ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਰੂਹਾਂ ਦੀ ਆਜ਼ਾਦੀ ਦਾ ਤੂਫ਼ਾਨ ‘ਦਿ ਟੈਂਪੈਸਟ’

Posted On July - 27 - 2019

ਡਾ. ਸਾਹਿਬ ਸਿੰਘ
ਰੰਗਮੰਚ ਤਜਰਬਿਆਂ ਲਈ ਜਾਣਿਆ ਜਾਂਦਾ ਹੈ। ਜਦੋਂ ਕੋਈ ਤਜਰਬਾ ਖ਼ੂਬਸੂਰਤੀ ਨਾਲ ਸਿਰੇ ਚੜ੍ਹਦਾ ਹੈ ਤਾਂ ਰੰਗਮੰਚ ਦਾ ਸੀਨਾ ਮਾਣ ਨਾਲ ਹੋਰ ਚੌੜਾ ਹੁੰਦਾ ਹੈ। ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿਖਲਾਈ ਪ੍ਰਾਪਤ ਬੰਗਾਲੀ ਰੰਗਮੰਚ ਨਿਰਦੇਸ਼ਕ ਪਾਰਥੋ ਬੈਨਰਜੀ ਜਦੋਂ ਸ਼ਬਦਾਂ ਦੇ ਜਾਦੂਗਰ ਸ਼ੈਕਸਪੀਅਰ ਦੇ ਨਾਟਕ ‘ਦਿ ਟੈਂਪੈਸਟ’ ਨੂੰ ਬਿਨਾਂ ਸ਼ਬਦਾਂ ਤੋਂ ਮੂਕ ਅਭਿਨੈ ਰਾਹੀਂ ਮੰਚ ’ਤੇ ਪੇਸ਼ ਕਰਦਾ ਹੈ ਤਾਂ ਅਰਥ ਸਗੋਂ ਹੋਰ ਗੂੜ੍ਹਾ ਰੰਗ ਅਖ਼ਤਿਆਰ ਕਰ ਜਾਂਦੇ ਹਨ। ਸ਼ਬਦਾਂ ਦੀ ਆਪਣੀ ਮਹਿਮਾ ਹੈ, ਸੰਚਾਰ ਦਾ ਪ੍ਰਚਲਿਤ ਸਾਧਨ, ਪਰ ਸ਼ਬਦਾਂ ਦੀ ਇਕ ਸੀਮਾ ਵੀ ਹੈ। ਹਮੇਸ਼ਾਂ ਝੂਠ ਬੋਲਣ ਵਾਲਾ ਸ਼ਖ਼ਸ ਵੀ ਸ਼ਬਦਾਂ ਦੀ ਦੁਰਵਰਤੋਂ ਕਰਕੇ ਸੱਚ ਬੋਲਣ ਦਾ ਉਪਦੇਸ਼ ਦੇ ਸਕਦਾ ਹੈ, ਪਰ ਸਰੀਰਿਕ ਭਾਸ਼ਾ ਇਸ ਤਰ੍ਹਾਂ ਦੀ ਚਾਲਾਕੀ ਨਹੀਂ ਕਰ ਸਕਦੀ। ਸਰੀਰਿਕ ਭਾਸ਼ਾ ਸੱਚ ਦੇ ਦੀਦਾਰ ਕਰਵਾਉਂਦੀ ਹੈ, ਸਰੀਰਿਕ ਭਾਸ਼ਾ ਇਮਾਨਦਾਰ ਹੁੰਦੀ ਹੈ, ਮਨ ਅੰਦਰ ਚੱਲਦੇ ਵਿਚਾਰਾਂ ਦਾ ਅਕਸ ਬਣ ਸਰੀਰ ਬੋਲਦਾ ਹੈ ਤੇ ਸਾਹਮਣੇ ਬੈਠਾ ਵਿਅਕਤੀ ਇਹ ਭਾਸ਼ਾ ਆਪਣੀਆਂ ਅੱਖਾਂ ਰਾਹੀਂ ਪੜ੍ਹ ਸਕਦਾ ਹੈ। ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ ਪਿਛਲੇ ਦਿਨੀਂ 25-30 ਸਿਖਾਂਦਰੂ ਕਲਾਕਾਰਾਂ ਨੇ ਪਾਰਥੋ ਦੀ ਨਿਰਦੇਸ਼ਨਾ ਹੇਠ ਆਪਣੇ ਮੂਕ ਅਭਿਨੈ ਰਾਹੀਂ ਇਕ ਵੱਖਰਾ ਰੰਗਮੰਚੀ ਸੰਸਾਰ ਸਿਰਜਿਆ।
ਸ਼ੈਕਸਪੀਅਰ ਦਾ ਇਹ ਨਾਟਕ ਸਾਜ਼ਿਸ਼ਾਂ, ਚਮਤਕਾਰ, ਕੈਦ ਰੂਹਾਂ, ਰਿਸ਼ਤਿਆਂ ਦੀਆਂ ਗੁੰਝਲਾਂ, ਪਿਆਰ, ਬਦਲਾ, ਮਾਫ਼ੀ ਆਦਿ ਦਾ ਇਕ ਅਦਭੁੱਤ ਮਿਸ਼ਰਣ ਹੈ। ਮਿਲਾਨ ਦਾ ਡਿਊਕ ਪਰੌਸਪੈਰੋ ਆਪਣੇ ਭਰਾ ਐਂਟਾਨੀਉ ਵੱਲੋਂ ਰਚੀ ਸਾਜ਼ਿਸ਼ ਦਾ ਸ਼ਿਕਾਰ ਹੁੰਦਾ ਹੈ, ਐਂਟਾਨੀਉ ਆਪਣੇ ਭਰਾ ਨੂੰ ਪਾਸੇ ਕਰਕੇ ਖ਼ੁਦ ਡਿਊਕ ਬਣ ਜਾਂਦਾ ਹੈ।
ਪਰੌਸਪੈਰੋ ਕਿਵੇਂ ਨਾ ਕਿਵੇਂ ਇਕ ਬੇੜੀ ਰਾਹੀਂ ਸੁੰਨਸਾਨ ਟਾਪੂ ’ਤੇ ਪਹੁੰਚ ਜਾਂਦਾ ਹੈ ਜਿੱਥੇ ਉਸ ਨਾਲ ਸਿਰਫ਼ ਉਸਦੀ ਖ਼ੂਬਸੂਰਤ ਬੇਟੀ ਮਿਰਾਂਡਾ ਹੈ ਅਤੇ ਉਸ ਦੀਆਂ ਕਿਤਾਬਾਂ ਹਨ। ਉੱਥੇ ਉਹ ਟਾਪੂ ’ਤੇ ਮੌਜੂਦ ਇਕੋ ਇਕ ਵਸਨੀਕ ਕੈਲੀਬਨ ਨੂੰ ਆਪਣੀ ਸ਼ਕਤੀ ਰਾਹੀਂ ਗ਼ੁਲਾਮ ਬਣਾਉਂਦਾ ਹੈ ਅਤੇ ਉੱਥੇ ਮੌਜੂਦ ਰੂਹਾਂ ’ਚੋਂ ਇਕ ਏਰੀਅਲ ਨੂੰ ਆਜ਼ਾਦ ਕਰਦਾ ਹੈ ਤੇ ਆਪਣਾ ਸੇਵਾਦਾਰ ਬਣਾ ਲੈਂਦਾ ਹੈ।
ਨੇਪਲਸ ਦਾ ਰਾਜਾ ਅਲੈਂਸੋ ਆਪਣੇ ਭਰਾ, ਪੁੱਤ ਅਤੇ ਮਿਲਾਨ ਦੇ ਡਿਊਕ ਐਂਟਾਨੀਉ ਸਮੇਤ ਆਪਣੀ ਬੇਟੀ ਦੀ ਸ਼ਾਦੀ ਤੋਂ ਵਾਪਸ ਆ ਰਿਹਾ ਹੈ ਤਾਂ ਉਨ੍ਹਾਂ ਦਾ ਜਹਾਜ਼ ਭਿਆਨਕ ਸਮੁੰਦਰੀ ਤੂਫ਼ਾਨ ’ਚ ਫਸ ਜਾਂਦਾ ਹੈ, ਸਾਰੇ ਯਾਤਰੀ ਸਮੁੰਦਰ ਵਿਚ ਡਿੱਗ ਜਾਂਦੇ ਹਨ ਅਤੇ ਉਸੇ ਸੁੰਨਸਾਨ ਟਾਪੂ ’ਤੇ ਪਹੁੰਚ ਜਾਂਦੇ ਹਨ। ਅਸਲ ਵਿਚ ਇਹ ਤੂਫ਼ਾਨ ਪਰੌਸਪੈਰੋ ਨੇ ਆਪਣੀ ਸ਼ਕਤੀ ਨਾਲ ਸਿਰਜਿਆ ਹੈ ਕਿਉਂਕਿ ਉਹ ਬਦਲਾ ਲੈਣਾ ਚਾਹੁੰਦਾ ਹੈ। ਅਲੈਂਸੋ ਦਾ ਬੇਟਾ ਪਰੌਸਪੈਰੋ ਦੀ ਧੀ ਮਿਰਾਂਡਾ ਨੂੰ ਮੁਹੱਬਤ ਕਰਨ ਲੱਗਦਾ ਹੈ, ਪਰ ਪਰੌਸਪੈਰੋ ਉਸਨੂੰ ਆਪਣਾ ਗ਼ੁਲਾਮ ਬਣਾ ਲੈਂਦਾ ਹੈ। ਅਖੀਰ ’ਚ ਏਰੀਅਲ ਸਾਰਿਆਂ ਨੂੰ ਘੇਰ ਕੇ ਪਰੌਸਪੈਰੋ ਕੋਲ ਲੈ ਆਉਂਦਾ ਹੈ। ਤਣਾਅ ਅਤੇ ਟਕਰਾਉ ਤੋਂ ਬਾਅਦ ਪਰੌਸਪੈਰੋ ਸਾਰਿਆਂ ਨੂੰ ਮਾਫ਼ ਕਰ ਦਿੰਦਾ ਹੈ, ਮਿਰਾਂਡਾ ਦਾ ਵਿਆਹ ਅਲੈਂਸੋ ਦੇ ਬੇਟੇ ਨਾਲ ਕਰਦਾ ਹੈ ਅਤੇ ਏਰੀਅਲ ਨੂੰ ਵੀ ਹਮੇਸ਼ਾਂ ਲਈ ਮੁਕਤ ਕਰ ਦਿੰਦਾ ਹੈ। ਇੰਜ ਇਸ ਨਾਟਕ ਦਾ ਸੁਖਾਂਤਕ ਅੰਤ ਹੁੰਦਾ ਹੈ।

ਡਾ. ਸਾਹਿਬ ਸਿੰਘ

ਰੰਗਮੰਚ ਸਮਝਾਉਣ, ਦਰਸਾਉਣ, ਮਨਾਉਣ ਦੀ ਕਲਾ ਹੈ। ਨਾਟਕਕਾਰ ਆਪਣਾ ਕੋਈ ਖ਼ਾਸ ਫ਼ਿਕਰ, ਖ਼ਾਸ ਵਿਚਾਰ ਕੇਂਦਰ ’ਚ ਰੱਖ ਕੇ ਉਸ ਨੁਕਤੇ ਦੁਆਲੇ ਖਾਕਾ ਬੁਣਦਾ ਹੈ ਤਾਂ ਕਿ ਉਸ ਨੁਕਤੇ ਦੇ ਵਿਭਿੰਨ ਪਾਸਾਰ ਖੁੱਲ੍ਹ ਸਕਣ ਤੇ ਵਿਚਾਰ ਸਮੁੱਚਤਾ ਸਹਿਤ ਪੇਸ਼ ਹੋ ਸਕੇ। ਨਿਰਦੇਸ਼ਕ ਆਪਣੀ ਤਕਨੀਕੀ ਸਮਰੱਥਾ ਅਨੁਸਾਰ ਉਸ ਵਿਚਾਰ ਦੀ ਇਕ ਤਸਵੀਰ ਬਣਾਉਂਦਾ ਹੈ, ਸੁਣਨ-ਪੜ੍ਹਨ ਵਾਲੇ ਨੁਕਤੇ ਨੂੰ ਵੇਖਣਯੋਗ ਬਣਾਉਂਦਾ ਹੈ ਅਤੇ ਰਚੇ ਹੋਏ ਸ਼ਬਦਾਂ, ਵਾਕਾਂ ਅੰਦਰ ਪਏ ਖੱਪਿਆਂ ਨੂੰ ਦ੍ਰਿਸ਼ ਰੂਪ ਦੇ ਕੇ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ। ਅਦਾਕਾਰ ਇਸ ਸਭ ਕੁਝ ਨੂੰ ਆਪਣੇ ਹਾਵ ਭਾਵ, ਸਰੀਰਿਕ ਮੁਦਰਾਵਾਂ, ਸੰਵਾਦ ਅਦਾਇਗੀ ਰਾਹੀਂ ਸੱਚ ਬਣਾ ਕੇ ਦਰਸ਼ਕ ਨੂੰ ਉਸ ਵਿਚਾਰ, ਨੁਕਤੇ ਬਾਰੇ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਾਪਤ ਪੇਸ਼ਕਾਰੀ ਦੀ ਵਿਲੱਖਣਤਾ ਇਸੇ ਵਿਚ ਸੀ ਕਿ ਤਿੰਨ ਘੰਟੇ ਲੰਬੇ ਨਾਟਕ ਨੂੰ ਸੱਠ ਮਿੰਟ ਵਿਚ ਨਿਰਦੇਸ਼ਕ ਸਮਝਾਉਂਦਾ ਵੀ ਹੈ, ਦਰਸਾਉਂਦਾ ਵੀ ਹੈ ਤੇ ਮਨਾਉਂਦਾ ਵੀ ਹੈ। ਪਾਰਥੋ ਵੱਲੋਂ ਤਿਆਰ ਕੀਤਾ ਸੰਗੀਤ, ਹਰ ਦ੍ਰਿਸ਼ ਅਨੁਸਾਰ ਰੰਗ ਅਤੇ ਮਿਕਦਾਰ ਬਦਲਦੀਆਂ ਰੌਸ਼ਨੀਆਂ, ਪਲ ਪਲ ਬਦਲਦੀ ਮੰਚ ਜੜ੍ਹਤ ਰਾਹੀਂ ਯਥਾਰਥ ਦਾ ਪ੍ਰਭਾਵ ਸਿਰਜਦਾ ਮਾਹੌਲ ਦਰਸ਼ਕ ਦੇ ਮਨ ਵਿਚ ਉਸ ਤੂਫ਼ਾਨ ਪ੍ਰਤੀ ਇਕ ਨਜ਼ਦੀਕੀ ਸਿਰਜਦਾ ਹੈ। ਦਰਸ਼ਕ ਉਸ ਤੂਫ਼ਾਨ ’ਚ ਆਪਣੇ ਆਪ ਨੂੰ ਝੰਬਿਆ, ਝੰਜੋੜਿਆ ਮਹਿਸੂਸ ਕਰਦਾ ਹੈ ਅਤੇ ਅੰਤਲੀ ਮਾਫ਼ੀ ਨਾਲ ਕਲਾਕਾਰਾਂ ਸੰਗ ਇਕ ਡੂੰਘਾ ਸਾਹ ਲੈਂਦਾ ਹੈ। ਪਾਰਥੋ ਆਪਣੀ ਇਸ ਖ਼ਾਸੀਅਤ ਲਈ ਜਾਣਿਆ ਪਛਾਣਿਆ ਕਲਾਕਾਰ ਹੈ, ਉਸਨੇ ‘ਟੈਂਪੈਸਟ’ ਤੋਂ ਇਲਾਵਾ ‘ਰੋਮੀਓ ਜੂਲੀਅਟ’, ‘ਮੈਕਬੈਥ’, ‘ਜੂਲੀਅਸ ਸੀਜ਼ਰ’ ਜਿਹੇ ਨਾਟਕ ਵੀ ਸ਼ੈਕਸਪੀਅਰ ਦੇ ਲਫਜ਼ਾਂ ਤੋਂ ਆਜ਼ਾਦੀ ਹਾਸਲ ਕਰਕੇ ਖੇਡੇ ਹਨ।
ਸਮੁੱਚੇ ਰੂਪ ਵਿਚ ਇਹ ਪੇਸ਼ਕਾਰੀ ਆਜ਼ਾਦੀ ਦਾ ਚਿੰਨ੍ਹ ਸੀ। ਪਰੰਪਰਕ ਤਰੀਕਿਆਂ ਤੋਂ ਆਜ਼ਾਦੀ, ਜਕੜੀਆਂ ਹੋਈਆਂ ਰੂਹਾਂ ਦੀ ਖੁੱਲ੍ਹ ਵਿਚਰਨ ਦੀ ਆਜ਼ਾਦੀ, ਰਿਸ਼ਤਿਆਂ ਦੀ ਕਸੀਦਗੀ ਤੋਂ ਆਜ਼ਾਦੀ, ਮਨੁੱਖੀ ਵਲਵਲਿਆਂ ’ਤੇ ਪਾਬੰਦੀ ਤੋਂ ਆਜ਼ਾਦੀ ਤੇ ਜ਼ਿੰਦਗੀ ਜ਼ਿੰਦਾਬਾਦ ਦੀ ਆਜ਼ਾਦੀ। ਹਿੰਦੁਸਤਾਨੀਆਂ ਨੂੰ ਮੂਕ ਅਭਿਨੈ, ਸਰੀਰਿਕ ਭਾਸ਼ਾ ਸਮਝਣ ਦੀ ਖ਼ਾਸ ਲੋੜ ਹੈ ਤਾਂ ਕਿ ਉਹ ਲੀਡਰਾਂ ਵੱਲੋਂ ਕੀਤੇ ਜਾਂਦੇ ਝੂਠੇ ਵਾਅਦਿਆਂ, ਲਾਰਿਆਂ ਦੇ ਲਫਾਜ਼ੀ ਪ੍ਰਭਾਵ ਨੂੰ ਲਾਂਭੇ ਰੱਖ ਕੇ ਉਨ੍ਹਾਂ ਦੇ ਚਿਹਰਿਆਂ ਨੂੰ ਤੇ ਸਰੀਰਿਕ ਭਾਸ਼ਾ ਨੂੰ ਪੜ੍ਹ ਸਕਣ ਅਤੇ ਢੁਕਵੇਂ ਫੈ਼ਸਲੇ ਲੈ ਸਕਣ।
ਸੰਪਰਕ:98880-11096


Comments Off on ਰੂਹਾਂ ਦੀ ਆਜ਼ਾਦੀ ਦਾ ਤੂਫ਼ਾਨ ‘ਦਿ ਟੈਂਪੈਸਟ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.