ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਯੂਟਿਊਬ: ਗਿਆਨ, ਮਨੋਰੰਜਨ ਤੇ ਕਮਾਈ ਦਾ ਸਾਧਨ

Posted On July - 25 - 2019

ਜਗਜੀਤ ਸਿੰਘ ਗਣੇਸ਼ਪੁਰ

ਇੰਟਰਨੈੱਟ ਦੀ ਦੁਨੀਆਂ ਵਿੱਚ ਯੂਟਿਊਬ ਨੂੰ ਵੀਡੀਓ ਰੂਪ ਵਿਚ ਗਿਆਨ ਦੇ ਸਮੁੰਦਰ ਵਜੋਂ ਜਾਣਿਆ ਜਾਂਦਾ ਹੈ। ਇਹ ਵੀਡੀਓ ਸ਼ੇਅਰ ਕਰਨ ਦੀ ਵੈੱਬੱਸਾਈਟ ਹੈ। ਇਸ ਦੀ ਖੋਜ ਸੰਯੁਕਤ ਰੂਪ ਵਿੱਚ ‘ਪੇਅਪਾਲ’ ਕੰਪਨੀ ਵਿੱਚ ਕੰਮ ਕਰ ਚੁੱਕੇ ਤਿੰਨ ਦੋਸਤਾਂ ਚਾਡ ਹਾਰਲੀ, ਜਾਵੇਦ ਕਰੀਮ ਅਤੇ ਸਟੀਵ ਚੈਨ ਨੇ 2005 ਵਿੱਚ ਕੀਤੀ। ਯੂਟਿਊਬ ਸ਼ਬਦ ਦਾ ਭਾਵ ਹੈ ‘ਤੁਹਾਡਾ ਟੀਵੀ’।
ਇਸ ਦੇ ਖੋਜ ਕਰਤਾਵਾਂ ਦੇ ਦਿਮਾਗ਼ ਵਿੱਚ ਪਹਿਲਾਂ-ਪਹਿਲ ਆਪਣੀਆਂ ਨਿੱਜੀ ਵੀਡੀਉਜ਼ ਇੰਟਰਨੈੱਟ ’ਤੇ ਸ਼ੇਅਰ ਕਰਨ ਦਾ ਖ਼ਿਆਲ ਆਇਆ ਕਿਉਂਕਿ ਉਹ ਇਕ ਜਨਮ ਦਿਨ ਦੀ ਵੀਡੀਉ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝੀ ਕਰਨੀ ਚਾਹੁੰਦੇ ਸਨ, ਆਕਾਰ ਵੱਡਾ ਹੋਣ ਕਾਰਨ, ਉਹ ਸ਼ੇਅਰ ਨਹੀਂ ਹੋ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਦਿਮਾਗ ਅੰਦਰ ਖ਼ਿਆਲ ਆਇਆ ਕਿ ਕਿਸੇ ਵੀ ਕੁਦਰਤੀ ਅਣਹੋਣੀ ਸਮੇਂ ਉਹ ਦ੍ਰਿਸ਼ ਕਿਸੇ ਨਾ ਕਿਸੇ ਇਨਸਾਨ ਦੇ ਕੈਮਰੇ ਵਿੱਚ ਕੈਦ ਹੋ ਜਾਂਦੇ ਹਨ ਪਰ ਅਜਿਹਾ ਕੋਈ ਸਾਂਝਾ ਪਲੇਟਫ਼ਾਰਮ ਨਾ ਹੋਣ ਕਰਨ ਦੁਨੀਆ ਸਾਹਮਣੇ ਨਹੀਂ ਆਉਂਦੇ। ਇਸੇ ਮੁਸ਼ਕਲ ਨੂੰ ਦੂਰ ਕਰਨ ਲਈ ਯੂਟਿਊਬ ਹੋਂਦ ਵਿੱਚ ਆਈ। ਇਹ ਤਿੰਨੇ ਦੋਸਤ ਪਹਿਲਾਂ ‘ਟਿਊਨ-ਇਨ-ਹੂਕਅੱਪ’ ਡੇਟਿੰਗ ਵੈੱਬਸਾਈਟ ਬਣਾ ਚੁੱਕੇ ਸਨ, ਜੋ ਕਿ ਬਹੁਤੀ ਸਫਲ ਨਹੀਂ ਹੋ ਸਕੀ ਸੀ।
ਉਨ੍ਹਾਂ 14 ਫਰਵਰੀ, 2005 ਨੂੰ ਵੈਲੇਨਟਾਈਨ ਵਾਲੇ ਦਿਨ ਯੂਟਿਊਬ ਨੂੰ ਰਜਿਸਟਰ ਕਰਵਾਇਆ ਅਤੇ ਅਪਰੈਲ 2005 ਵਿੱਚ ਇਸ ’ਤੇ ਜਨਤਕ ਤੌਰ ’ਤੇ ਵੀਡੀਉ ਅੱਪਲੋਡ ਕਰਨ ਦੀ ਸੁਵਿਧਾ ਦਿੱਤੀ ਗਈ। ਸਭ ਤੋਂ ਪਹਿਲੀ ਵੀਡੀਉ ਜਾਵੇਦ ਕਰੀਮ ਨੇ 23 ਅਪਰੈਲ 2005 ਨੂੰ ਪਾਈ, ਜਿਸ ਦਾ ਸਿਰਲੇਖ ਸੀ ‘ਮੀ ਐਂਟ ਦਿ ਯੂ’, ਜਿਹੜੀ ਕੈਲੀਫੋਰਨੀਆ ਦੇ ‘ਸੇਨ ਡਿਆਗੂ ਯੂ’ ਉੱਤੇ ਅਧਾਰਿਤ ਸੀ। ਇਸ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਹੌਲੀ-ਹੌਲੀ ਕੰਮ ਵਧਣ ਕਾਰਨ 2005 ’ਚ ਯੂਟਿਊਬ ਦਾ ਕੰਮਕਾਰ ਚਲਾਉਣ ਲਈ 65 ਮੁਲਾਜ਼ਮ ਰੱਖੇ ਗਏ ਅਤੇ ਇਸ ਦਾ ਦਫ਼ਤਰ ਕੈਲੇਫੋਰਨੀਆ ਵਿੱਚ ਇੱਕ ਜਪਾਨੀ ਰੈਸਟੋਰੈਂਟ ਦੀ ਇਮਾਰਤ ਉੱਪਰ ਬਣਾਇਆ ਗਿਆ। ਯੂਟਿਊਬ ਬਹੁਤ ਜਲਦੀ ਮਕਬੂਲ ਹੋ ਗਈ ਤੇ ਇਸ ਨੂੰ ਗੂਗਲ ਨੇ 2006 ਵਿਚ 1.65 ਅਰਬ ਡਾਲਰ ਵਿੱਚ ਖ਼ਰੀਦ ਲਿਆ ਤੇ ਇਸ ਦਾ ਮੌਜੂਦਾ ਮੁੱਖ ਦਫ਼ਤਰ ਸਾਨ ਬਰੂਨੋ, ਕੈਲੀਫੋਰਨੀਆ ਵਿੱਚ ਹੈ। ਬਰਾਜ਼ੀਲੀ ਫੁਟਬਾਲਰ ਰੋਨਾਲਡੀਨੋ ਦੀ ਨਾਇਕੀ ਕੰਪਨੀ ਵੱਲੋਂ ਸਪਾਂਸਰ ਵੀਡੀਉ ‘ਟੱਚ ਆਫ਼ ਗੋਲਡ’ ਇੱਕ ਮਿਲੀਅਨ (ਦਸ ਲੱਖ) ਵਿਊ ਵਾਲੀ ਪਹਿਲੀ ਵੀਡੀਉ ਅਕਤੂਬਰ 2005 ਵਿੱਚ ਬਣੀ ਤੇ ‘ਯੂਟਿਊਬ ਰੀਵਾਇੰਡ ਕੰਟਰੋਲ’ ਵੀਡੀਉ ਨੂੰ ਸਭ ਤੋਂ ਵੱਧ ਨਾਪਸੰਦ ਕੀਤਾ ਗਿਆ।
ਅੱਜ ਤਕਰੀਬਨ ਹਰੇਕ ਵਿਸ਼ੇ ਜਿਵੇਂ ਪੜ੍ਹਾਈ-ਲਿਖਾਈ, ਖੇਡਾਂ, ਧਰਮ, ਕਲਾ, ਰਾਜਨੀਤੀ, ਫ਼ੈਸ਼ਨ, ਵਿਗਿਆਨ, ਸਿਹਤ, ਸੰਗੀਤ, ਖੇਤੀਬਾੜੀ, ਐਨੀਮੇਸ਼ਨ, ਕਾਰਟੂਨ, ਕੁਕਿੰਗ ਆਦਿ ਨਾਲ ਸਬੰਧਿਤ ਅਣਗਿਣਤ ਚੈਨਲ ਸਫਲਤਾਪੂਰਵਕ ਯੂਟਿਊਬ ਉੱਤੇ ਚੱਲ ਰਹੇ ਹਨ। ਯੂਟਿਊਬ ਯੂਜ਼ਰ ਨੂੰ ਵੀਡੀਉ ਅੱਪਲੋਡ ਕਰਨ ਦੇ ਨਾਲ-ਨਾਲ ਲਾਇਕ, ਕੁਮੇਂਟ, ਸ਼ੇਅਰ ਦੀ ਸੁਵਿਧਾ ਵੀ ਮਿਲਦੀ ਹੈ। ਆਪਣੀ ਵੀਡੀਉਜ਼ ਅੱਪਲੋਡ ਕਰਨ ਲਈ ਪਹਿਲਾਂ ਆਪਣੀ ਜੀਮੇਲ ਆਈਡੀ ਦੀ ਵਰਤੋਂ ਕਰ ਕੇ ਯੂਟਿਊਬ ’ਤੇ ਆਪਣਾ ਚੈਨਲ ਬਣਾਉਣਾ ਹੁੰਦਾ ਹੈ, ਜੋ ਯੂਟਿਊਬ ਦੀ ਮੁਫ਼ਤ ਸੁਵਿਧਾ ਹੈ। ਤੁਹਾਡੇ ਚੈਨਲ ਉੱਤੇ ਸ਼ੇਅਰ ਵੀਡੀਉਜ਼ ਹੋਰ ਵਰਤੋਂਕਾਰਾਂ ਨੂੰ ਪਸੰਦ ਆਉਣ ਲੱਗਣ ਤਾਂ ਤੁਹਾਨੂੰ ਉਸ ਦਾ ਵਿੱਤੀ ਲਾਭ ਵੀ ਮਿਲੇਗਾ, ਬਸ਼ਰਤੇ ਤੁਹਾਡੇ ਵੀਡੀਓਜ਼ ਦੇ ਕੁੱਲ ਵਿਊਜ਼ ਦੀ ਗਿਣਤੀ ਦਸ ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਜਾਵੇ।

ਜਗਜੀਤ ਸਿੰਘ ਗਣੇਸ਼ਪੁਰ

ਤੁਸੀਂ ਕਿਸੇ ਵੀ ਵੀਡੀਉ ਨੂੰ ਜਦੋਂ ਮਰਜ਼ੀ ਕਿਸੇ ਵੀ ਸਥਾਨ ’ਤੇ ਜਿੰਨੀ ਵਾਰ ਚਾਹੋ ਵੇਖ ਸਕਦੇ ਹੋ। ਇਸ ਲਈ ਤਾਂ ਇਸ ਨੂੰ ਭਵਿੱਖ ਦਾ ਟੀ.ਵੀ ਵੀ ਆਖਿਆ ਜਾਣ ਲੱਗਾ ਹੈ। ਇੱਕ ਜਾਣਕਾਰੀ ਮੁਤਾਬਕ ਯੂਟਿਊਬ ਉੱਤੇ ਦੋ ਅਰਬ ਸਰਗਰਮ ਵਰਤੋਂਕਾਰ ਹਨ ਅਤੇ ਤਕਰੀਬਨ 100 ਘੰਟਿਆਂ ਦੇ ਵੀਡੀਉਜ਼ ਹਰ ਮਿੰਟ ਇਸ ’ਤੇ ਅੱਪਲੋਡ ਕੀਤੇ ਜਾਂਦੇ ਹਨ। ਭਵਿੱਖ ਵਿੱਚ ਇਸ ਦੀ ਵਰਤੋ ਹੋਰ ਵਧਣ ਦੇ ਅਸਾਰ ਹਨ ਕਿਉਂਕਿ ਟੀਵੀ ਦੇ ਮੁਕਾਬਲੇ ਇਸ ’ਤੇ ਆਪਣੇ ਉਤਪਾਦ ਦਾ ਇਸ਼ਤਿਹਾਰ ਸਸਤਾ ਪੈਂਦਾ ਹੈ ਅਤੇ ਇਸ ਰਾਹੀਂ ਤੁਸੀਂ ਆਪਣੇ ਖ਼ਾਸ ਵਰਗ ਦੇ ਵਰਤੋਂਕਾਰਾਂ ਤੱਕ ਅਸਾਨੀ ਨਾਲ ਪਹੁੰਚ ਕਰ ਸਕਦੇ ਹੋ। ਅੱਜਕੱਲ੍ਹ ਤਕਰੀਬਨ ਸਾਰੇ ਮੁੱਖ ਟੀਵੀ ਸੀਰੀਅਲ ਯੂਟਿਊਬ ਉੱਤੇ ਉਪਲਬਧ ਹਨ। ਯੂਟਿਊਬਰਜ਼ ਆਪਣੇ ਚੈਨਲ ਬਣਾ ਕੇ ਚੋਖੀ ਕਮਾਈ ਕਰ ਰਹੇ ਹਨ ਪਰ ਇਸ ’ਤੇ ਪੈਸਾ ਕਮਾਉਣਾ ਇੰਨਾ ਸੌਖਾ ਵੀ ਨਹੀਂ, ਸਗੋਂ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਹੀ ਇਸ ’ਤੇ ਮਕਬੂਲੀਅਤ ਮਿਲਦੀ ਹੈ। ਕਿਸੇ ਵੀ ਵਿਸ਼ੇ ’ਤੇ ਵੀਡੀਉ ਬਣਾਉਣ ਅਤੇ ਉਸ ਦੇ ਵਿਸ਼ਾ-ਵਸਤੂ ਦੀ ਰੌਚਕਤਾ ਹੀ ਉਸ ਦੇ ਵਿਊਜ਼ ਵਧਣ ਵਿੱਚ ਸਹਾਈ ਹੁੰਦੀ ਹੈ। ਯੂਟਿਊਬ ਵੀ ਯੂਟਿਊਬਰਜ਼ ਨੂੰ ਯੂਟਿਊਬ ਕਰੀਏਟਰ ਸਟੂਡੀਓ ਅਤੇ ਯੂਟਿਊਬ ਸਪੋਰਟ ਸਿਸਟਮ ਰਾਹੀ ਵਧੀਆ ਵੀਡੀਉ ਬਣਾਉਣ ਵਿਚ ਮਦਦ ਕਰਦਾ ਹੈ। ਤੁਹਾਡੇ ਵੀਡੀਉਜ਼ ਉੱਤੇ ਵਿਊਜ਼, ਲਾਈਕਸ ਅਤੇ ਸ਼ੇਅਰ ਵਧਣ ਨਾਲ ਹੀ ਤੁਹਾਡੇ ਚੈਨਲ ਉੱਤੇ ਇਸ਼ਤਿਹਾਰ ਆਉਣੇ ਸ਼ੁਰੂ ਹੋ ਜਾਣਗੇ, ਜਿਸ ਤੋਂ ਪ੍ਰਾਪਤ ਕਮਾਈ ਵਿੱਚੋਂ 45 ਪ੍ਰਤੀਸ਼ਤ ਆਪਣਾ ਹਿੱਸਾ ਰੱਖ ਕੇ ਬਾਕੀ 55 ਪ੍ਰਤੀਸ਼ਤ ਹਿੱਸਾ ਯੂਟਿਊਬ ਤੁਹਾਡੇ ਖ਼ਾਤੇ ਵਿੱਚ ਤਕਰੀਬਨ ਹਰ ਮਹੀਨੇ 20-21 ਤਾਰੀਖ਼ ਨੂੰ ਭੇਜ ਦਿੰਦਾ ਹੈ। ਦੱਸਣਯੋਗ ਹੈ ਕਿ ਵੀਡੀਉ ਵਿੱਚ ਆਉਣ ਵਾਲੇ ਇਸ਼ਤਿਹਾਰ ਨੂੰ ਯੂਜ਼ਰਜ਼ ਵੱਲੋਂ ਘੱਟੋ ਘੱਟ 30 ਸਕਿੰਟ ਤੱਕ ਵੇਖਣ ’ਤੇ ਹੀ ਤੁਹਾਨੂੰ ਉਸ ਦਾ ਵਿੱਤੀ ਲਾਭ ਦਿੱਤਾ ਜਾਵੇਗਾ। ਕਈ ਵਾਰ ਤੁਹਾਡੇ ਚੈਨਲ ਉੱਤੇ ਪ੍ਰਮੋਸ਼ਨਲ ਲਿੰਕ ਪਾਉਣ ਲਈ ਵਿੱਤੀ ਲਾਭ ਦਿੱਤਾ ਜਾਂਦਾ ਹੈ। ਕਈ ਯੂਟਿਊਬਰਜ਼ ਆਪਣੇ ਚੈਨਲ ਨੂੰ ਸਬਕਸਰਾਈਬ ਕਰਨ ਲਈ ਯੂਜਰਜ਼ ਕੋਲੋਂ ਮਹੀਨੇ ਦੀ ਮਹੀਨੇ ਫ਼ੀਸ ਵੀ ਵਸੂਲਦੇ ਹਨ।
ਜਿੱਥੇ ਯੂਟਿਊਬ ਗਿਆਨ, ਵਿਗਿਆਨ ਅਤੇ ਕਮਾਈ ਦਾ ਸਾਧਨ ਹੈ, ਉੱਥੇ ਇਸ ਉੱਤੇ ਅਸ਼ਲੀਲ ਸਮੱਗਰੀ ਵੀ ਵੱਡੇ ਪੱਧਰ ਉੱਤੇ ਅੱਪਲੋਡ ਕੀਤੀ ਜਾਂਦੀ ਹੈ, ਜੋ ਬੱਚਿਆਂ ਅਤੇ ਨੌਜਵਾਨਾਂ ਉੱਤੇ ਗ਼ਲਤ ਅਸਰ ਪਾ ਰਹੀ ਹੈ। ਕੁਝ ਲੋਕ ਛੇਤੀ ਤੋਂ ਛੇਤੀ ਆਪਣੇ ਚੈਨਲ ਨੂੰ ਮਕਬੂਲ ਕਰਨ ਲਈ ਇਸ ਤਰ੍ਹਾਂ ਦੀਆ ਵੀਡੀਉਜ਼ ਜਾਂ ਫਿਰ ਕਿਸੇ ਦੀ ਨਿੱਜਤਾ ਵਾਲੀ ਕਲਿੱਪ ਅੱਪਲੋਡ ਕਰ ਦਿੰਦੇ ਹਨ। ਯੂਟਿਊਬ ਉੱਤੇ ਪਾਇਰੇਸੀ ਵੀ ਬਹੁਤ ਹੁੰਦੀ ਹੈ, ਜਿਵੇਂ ਨਵੀਆਂ-ਨਵੀਆਂ ਫ਼ਿਲਮਾਂ ਹੀ ਇਸ ਉੱਤੇ ਅੱਪਲੋਡ ਕਰ ਦਿੱਤੀਆਂ ਜਾਂਦੀਆ ਹਨ, ਜਿਸ ਦਾ ਫ਼ਿਲਮ ਦੇ ਨਿਰਮਾਤਾ ਨੂੰ ਬਹੁਤ ਵਿੱਤੀ ਨੁਕਸਾਨ ਹੁੰਦਾ ਹੈ। ਇਹੋ ਜਿਹੇ ਵਰਤਾਰਿਆਂ ਨੂੰ ਰੋਕਣ ਲਈ ਯੂਟਿਊਬ ਨੇ ਕਈ ਕਦਮ ਉਠਾਏ ਹਨ। ਇਸ ਕਾਰਨ ਤੁਹਾਡਾ ਚੈਨਲ ਜੀਵਨ ਭਰ ਲਈ ਬਲਾਕ ਕਰ ਦਿੱਤਾ ਜਾਂਦਾ ਹੈ ਜਾਂ ਕਾਪੀ-ਰਾਈਟ ਕਾਨੂੰਨ ਤਹਿਤ ਕਾਰਵਾਈ ਹੋ ਸਕਦੀ ਹੈ।
ਯੂਟਿਊਬ ਉੱਤੇ ਹਰੇਕ ਪਾਈ ਗਈ ਸੂਚਨਾ ਹਮੇਸ਼ਾ ਸੱਚ ਜਾਂ ਸਹੀ ਨਹੀਂ ਹੁੰਦੀ, ਇਸ ਲਈ ਕਿਸੇ ਵੀ ਪ੍ਰਕਾਰ ਦੀ ਵੀਡੀਉ ਉੱਤੇ ਅਮਲ ਕਰਨ ਤੋਂ ਪਹਿਲਾ ਇਸ ਦੀ ਪੂਰੀ ਘੋਖ-ਪੜਤਾਲ ਕਰ ਲੈਣੀ ਚਾਹੀਦੀ ਹੈ। ਮਿਸਾਲ ਵਜੋਂ ਕਿਸੇ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਅਲੱਗ-ਅਲੱਗ ਚੈਨਲ ਉੱਤੇ ਕਈ ਤਰ੍ਹਾਂ ਦੇ ਹੱਲ ਦੱਸੇ ਜਾਂਦੇ ਹਨ ਪਰ ਉਨ੍ਹਾਂ ਦਾ ਬਿਨਾਂ ਸੋਚੇ ਸਮਝੇ ਇਸਤੇਮਾਲ ਤੁਹਾਡੀ ਸਿਹਤ ’ਤੇ ਖ਼ਤਰਨਾਕ ਅਸਰ ਪਾ ਸਕਦਾ ਹੈ। ਕਈ ਵਾਰ ਧਰਮ-ਜਾਤ ਦੇ ਨਾਮ ਉੱਤੇ ਨਫ਼ਰਤ ਫੈਲਾਉਣ ਵਾਲੇ ਵੀਡੀਉ ਪਾ ਕੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵੀ ਕੀਤੀਆ ਜਾਂਦੀਆਂ ਹਨ। ਇਸ ਦੇ ਬਾਵਜੂਦ ਯੂਟਿਊਬ ਉੱਤੇ ਸਾਨੂੰ ਲੋੜੀਂਦੀ ਜਾਣਕਾਰੀ ਬਹੁਤ ਅਸਾਨੀ ਨਾਲ ਮਿਲ ਜਾਂਦੀ ਹੈ। ਮਿਸਾਲ ਵਜੋ ਕੋਈ ਵਿਦਿਆਰਥੀ ਵੱਖ-ਵੱਖ ਭਾਸ਼ਾਵਾਂ ਸਿੱਖਣਾ ਚਾਹੁੰਦਾ ਹੈ ਤਾਂ ਉਹ ਇਸ ਰਾਹੀਂ ਬਿਨਾਂ ਕੋਈ ਅਦਾਇਗੀ ਦਿੱਤੇ ਆਪਣੇ ਘਰ ਬੈਠੇ ਹੀ ਸਿੱਖ ਸਕਦਾ ਹੈ। ਯੂਟਿਊਬ ਨੇ ਅਜਿਹੇ ਅਨੇਕਾਂ ਕਲਾਕਾਰਾਂ ਨੂੰ ਕਾਮਯਾਬੀ ਦਿਵਾਈ ਹੈ ਜੋ ਆਰਥਿਕ ਤੰਗੀ ਕਾਰਨ ਆਪਣਾ ਹੁਨਰ ਲੋਕਾਂ ਦੇ ਸਾਹਮਣੇ ਨਹੀਂ ਰੱਖ ਪਾ ਰਹੇ ਸਨ।

-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
ਸੰਪਰਕ: 94655-76022


Comments Off on ਯੂਟਿਊਬ: ਗਿਆਨ, ਮਨੋਰੰਜਨ ਤੇ ਕਮਾਈ ਦਾ ਸਾਧਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.