ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਲਹਿੰਦੇ ਪੰਜਾਬ ਵਿਚ ਚੜ੍ਹਦੇ ਪੰਜਾਬ ਦਾ ਬਾਲ ਸਾਹਿਤ

Posted On July - 28 - 2019

ਦਰਸ਼ਨ ਸਿੰਘ ‘ਆਸ਼ਟ’ (ਡਾ.)

ਲਹਿੰਦੇ ਪੰਜਾਬ ’ਚ ਲਿਪੀਅੰਤਰ ਹੋ ਕੇ ਛਪੀਆਂ ਪੰਜਾਬੀ ਪੁਸਤਕਾਂ

ਪੰਜਾਬੀ ਇਕ ਕਦੀਮੀ ਜ਼ੁਬਾਨ ਹੈ। ਸਮੇਂ ਸਮੇਂ ’ਤੇ ਇਸ ਉਪਰ ਵਿਰੋਧੀ ਸ਼ਕਤੀਆਂ ਦੇ ਹਮਲੇ ਹੁੰਦੇ ਆਏ ਹਨ ਜੋ ਵਰਤਮਾਨ ਦੌਰ ਵਿਚ ਵੀ ਜਾਰੀ ਹਨ। 1947 ਵਿਚ ਭਾਰਤ ਪਾਕਿ ਦੀ ਤਕਸੀਮ ਵੇਲੇ ਬੋਲੀ ਨੂੰ ਢਾਹ ਲਾਉਣ ਦੀਆਂ ਫਿਰ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਨੂੰ ਫ਼ਿਰਕੂ ਤੁਅੱਸਬ ਦੀਆਂ ਵਲਗਣਾਂ ਵਿਚ ਘੇਰਿਆ ਜਾਣ ਲੱਗਾ। ਚੜ੍ਹਦੇ ਪੰਜਾਬ ਵਿਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਲਈ ਵਰਤੀ ਜਾਣ ਵਾਲੀ ਲਿਪੀ ਨੂੰ ਸਿੱਖ ਪੰਜਾਬੀ ਅਤੇ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਲਈ ਵਰਤੀ ਜਾਣ ਵਾਲੀ ਲਿਪੀ ਸ਼ਾਹਮੁਖੀ ਨੂੰ ਮੁਸਲਮਾਨ ਪੰਜਾਬੀ ਨਾਲ ਜੋੜ ਕੇ ਵੇਖਿਆ ਜਾਣ ਲੱਗਿਆ। ਇਨ੍ਹਾਂ ਵਿਰੋਧਾਂ ਅਤੇ ਅਨੇਕਾਂ ਝੱਖੜ ਝੁੱਲਣ ਦੇ ਬਾਵਜੂਦ ਪੰਜਾਬੀ ਭਾਸ਼ਾ ਦੇ ਮਾਣ ਵਿਚ ਹੋਰ ਵਾਧਾ ਹੋਇਆ ਹੈ।
ਸਦੀਆਂ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਸਰਜ਼ਮੀਨ ’ਤੇ ਵੱਖ-ਵੱਖ ਉਪ-ਭਾਸ਼ਾਵਾਂ ਦਾ ਮੁਹਾਵਰਾ ਅੱਜ ਵੀ ਕਿਧਰੇ ਨਾ ਕਿਧਰੇ ਕਾਇਮ ਹੈ। ਉਂਜ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਰਤਮਾਨ ਦੌਰ ਵਿਚ ਪੱਛਮੀ ਸਭਿਅਤਾ ਦੇ ਪ੍ਰਭਾਵ ਤਹਿਤ ਇਸ ਜ਼ੁਬਾਨ ਨੂੰ ਬੋਲਣ ਵਾਲੇ ਲੋਕਾਂ ਦੀ ਤਾਦਾਦ ਜ਼ਰੂਰ ਘਟਦੀ ਜਾ ਰਹੀ ਹੈ। ਪੰਜਾਬੀ ਬੋਲਣ ਵਾਲਿਆਂ ਦਾ ਵੱਡਾ ਹਿੱਸਾ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਰਹਿੰਦਾ ਹੈ। ਪਾਕਿਸਤਾਨ ਵਿਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਆਬਾਦੀ 66.39 ਫ਼ੀਸਦ ਹੈ ਜਦੋਂਕਿ ਲਹਿੰਦੇ ਪੰਜਾਬ ਵਿਚ ਪੰਜਾਬੀ ਲੋਕਾਂ ਦੀ ਕੁੱਲ ਆਬਾਦੀ 94.64 ਫ਼ੀਸਦ ਹੈ। ਇਸ ਦੇ ਬਾਵਜੂਦ ਪਾਕਿਸਤਾਨ ਵਿਚ ਪੰਜਾਬੀ ਬੋਲਦੇ ਬੱਚਿਆਂ ਵਿਚ ਇਸ ਭਾਸ਼ਾ ਨੂੰ ਪੜ੍ਹਨ, ਜਾਣਨ ਅਤੇ ਸਿੱਖਣ ਦੇ ਰੁਝਾਨ ਬਾਰੇ ਜਾਣਿਆ ਜਾਵੇ ਤਾਂ ਇਹ ਅੰਕੜੇ ਚਿੰਤਾਜਨਕ ਹਨ।

ਅਸ਼ਰਫ਼ ਸੁਹੇਲ।

ਪਿਛਲੇ ਤਿੰਨ ਕੁ ਦਹਾਕਿਆਂ ਤੋਂ ਲਹਿੰਦੇ ਪੰਜਾਬ ਦੇ ਬੱਚਿਆਂ ਵਿਚ ਪੰਜਾਬੀ ਜ਼ੁਬਾਨ ਪ੍ਰਤੀ ਚੇਤਨਾ ਜਗਾਉਣ ਦੀ ਪ੍ਰਵਿਰਤੀ ਸਾਹਮਣੇ ਆਉਣ ਲੱਗੀ ਹੈ। ਵਰਤਮਾਨ ਦੌਰ ਵਿਚ ਉੱਥੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜ ਕੇ ਭਾਈਚਾਰਕ ਅਤੇ ਸਭਿਆਚਾਰਕ ਸਾਂਝ ਦਾ ਪੁਲ ਉਸਾਰਨ ਲਈ ਅਹਿਮ ਅਤੇ ਉਸਾਰੂ ਕਾਰਜ ਕਰ ਰਹੇ ਵਿਅਕਤੀਆਂ ਵਿਚ ਅਸ਼ਰਫ਼ ਸੁਹੇਲ ਦਾ ਨਾਂ ਜ਼ਿਕਰਯੋਗ ਹੈ। ਪਿਛਲੇ ਪੱਚੀ ਸਾਲਾਂ ਤੋਂ ਲਾਹੌਰ ਤੋਂ ਇਕੋ ਇਕ ਪੰਜਾਬੀ ਬਾਲ ਰਸਾਲੇ ‘ਪਖੇਰੂ’ ਦਾ ਸੰਪਾਦਨ ਕਰ ਰਹੇ ਸੁਹੇਲ ਨੇ ਪੰਜਾਬੀ ਬਾਲ ਅਦਬੀ ਬੋਰਡ ਲਾਹੌਰ ਦੀ ਸਥਾਪਨਾ ਵੀ ਕੀਤੀ ਹੈ ਜਿਸ ਨੇ ਦੋਵਾਂ ਮੁਲਕਾਂ ਦਰਮਿਆਨ ਪੰਜਾਬੀ ਜ਼ੁਬਾਨ ਬੋਲਣ ਵਾਲੇ ਬੱਚਿਆਂ ਨੂੰ ਆਪਣੀ ਧਰਤੀ, ਪਿਛੋਕੜ ਅਤੇ ਜੜ੍ਹਾਂ ਨਾਲੋਂ ਤੋੜਨ ਦੀਆਂ ਸਾਜ਼ਿਸ਼ਾਂ ਤੋਂ ਰੋਕਣ ਲਈ ਉਸਾਰੂ ਉਪਰਾਲੇ ਵਿੱਢੇ ਹੋਏ ਹਨ। ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਮਾਜਿਕ, ਭਾਈਚਾਰਕ ਪਾੜਿਆਂ ਅਤੇ ਸੰਕੀਰਣਤਾ ਭਰੀ ਮਜ਼ਹਬੀ ਕੱਟੜ ਸੋਚਣੀ ਤੋਂ ਬਚਾ ਕੇ ਉਨ੍ਹਾਂ ਲਈ ਬਾਲ ਮਾਨਸਿਕਤਾ ਦੀ ਤਰਜ਼ਮਾਨੀ ਕਰਨ ਵਾਲਾ ਸਾਹਿਤ ਲਿਪੀਅੰਤਰ ਕਰਵਾਇਆ ਜਾ ਰਿਹਾ ਹੈ। ਲਹਿੰਦੇ ਪੰਜਾਬ ਵਿਚ ਪੰਜਾਬੀ ਜ਼ੁਬਾਨ ਨੂੰ ਬਣਦਾ ਹੱਕ ਦਿਵਾਉਣ ਲਈ ਅਸ਼ਰਫ਼ ਸੁਹੇਲ ਦੇ ਸੰਘਰਸ਼ ਦਾ ਕੇਂਦਰ ਬਿੰਦੂ ਇਹ ਹੈ ਕਿ ਉੱਥੇ ਪਹਿਲੀ ਜਮਾਤ ਤੋਂ ਵਿਦਿਆਰਥੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਵਿਚ ਹੀ ਤਾਲੀਮ ਦਿੱਤੀ ਜਾਵੇ। ਇਸ ਸਿਲਸਿਲੇ ਵਿਚ ਕੁਝ ਅਰਸਾ ਪਹਿਲਾਂ ਹੀ ਲਹਿੰਦੇ ਪੰਜਾਬ ਵਿਚ ਬੱਚਿਆਂ ਦੀ ਪੰਜਾਬੀ ਭਾਸ਼ਾ ਨਾਲੋਂ ਸਾਂਝ ਤੋੜਨ ਦੀ ਕੋਝੀ ਸਾਜ਼ਿਸ਼ ਸਾਹਮਣੇ ਆਈ ਸੀ। ਇਹ ਸੂਚਨਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਮਾਲਕੀ ਵਾਲੇ ਪ੍ਰਾਈਵੇਟ ਸਕੂਲਾਂ ਨਾਲ ਸੰਬੰਧਤ ਸੀ। ‘ਦਿ ਬੀਕਨਹਾਊਸ ਸਕੂਲ ਸਿਸਟਮ’ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਾਰੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬਾਕਾਇਦਾ ਲਿਖਤੀ ਹੁਕਮ ਜਾਰੀ ਕਰਕੇ ਪਾਬੰਦੀ ਲਗਾ ਦਿੱਤੀ ਗਈ ਕਿ ਕੋਈ ਵੀ ਵਿਦਿਆਰਥੀ ਸਕੂਲਾਂ ਵਿਚ ਕਿਸੇ ਵੀ ਸਮੇਂ ਪੰਜਾਬੀ ਭਾਸ਼ਾ ਬੋਲਣ ਦੀ ਹਿਮਾਕਤ ਨਾ ਕਰੇ ਅਤੇ ਨਾ ਹੀ ਕਿਸੇ ਹੋਰ ਰੂਪ ਵਿਚ ਇਸ ਭਾਸ਼ਾ ਦਾ ਇਸਤੇਮਾਲ ਕਰੇ ਕਿਉਂਕਿ ਇਹ ਤਾਅਨੇ-ਮਿਹਣਿਆਂ, ਗਾਲ੍ਹਾਂ, ਨਫ਼ਰਤ ਅਤੇ ਆਪਸ ਵਿਚ ਪਾੜੇ ਵਧਾਉਣ ਵਾਲੀ ਘਟੀਆ ਭਾਸ਼ਾ ਹੈ। ਇਸ ਬਾਰੇ ਬਾਕਾਇਦਾ ਗਸ਼ਤੀ ਪੱਤਰ ਜਾਰੀ ਕੀਤਾ ਗਿਆ ਅਤੇ ਨੋਟਿਸ ਬੋਰਡ ਉਪਰ ਵੀ ਲਗਾਇਆ ਗਿਆ। ਇਹ ਅਸ਼ਰਫ਼ ਸੁਹੇਲ ਅਤੇ ਲਹਿੰਦੇ ਪੰਜਾਬ ਦੇ ਹੋਰ ਪੰਜਾਬੀ ਹਿਤੈਸ਼ੀਆਂ ਦੇ ਪੰਜਾਬੀ ਪਿਆਰ ਦੇ ਜਨੂੰਨ ਦਾ ਹੀ ਸਿੱਟਾ ਸੀ ਕਿ ਪ੍ਰਬੰਧਕਾਂ ਨੂੰ ਆਪਣੇ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਨਫ਼ਰਤ ਪੈਦਾ ਕਰਨ ਵਾਲਾ ਇਹ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।

ਦਰਸ਼ਨ ਸਿੰਘ ਆਸ਼ਟ (ਡਾ.)

ਅਸ਼ਰਫ਼ ਸੁਹੇਲ ਨੇ ਲਾਹੌਰ ਤੋਂ ਮਾਰਚ 1996 ਵਿਚ ‘ਪਖੇਰੂ’ ਨਾਂ ਦਾ ਰਸਾਲਾ ਸ਼ੁਰੂ ਕਰਕੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਮੁਕੱਦਸ ਕਾਰਜ ਆਰੰਭਿਆ। ਨਿਰੰਤਰ ਛਪ ਰਿਹਾ ਇਹ ਬਾਲ ਪਰਚਾ ਫਰਵਰੀ 2020 ਵਿਚ ਆਪਣੀ ਕਾਮਯਾਬ ਪ੍ਰਕਾਸ਼ਨਾ ਦੇ 25 ਸਾਲ ਪੂਰੇ ਕਰ ਰਿਹਾ ਹੈ। ਇਸ ਬਾਲ ਰਸਾਲੇ ਦਾ ਮਕਸਦ ਪੰਜਾਬੀ ਵਿਚ ਬੱਚਿਆਂ ਲਈ ਮਿਆਰੀ ਸਾਹਿਤ ਛਾਪਣਾ, ਪੰਜਾਬੀ ਦੀ ਤਰੱਕੀ ਲਈ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਪ੍ਰੇਰਣਾ ਦੇਣਾ, ਪੰਜਾਬੀ ਜ਼ੁਬਾਨ ਨੂੰ ਪ੍ਰਾਇਮਰੀ ਪੱਧਰ ’ਤੇ ਲਾਗੂ ਕਰਨ ਦਾ ਹੋਕਾ ਦੇਣਾ, ਸਕੂਲਾਂ ਵਿਚ ਪੰਜਾਬੀ ਵਿਚ ਪੜ੍ਹਾਉਣ ਲਈ ਉਸਤਾਦਾਂ ਅਤੇ ਸਕੂਲ ਮੁਖੀਆਂ ਨੂੰ ਪ੍ਰੇਰਨਾ ਦੇਣੀ, ਪ੍ਰਾਇਮਰੀ ਜਮਾਤਾਂ ਲਈ ਪੰਜਾਬੀ ਵਿਚ ਸਿਲੇਬਸ ਲਈ ਸਮੱਗਰੀ ਮੁਹੱਈਆ ਕਰਵਾਉਣਾ, ਦੁਨੀਆਂ ਵਿਚ ਲਿਖੇ ਜਾ ਰਹੇ ਮਿਆਰੀ ਬਾਲ ਅਦਬ ਨੂੰ ਪੰਜਾਬੀ ਜ਼ੁਬਾਨ ਵਿਚ ਲਿਪੀਅੰਤਰ ਜਾਂ ਤਰਜਮਾ ਕਰਕੇ ਛਾਪਣਾ ਆਦਿ ਸ਼ਾਮਲ ਹਨ। ਸੁਹੇਲ ਦੀ ਮਾਲੀ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਇਹ ਰਸਾਲਾ ਬੜੀ ਪ੍ਰਤੀਬੱਧਤਾ ਨਾਲ ਮਾਂ ਬੋਲੀ ਦੇ ਪ੍ਰਚਾਰ ਪਸਾਰ ਦਾ ਪੈਗ਼ਾਮ ਦੇ ਰਿਹਾ ਹੈ। ਇਸ ਪੰਜਾਬੀ ਬਾਲ ਰਸਾਲੇ ਨੂੰ ਪਾਕਿਸਤਾਨੀ ਦੀ ਕੌਮੀ ਜਾਂ ਸੂਬਾਈ ਸਰਕਾਰ ਵੱਲੋਂ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ। ਸੁਹੇਲ ਨੇ ‘ਪਖੇਰੂ’ ਰਸਾਲੇ ਦੇ ਕਈ ਯਾਦਗਾਰੀ ਵਿਸ਼ੇਸ਼ ਅੰਕ ਕੱਢੇ ਹਨ ਜਿਨ੍ਹਾਂ ਵਿਚ ਚੜ੍ਹਦੇ ਪੰਜਾਬ ਦੇ ਲਿਖਾਰੀਆਂ ਦਾ ਬਾਲ ਸਾਹਿਤ ਸ਼ਾਹਮੁਖੀ ਲਿਪੀ ਵਿਚ ਲਿਪੀਅੰਤਰ ਕਰਵਾ ਕੇ ਲਹਿੰਦੇ ਪੰਜਾਬ ਦੇ ਬਾਲਾਂ ਨਾਲ ਸਾਂਝ ਪੁਆਈ ਗਈ ਹੈ। ਇਨ੍ਹਾਂ ਵਿਸ਼ੇਸ਼ ਅੰਕਾਂ ਵਿਚ ‘ਬਾਲ ਕਹਾਣੀ’, ‘ਬਾਲ ਗੀਤ’, ‘ਪੰਜਾਬੀ ਬਾਲ ਸਾਹਿਤ ਲਿਖਾਰੀ’, ‘ਦਰਸ਼ਨ ਸਿੰਘ ਆਸ਼ਟ ਦੀਆਂ ਕਾਵਿ-ਬੁਝਾਰਤਾਂ’, ‘ਕਮਲਜੀਤ ਨੀਲੋਂ’ ਆਦਿ ਵਿਸ਼ੇਸ਼ ਅੰਕ ਸ਼ਾਮਿਲ ਹਨ। ਹੁਣੇ ਹੁਣੇ ਇਸ ਰਸਾਲੇ ਦਾ ਬਾਲ ਨਾਵਲ ਵਿਸ਼ੇਸ਼ ਅੰਕ ਛਾਪਿਆ ਗਿਆ ਹੈ ਜਿਸ ਵਿਚ ਚੜ੍ਹਦੇ ਪੰਜਾਬ ਦੇ ਸਿਰਕੱਢ ਬਾਲ ਸਾਹਿਤ ਲੇਖਕਾਂ ਦੇ ਬਾਲ ਨਾਵਲ ਸ਼ਾਹਮੁਖੀ ਲਿਪੀ ਵਿਚ ਛਾਪੇ ਗਏ ਹਨ। ਉਪਰੰਤ ਇਨ੍ਹਾਂ ਪੁਸਤਕਾਂ ਨੂੰ ਸ਼ਾਹਮੁਖੀ ਲਿਪੀ ਵਿਚ ਕਿਤਾਬੀ ਰੂਪ ਵਿਚ ਵੀ ਛਾਪਿਆ ਗਿਆ ਹੈ। ਚੰਗੀ ਤਾਦਾਦ ਵਿਚ ਛਪਣ ਵਾਲੇ ਇਸ ਪੰਜਾਬੀ ਬਾਲ ਰਸਾਲੇ ਨੂੰ ‘ਏਬੀਸੀ’ ਯਾਨੀ ਔਡਿਟ ਬਿਊਰੋ ਆਫ ਸਰਕੂਲੇਸ਼ਨ ਦਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਅਤੇ ਕਲਚਰ ਲਾਹੌਰ ਵੱਲੋਂ ਇਸ ਨੂੰ ਪੰਜਾਬੀ ਬਾਲ ਅਦਬ ਦੀ ਤਰੱਕੀ ਵਿਚ ਪਾਏ ਯੋਗਦਾਨ ਵਜੋਂ ਇਕ ਲੱਖ ਰੁਪਏ ਦਾ ‘ਸ਼ਫ਼ਕਤ ਤਨਵੀਰ ਮਿਰਜ਼ਾ’ ਇਨਾਮ ਵੀ ਪ੍ਰਦਾਨ ਕੀਤਾ ਗਿਆ ਹੈ।
ਅਸ਼ਰਫ਼ ਸੁਹੇਲ ਨੇ 1998 ਤੋਂ ਪੰਜਾਬੀ ਬਾਲ ਅਦਬੀ ਬੋਰਡ ਦੀ ਸਥਾਪਨਾ ਕੀਤੀ ਹੈ। ਇਸ ਬੋਰਡ ਵੱਲੋਂ ਚੜ੍ਹਦੇ ਪੰਜਾਬ ਦੇ ਪ੍ਰਤੀਬੱਧ ਲਿਖਾਰੀਆਂ ਦੀਆਂ ਕਾਫ਼ੀ ਬਾਲ ਸਾਹਿਤ ਪੁਸਤਕਾਂ ਅਸ਼ਰਫ਼ ਸੁਹੇਲ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਗੌਰਮਿੰਟ ਕਾਲਜ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਕਲਿਆਣ ਸਿੰਘ ਕਲਿਆਣ ਅਤੇ ਪੰਜਾਬੀ ਅਖ਼ਬਾਰ ‘ਸਰਘੀ’ (ਲਾਹੌਰ) ਦੇ ਸੰਪਾਦਕ ਅਹਿਮਦਯਾਰ ਜੰਜੂਆ ਅਤੇ ਹੋਰਨਾਂ ਪਾਕਿਸਤਾਨੀ ਪੰਜਾਬੀ ਲਿਖਾਰੀਆਂ ਵੱਲੋਂ ਸ਼ਾਹਮੁਖੀ ਲਿਪੀ ਵਿਚ ਲਿਪੀਅੰਤ੍ਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ‘ਚਲਾਕ ਚਿੰਤੋ ਤੇ ਭੁੱਖੜ ਭਾਲੂ’, ‘ਗਾਲ੍ਹੜਾਂ ਦੀ ਸੈਰ’, ‘ਚਾਂਦੀ ਦਾ ਕੱਪ’ ਅਤੇ ‘ਉਡਣ ਖਟੋਲਾ’ (ਹਰਦੇਵ ਚੌਹਾਨ), ‘ਵੱਡੇ ਰਾਜੇ ਦੀਆਂ ਕਹਾਣੀਆਂ’ (ਪ੍ਰੋ. ਪ੍ਰੀਤਮ ਸਿੰਘ), ‘ਪੰਜ ਪੁੱਤਰਾਂ ਦਾ ਪਿਓ’ (ਬਚਿੰਤ ਕੌਰ), ‘ਨਵਾਂ ਜ਼ਮਾਨਾ ਨਵੀਆਂ ਗੱਲਾਂ’, ਬਾਲ ਨਾਵਲ ‘ਵਾਪਸੀ’ ਅਤੇ ‘ਖੇਡ ਖਿਡੌਣੇ’ (ਦਰਸ਼ਨ ਸਿੰਘ ਆਸ਼ਟ), ‘ਨਿੱਕੀਆਂ ਕਹਾਣੀਆਂ ਵੱਡੇ ਸਬਕ’ (ਟੀ.ਆਰ.ਸ਼ਰਮਾ), ‘ਮਾਣੋ ਬਿੱਲੀ’ ਅਤੇ ‘ਹਾਥੀ ਮੇਰਾ ਸਾਥੀ’ (ਪ੍ਰੇਮ ਭੂਸ਼ਣ ਗੋਇਲ), ‘ਡਾਕਟਰ ਮਾਸੀ ਦੀਆਂ ਕਹਾਣੀਆਂ’ (ਡਾ. ਹਰਸ਼ਿੰਦਰ ਕੌਰ), ‘ਟਾਹਲੀ ਵਾਲੀ ਗਲੀ’ (ਤਰਸੇਮ) ਆਦਿ ਤੋਂ ਇਲਾਵਾ ਚੜ੍ਹਦੇ ਪੰਜਾਬ ਦੇ ਹੋਰ ਪ੍ਰਸਿੱਧ ਲਿਖਾਰੀਆਂ ਦੀਆਂ ਬਾਲ ਕਵਿਤਾਵਾਂ ਦਾ ਸੰਗ੍ਰਹਿ ‘ਚੀਚੋ ਚੀਚ ਗਨੇਰੀਆਂ’ ਅਤੇ ਬਾਲ ਕਹਾਣੀਆਂ ਦਾ ਸੰਗ੍ਰਹਿ ‘ਬਾਤ ਪਾਵਾਂ ਬਤੋਲੀ ਪਾਵਾਂ’ ਨੂੰ ਸ਼ਾਹਮੁਖੀ ਲਿਪੀ ਵਿਚ ਛਾਪਿਆ ਗਿਆ ਹੈ। ਇਹ ਪੁਸਤਕਾਂ ਪਹਿਲਾਂ ਚੜ੍ਹਦੇ ਪੰਜਾਬ ਵਿਚ ਪੰਜਾਬੀ ਸੱਥ ਲਾਂਬੜਾ ਵੱਲੋਂ ਗੁਰਮੁਖੀ ਲਿਪੀ ਵਿਚ ਛਾਪੀਆਂ ਗਈਆਂ ਸਨ। ਲਾਹੌਰ ਵਿਚ ਇਨ੍ਹਾਂ ਪੁਸਤਕਾਂ ਦੇ ਸ਼ਾਹਮੁਖੀ ਲਿਪੀ ਵਿਚ ਛਪਣ ਨਾਲ ਪਾਕਿਸਤਾਨ ਦੇ ਪੰਜਾਬੀ ਬੋਲਦੇ ਬਾਲਾਂ ਵਿਚ ਆਪਣੀ ਮਾਂ ਬੋਲੀ ਦਾ ਦਾਇਰਾ ਹੋਰ ਵਸੀਹ ਹੋਇਆ ਹੈ। ਕੁਝ ਅਜਿਹੇ ਯਤਨ ਮਸਊਦ ਖੱਦਰਪੋਸ਼ ਟਰੱਸਟ, ਲਾਹੌਰ ਦੀ ਚੇਅਰਮੈਨ ਸ਼ੀਰੀਂ ਮਸਊਦ ਵੀ ਕਰ ਚੁੱਕੀ ਹੈ। ਪੰਜਾਬੀ ਬਾਲ ਸਾਹਿਤ ਦੇ ਹਵਾਲੇ ਨਾਲ ਇਲਿਆਸ ਘੁੰਮਣ ਦੇ ਯਤਨ ਵੀ ਜ਼ਿਕਰਯੋਗ ਹਨ ਜਿਸ ਨੇ ਪਾਕਿਸਤਾਨ ਵਿਚ ਬੱਚਿਆਂ ਲਈ ਪਹਿਲੇ ਬਾਲ ਰਸਾਲੇ ‘ਮੀਟੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਮੁਦਸਰ ਇਕਬਾਲ ਬੱਟ ਅਤੇ ਆਤਿਫ਼ ਰੇਹਾਨ ਬੱਟ ਦੀ ਸੰਪਾਦਨਾ ਤਹਿਤ ਪਾਕਿਸਤਾਨ ਦੇ ਸਭ ਤੋਂ ਵੱਧ ਗਿਣਤੀ ਵਿਚ ਛਪਣ ਵਾਲੇ ਪੰਜਾਬੀ ਅਖ਼ਬਾਰ ਰੋਜ਼ਾਨਾ ‘ਭੁਲੇਖਾ’ (ਲਾਹੌਰ) ਨੇ ਵੀ ਹਰ ਹਫ਼ਤੇ ਬਾਲ ਸਾਹਿਤ ਲਈ ਇਕ ਪੰਨਾ ਮਖ਼ਸੂਸ ਰੱਖਿਆ ਹੋਇਆ ਹੈ ਜਿਸ ਵਿਚ ਚੜ੍ਹਦੇ ਪੰਜਾਬ ਦਾ ਬਾਲ ਸਾਹਿਤ ਵੀ ਲਿਪੀਅੰਤਰ ਕਰਕੇ ਛਾਪਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਲਹਿੰਦੇ ਪੰਜਾਬ ਵਿਚ ਕੁਝ ਹੋਰ ਪ੍ਰਕਾਸ਼ਨ ਸੰਸਥਾਵਾਂ ਚੜ੍ਹਦੇ ਪੰਜਾਬ ਦੇ ਬਾਲ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਹਿੱਸਾ ਪਾ ਰਹੀਆਂ ਹਨ ਜਿਨ੍ਹਾਂ ਵਿਚ ਇੰਸਟੀਚਿਊਟ ਆਫ ਪੰਜਾਬੀ ਲੈਂਗੂਏਜ ਐਂਡ ਲਿਟਰੇਚਰ ਲਾਹੌਰ, ਚੁਆਇਸ ਇੰਟਰਨੈਸ਼ਨਲ ਪਬਲਿਸ਼ਰਜ਼ ਲਾਹੌਰ, ਪੰਜਾਬੀ ਸਾਇੰਸ ਬੋਰਡ ਲਾਹੌਰ, ਫ਼ਰੋਗ-ਇ-ਅਦਬ ਅਕਾਦਮੀ ਗੁੱਜਰਾਂਵਾਲਾ, ਸਾਂਝ ਪਬਲੀਕੇਸ਼ਨਜ਼ ਲਾਹੌਰ ਆਦਿ ਸ਼ਾਮਿਲ ਹਨ।
ਆਸ ਹੈ ਕਿ ਭਵਿੱਖ ਵਿਚ ਜਲਦ ਹੀ ਚੜ੍ਹਦੇ ਪੰਜਾਬ ਦੇ ਹੋਰ ਬਾਲ ਸਾਹਿਤ ਲਿਖਾਰੀਆਂ ਦੁਆਰਾ ਰਚਿਆ ਗਿਆ ਬਾਲ ਸਾਹਿਤ ਲਹਿੰਦੇ ਪੰਜਾਬ ’ਚ ਪਾਠ ਪੁਸਤਕਾਂ ਦਾ ਹਿੱਸਾ ਵੀ ਬਣੇਗਾ। ਇਸ ਨਾਲ ਮਾਂ ਬੋਲੀ ਪੰਜਾਬੀ ਦੀ ਕੌਮਾਂਤਰੀ ਪਛਾਣ ਅਤੇ ਮਾਣ ਵਿਚ ਹੋਰ ਵਾਧਾ ਹੋਵੇਗਾ।

ਸੰਪਰਕ: 98144-23703


Comments Off on ਲਹਿੰਦੇ ਪੰਜਾਬ ਵਿਚ ਚੜ੍ਹਦੇ ਪੰਜਾਬ ਦਾ ਬਾਲ ਸਾਹਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.