ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

Posted On July - 8 - 2019

ਐੱਸ ਪੀ ਸਿੰਘ*

ਉਦਾਰੀਕਰਨ ਵੇਖਣ ਨੂੰ ਕਿਹੋ ਜਿਹੀ ਸ਼ੈਅ ਹੈ, ਇਹ ਓਹਨੀਂ ਦਿਨੀਂ ਹੌਲੀ ਹੌਲੀ ਸਮਝ ਆ ਰਿਹਾ ਸੀ। ਗਲੀ ਬਾਜ਼ਾਰ ਵਿੱਚ ਲੋਕ ਸਵੇਰ ਸ਼ਾਮ ਸਟਾਕ ਐਕਸਚੇਂਜ ਅਤੇ ਸ਼ੇਅਰਾਂ ਦੇ ਭਾਅ ਦੀ ਗੱਲ ਕਰਨ ਲੱਗ ਪਏ ਸਨ। ਮੈਂ ਦੇਸ਼ ਦੀ ਇੱਕ ਵੱਡੀ ਖ਼ਬਰ ਏਜੰਸੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਸਾਡੇ ਦਫ਼ਤਰ ਦੇ ਇੱਕ ਪਾਸੇ ਰਿਜ਼ਰਵ ਬੈਂਕ ਆਫ ਇੰਡੀਆ ਸੀ, ਦੂਜੇ ਪਾਸੇ ਪਾਰਲੀਮੈਂਟ, ਅਤੇ ਸਾਹਮਣੇ ਆਲ ਇੰਡੀਆ ਰੇਡੀਓ। ਦੁਪਹਿਰੀਂ ਅਸੀਂ ਸੰਸਦ ਦੀ ਕੰਟੀਨ ’ਤੇ ਰੋਟੀ ਖਾਣ ਚਲੇ ਜਾਂਦੇ ਜਿੱਥੇ ਅਕਸਰ ਹੀ ਸੁਰਖ਼ੀਆਂ ਵਿੱਚ ਨੁਮਾਇਆ ਚਿਹਰੇ ਦਿਸਦੇ। ਸਿਤਾਰਵਾਦਕ ਰਵੀਸ਼ੰਕਰ ਤਾਂ ਪਹਿਲੀ ਫ਼ੇਰੀ ਹੀ ਦਿਸ ਗਏ ਸਨ। ਲੇਖਕ ਆਰ.ਕੇ. ਨਾਰਾਇਣ ਅਤੇ ਪੇਂਟਰ ਐਮ.ਐਫ. ਹੁਸੈਨ ਜਿਸ ਦਿਨ ਇਕੱਠੇ ਦਿੱਸੇ, ਚੰਗਾ ਲੱਗਿਆ ਸੀ। ਸੈਲਫ਼ੀ ਓਦੋਂ ਜੰਮੀ ਨਹੀਂ ਸੀ, ਸੋ ਖਿੱਚੀ ਵੀ ਨਹੀਂ। ਦੇਰ ਰਾਤ ਅਲਸਾਏ ਜਿਹੇ ਸਿਪਾਹੀ ਨੂੰ ‘ਪਲੀਜ਼’ ਕਹਿ, ਛੋਟੇ ਦਰਵਾਜ਼ਿਓਂ ਆਲ ਇੰਡੀਆ ਰੇਡੀਓ ਦੀ ਇਮਾਰਤ ’ਚ ਵੜ ਜਾਂਦੇ। ਚਾਹ ਦੇ ਫਾੜੀਆਂ ਵਾਲੇ ਗਿਲਾਸ ਲੈ ਰਿਜ਼ਰਵ ਬੈਂਕ ਦੀਆਂ ਪੌੜੀਆਂ ’ਤੇ ਬੈਠ ਚੁਸਕੀਆਂ ਲੈਂਦੇ, ਗੱਪਾਂ ਮਾਰਦੇ। ਇਹ ਸਭ ਇਨ੍ਹਾਂ ਸਾਧਾਰਨ ਜਾਪਦਾ ਕਿ ਬਹੁਤੇ ਉਤਾਵਲੇ ਵੀ ਨਹੀਂ ਸਾਂ ਹੁੰਦੇ। ਫੋਟੋ ਖਿੱਚਣ ਖਿੱਚਵਾਉਣ ਦਾ ਤਾਂ ਕਦੀ ਖਿਆਲ ਹੀ ਨਹੀਂ ਆਇਆ।
ਪਰ ਉਸ ਬੁੱਧਵਾਰ ਨੂੰ ਮੈਂ ਬੜਾ ਉਤਾਵਲਾ ਸਾਂ। ਮੇਰੀ ਉਸ ਦਿਨ ਦਫ਼ਤਰੋਂ ਛੁੱਟੀ ਸੀ, ਵੀਕਲੀ ਔਫ਼, ਪਰ ਮੈਂ ਸਵੇਰੇ-ਸਵੇਰੇ ਹੀ ਦਫ਼ਤਰ ਪਹੁੰਚ ਗਿਆ ਸਾਂ। 16 ਜੂਨ 1993 ਦਾ ਦਿਨ ਸੀ। ਮੈਂ ਸੀਨੀਅਰ ਪੱਤਰਕਾਰ ਦੇ ਤਰਲੇ ਕਰ ਰਿਹਾ ਸਾਂ ਕਿ ਮੈਨੂੰ ਜ਼ਰੂਰ ਨਾਲ ਲੈ ਕੇ ਜਾਵੇ, ਮੈਂ ਪ੍ਰੈੱਸ ਕਾਨਫ਼ਰੰਸ ਦੇਖਣੀ ਹੈ। ਉਸ ਆਖਿਆ, ‘ਤੂੰ ਤਾਂ ਏਨੇ ਵੀਆਈਪੀ ਬੰਦਿਆਂ ਨੂੰ ਵੇਖ ਉਤਸੁਕ ਨਹੀਂ ਹੁੰਦਾ, ਇਹਨੂੰ ਫਰਾਡੀਏ ਨੂੰ ਵੇਖਣ ਲਈ ਕਿਉਂ ਤਰਲੋ ਮੱਛੀ ਏਂ।’ ਆਖ਼ਰ ਮੈਂ ਉਹਨੂੰ ਸੱਚ ਦੱਸ ਦਿੱਤਾ ਪਈ ਮੈਂ ਕਦੀ ਕਰੋੜ ਰੁਪਏ ਵੇਖੇ ਹੀ ਨਹੀਂ। ਹਰਸ਼ਦ ਮਹਿਤਾ ਨੇ ਐਲਾਨ ਕੀਤਾ ਸੀ ਕਿ ਉਹ ਇੱਕ ਕਰੋੜ ਰੁਪਏ ਅਟੈਚੀ ਵਿੱਚ ਫਿੱਟ ਕਰਕੇ ਦਿਖਾਵੇਗਾ ਕਿ ਉਹਨੇ ਇਹ ਰਿਸ਼ਵਤ ਦੇ ਪੈਸੇ ਕਿਵੇਂ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਪੁਚਾਏ। ਮੈਂ ਦੇਖਣਾ ਚਾਹੁੰਦਾ ਸਾਂ ਕਿ ਕਰੋੜ ਰੁਪਏ ਵੇਖਣ ਨੂੰ ਕਿੰਨੇ ਕੁ ਹੁੰਦੇ ਨੇ? ਇਸ ਸਾਲ ਜਦੋਂ ਇਨਕਮ ਟੈਕਸ ਵਾਲਿਆਂ ਹਰਸ਼ਦ ਮਹਿਤਾ ਨੂੰ 27 ਸਾਲਾਂ ਬਾਅਦ ਸਾਰੀਆਂ ਦੇਣਦਾਰੀਆਂ ਤੋਂ ਸੁਰਖੁਰੂ ਐਲਾਨਿਆ ਤਾਂ ਮੈਨੂੰ ਯਾਦ ਨਹੀਂ ਸੀ ਆ ਰਿਹਾ ਕਿ ਉਸ ਸ਼ਾਮ ਕਰੋੜ ਰੁਪਏ ਵੇਖਣ ਤੋਂ ਬਾਅਦ ਕੋਈ ਉਤਸੁਕਤਾ ਬਚੀ ਸੀ ਜਾਂ ਨਹੀਂ, ਪਰ ਪਿਛਲੇ ਹਫ਼ਤੇ ਫਿਰ ਬੜਾ ਦਿਲ ਕੀਤਾ ਪਈ ਕਦੀ ਵੇਖੀਏ ਤਾਂ ਸਹੀ ਕਿ ਪੰਜ ਟ੍ਰਿਲੀਅਨ ਡਾਲਰ ਕਿੰਨੇ ਕੁ ਹੁੰਦੇ ਹੋਣਗੇ?
ਜਿਸ ਦਿਨ ਦਾ ਬਜਟ ਆਇਆ ਏ, ਚਾਰੋਂ ਪਾਸੇ ਇਹੀ ਸੁਣ ਰਹੇ ਹਾਂ ਕਿ ਮੁਲਕ ਨੇ ਹੁਣ ਪੰਜ ਟ੍ਰਿਲੀਅਨ ਡਾਲਰ ਦਾ ਅਰਥਚਾਰਾ ਹੋ ਜਾਣਾ ਏ। ਹਰ ਕੋਈ ਇਹਦੇ ਬਾਰੇ ਗੱਲ ਕਰ ਰਿਹਾ ਹੈ। ਸਾਰੇ ਤਬਸਰੇ ਪੰਜ ਟ੍ਰਿਲੀਅਨ ਡਾਲਰ ’ਤੇ ਆ ਕੇ ਰੁਕ ਜਾਂਦੇ ਹਨ ਜਾਂ ਫਸ ਜਾਂਦੇ ਹਨ। ਪ੍ਰਧਾਨ ਮੰਤਰੀ ਵੀ ਹੁਣ ਇਹੀ ਸਮਝਾ ਰਹੇ ਹਨ ਕਿ ਭਲਿਓ ਲੋਕੋ, ਉਸ ਪੁਰਾਣੇ ਗਰੀਬੜੇ ਜਿਹੇ ਭਾਰਤ ਦੇ ਤਸੱਵਰ ਨੂੰ ਭੁੱਲ ਜਾਓ ਅਤੇ ਆਪਣੇ ਪੰਜ ਟ੍ਰਿਲੀਅਨ ਡਾਲਰ ਵਾਲੇ ‘ਨਵਾਂ ਭਾਰਤ’ ਬਾਰੇ ਸੋਚੋ। ਇਕ ਵਾਰੀ ਇਹ ਕੰਮ ਸਿਰੇ ਚੜ੍ਹ ਗਿਆ ਤਾਂ ਦੇਸ਼ ਦੇ ਹਰ ਪਰਿਵਾਰ ਦੀ ਕਾਇਆ ਕਲਪ ਹੋ ਜਾਵੇਗੀ।
ਪੰਜ ਟ੍ਰਿਲੀਅਨ ਡਾਲਰ। ਇੱਕ ਟ੍ਰਿਲੀਅਨ ਵਿੱਚ ਇੱਕ ਲੱਖ ਕਰੋੜ ਹੁੰਦੇ ਨੇ। ਸੋ ਪੰਜ ਲੱਖ ਕਰੋੜ, ਉੱਤੋਂ ਡਾਲਰ। ਹੁਣ ਏਡੀ ਰਕਮ ’ਚ ਏਨਾ ਦਮ ਤਾਂ ਹੈ ਈ ਨਾ ਕਿ ਇਹਨੇ ਬਜਟ ਉੱਤੇ ਬਹਿਸ ਨੂੰ ਓਥੇ ਹੀ ਰੋਕ ਲਿਐ। ‘‘ਕੀ ਅਸੀਂ ਬਣ ਸਕਦੇ ਹਾਂ ਪੰਜ ਟ੍ਰਿਲੀਅਨ ਡਾਲਰ ਦਾ ਅਰਥਚਾਰਾ?’’ ਟੀਵੀ ਚੈਨਲ ਕੂਕ ਰਹੇ ਹਨ। ‘‘ਇਸ ਸਾਲ ਕਿੰਨੇ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵਾਂਗੇ?’’ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਪੁੱਛ ਰਹੇ ਹਨ।
ਬਜਟ ਬਾਰੇ ਸਾਰੀ ਬਹਿਸ ਕਿੱਥੇ ਆ ਸਿਮਟੀ ਹੈ? ਵਿੱਤ ਮੰਤਰੀ ਦਾ ਲਾਲ ਅਟੈਚੀ ਨਦਾਰਦ ਹੋ ਗਿਆ ਤਾਂ ਕਾਫ਼ੀ ਸਾਰੀਆਂ ਸੁਰਖ਼ੀਆਂ ਉਹਦੇ ਲੇਖੇ ਲੱਗ ਗਈਆਂ। ਕੁਝ ਟੀਵੀ ਬਹਿਸਾਂ ਅਤੇ ਸੁਰਖ਼ੀਆਂ ਨਿਰਮਲਾ ਸੀਤਾਰਾਮਨ ਦੇ ਵਹੀ-ਖਾਤਾ ਨੁਮਾ ਬਜਟ ਵਾਲੇ ਲਾਲ ਥੈਲੇ ਨੇ ਬਟੋਰ ਲਈਆਂ। ਸ਼ਾਇਦ ਖਾਨ ਮਾਰਕੀਟ ਤੋਂ ਆਇਆ ਹੋਵੇ। ਆਰਥਿਕ ਮਾਮਲਿਆਂ ਬਾਰੇ ਖ਼ਬਰਾਂ ਦੇਣ ਵਾਲੇ ਗੁਲਾਬੀ ਰੰਗੇ ਅਖ਼ਬਾਰਾਂ ਨੇ ਉਨ੍ਹਾਂ ਦੀ ਸੁਨਹਿਰੀ ਕਿਨਾਰੇ ਵਾਲੀ ਗੁਲਾਬੀ ਸਾੜੀ ਬਾਰੇ ਕਈ ਸਫ਼ੇ ਕਾਲੇ ਕੀਤੇ।
ਜਿਹੜੀਆਂ ਅਖ਼ਬਾਰਾਂ ਅਤੇ ਟੀਵੀ ਚੈਨਲ ਚੌਵੀ ਘੰਟੇ ਪਹਿਲਾਂ ਤੱਕ ਪਿਆਸੀਆਂ ਭੀੜਾਂ ਅਤੇ ਮੀਲਾਂ-ਲੰਬੀਆਂ ਪਲਾਸਟਿਕ ਦੀਆਂ ਖਾਲੀ ਕੈਨੀਆਂ ਦੀਆਂ ਕਤਾਰਾਂ ਦਿਖਾ ਦਰਸਾ ਰਹੇ ਸਨ ਕਿ ਪਾਣੀ ਦੀ ਕਿੰਨੀ ਕਿੱਲਤ ਹੈ, ਅਚਾਨਕ ‘ਹਰ ਘਰ ਟੂਟੀ’ ਦੇ ਸੁਫ਼ਨੇ ਉੱਤੇ ਛੱਲਾਂ ਮਾਰ-ਮਾਰ ਡੁੱਲ੍ਹ ਪਏ। ਜਿੱਥੇ ਪਾਣੀ ਹੈ ਹੀ ਨਹੀਂ, ਉੱਥੇ ਟੂਟੀ ਨਾਲ ਕਿਵੇਂ ਆ ਜਾਵੇਗਾ, ਇਹ ਸਵਾਲ ਪੰਜ ਟ੍ਰਿਲੀਅਨ ਵਾਲੇ ਟੀਵੀ ਡਿਬੇਟਾਂ ਦੇ ਰੌਲੇ ’ਚ ਗੁਆਚ ਗਿਆ, ਰੁਲ ਗਿਆ।
ਉਧਰ ਪਾਣੀ ਖੁਰਾਕੀ ਫ਼ਸਲਾਂ (food crops) ਤੋਂ ਨਕਦੀ ਫ਼ਸਲਾਂ (cash crops) ਨੂੰ ਜਾ ਰਿਹਾ ਹੈ, ਜੀਵਨ-ਨਿਰਬਾਹ (livelihood) ਤੋਂ ਜੀਵਨ-ਢੰਗ (lifestyle) ਵੱਲ ਨੂੰ ਵਗ ਰਿਹਾ ਹੈ, ਪਿੰਡੋਂ ਸ਼ਹਿਰ ਟੁਰਿਆ ਹੋਇਆ ਹੈ। ਪਰ ਇਹ ਸਾਰੇ ਸਵਾਲ ‘ਹਰ ਘਰ ਟੂਟੀ’ ਦੇ ਸ਼ੋਰ ਵਿੱਚ ਰੁੜ੍ਹ ਗਏ।
ਪਾਣੀ ਦੀ ਕਿੱਲਤ ਨਾਲ ਜੂਝਦੇ ਅੱਧੇ ਮੁਲਕ ਵਿੱਚ ਇਨਸਾਨ, ਪਾਲਤੂ ਡੰਗਰ, ਫ਼ਸਲਾਂ, ਜੰਗਲੀ ਜੀਵ ਕਿਵੇਂ ਸਹਿਕਦੇ ਜਿਊਂ ਜਾਂ ਮਰ ਰਹੇ ਹਨ, ਇਸ ਸੋਚ ਲਈ ਤੇਰੇ-ਮੇਰੇ-ਉਹਦੇ-ਘਰ-ਟੂਟੀ ਵਾਲੇ ਐਲਾਨ ਤੋਂ ਬਾਅਦ ਕਿੰਨੀ ਜਗ੍ਹਾ ਬਚੀ ਹੈ, ਇਹ ਅਖ਼ਬਾਰਾਂ ਦੇ ਸਫ਼ੇ ਫੋਲ ਕੇ ਵੇਖੋ। ਚੈਨਲ ਬਦਲ ਬਦਲ ਕੇ ਵੇਖੋ ਕਿ ‘ਹਾਏ ਸੋਕਾ, ਹਾਏ ਸੋਕਾ’ ਵਾਲੀਆਂ ਸਾਰੀਆਂ ਖ਼ਬਰਾਂ ਰਲ ਕੇ ਵੀ ‘ਠੰਢੇ ਠੰਢੇ ਪਾਣੀ ਸੇ ਨਹਾਨਾ ਚਾਹੀਏ’ ਦੇ ਸੰਗੀਤ ’ਤੇ ਅਠਖੇਲੀਆਂ ਕਰਦੇ ਗੁਸਲਖਾਨੇ ਵਿੱਚ ਲੱਗਣ ਵਾਲੇ ਫ਼ੁਹਾਰੇ ਦੇ ਇਸ਼ਤਿਹਾਰ ਵੀ ਨਹੀਂ ਰੁਕਵਾ ਸਕੀਆਂ।
ਪਾਣੀ ਪਿੱਛੇ ਸੂਬੇ ਇਕ ਦੂਜੇ ਨਾਲ ਭਿੜ ਰਹੇ ਹਨ, ਪਿੰਡ ਸ਼ਹਿਰ ਨਾਲ ਖਹਿਬੜ ਰਿਹਾ ਹੈ, ਗਲੀ ਵਿੱਚ ਭੀੜ ਇੱਟਾਂ ਵੱਟਿਆਂ ਦੀ ਭਾਸ਼ਾ ਵਰਤ ਰਹੀ ਹੈ। ਬੁੰਦੇਲਖੰਡ ਦੇ ਅਣਗਿਣਤ ਪਿੰਡ ਹੁਣ ਬੇਚਿਰਾਗ਼ ਹਨ ਕਿਉਂ ਜੋ ਪੂਰੇ ਦਾ ਪੂਰਾ ਪੂਰ ਪਾਣੀ ਖੁਣੋਂ ਸ਼ਹਿਰ ਨੂੰ ਪਰਵਾਸ ਕਰ ਗਿਆ ਹੈ। ਜਿਸ ਕਾਵੇਰੀ ਦਰਿਆ ਲਈ ਦਹਾਕਿਆਂ ਤੋਂ ਰੇੜਕਾ ਚੱਲ ਰਿਹਾ ਹੈ, ਉਸ ਨੇ ਕਈ ਵਰ੍ਹਿਆਂ ਤੋਂ ਸਮੁੰਦਰ ਦਾ ਚੁੰਮਣ ਹੀ ਨਹੀਂ ਲਿਆ, ਪਹਿਲੋਂ ਹੀ ਸੁੱਕ ਜਾਂਦਾ ਹੈ। ਡੈਮਾਂ ’ਚ ਉਹਦਾ ਪਾਣੀ ਮੁੱਕ ਜਾਂਦਾ ਹੈ। ਸਾਗਰ ਕਿਨਾਰੇ ਆਪਣੇ ਡੈਲਟਾ ਤੱਕ ਪਹੁੰਚਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਵਧੇਰੇ ਮਹੀਨੇ ਸੁੱਕੀ ਰਹਿੰਦੀ ਹੈ। ਗੋਦਾਵਰੀ ਦਾ ਤਾਂ ਸਾਲਾਂ ਤੋਂ ਇਹੀ ਹਾਲ ਹੈ।
ਬੜੌਦਾ ਦੇ ਚੰਨਦੋਦ ਵਿੱਚ ਦੱਖਣੀ ਪ੍ਰਯਾਗ ਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀਆਂ ਕਾਰਾਂ ਲਈ ਪਾਰਕਿੰਗ ਦਾ ਇੰਤਜ਼ਾਮ ਇਸ ਵਾਰੀ ਨਰਮਦਾ ਦਰਿਆ ਵਿੱਚ ਹੀ ਕਰ ਦਿੱਤਾ ਗਿਆ, ਕਿਉਂ ਜੋ ਪਾਣੀ ਤਾਂ ਉਸ ਵਿੱਚ ਹੁਣ ਹੈ ਨਹੀਂ ਸੀ। ਹੁਣ ਗੱਲ ਘਰ ਵਿੱਚ ਟੂਟੀ ’ਤੇ ਆ ਮੁੱਕੀ ਹੈ ਤਾਂ ਇਨ੍ਹਾਂ ਦਰਿਆਵਾਂ, ਸਮੁੰਦਰਾਂ ਜਿੱਡੇ ਸਵਾਲਾਂ ਨੂੰ ਕਿੱਥੇ ਢੋਈ ਨਸੀਬ ਹੋਣੀ ਹੈ। ਵਿੱਤ ਮੰਤਰੀ ਦੀ 2 ਘੰਟੇ 17 ਮਿੰਟ ਲੰਬੀ, ਬਿਨਾਂ ਸਾਹ ਲਏ ਦਿੱਤੀ ਤਕਰੀਰ ਵਿੱਚੋਂ ਜੇ ਵਾਤਾਵਰਣ ਬਦਲਾਅ ਦੀ ਗੱਲ ਹੀ ਮਨਫ਼ੀ ਰਹਿ ਗਈ ਤਾਂ ਟੂਟੀ ਤੋਂ ਘੁੱਟ ਭਰ ਧਰਵਾਸ ਕਰ ਲਵੋ। ਮੰਤਰੀ ਜੀ ਨੇ ਤਾਂ ਕੋਲ ਪਏ ਗਲਾਸ ਵਿੱਚੋਂ ਪਾਣੀ ਦਾ ਘੁੱਟ ਵੀ ਨਹੀਂ ਭਰਿਆ, ਇਸ ਲਈ ਇਹ ਕਿਉਂ ਕਿਸੇ ਯਾਦ ਕਰਵਾਉਣਾ ਸੀ ਕਿ ਪੀਣ ਦਾ ਪਾਣੀ ਖ਼ਾਲਸ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਾਰਲੀਮੈਂਟ ਦੀ ਟੂਟੀ ਵਿੱਚੋਂ ਤਾਂ ਸਿਰਫ਼ ਇਸ ਅਲੋਕਾਰੀ ਸੁਪਨੇ ਦਾ ਪ੍ਰਚਾਰ ਨਿਕਲ ਸਕਦਾ ਹੈ।
ਜਦੋਂ ਸਵਾ ਸੌ ਕਰੋੜ ਲੋਕਾਂ ਦੀਆਂ ਜ਼ਿੰਦਗੀਆਂ ਨਿਰਧਾਰਿਤ ਕਰਦਾ ਬਜਟ ਵੀ ਮਨੋਵਿਗਿਆਨਕ ਯੁੱਧ ਦਾ ਹਥਿਆਰ ਬਣ ਜਾਂਦਾ ਹੈ ਤਾਂ ਸਰਕਾਰ ਜੀ ਨੂੰ 2022 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਦੇ ਵਾਅਦੇ ਦੀ ਮੁੜ ਗੱਲ ਕਰਨੀ ਭੁੱਲਣੀ ਆਸਾਨ ਹੋ ਜਾਂਦੀ ਹੈ। ‘ਹਰ ਘਰ ਟੂਟੀ’ ਵਾਲੇ ਵਾਅਦੇ ਵਿੱਚੋਂ ਵਗਦੀ ਅਕਲ ਦਾ ਪਾਣੀ ਪੀ ਹੁਣ ਟੀਵੀ ਡਿਬੇਟਾਂ ਦੇ ਘੁਲਾਟੀਏ ਜ਼ੀਰੋ ਬਜਟ ਖੇਤੀ ਦੇ ਗੁਣਗਾਨ ਕਰ ਰਹੇ ਹਨ, ਮਹਾਨਤਮ ਨੇਤਾ ਨੂੰ ਹੋਰ ਮਹਾਨ ਕਰ ਰਹੇ ਹਨ।
ਮਨੋਵਿਗਿਆਨਕ ਯੁੱਧ ਦੇ ਮੈਦਾਨ ਵਿੱਚ ਮੰਤਰੀ ਨੇ ਔਖੇ ਅੰਕੜਿਆਂ ਤੋਂ ਨਿਜਾਤ ਪਾ ਲਈ ਹੈ। ਇਹ ਭਾਸ਼ਣ ਦੇ ਅੰਤ ਵਿੱਚ ਜੜ੍ਹ ਦਿੱਤੇ ਹਨ, ਇਸੇ ਨਾਲ ਸਮਝ ਲਵੋ ਕਿ ਪੜ੍ਹ ਦਿੱਤੇ ਹਨ। ਗੱਲ ਹੁਣ ਵੱਡੀ ਕਰਨ ਦਾ ਜ਼ਮਾਨਾ ਆ ਗਿਆ ਹੈ। 100 ਕਰੋੜ ਦੀ ਸਕੀਮ ਨੂੰ ਹੁਣ ਕੋਈ ਨਹੀਂ ਪੁੱਛਦਾ, ਅਗਲੇ ਪੰਜ ਸਾਲਾਂ ਵਿੱਚ 100 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ ਹੋ ਗਿਆ ਹੈ। ਇਹ ਪੈਸਾ ਕਿੱਥੋਂ ਆਵੇਗਾ, ਇਹ 2 ਘੰਟੇ 19 ਮਿੰਟ ਵਿੱਚ ਤਾਂ ਦੱਸਿਆ ਨਹੀਂ ਸੀ ਜਾ ਸਕਦਾ। ਨਾਲੇ ਤੁਸਾਂ ਕਿਹੜਾ ਅਜੇ ਗੁਲਾਬੀ ਸਾੜੀ ਜਾਂ ਲਾਲ ਅਟੈਚੀ ਬਾਰੇ ਸਾਰੀ ਬਹਿਸ ਕਰ ਲਈ ਹੈ?
ਸਿਤਮਜ਼ਰੀਫੀ ਇਹ ਹੋ ਰਹੀ ਹੈ ਕਿ ਨਿਵੇਸ਼ਕ ਦੀ ਮਦਦ ਕਰਨ ਲਈ ਲੇਬਰ ਲਾਅ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਮੈਂ ਹੁਣ ਤੱਕ ਇਹੀ ਸੋਚਦਾ ਰਿਹਾ ਕਿ ਲੇਬਰ ਲਾਅ ਮਜ਼ਦੂਰ ਦੀ ਮਦਦ ਲਈ ਬਣਾਇਆ ਗਿਆ ਸੀ।
ਪੰਜ ਲੱਖ ਟ੍ਰਿਲੀਅਨ ਦੇ ਰੌਲੇ ਵਿੱਚ ਡਿਜੀਟਲ ਇੰਡੀਆ, ਸਕਿੱਲ ਇੰਡੀਆ, ਜਨ-ਧਨ, ਬੇਟੀ ਬਚਾਓ ਪੜ੍ਹਾਓ ਵਗੈਰਾ ਤਾਂ ਬਾਹਰ ਰਹਿ ਹੀ ਗਏ ਪਰ ਘੱਟੋ-ਘੱਟ ਸਤਿਕਾਰਯੋਗ ਦੀਨ ਦਿਆਲ, ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰਡਿਤ ਮਦਨਮੋਹਨ ਮਾਲਵੀਆ ਹੋਰਾਂ ਦੇ ਨਾਵਾਂ ’ਤੇ ਚੱਲਦੀਆਂ ਸਕੀਮਾਂ ਦਾ ਜ਼ਿਕਰ ਹੋ ਜਾਂਦਾ ਤਾਂ ਚੰਗਾ ਸੀ, ਭਾਵੇਂ ਪਾਣੀ ਦਾ ਘੁੱਟ ਭਰ ਭਾਸ਼ਣ 2 ਘੰਟੇ 20 ਮਿੰਟ ਤੱਕ ਚਲਾ ਜਾਂਦਾ।
ਸ਼ਬਦ ਗਿਣਤੀ ਦੇ ਮਾਮਲੇ ਵਿੱਚ ਮੇਰੀ ਆਜ਼ਾਦੀ ਵਿੱਤ ਮੰਤਰੀ ਨਾਲੋਂ ਘੱਟ ਹੈ, ਇਸ ਲਈ ਮੈਂ ਵਿਦੇਸ਼ੀ ਪੂੰਜੀ ਨਿਵੇਸ਼, ਰੇਲਵੇ ਦੀ 65 ਹਜ਼ਾਰ ਕਰੋੜੀ ਸਕੀਮ ਅਤੇ ਪੈਟਰੋਲ ਡੀਜ਼ਲ ਦੀ ਵਧੀ ਕੀਮਤ ਦੀ ਗੱਲ ਕਰਨੋਂ ਗੁਰੇਜ਼ ਕਰ ਰਿਹਾ ਹਾਂ। ਨਾਲੇ ਹੁਣ ਛੋਟੀਆਂ ਗੱਲਾਂ ਕਰਨ ਦਾ ਮਨ ਵੀ ਨਹੀਂ ਮੰਨਦਾ। ਲੱਦ ਗਏ ਉਹ ਸਮੇਂ ਜਦੋਂ ਇੱਕ ਕਰੋੜ ਵਾਲਾ ਅਟੈਚੀ ਵੇਖਣ ਗਿਆ ਸਾਂ। ਹੁਣ ਤਾਂ ਕਦੀ ਕਿਸੇ ਰੜੇ ਮੈਦਾਨ ਪੰਜ ਟ੍ਰਿਲੀਅਨ ਡਾਲਰ ਦੀ ਢੇਰੀ ਲਵਾਓ ਤਾਂ ਪਤਾ ਲੱਗੇ ਪਈ ਵੇਖਣ ਨੂੰ ਕਿੰਨੇ ਕੁ ਹੁੰਦੇ ਨੇ। ਅਜੇ ਤੱਕ ਤਾਂ ਕਦੀ ਸੈਲਫੀ ਖਿਚਵਾ ਕੇ ਨਹੀਂ ਵੇਖੀ, ਪਰ ਐਸ ਵਾਰੀ ਨਹੀਂ ਉਕਦਾ। ਜ਼ਰੂਰ ਖਿੱਚਵਾਵਾਂਗਾ। ਟੂਟੀ ਉੱਤੇ ਲਾਵਾਂਗਾ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਬਹੁਤੇ ਵੱਡੇ ਅੰਕੜਿਆਂ ਦੇ ਬੇਬੁਨਿਆਦ ਜ਼ਿਕਰ ਤੋਂ ਭੈਅਭੀਤ ਹੋ ਜਾਣ ਦੀ ਬਿਮਾਰੀ ਨਾਲ ਗ੍ਰਸਤ ਹੈ।)


Comments Off on ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.