ ‘ਜਦੋਂ ਨਰਮ ਕਾਲਜਾ ਧੜਕੇ ਨੀਂ’ (ਮੀਨਾ ਸ਼ੋਰੀ, ਪ੍ਰੇਮ ਲਤਾ), ‘ਲੋਕੀਂ ਕਹਿੰਦੇ ਦੀਵਾਰਾਂ ਨੂੰ ਕੰਨ ਹੁੰਦੇ’ (ਪ੍ਰੇਮ ਲਤਾ) ਆਦਿ ਵੀ ਬੇਹੱਦ ਮਕਬੂਲ ਹੋਏੇ। ਇਹ ਫ਼ਿਲਮ 6 ਅਗਸਤ 1948 ਨੂੰ ਰਤਨ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ ਅਤੇ ਬਲਾਕਬਸਟਰ ਫ਼ਿਲਮ ਕਰਾਰ ਪਾਈ। ਮੀਨਾ ਦੀ ਦੂਜੀ ਪੰਜਾਬੀ ਫ਼ਿਲਮ ਰਾਜ ਰੰਗ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ‘ਮਦਾਰੀ’ (1950) ਸੀ। ਉਸਨੇ ਫ਼ਿਲਮ ’ਚ ‘ਰਾਣੀ’ ਦਾ ਅਤੇ ਸੁਰੇਸ਼ ‘ਰਾਜ’ ਦਾ ਪਾਰਟ ਨਿਭਾ ਰਿਹਾ ਸੀ। ਕਹਾਣੀ, ਗੀਤ, ਮੁਕਾਲਮੇ ਅਜ਼ੀਜ਼ ਕਸ਼ਮੀਰੀ ਅਤੇ ਮੌਸੀਕੀ ਉਸਤਾਦ ਅੱਲ੍ਹਾ ਰੱਖਾ ਕੁਰੈਸ਼ੀ ਨੇ ਤਰਤੀਬ ਕੀਤੀ। ਮੀਨਾ ਸ਼ੋਰੀ ਤੇ ਸੁਰੇਸ਼ ’ਤੇ ਫ਼ਿਲਮਾਏ ‘ਰੱਸੀ ਉੱਤੇ ਟੰਗਿਆ ਦੁਪੱਟਾ ਮੇਰਾ ਡੋਲਦਾ’, ‘ਪੁੱਛ ਮੇਰਾ ਹਾਲ ਕਦੇ ਆ ਕੇ ਮੇਰੇ ਹਾਣੀਆ’, ‘ਕਦੇ ਉੱਠ ਉੱਠ ਬਾਂਹ ਕਦੇ ਬਹਿ-ਬਹਿ ਰਾਂਹ’ (ਸੁਰਿੰਦਰ ਕੌਰ, ਆਸ਼ਾ ਭੋਸਲੇ, ਜੀ. ਐੱਮ. ਦੁਰਾਨੀ), ‘ਅਸਾਂ ਤੱਕਿਆ ਮਾਹੀ ਨੂੰ ਪਹਿਲੀ ਵਾਰ’ (ਲਤਾ ਮੰਗੇਸ਼ਕਰ) ਆਦਿ ਗੀਤ ਜ਼ੁਬਾਨਜ਼ਦ ਹੋਏ। ਇਹ ਫ਼ਿਲਮ 13 ਅਪਰੈਲ, 1950 ਨੂੰ ਰਿਆਲਟੋ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।

ਮਨਦੀਪ ਸਿੰਘ ਸਿੱਧੂ

ਸ਼ੋਰੀ ਪਿਕਚਰਜ਼, ਬੰਬਈ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਤੇ ਬਲਾਕਬਸਟਰ ਹਿੰਦੀ ਫ਼ਿਲਮ ‘ਏਕ ਥੀ ਲੜਕੀ’ (1949) ’ਚ ਮੀਨਾ ਸ਼ੋਰੀ ਨੇ ਮੋਤੀ ਲਾਲ ਦੇ ਸਨਮੁੱਖ ‘ਮੀਨਾ’ ਦਾ ਕਿਰਦਾਰ ਨਿਭਾਇਆ। ਇਸ ਵਿਚ ਮੀਨਾ ਤੇ ਸਾਥੀਆਂ ’ਤੇ ਫ਼ਿਲਮਾਇਆ ਮਜ਼ਾਹੀਆ ਗੀਤ ‘ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦਾ ਅੱਡੀ ਟੱਪਾ-ਅੱਡੀ ਟੱਪਾ ਲਾਈ ਰੱਖਦਾ’ (ਲਤਾ, ਦੁਰਾਨੀ, ਰਫ਼ੀ) ਐਨਾ ਮਕਬੂਲ ਹੋਇਆ ਕਿ ਮੀਨਾ ਦੇ ਨਾਮ ਨਾਲ ਪੱਕੇ ਤੌਰ ’ਤੇ ‘ਲਾਰਾ ਲੱਪਾ ਗਰਲ’ ਮਨਸੂਬ ਹੋ ਗਿਆ।
ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬਈ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਅਨਮੋਲ ਰਤਨ’ (1950) ’ਚ ਉਸਨੇ ਕਰਨ ਦੀਵਾਨ ਨਾਲ ਅਦਾਕਾਰੀ ਕੀਤੀ। ਸ਼ੋਰੀ ਫ਼ਿਲਮਜ਼, ਬੰਬਈ ‘ਢੋਲਕ’ (1950) ’ਚ ਮੀਨਾ (ਰੂਪ ਸ਼ੋਰੀ ਨਾਲ ਵਿਆਹ ਤੋਂ ਬਾਅਦ) ਨੇ ਮੀਨਾ ਸ਼ੋਰੀ ਦੇ ਨਾਮ ਨਾਲ ਅਜੀਤ ਨਾਲ ‘ਮੋਨਾ’ ਦਾ ਪਾਰਟ ਅਦਾ ਕੀਤਾ। ਹੁਣ ਮੀਨਾ ਸ਼ੋਰੀ ਨੰਬਰ ਵਨ ਅਦਾਕਾਰਾ ਸੀ ਅਤੇ ਹਰ ਫ਼ਿਲਮਸਾਜ਼ ਦੀ ਪਹਿਲੀ ਪਸੰਦ। ਸ਼ੋਰੀ ਫ਼ਿਲਮਜ਼ ਦੀ ਹੀ ‘ਏਕ ਦੋ ਤੀਨ’ (1953) ’ਚ ਉਸਨੇ ‘ਰੋਮਾ’ ਦਾ ਕਿਰਦਾਰ ਨਿਭਾਇਆ। ਵਿਨੋਦ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਤੇ ਮੀਨਾ ਸ਼ੋਰੀ ’ਤੇ ਫ਼ਿਲਮਾਇਆ ਪੰਜਾਬੀ ਮਜ਼ਾਹੀਆ ਗੀਤ ‘ਚੱਲ ਮੇਰੀ ਗੱਡੀਏ ਤੂੰ ਛੁੱਕ-ਛੁੱਕ’ (ਆਸ਼ਾ ਭੋਸਲੇ, ਦੁਰਾਨੀ, ਰਫ਼ੀ) ਵੀ ਬੜਾ ਹਿੱਟ ਹੋਇਆ। ਕਾਮਧੇਨੂੰ ਫ਼ਿਲਮ, ਬੰਬਈ ਦੀ ਮਜ਼ਾਹੀਆ ਫ਼ਿਲਮ ‘ਸ੍ਰੀ ਨਕਦ ਨਾਰਾਯਣ’ (1955) ਵਿਚ ਮੀਨਾ ਤੇ ਮੋਤੀ ਲਾਲ ਦੀ ਜੋੜੀ ਨੇ ਫ਼ਿਲਮਬੀਨਾਂ ਨੂੰ ਖ਼ੂਬ ਹਸਾਇਆ। ਜੀ. ਪੀ. ਸਿੱਪੀ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਸ੍ਰੀਮਤੀ 420’ (1956) ਜੌਨੀ ਵਾਕਰ ਨਾਲ ਕਰਨ ਤੋਂ ਬਾਅਦ ਮੀਨਾ ਸ਼ੋਰੀ ਨੇ ‘ਆਵਾਰਾ ਸ਼ਹਿਜ਼ਾਦੀ’ (1956) ਅਤੇ ‘ਚੰਦੂ’ (1958) ਅਦਾਕਾਰ ਦਲਜੀਤ ਨਾਲ ਕੀਤੀਆਂ। ਹਿੰਦੋਸਤਾਨ ਵਿਚ ਮੀਨਾ ਦੀ ਆਖ਼ਰੀ ਹਿੰਦੀ ਫ਼ਿਲਮ ਅੱਛੇ ਸਾਹਬ ਨਿਰਦੇਸ਼ਿਤ ‘ਰੰਗ ਰਲੀਆਂ’ (1962) ਸੀ।
1956 ਵਿਚ ਪਾਕਿਸਤਾਨੀ ਫ਼ਿਲਮਾਂ ਦੇ ਫ਼ਿਲਮਸਾਜ਼ ਜੇ. ਸੀ. ਆਨੰਦ ਨੇ ਮੀਨਾ ਸ਼ੋਰੀ ਤੇ ਰੂਪ ਕੇ. ਸ਼ੋਰੀ ਨੂੰ ਉਰਦੂ ਫ਼ਿਲਮ ਬਣਾਉਣ ਲਈ ਪਾਕਿਸਤਾਨ ਸੱਦਿਆ। ਜੇ. ਸੀ. ਆਨੰਦ ਦੀ ਫ਼ਿਲਮਸਾਜ਼ੀ ਤੇ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ’ਚ ਬਣੀ ਫ਼ਿਲਮ ‘ਮਿਸ 420’ (1956) ’ਚ ਮੀਨਾ ਸ਼ੋਰੀ ਨੇ ਸੰਤੋਸ਼ ਕੁਮਾਰ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਇਸ ਦੌਰਾਨ ਉਹ ਪੱਕੇ ਤੌਰ ’ਤੇ ਪਾਕਿਸਤਾਨ ਵੱਸ ਗਈ ਅਤੇ ਪਤੀ ਰੂਪ ਕੇ. ਸ਼ੋਰੀ ਭਾਰਤ ਪਰਤ ਆਏ। ਇਸ ਦੌਰਾਨ ਉਹ ਲਕਸ ਸਾਬਣ ਦੀ ਮਸ਼ਹੂਰੀ ਕਰਨ ਵਾਲੀ ਪਾਕਿਸਤਾਨ ਦੀ ਪਹਿਲੀ ਜਨਾਨਾ ਮਾਡਲ ਬਣੀ ਅਤੇ ਉਸਨੂੰ ‘ਲਕਸ ਲੇਡੀ ਆਫ ਪਾਕਿਸਤਾਨ’ ਦਾ ਖ਼ਿਤਾਬ ਮਿਲਿਆ। ਪਾਕਿਸਤਾਨ ’ਚ ਰਹਿੰਦਿਆਂ ਮੀਨਾ ਨੇ ਕੁਝ ਭਾਰਤੀ ਫ਼ਿਲਮਾਂ ਵੀ ਕੀਤੀਆਂ।
ਉਸਨੇ ਹਿੰਦੋਸਤਾਨ ਵਿਚ 26 ਹਿੰਦੀ ਅਤੇ 2 ਪੰਜਾਬੀ ਫ਼ਿਲਮਾਂ ਕੀਤੀਆਂ। ਉਸਨੇ ਪਾਕਿਸਤਾਨ ਵਿਚ 31 ਪੰਜਾਬੀ ਅਤੇ 39 ਉਰਦੂ ਫ਼ਿਲਮਾਂ ’ਚ ਯਾਦਗਾਰੀ ਕਿਰਦਾਰ ਅਦਾ ਕੀਤੇ। ਉਹ ਫ਼ਿਲਮੀ ਦੁਨੀਆਂ ਦੀ ਵਾਹਿਦ ਅਦਾਕਾਰਾ ਸੀ ਜੋ ਆਪਣੀ ਨਿੱਜੀ ਜ਼ਿੰਦਗੀ ਵਿਚ 5 ਫ਼ਿਲਮ ਹਸਤੀਆਂ ਦੀ ਸ਼ਰੀਕ-ਏ-ਹਯਾਤ ਰਹਿ ਚੁੱਕੀ ਹੈ। ਉਸਦੇ ਪਹਿਲੇ ਸ਼ੌਹਰ ਅਦਾਕਾਰ, ਫ਼ਿਲਮਸਾਜ਼ ਜ਼ਹੂਰ ਰਾਜਾ (1941), ਦੂਸਰੇ ਅਲ-ਨਾਸਿਰ (1943) ਤੀਸਰੇ ਫ਼ਿਲਮਸਾਜ਼ ਰੂਪ ਕੇ. ਸ਼ੋਰੀ (1950-1956), ਚੌਥੇ ਅਦਾਕਾਰ ਰਜ਼ਾ ਮੀਰ ਅਤੇ ਪੰਜਵੇਂ ਅਦਾਕਾਰ ਸ਼ੌਹਰ ਅਸਦ ਬੁਖਾਰੀ (1962) ਸਨ। ਓੜਕ ਕਿਸੇ ਨਾਲ ਉਸਦਾ ਪਿਆਰ ਪ੍ਰਵਾਨ ਨਾ ਚੜ੍ਹ ਸਕਿਆ। ਆਖ਼ਰੀ ਵਕਤ ਮੀਨਾ ਸ਼ੋਰੀ ਤੰਗਦਸਤੀ ਨਾਲ ਜੂਝਦੀ ਹੋਈ ਲਾਹੌਰ ਦੇ ਮੋਹਨੀ ਰੋਡ ਦੇ ਇਕ ਕਮਰੇ ਵਿਚ ਗੁਜ਼ਰ-ਬਸਰ ਕਰਦੀ ਰਹੀ। ਉਸ ਕੋਲ ਜਮਾਂ ਪੂੰਜੀ ਨਹੀਂ ਸੀ ਤੇ ਕਦੇ ਕਲਾ ਪ੍ਰੀਸ਼ਦ ਅਤੇ ਕਦੇ ਰੋਟਰੀ ਕਲੱਬ ਉਸਦਾ ਖ਼ਰਚਾ ਅਦਾ ਕਰਦਾ ਰਿਹਾ। ਉਸਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ। ਆਪਣੇ ਦੌਰ ਦੀ ਇੰਤਹਾਈ ਮਕਬੂਲ ਅਦਾਕਾਰਾ 9 ਫਰਵਰੀ 1989 ਨੂੰ 68 ਸਾਲਾਂ ਦੀ ਉਮਰੇ ਲਾਹੌਰ ’ਚ ਇੰਤਕਾਲ ਫਰਮਾ ਗਈ। ਉਸਨੂੰ ਸਪੁਰਦ-ਏ-ਖ਼ਾਕ ਵੀ ਚੈਰਿਟੀ ਧਨ ਰਾਹੀਂ ਕੀਤਾ ਗਿਆ ਸੀ।

ਸੰਪਰਕ: 97805-09545


Comments Off on ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.