ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਲਾਇਬ੍ਰੇਰੀਆਂ ਦੀ ਹਾਲਤ

Posted On July - 11 - 2019

ਸੋਸ਼ਲ ਮੀਡੀਆ ਦੇ ਯੁੱਗ ਵਿਚ ਕਿਤਾਬਾਂ ਤੋਂ ਮੂੰਹ ਮੋੜਦੀ ਜਾਂਦੀ ਨੌਜਵਾਨ ਪੀੜ੍ਹੀ ਦੀ ਗੱਲ ਆਮ ਹੁੰਦੀ ਹੈ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਕਿਤਾਬਾਂ ਤੱਕ ਉਨ੍ਹਾਂ ਦੀ ਪਹੁੰਚ ਸੀਮਤ ਹੁੰਦੀ ਜਾ ਰਹੀ ਹੈ ਤੇ ਸਰਕਾਰ ਇਸ ਬਾਰੇ ਗੰਭੀਰ ਨਹੀਂ। ਪਟਿਆਲਾ ਦੀ ਸੈਂਟਰਲ ਸਟੇਟ ਲਾਇਬਰੇਰੀ ਅੰਦਰ ਭਾਵੇਂ ਗਿਆਨ ਦਾ ਵਡਮੁੱਲਾ ਖਜ਼ਾਨਾ ਪਿਆ ਹੈ ਪਰ ਸਰਕਾਰੀ ਬੇਰੁਖ਼ੀ ਕਾਰਨ ਇਸ ਦੀ ਹਾਲਤ ਚਿੰਤਾਜਨਕ ਹੈ। 2017-18 ਵਿਚ ਸਰਕਾਰ ਬਣਦਿਆਂ ਹੀ ਪਲੇਠੇ ਬਜਟ ਵਿਚ ਮੌਜੂਦਾ ਸਰਕਾਰ ਨੇ ਇਸ ਲਾਇਬ੍ਰੇਰੀ ਲਈ ਪੰਜ ਕਰੋੜ ਰੁਪਏ ਰੱਖੇ ਸਨ ਪਰ ਢਾਈ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਸਰਕਾਰ ਨੇ ਪੈਸਾ ਜਾਰੀ ਨਹੀਂ ਕੀਤਾ। ਜੁਲਾਈ 1956 ਵਿਚ ਲੋਕਾਂ ਲਈ ਖੋਲ੍ਹੀ ਗਈ ਇਹ ਲਾਇਬ੍ਰੇਰੀ ਦਾ ਨਾਮ ਪੰਜਾਬ ਦੇ ਮਹਾਨ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਜੋ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ, ਦੇ ਨਾਂ ’ਤੇ ਰੱਖਿਆ ਗਿਆ। ਸਰਕਾਰ ਦੀ ਨਜ਼ਰ ਸਵੱਲੀ ਨਾ ਰਹਿਣ ਕਰਕੇ ਪਿਛਲੇ ਗਿਆਰਾਂ ਸਾਲਾਂ ਤੋਂ ਰਾਜਾ ਰਾਮ ਮੋਹਨ ਰਾਏ ਫਾਊਂਡੇਸ਼ਨ ਕਲਕੱਤਾ ਤੋਂ ਮਿਲਦੀ 30 ਲੱਖ ਰੁਪਏ ਦੀ ਗ੍ਰਾਂਟ ਵੀ ਬੰਦ ਹੋ ਗਈ ਹੈ।
ਕੇਵਲ ਸੈਂਟਰਲ ਸਟੇਟ ਲਾਈਬ੍ਰੇਰੀ ਦੀ ਹਾਲਤ ਹੀ ਖ਼ਰਾਬ ਨਹੀਂ, ਸਗੋਂ ਪੰਜਾਬ ਦੀਆਂ ਸਾਰੀਆਂ ਲਾਇਬ੍ਰੇਰੀਆਂ ਹੀ ਖ਼ਸਤਾ ਹਾਲਤ ਵਿਚ ਹਨ। ਸੂਬੇ ਵਿਚ 14 ਜ਼੍ਹਿਲਾ ਅਤੇ 48 ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਸਮੇਤ 62 ਲਾਇਬ੍ਰੇਰੀਆਂ ਹਨ। ਸਟਾਫ਼ ਦੀ ਕਮੀ ਕਰਕੇ ਇਨ੍ਹਾਂ ਦੇ ਰੋਜ਼ਾਨਾ ਖੁੱਲ੍ਹੇ ਰਹਿਣ ਦੀ ਗਰੰਟੀ ਵੀ ਨਹੀਂ ਕਿਉਂਕਿ 1998 ਤੋਂ ਬਾਅਦ ਸਟਾਫ਼ ਦੀ ਭਰਤੀ ਨਹੀਂ ਕੀਤੀ ਗਈ। ਕਈ ਸਾਲਾਂ ਤੋਂ ਨਵੀਆਂ ਪੁਸਤਕਾਂ ਨਹੀਂ ਖ਼ਰੀਦੀਆਂ ਗਈਆਂ। ਪੰਜਾਬ ਟੈਕਸਟ ਬੁੱਕ ਬੋਰਡ ਦਾ ਵਜੂਦ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ। ਭਾਸ਼ਾ ਵਿਭਾਗ ਵੀ ਇਕ ਤਰ੍ਹਾਂ ਨਾਲ ਮੁਸ਼ਕਿਲ ਨਾਲ ਡੰਗ ਟਪਾਈ ਕਰ ਰਿਹਾ ਹੈ। ਲਾਇਬ੍ਰੇਰੀਆਂ ਅਤੇ ਸਾਹਿਤ ਵਾਲੇ ਪਾਸੇ ਪ੍ਰੇਰਨ ਲਈ ਠੋਸ ਉਪਰਾਲੇ ਨਾ ਹੋਣਾ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਸੰਕਟ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ।
ਲਾਇਬ੍ਰੇਰੀਆਂ ਦੇ ਮਾਮਲੇ ਵਿਚ ਪੰਜਾਬ ਸ਼ਾਇਦ ਸਭ ਤੋਂ ਪਿੱਛੇ ਹੈ। ਗੁਆਂਢੀ ਰਾਜ ਹਰਿਆਣਾ ਸਮੇਤ 21 ਸੂਬੇ ਲਾਇਬ੍ਰੇਰੀ ਕਾਨੂੰਨ ਲਾਗੂ ਕਰ ਚੁੱਕੇ ਹਨ। ਪੰਜਾਬ ਨੇ ਵੀ ਪੰਜਾਬ ਪਬਲਿਕ ਲਾਇਬ੍ਰੇਰੀ ਅਤੇ ਇਨਫਰਮੇਸ਼ਨ ਬਿਲ 2011 ਦਾ ਮਸੌਦਾ ਤਿਆਰ ਕਰ ਲਿਆ ਸੀ। ਇਸ ਸਬੰਧੀ ਲੇਖਕ ਸਭਾਵਾਂ ਦੇ ਵਿਚਾਰ ਵੀ ਲਏ ਗਏ ਸਨ। ਪੰਜਾਬ ਦੀਆਂ ਬਦਲਦੀਆਂ ਰਹੀਆਂ ਸਰਕਾਰਾਂ ਕੋਲ ਇਸ ਬਿਲ ਨੂੰ ਕਾਨੂੰਨ ਦਾ ਰੂਪ ਦੇ ਕੇ ਇਸ ਨੂੰ ਲਾਗੂ ਕਰਨ ਦੀ ਵਿਹਲ ਨਹੀਂ। ਆਪਣੇ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਦੇਣਾ ਹਰ ਵਧੀਆ ਸਰਕਾਰ ਦੀ ਪ੍ਰਤੀਬੱਧਤਾ ਹੁੰਦੀ ਹੈ ਪਰ ਇਸ ਵਿਚਾਰ ਨੂੰ ਪੰਜਾਬ ਵਿਚ ਲੰਮੇ ਸਮੇਂ ਤੋਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਦੂਰਅੰਦੇਸ਼ ਸਿਆਸਤਦਾਨਾਂ ਤੇ ਪ੍ਰਬੰਧਕਾਂ ਦੀ ਘਾਟ ਰੜਕਦੀ ਹੈ। ਏਸੇ ਲਈ ਲੋਕ ਡਾ. ਐੱਮਐੱਸ ਰੰਧਾਵਾ ਨੂੰ ਦੁਬਾਰਾ ਦੁਬਾਰਾ ਯਾਦ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਪੰਜਾਬ ਤੇ ਪੰਜਾਬੀ ਸਭਿਅਚਾਰ ਬਾਰੇ ਡੂੰਘੀ ਸਮਝ ਵਾਲੀ ਦੂਰ-ਦ੍ਰਿਸ਼ਟੀ ਸੀ। ਪੰਜਾਬ ਦੇ ਚੰਗੇ ਭਵਿੱਖ ਲਈ ਕਿਤਾਬਾਂ ਨਾਲ ਜੁੜਨ ਵਾਲੇ ਸਭਿਆਚਾਰ ਦੀ ਜ਼ਰੂਰਤ ਹੈ ਤੇ ਇਸ ਲਈ ਸਰਕਾਰ ਨੂੰ ਪੁਰਾਣੀਆਂ ਲਾਇਬ੍ਰੇਰੀਆਂ ਨੂੰ ਚਾਲੂ ਰੱਖਣ ਤੇ ਨਵੀਆਂ ਲਾਇਬ੍ਰੇਰੀਆਂ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।


Comments Off on ਲਾਇਬ੍ਰੇਰੀਆਂ ਦੀ ਹਾਲਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.