ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਰੁੱਖਾਂ ਵਿਚੋਂ ਝਾਕਦੇ ਨਕਸ਼…

Posted On July - 9 - 2019

ਤਰਲੋਚਨ ਸਿੰਘ
ਸਮੇਂ ਦਾ ਗੇੜ ਕਿਸ ਵੇਲੇ ਜੀਵਨ ਨੂੰ ਕਿਹੜੇ ਪਾਸੇ ਰੇੜ੍ਹ ਦੇਵੇ, ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਗੇੜ ਵਿਚ ਹੀ ਕਈ ਸਾਲ ਪਹਿਲਾਂ ਚੰਡੀਗੜ੍ਹ ਵੱਸਣ ਦਾ ਸਬੱਬ ਬਣ ਗਿਆ ਸੀ। ਚੰਡੀਗੜ੍ਹ ਆ ਕੇ ਜ਼ਿੰਦਗੀ ਦੇ ਕਈ ਤਰ੍ਹਾਂ ਦੇ ਰਸਤਿਆਂ ਦਾ ਲੰਮਾ ਸਫਰ ਤੈਅ ਕਰਦਿਆਂ ਕਈ ਕੌੜੇ-ਮਿੱਠੇ ਤਜਰਬੇ ਹੋਏ। ਹਰ ਖੇਤਰ ਵਿਚ ਜ਼ਿੰਦਗੀ ਦਾ ਸਫਰ ਇੰਨਾ ਤੇਜ਼ ਤੇ ਤਿੱਖਾ ਰਿਹਾ ਕਿ ਆਪਣੇ ਹੋਰ ਸੱਜਣਾਂ-ਮਿੱਤਰਾਂ ਵਾਂਗ ਇੱਥੇ ਆਪਣਾ ਮਕਾਨ ਬਣਾਉਣ ਤੋਂ ਕਾਫੀ ਪਛੜ ਗਿਆ। ਪਤਨੀ ਚੰਡੀਗੜ੍ਹ ਵਿਚ ਆਪਣਾ ਮਕਾਨ ਨਾ ਹੋਣ ਕਾਰਨ ਕਾਫੀ ਫ਼ਿਕਰਮੰਦ ਸੀ।
ਫਿਰ ਅਸੀਂ 14 ਕੁ ਸਾਲ ਪਹਿਲਾਂ ਕਿਸੇ ਢੰਗ-ਤਰੀਕੇ ਆਪਣਾ ਮਕਾਨ ਪਾਉਣ ਵਿਚ ਕਾਮਯਾਬ ਹੋ ਗਏ। ਪਤਨੀ ਨੂੰ ਫੁੱਲ ਬੂਟੇ ਆਦਿ ਲਾਉਣ ਦਾ ਬੜਾ ਸ਼ੌਕ ਹੈ। ਉਹ ਹਮੇਸ਼ਾਂ ਨਵੇਂ ਗਮਲਿਆਂ, ਨਵੇਂ-ਨਕੋਰ ਫੁੱਲਾਂ ਦੀ ਪਨੀਰੀ ਅਤੇ ਬਾਗਬਾਨੀ ਦੇ ਖੇਤਰ ਦੇ ਹੋਰ ਨਿਕ-ਸੁਕ ਦੀ ਖਰੀਦੋ-ਫਰੋਖਤ ਕਰਦੀ ਰਹਿੰਦੀ ਹੈ। ਕਾਫੀ ਸਾਲ ਸਰਕਾਰੀ ਕੁਆਰਟਰ ਵਿਚ ਰਹਿਣ ਕਾਰਨ ਪਤਨੀ ਦਾ ਇਹ ਸ਼ੌਕ ਖੂਬ ਪਲਦਾ-ਫਲਦਾ ਰਿਹਾ। ਦਰਅਸਲ ਸਰਕਾਰੀ ਕੁਆਰਟਰ ਦਾ ਅਗਲਾ ਵਿਹੜਾ ਬੜਾ ਲੰਮਾ-ਚੌੜਾ ਸੀ ਜਿਥੇ ਪਤਨੀ ਘਾਹ ਲਾਉਣ, ਵੰਨ-ਸਵੰਨੀਆਂ ਕਿਆਰੀਆਂ ਬਣਾਉਣ ਅਤੇ ਭਾਂਤ ਭਾਂਤ ਦੇ ਬੂਟੇ ਲਾਉਣ ਦਾ ਆਪਣਾ ਸ਼ੌਕ ਰਜਵੇਂ ਢੰਗ ਨਾਲ ਪੂਰਾ ਕਰਦੀ ਰਹੀ ਸੀ।
ਇਸ ਸਰਕਾਰੀ ਕੁਆਰਟਰ ਦੇ ਵਿਹੜੇ ਵਿਚ ਅੰਬ ਦਾ ਵੱਡਾ ਦਰਖਤ ਵੀ ਸੀ ਜਿਸ ਤੋਂ ਹਰ ਸਾਲ ਮਣਾਂ ਦੇ ਹਿਸਾਬ ਨਾਲ ਅੰਬ ਉੱਤਰਦੇ ਸਨ। ਸਾਨੂੰ ਹਰ ਸਾਲ ਆਪਣੇ ਗੁਆਂਢੀਆਂ ਅਤੇ ਸੱਜਣਾਂ-ਮਿੱਤਰਾਂ ਨੂੰ ਅੰਬਾਂ ਦੇ ਝੋਲੇ ਭਰ ਭਰ ਕੇ ਦੇਣ ਦਾ ਮੌਕਾ ਮਿਲਦਾ। ਇਨ੍ਹਾਂ ਅੰਬਾਂ ਨਾਲ ਕਈ ਘਰਾਂ ਦੇ ਮਰਤਬਾਨ ਅਚਾਰ ਨਾਲ ਭਰ ਜਾਂਦੇ। ਫਿਰ ਜਦੋਂ ਅਸੀਂ ਸਰਕਾਰੀ ਕੁਆਰਟਰ ਖਾਲੀ ਕਰਕੇ ਆਪਣੇ ਬਣਾਏ ਘਰ ਵਿਚ ਚਲੇ ਗਏ ਤਾਂ ਪਤਨੀ ਦਾ ਫੁੱਲ-ਬੂਟੇ ਲਾਉਣ ਦਾ ਸ਼ੌਕ ਖੁਸਦਾ ਜਾਪਿਆ ਕਿਉਂਕਿ ਇਸ ਘਰ ਦਾ ਅਗਲਾ ਵਿਹੜਾ ਕਾਰਾਂ ਲਾਉਣ ਦੀ ਸਮਰੱਥਾ ਵਾਲਾ ਹੀ ਸੀ।
ਫਿਰ ਉਹਨੇ ਘਰ ਦੇ ਪਿਛਲੇ ਵਿਹੜੇ ਵਿਚ ਇਹ ਸ਼ੌਕ ਪੂਰਾ ਕਰਨ ਦਾ ਜੁਗਾੜ ਲਾਇਆ ਪਰ ਪਿਛਲੇ ਵਿਹੜੇ ਵਿਚ ਵੀ ਕਿਆਰੀਆਂ ਬਣਾਉਣ ਦੀ ਬਹੁਤੀ ਸਮਰੱਥਾ ਨਹੀਂ ਸੀ। ਇਸੇ ਕਾਰਨ ਉਹਨੇ ਗਮਲਿਆਂ ਦੇ ਸਟੈਂਡ ਬਣਾ ਕੇ ਇਨ੍ਹਾਂ ਵਿਚ ਹੀ ਬਾਗਬਾਨੀ ਦੇ ਯਤਨ ਵਿੱਢ ਦਿੱਤੇ। ਉਹਨੇ ਕਿਸੇ ਤਰ੍ਹਾਂ ਇਨ੍ਹਾਂ ਸਟੈਂਡਾਂ ਵਿਚ 3 ਦਰਜਨ ਦੇ ਕਰੀਬ ਫੁੱਲਾਂ ਦੇ ਗਮਲੇ ਰੱਖਣ ਦਾ ਜੁਗਾੜ ਕਰ ਲਿਆ। ਇਸ ਤੋਂ ਇਲਾਵਾ ਘਰ ਦੇ ਬਾਹਰਲੇ ਵਿਹੜੇ ਦੀ ਕੰਧ ਉਪਰ ਵੀ ਫੁੱਲਾਂ ਦੇ ਗਮਲੇ ਸਜਾ ਕੇ ਹਰਿਆਵਲੀ ਦੀ ਝਲਕ ਦੇਣ ਦਾ ਯਤਨ ਕੀਤਾ। ਕੁਝ ਹੱਦ ਤਕ ਘਰ ਵਿਚ ਹਰਿਆਵਲ ਤੇ ਫੁੱਲਾਂ ਦੀ ਮਹਿਕ ਦਾ ਮਾਹੌਲ ਬਣ ਵੀ ਗਿਆ।
ਇਸ ਦੇ ਬਾਵਜੂਦ ਉਹਦੀ ਘਰ ਵਿਚ ਬੂਟੇ ਲਾਉਣ ਦੀ ਇੱਛਾ ਪੂਰੀ ਨਹੀਂ ਹੋ ਰਹੀ ਸੀ। ਉਹਨੇ ਘਰ ਦੇ ਬਿਲਕੁਲ ਸਾਹਮਣੇ ਛੋਟੇ ਪਾਰਕ ਵਿਚ ਇਹ ਇੱਛਾ ਪੂਰੀ ਕਰਨ ਦਾ ਯਤਨ ਕੀਤਾ ਅਤੇ ਮਾਲੀ ਨਾਲ ਸਲਾਹ-ਮਸ਼ਵਰਾ ਕਰਕੇ ਉਥੇ ਟਿਫਨ ਬੇਲੀਆ ਤੇ ਡੇਕ ਲਾ ਦਿੱਤੇ। ਬੜੀ ਰੀਝ ਨਾਲ ਇਨ੍ਹਾਂ ਦਰਖਤਾਂ ਦੀ ਗੋਡੀ ਕਰਕੇ, ਪਾਣੀ ਦੇ ਕੇ ਅਤੇ ਵਾਹਨਾਂ ਤੋਂ ਬਚਾਉਣ ਦੇ ਜੁਗਾੜ ਕਰਕੇ ਦੋਵੇਂ ਦਰਖਤ ਪਾਲੇ। ਇਹ ਦਰਖਤ ਅੱਜ ਖੂਬ ਫੇਲੇ ਹੋਏ ਹਨ। ਇਸ ਪਾਰਕ ਵਿਚ ਧੋਬੀ ਤਰਪਾਲ ਪਾ ਕੇ ਕਈ ਸਾਲਾਂ ਤੋਂ ਆਪਣਾ ਤੋਰੀ-ਫੁਲਕਾ ਚਲਾ ਰਿਹਾ ਹੈ। ਗਰਮੀਆਂ ਵਿਚ ਇਨ੍ਹਾਂ ਦਰਖਤ ਦੇ ਹਵਾ ਦੇ ਬੁੱਲੇ ਧੋਬੀ ਲਈ ਏਸੀ ਦਾ ਕੰਮ ਕਰਦੇ ਹਨ। ਮੈਂ ਕੁਝ ਸਾਲ ਤਾਂ ਇਨ੍ਹਾਂ ਦਰਖਤਾਂ ਦੀ ਮਹਿਜ਼ ਇਹੋ ਅਹਿਮੀਅਤ ਸਮਝਦਾ ਰਿਹਾ ਕਿ ਇਹ ਦਰਖਤ ਪਾਰਕ ਦੇ ਬਾਹਰ ਖੜ੍ਹੀ ਸਾਡੀ ਕਾਰ ਲਈ ਛਾਂ ਮੁਹਈਆ ਕਰਦੇ ਹਨ ਪਰ ਹੌਲੀ ਹੌਲੀ ਮੈਨੂੰ ਇਨ੍ਹਾਂ ਵਿਚੋਂ ਕੈਨੇਡਾ ਗਏ ਬੱਚੇ (ਧੀ, ਨੂੰਹ ਤੇ ਪੁੱਤਰ) ਦਿਸਣ ਲੱਗੇ।
ਦਰਅਸਲ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਬੱਚਿਆਂ ਨੂੰ ਪਰਦੇਸ ਭੇਜ ਕੇ ਇਕੱਲਤਾ ਦੀ ਕੈਦ ਭੋਗਾਂਗੇ। ਇਕੱਲਤਾ ਦਾ ਦੁਖਾਂਤ ਅਤੇ ਵਿਰਲਾਪ ਆਪਣੇ ਕਈ ਨਜ਼ਦੀਕੀਆਂ ਦੇ ਘਰਾਂ ਵਿਚ ਪਹਿਲਾਂ ਦੇਖਿਆ ਹੋਇਆ ਹੈ। ਇਸੇ ਕਾਰਨ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਗਰ ਦੇ ਟੁਕੜਿਆਂ ਨੂੰ ਪਰਦੇਸ ਭੇਜ ਕੇ ਮੈਂ ਵੀ ਇਸ ਵਿਰਲਾਪ ਦੇ ਰਾਹ ਪਵਾਂਗਾ ਪਰ ਜਦੋਂ ਪੁੱਤਰ ਡਿਗਰੀ ਹਾਸਲ ਕਰਨ ਦੇ ਬਾਵਜੂਦ ਹੋਰਾਂ ਵਾਂਗ ਬੇਰੁਜ਼ਗਾਰੀ ਦੀ ਭੱਠੀ ਵਿਚ ਭੁਜਦਾ ਰਿਹਾ ਤਾਂ ਸਾਡੇ ਕੋਲ ਉਸ ਨੂੰ ਬਾਹਰ ਭੇਜਣ ਤੋਂ ਉਰੇ ਕੋਈ ਚਾਰਾ ਨਹੀਂ ਸੀ ਰਿਹਾ।
ਮੈਂ ਕਈ ਵਾਰ ਜਦੋਂ ਵਿਰਲਾਪ ਵਿਚ ਰੁਲਿਆ ਹੁੰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਪਤਨੀ ਨੇ ਪਰਦੇਸ ਗਏ ਬੱਚਿਆਂ ਦਾ ਖੱਪਾ ਭਰਨ ਲਈ ਹੀ ਇਹ ਦਰਖਤ ਲਾਏ ਹਨ। ਇਹ ਦਰਖਤ ਘਰ ਵਿਚਲੇ ਬੈੱਡਰੂਮ, ਡਰਾਇੰਗ ਰੂਮ ਅਤੇ ਬਾਥਰੂਮ ਦੀਆਂ ਖਿੜਕੀਆਂ ਵਿਚੋਂ ਨਜ਼ਰ ਆਉਂਦੇ ਹਨ। ਜਦੋਂ ਕਦੇ ਦਿਲ ਤੇ ਦਿਮਾਗ ਉਪਰ ਇਕੱਲਤਾ ਦਾ ਤਿੱਖਾ ਦਬਾਅ ਪੈਂਦਾ ਹੈ ਤਾਂ ਖਿੜਕੀਆਂ ਤੋਂ ਪਰਦਾ ਚੁੱਕ ਕੇ ਬਾਹਰ ਝਾਕਦਾ ਹਾਂ। ਦਰਖਤਾਂ, ਟਹਿਣੀਆਂ ਅਤੇ ਪੱਤਿਆਂ ਨੂੰ ਨਿਹਾਰਦਾ ਹੋਇਆ ਬੱਚਿਆਂ ਨਾਲ ਮਨ ਹੀ ਮਨ ਗੱਲਾਂ ਕਰਦਾ ਹਾਂ। ਜਦੋਂ ਹਵਾ ਦੇ ਬੁੱਲਿਆਂ ਨਾਲ ਦਰਖਤਾਂ ਦੀਆਂ ਟਹਿਣੀਆਂ ਹਿਲਦੀਆਂ ਹਨ ਅਤੇ ਪੱਤੇ ਲਹਿਰਾਉਂਦੇ ਹਨ ਤਾਂ ਮਹਿਸੂਸ ਹੁੰਦਾ ਹੈ ਕਿ ਬੱਚੇ ਮੇਰੀਆਂ ਗੱਲਾਂ ਦਾ ਹੁੰਗਾਰਾ ਭਰ ਰਹੇ ਹਨ। ਇਸ ਦੌਰਾਨ ਆਪ ਮੁਹਾਰੇ ਸ਼ਿਵ ਬਟਾਲਵੀ ਦੀ ਕਵਿਤਾ ‘ਰੁੱਖ’ ਦੀਆਂ ਮੁਢਲੀਆਂ ਸਤਰਾਂ- ‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ। ਕੁੱਝ ਰੁੱਖ ਨੂੰਹਾਂ ਧੀਆਂ ਲਗਦੇ, ਕੁਝ ਰੁੱਖ ਵਾਂਗ ਭਰਾਵਾਂ…’ ਯਾਦ ਆ ਜਾਂਦੀਆਂ ਹਨ।
ਸੰਪਰਕ: 98155-51807


Comments Off on ਰੁੱਖਾਂ ਵਿਚੋਂ ਝਾਕਦੇ ਨਕਸ਼…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.