ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਯੁੱਧ ਦੇ ਪ੍ਰਸੰਗ ਵਿਚ ਭਾਰਤੀ ਸਿਨਮਾ

Posted On July - 2 - 2019

ਡਾ. ਕੁਲਦੀਪ ਕੌਰ

ਦੂਜੇ ਸੰਸਾਰ ਯੁੱਧ ’ਤੇ ਆਧਾਰਿਤ ਜਰਮਨ, ਫਰਾਂਸ, ਰੂਸ, ਬਰਤਾਨੀਆ ਤੇ ਪੋਲੈਂਡ ਵਰਗੇ ਮੁਲਕਾਂ ਦੇ ਫ਼ਿਲਮਸਾਜ਼ਾਂ ਵੱਲੋਂ ਕਈ ਫ਼ਿਲਮਾਂ ਬਣਾਈਆਂ ਗਈਆਂ। ਇਨ੍ਹਾਂ ’ਤੇ ਆਧਾਰਿਤ ਆਪਣੇ ਅਧਿਐਨ ਵਿਚ ਪ੍ਰਸਿੱਧ ਕਲਾ ਚਿੰਤਕ ਪਾਲ ਵਰੀਲਿਊ ਸਿਨਮਾ, ਯੁੱਧ, ਪ੍ਰਾਪੇਗੰਡਾ, ਪ੍ਰਚਾਰ, ਮਿੱਥਾਂ, ਅਫ਼ਵਾਹਾਂ, ਝੂਠ, ਤੱਥਾਂ ਦੀ ਗ਼ਲਤ ਪੇਸ਼ਕਾਰੀ ਅਤੇ ਯੁੱਧ ਦੀ ਭਿਆਨਕਤਾ ਨੂੰ ‘ਰਾਸ਼ਟਰਵਾਦੀ ਉਨਮਾਦ’ ਅਤੇ ‘ਸੂਰਮਾਗਤੀ ਦੀ ਭਾਵਨਾ’ ਵਿਚ ਤਬਦੀਲ ਕਰਨ ਦੀ ਵਿਆਖਿਆ ਕਰਦਾ ਹੈ।
ਆਪਣੇ ਅਧਿਐਨ ਦੀ ਸ਼ੁਰੂਆਤ ਉਹ ਪਹਿਲੇ ਸੰਸਾਰ ਯੁੱਧ ਵਿਚ ਤਸਵੀਰਾਂ ਦੀ ਵਰਤੋਂ ਦੀ ਸਿਆਸਤ ਨਾਲ ਕਰਦਾ ਹੈ। ਉਸ ਅਨੁਸਾਰ, ਪਹਿਲਾ ਸੰਸਾਰ ਯੁੱਧ ਇਕ ਤਰ੍ਹਾਂ ਨਾਲ ਮਨੁੱਖੀ ਸੱਭਿਅਤਾ ਦਾ ‘ਬੰਦਾ-ਮਾਰੂ’ ਮਸ਼ੀਨਰੀ ਨਾਲ ਪਹਿਲਾ ਦਸਤਪੰਜਾ ਸੀ ਜਿਸ ਨੇ ‘ਜ਼ਖ਼ਮੀ ਕਰਕੇ ਛੱਡਣ’, ‘ਦੁਸ਼ਮਣ ਨੂੰ ਸਿਆਸੀ ਕੈਦੀ ਬਣਾ ਲੈਣ’ ਅਤੇ ‘ਸਮਝੌਤਾ ਕਰਕੇ ਮੁਆਫ਼ ਕਰ ਦੇਣ’ ਦੀਆਂ ਦਲੀਲਾਂ ਨੂੰ ਖੁੰਢਾ ਕਰ ਦਿੱਤਾ। ਇਸ ਯੁੱਧ ਦੀਆਂ ਮਨੋਵਿਗਿਆਨਕ ਤਕਲੀਫ਼ਾਂ, ਸੱਭਿਆਚਾਰਕ ਸਦਮਿਆਂ ਅਤੇ ਵਿਚਾਰਧਾਰਕ ਤ੍ਰਾਸਦੀਆਂ ਨੂੰ ਕਲਾ ਮਾਧਿਅਮਾਂ ਨੇ ਵੱਖੋ-ਵੱਖਰੇ ਪ੍ਰਸੰਗਾਂ ਵਿਚ ਪੇਸ਼ ਕੀਤਾ।
ਸਿਨਮਾ, ਕਵਿਤਾ, ਨਾਵਲ ਅਤੇ ਨਾਟਕ ਵਿਚ ਇਸ ਦੀਆਂ ਦੋ ਮੁੱਖ ਧਾਰਾਵਾਂ ਮਿਲਦੀਆਂ ਹਨ। ਪਹਿਲੀ ਧਾਰਾ ਯੁੱਧ ਨੂੰ ਘਟਨਾ ਜਾਂ ਤਤਕਾਲੀ ਹੋਣੀ ਵਜੋਂ ਸਿਰਜਣਾ ਸੀ ਜਿਸ ਦੀ ਮੁੱਖ ਉਦਾਹਰਨ ਜਰਮਨ ਛਾਇਆਵਾਦ ਹੈ। ਦੂਜੀ, ਯੁੱਧ ਨੂੰ ਵਰਤਾਰੇ ਵਜੋਂ ਸਮਝ ਕੇ ‘ਯੁੱਧ ਪੱਖੀ ਵਿਚਾਰਧਾਰਾ’ ’ਤੇ ਹੀ ਪ੍ਰਸ਼ਨ ਖੜ੍ਹੇ ਕਰਨਾ ਸੀ।
ਮੌਜੂਦਾ ਸਮਾਜਿਕ ਚਿੰਤਕ ਅਤੇ ਦਾਰਸ਼ਨਿਕ ਪਹਿਲੇ ਸੰਸਾਰ ਯੁੱਧ ਦੇ ਦੌਰ ਦੀ ਨਵ-ਚੇਤਨਾ, ਤਰਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਤਤਕਾਲੀ ਸਮਾਜਿਕ ਅਵਚੇਤਨ ਦੀ ਨਿਪੁੰਸਕਤਾ ਨਾਲ ਜੋੜਦਿਆਂ ਯੁੱਧ ਵਰਗੀ ਤ੍ਰਾਸਦੀ ਦੇ ‘ਮਨੋਰੰਜਕ-ਸੱਭਿਆਚਾਰਕ ਉਤਪਾਤ’ ਵਿਚ ਵਟ ਜਾਣ ਦੀ ਨਿਸ਼ਾਨਦੇਹੀ ਕਰਦੇ ਹਨ। ਇਸ ਸੱਭਿਆਚਾਰ ਦੀ ਮੂਲ ਪਛਾਣ ਇਹ ਹੈ ਕਿ ਇਹ ਸਮੂਹਿਕਤਾ, ਲਗਾਤਾਰਤਾ ਅਤੇ ਸਾਂਝੀਵਾਲਤਾ ਦੀ ਥਾਂ ਉਪਰਾਮਤਾ, ਖੰਡਿਤ ਮਨੋਵਿਗਿਆਨ ਅਤੇ ਜੜਾਂ ਨੂੰ ਭੁੱਲ ਕੇ ਜਾਂ ਅਣਗੌਲਿਆਂ ਕਰਕੇ ਜਿਊਣ ਦੀ ਜਾਂਚ ਸਿਖਾਉਂਦਾ ਹੈ।
ਯੁੱਧ ਆਧਾਰਿਤ ਸਿਨਮਾ ਦੀ ਸਭ ਤੋਂ ਵੱਡੀ ‘ਖਾਸੀਅਤ’ ਇਹ ਹੁੰਦੀ ਹੈ ਕਿ ਜਿਥੇ ਸਾਧਾਰਨ ਹਾਲਾਤ ਵਿਚ ਉਪਰੋਕਤ ਸੱਭਿਆਚਾਰਕ ਵਰਤਾਰੇ ਬਾਰੇ ਨਾਗਰਿਕ, ਸਟੇਟ ਤੋਂ ਜਵਾਬਦੇਹੀ ਮੰਗਦਾ ਹੈ, ‘ਯੁੱਧ’ ਨੂੰ ‘ਅਸਾਧਾਰਨ’ ਜਾਂ ‘ਐਮਰਜੈਂਸੀ’ ਕਰਾਰ ਦੇ ਕੇ ਸਟੇਟ ਅਜਿਹੀ ਜਵਾਬਤਲਬੀ ਤੋਂ ਸਪੱਸ਼ਟ ਮੁੱਕਰ ਸਕਦਾ ਹੈ।
ਦੂਜੇ ਸੰਸਾਰ ਯੁੱਧ ਦੀਆਂ ਤਸਵੀਰਾਂ ਅਤੇ ਤੱਥਾਂ ਨੂੰ ਘੋਖਿਆ ਜਾਵੇ ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਇਨ੍ਹਾਂ ਨੂੰ ਇੰਨੇ ਵੱਡੇ ਪੱਧਰ ’ਤੇ ‘ਰਾਸ਼ਟਰਵਾਦ’, ‘ਦੇਸ਼ ਭਗਤੀ’ ਅਤੇ ‘ਯੁੱਧ ਉਨਮਾਦ’ ਦੀ ਸੰਰਚਨਾ ਕਰਨ ਲਈ ਵਰਤਿਆ ਜਾਣਾ ਤਦ ਹੀ ਸੰਭਵ ਹੋ ਸਕਿਆ, ਜੇਕਰ ਸਟੇਟ ਮਸ਼ੀਨਰੀ ਇਸ ‘ਪ੍ਰਾਪੇਗੰਡਾ ਮਿਸ਼ਨ’ ਨੂੰ ਸਿੱਧੇ ਤੌਰ ’ਤੇ ਆਰਥਿਕ ਅਤੇ ਸਿਆਸੀ ਮਦਦ ਮੁਹੱਈਆ ਕਰ ਰਹੀ ਸੀ।
ਪਹਿਲਾ ਸੰਸਾਰ ਯੁੱਧ, ਯੁੱਧ ਦੇ ਮੈਦਾਨਾਂ ਦੀ ਥਾਂ ਫ਼ਿਲਮਾਂ ਵਾਲਿਆਂ ਦੇ ਦਫ਼ਤਰਾਂ ਅਤੇ ਪ੍ਰਾਪੇਗੰਡਾ ਸਮੂਹਾਂ ਵੱਲੋਂ ਲੜਿਆ ਗਿਆ। ਇਸ ਦੀ ਇਕ ਉਦਾਹਰਨ ਬਰਤਾਨਵੀ ਸਰਕਾਰ ਵੱਲੋਂ ਸਰਕਾਰੀ ਇਮਦਾਦ ਪ੍ਰਾਪਤ ‘ਵਾਰ ਪ੍ਰਾਪੇਗੰਡਾ ਬਿਊਰੋ’ ਦੀ ਸਥਾਪਨਾ ਕਰਨਾ ਸੀ ਜਿਸ ਨੇ 1915 ਵਿਚ ‘ਬ੍ਰਿਟੇਨ ਪ੍ਰਪੇਰਿੰਡ’ ਦੇ ਨਾਮ ਨਾਲ ਪਹਿਲੀ ਫ਼ਿਲਮ ਰਿਲੀਜ਼ ਕੀਤੀ ਜਿਸ ਦਾ ਉਦੇਸ਼ ਵਿਰੋਧੀ ਮੁਲਕਾਂ ਅੱਗੇ ਆਪਣੀ ਸੈਨਿਕ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਸੀ। ਇਸ ਦਾ ਜਵਾਬ ਜਰਮਨਾਂ ਅਤੇ ਫਰਾਂਸ ਨੇ ਆਪੋ-ਆਪਣੀਆਂ ਫ਼ਿਲਮਾਂ ਰਿਲੀਜ਼ ਕਰਕੇ ਦਿੱਤਾ। ਇਸ ਵਿਚ ਸਭ ਤੋਂ ਦਿਲਚਸਪ ਤੱਥ ਇਹ ਰਿਹਾ ਕਿ ਇਨ੍ਹਾਂ ਸਾਰੀਆਂ ਫ਼ਿਲਮਾਂ ਲਈ ਕੱਚਾ ਮਾਲ ਚਾਰ ਵੱਡੀਆਂ ਫ਼ਿਲਮ ਕੰਪਨੀਆਂ ਨੇ ਮੁਹੱਈਆ ਕਰਵਾਇਆ ਜਿਹੜੀਆਂ ਸਾਰੀਆਂ ਫਰਾਂਸ ਨਾਲ ਸਬੰਧਤ ਸਨ। ਕਈ ਵਾਰ ਇਕੋ ਫੋਟੋਗ੍ਰਾਫਰ ਦੀਆਂ ਖਿੱਚੀਆਂ ਤਸਵੀਰਾਂ ਚਾਰ-ਚਾਰ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਖ਼ਰੀਦੀਆਂ ਗਈਆਂ।
ਇਸ ਤੋਂ ਫ਼ਿਲਮ ਕੰਪਨੀਆਂ, ਯੁੱਧ ਅਤੇ ਪ੍ਰਾਪੇਗੰਡਾ ਦੇ ਆਪਸੀ ਸਬੰਧਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਇਸ ਤੋਂ ਇਸ ਨੁਕਤੇ ਬਾਰੇ ਵੀ ਲੋੜੀਂਦੀ ਸਮਝ ਬਣਾਈ ਜਾ ਸਕਦੀ ਹੈ ਕਿ ਕਿਵੇਂ ਯੁੱਧ ਦੇ ਉਨਮਾਦੀ ਦੌਰ ਵਿਚ ਸਿਨਮਾ ਵਰਗੀ ਕਲਾ ਵੀ ਸੱਚ ਦੇ ਘੇਰਿਆਂ ਦੀ ਨਿਸ਼ਾਨਦੇਹੀ ਦੀ ਥਾਂ ਆਪਣੇ ਆਪ ਨੂੰ ਸਟੇਟ ਮਸ਼ੀਨਰੀ ਦਾ ਚਲੰਤ ਪੁਰਜਾ ਬਣਾਉਣ ਲਈ ਹਰ ਹੀਲਾ-ਵਸੀਲਾ ਵਰਤਦੀ ਹੈ। ਇਸ ਵਿਚ ਕਿਵੇਂ ਨਸਲਵਾਦ, ਧਰਮ, ਜਮਾਤ, ਲਿੰਗ ਅਤੇ ਖੇਤਰ ਫ਼ਿਲਮ ਦੀ ਬਣਤਰ, ਬਿਰਤਾਂਤ ਅਤੇ ਕਥਾਨਕ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਪ੍ਰਸੰਗ ਵਿਚ ਭਾਰਤੀ ਸਿਨਮਾ ਨੇ ਪਿਛਲੇ ਸਮੇਂ ਵਿਚ ਵੱਖਰੀ ਮਿਸਾਲ ਪੈਦਾ ਕੀਤੀ ਹੈ। 1980 ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਕਲਾ-ਸਿਨਮਾ ਅੰਦੋਲਨ ਦੀ ਅਣਕਿਆਸੀ ‘ਮੌਤ’ ਤੋਂ ਬਾਅਦ ਭਾਰਤੀ ਸਿਨਮਾ ਵਿਚ ਪੈਦਾ ਹੋਇਆ ਬੌਧਿਕ ਖਲਾਅ 1995-2000 ਤਕ ਆਉਂਦੇ ਆਉਂਦੇ ਵਿਦੇਸ਼ੀ ਫ਼ਿਲਮਾਂ ਦੀ ਨਕਲ, ਖਪਤਕਾਰੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਅਪਰਾਧਕ ਰੁਝਾਨ ਉਭਾਰਨ ਅਤੇ ‘ਸੰਸਕਾਰਾਂ’ ਦੇ ਨਾਮ ’ਤੇ ਫੂਹੜਤਾ ਦੇ ਪ੍ਰਦਰਸ਼ਨ ਤਕ ਸੀਮਤ ਹੋ ਗਿਆ। ਇਹ ਜਾਣਨਾ ਅਤੇ ਸਮਝਣਾ ਘੱਟ ਦਿਲਚਸਪ ਨਹੀਂ ਕਿ ਜਿਉਂ ਜਿਉਂ ਭਾਰਤ ਵਿਚ ਨਵ-ਉਦਾਰਵਾਦੀ, ਕਾਰਪੋਰੇਟ ਘਰਾਣਿਆਂ ਵੱਲੋਂ ਮੁਨਾਫ਼ਾ ਆਧਾਰਿਤ ਮੰਡੀਆਂ ਵਿਚ ਤਕਨੀਕੀ ਅਰਾਜਕਤਾ ਦਾ ਪਸਾਰ ਹੁੰਦਾ ਗਿਆ, ਟੀ.ਵੀ., ਸਿਨਮਾ ਅਤੇ ਬਹੁਤ ਹੱਦ ਤਕ ਪ੍ਰਿੰਟ ਮੀਡੀਆ ਦਾ ਵੱਡਾ ਹਿੱਸਾ ਸਮਾਜਿਕ ਅਲਹਦਿਗੀ, ਬੌਧਿਕ ਹੀਣਤਾ ਅਤੇ ਵਿਚਾਰਧਾਰਕ ਖੱਸੀਪੁਣੇ ਦਾ ਸ਼ਿਕਾਰ ਹੁੰਦਾ ਗਿਆ।
ਰਾਸ਼ਟਰਵਾਦ ਦੇ ਨਾਮ ’ਤੇ ਮਨੁੱਖੀ ਸਮਰੱਥਾ ਅਤੇ ਕਲਪਨਾ ਨੂੰ ‘ਦੁਸ਼ਮਣ’ ਦੇਸ਼ ਵੱਲ ਸੇਧਿਤ ਕਰਨ ਦੀ ਮਨੋਵਿਗਿਆਨਕ ਸਿਆਸਤ ਕੀ ਹੋ ਸਕਦੀ ਹੈ? ਦੂਜੇ ਪਾਸੇ, ‘ਉਰੀ- ਦਿ ਸਰਜੀਕਲ ਸਟਰਾਈਕ’ ਵਰਗੀ ਯੁੱਧ ਦਾ ਉਨਮਾਦ ਪੈਦਾ ਕਰਦੀ ਫ਼ਿਲਮ ਨੂੰ ਹਿੰਸਾ ਨੂੰ ਉਤਸ਼ਾਹਿਤ ਕਰਨ ਅਤੇ ਗਿਣ-ਮਿੱਥ ਕੇ ਗਵਾਂਢੀ ਮੁਲਕ ਵਿਰੁੱਧ ਨਫ਼ਰਤ ਪੈਦਾ ਕਰਨ ਦਾ ਦੋਸ਼ੀ ਕਿਉਂ ਨਾ ਮੰਨਿਆ ਜਾਵੇ?
ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਉਹ ‘ਸੰਸਕਾਰੀ’ ਫ਼ਿਲਮਾਂ ਹਨ ਜਿਨ੍ਹਾਂ ਰਾਹੀਂ ਸਿਨਮਾ ਖੋਖਲੀਆਂ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ’ਤੇ ਆਧਾਰਿਤ ਸਕਰੀਨ ਪਲੇਅ ਅਤੇ ਪਟਕਥਾਵਾਂ ਤਿਆਰ ਕਰ ਲੈਂਦਾ ਹੈ। ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ‘ਉਪਲੱਬਧੀ’ ਇਸ ਰੂਪ ਵਿਚ ਜ਼ਰੂਰ ਦਰਜ ਕੀਤੀ ਜਾ ਸਕਦੀ ਹੈ ਕਿ ਇਸ ਨੇ ਜ਼ਮੀਨੀ ਪੱਧਰ ’ਤੇ ਮਨਰੇਗਾ, ਮਿੱਡ ਡੇ ਮੀਲ ਅਤੇ ਸ਼ਹਿਰੀ ਆਵਾਸ ਯੋਜਨਾਵਾਂ ਦਾ ਸੰਸਕਾਰੀ ਨਾਮਕਰਨ ਕੀਤਾ ਹੈ। ਹਕੀਕਤ ਇਹ ਹੈ ਕਿ ਸਿਨਮਾ ਦੇ ਅਕਸ਼ੈ ਕੁਮਾਰ, ਅਨੁਪਮ ਖੇਰ ਅਤੇ ਵਿਵੇਕ ਉਬਰਾਏ ਵਰਗੇ ਮਹਾਂਰਥੀ ਉਨ੍ਹਾਂ ਜੁਮਲਿਆਂ ਅਤੇ ਪ੍ਰਚਾਰ ਸਕੀਮਾਂ ’ਤੇ ਆਧਾਰਿਤ ਫ਼ਿਲਮਾਂ ਬਣਾ ਰਹੇ ਹਨ ਜਿਹੜੀਆਂ ਸਿਰਫ਼ ਕਾਗਜ਼ਾਂ ’ਤੇ ਹੀ ਬਣੀਆਂ। ਮੋਦੀ ਸਰਕਾਰ ਦੀ ਨੋਟਬੰਦੀ, ਜੀਐੱਸਟੀ, ਸਮਾਰਟ ਸ਼ਹਿਰ, ਜਨ-ਧਨ ਯੋਜਨਾ, ਹਰ ਘਰ ਬਿਜਲੀ, ਸਵੱਛ ਭਾਰਤ ਅਭਿਆਨ ਵਰਗੀਆਂ ਸਕੀਮਾਂ ਦੀ ਹਕੀਕਤ ਜਾਣੇ ਬਗੈਰ ਜਿਸ ਤਰ੍ਹਾਂ ਸਿਨਮਾ ਵਿਚ ਧੜਾਧੜ ਫ਼ਿਲਮਾਂ ਬਣੀਆਂ ਅਤੇ ਰਿਲੀਜ਼ ਹੋਈਆਂ ਹਨ, ਉਸ ਤੋਂ ਇਸ ਕਲਾ ਮਾਧਿਅਮ ਦੀ ਭਰੋਸੇਯੋਗਤਾ ’ਤੇ ਲਗਾਤਾਰ ਉਂਗਲ ਉਠ ਰਹੀ ਹੈ।
ਇਨ੍ਹਾਂ ਫ਼ਿਲਮਾਂ ਵਿਚ ਯੋਜਨਾਬੱਧ ਤਰੀਕੇ ਨਾਲ ਪ੍ਰੰਪਰਾਗਤ ਸੰਗੀਤ ਅਤੇ ਸੱਭਿਆਚਾਰ ਮਿੱਥਾਂ ਦੀ ਬਣਤਰ ਰਾਹੀਂ ਮੁਲਕ ਦੇ ਤਰਸਯੋਗ ਹਾਲਾਤ ਨੂੰ ਦਰਕਿਨਾਰ ਕਰਦੇ ਹੋਏ ਗੁਆਂਢੀ ਮੁਲਕਾਂ ਦੇ ਸੈਨਿਕਾਂ ਤੇ ਨਾਗਰਿਕਾਂ ਦੀ ਨੈਤਿਕਤਾ, ਕਿਰਦਾਰ ਤੇ ਸਿਆਸਤ ਨੂੰ ਮਜ਼ਾਕ ਅਤੇ ਘਟੀਆਪਣ ਤਕ ਮਹਿਦੂਦ ਕਰਨ ਦੀ ਕੋਸ਼ਿਸ਼ ਕੀਤੀ ਗਈ। ‘ਘਰ ਮੇਂ ਘੁਸ ਕੇ ਮਾਰੇਗੇਂ’, ‘ਉਨ ਕੋ ਉਨ੍ਹੀਂ ਕੀ ਭਾਸ਼ਾ ਮੇਂ ਜਵਾਬ ਦੇਗੇਂ’ ਵਰਗੇ ਤਰਕਹੀਣ ਨਾਅਰਿਆਂ ਦੀ ਭਾਸ਼ਾ ਇਨ੍ਹਾਂ ਫ਼ਿਲਮਾਂ ਦੇ ਦ੍ਰਿਸ਼ਾਂ ਤੋਂ ਨਿਕਲ ਕੇ ਜਿਵੇਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਵਿਚ ਪਹੁੰਚਦੀ ਹੈ, ਇਹ ਇਤਫਾਕ ਤਾਂ ਨਹੀਂ ਹੋ ਸਕਦਾ!
ਇਨ੍ਹਾਂ ਫ਼ਿਲਮਾਂ ਵਿਚ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਦੋਹਾਂ ਮੁਲਕਾਂ ਦੀ ਆਪਸੀ ਸਹਿਹੋਂਦ ਦੀਆਂ ਸੰਭਾਵਨਾਵਾਂ ਨਾਲ ਜਿੰਨਾ ਬੇਦਰਦੀ ਨਾਲ ਖਿਲਵਾੜ ਕੀਤਾ ਗਿਆ ਹੈ, ਉਸ ਦਾ ਪ੍ਰਭਾਵ ਚਿਰ ਸਦੀਵੀ ਰਹੇਗਾ। ਇਨ੍ਹਾਂ ਫ਼ਿਲਮਾਂ ਨਾਲ ਸਬੰਧਤ ਨਿਰਮਾਤਾ-ਨਿਰਦੇਸ਼ਕ ਭਾਵੇਂ ਇਸ ਦਾ ਤਤਕਾਲੀ ਸਿਆਸੀ ਅਤੇ ਆਰਥਿਕ ਫਾਇਦਾ ਵੀ ਚੁੱਕ ਲੈਣ, ਪਰ ਭਾਰਤੀ ਸਿਨਮਾ ਦੇ ਇਤਿਹਾਸ ਵਿਚ ਇਹ ਕਾਲੇ ਪੰਨਿਆਂ ਵਿਚ ਹੀ ਲਿਖਿਆ ਜਾਵੇਗਾ।

ਸੰਪਰਕ: 98554-04330


Comments Off on ਯੁੱਧ ਦੇ ਪ੍ਰਸੰਗ ਵਿਚ ਭਾਰਤੀ ਸਿਨਮਾ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.