ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਯਾਦਾਂ ਦੇ ਪਰਛਾਵੇਂ ਫੜਨ ਦੀ ਕੋਸ਼ਿਸ਼

Posted On July - 7 - 2019

ਸੁਖਮਿੰਦਰ ਸਿੰਘ ਸੇਖੋਂ

ਨਕਸਲਬਾੜੀ ਲਹਿਰ ਨੇ ਪੰਜਾਬੀ ਸਾਹਿਤ ਨੂੰ ਕਈ ਕਵੀ ਤੇ ਲੇਖਕ ਦਿੱਤੇ ਹਨ ਜਿਨ੍ਹਾਂ ਵਿਚੋਂ ਪਾਸ਼, ਉਦਾਸੀ, ਚੰਦਨ, ਫਤਿਹਜੀਤ, ਹਲਵਾਰਵੀ, ਲੋਕ ਨਾਥ, ਦਿਲ ਪ੍ਰਮੁੱਖ ਹਨ। ਮੋਹਨਜੀਤ ਤੇ ਪਾਤਰ ਵੀ ਉਨ੍ਹਾਂ ਸਮਿਆਂ ਦੇ ਹੀ ਪ੍ਰਮੁੱਖ ਸ਼ਾਇਰ ਹਨ। ਹਥਲੀ ਪੁਸਤਕ ‘ਯਾਦਾਂ ਦੇ ਪ੍ਰਛਾਵੇਂ’ (ਕੀਮਤ: 200 ਰੁਪਏ; ਆਰਸੀ ਪਬਲਿਸਰਜ਼, ਨਵੀਂ ਦਿੱਲੀ) ਦਾ ਲੇਖਕ ਇਕਬਾਲ ਖ਼ਾਨ ਖ਼ੁਦ ਉਸ ਲਹਿਰ ਨਾਲ ਸਬੰਧਤ ਰਿਹਾ ਹੈ। ਸ਼ਾਇਦ ਇਸੇ ਕਾਰਨ ਉਸ ਨੇ ਆਪਣੇ ਸਮਕਾਲੀ ਲੇਖਕਾਂ ਬਾਰੇ ਇਹ ਪੁਸਤਕ ਲਿਖਣ ਦਾ ਉਪਰਾਲਾ ਕੀਤਾ ਹੈ। ਪੁਸਤਕ ਨੂੰ ਦਸ ਭਾਗਾਂ ਵਿਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿੰਡ ਤੇ ਬਚਪਨ ਨੂੰ ਯਾਦ ਕੀਤਾ ਹੈ। ਲੇਖਕ ਦਾ ਅਸਲ ਨਾਂ ਬਲਬੀਰ ਸਿੰਘ ਸੀ, ਪਰ ਸਕੂਲ ਦਾਖਲਾ ਲੈਣ ਸਮੇਂ ਉਹ ਇਕਬਾਲ ਸਿੰਘ ਹੋ ਗਿਆ ਤੇ ‘ਸਿੰਘ’ ਤੋਂ ‘ਖ਼ਾਨ’! ਦਰਅਸਲ, ਇਹ ਵੀ ਇਤਫ਼ਾਕ ਹੀ ਸੀ, ਪਰ ਉਹ ਦਿਲੋਂ ਸੱਚਾ ਸੁੱਚਾ ਮਾਰਕਸਵਾਦੀ ਹੀ ਰਿਹਾ। ਆਪਣੇ ਬਚਪਨ, ਪਿੰਡ, ਸਕੂਲ ਤੇ ਕਾਲਜ ਪੜ੍ਹਨ ਤੋਂ ਇਲਾਵਾ ਲੇਖਕ ਨੂੰ ਉਨ੍ਹਾਂ ਵੇਲਿਆਂ ਵਿਚ ਆਪਣੇ ਮੰਤਵ ਜਾਂ ਮਿਸ਼ਨ ਲਈ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਉਹ ਲਗਪਗ ਇਸ ਪੁਸਤਕ ਦੇ ਲੇਖਾਂ ਵਿਚ ਦਰਜ ਹੈ। ਦਰਸ਼ਨ ਬਾਗੀ ਬਾਰੇ ਯਾਦਾਂ ਪੜ੍ਹਨਯੋਗ ਹਨ ਕਿਉਂਕਿ ਇਸ ਵਿਚ ਲੇਖਕ ਨੇ ਖੁੱਲ੍ਹ ਕੇ ਆਪਣੀ ਕਲਾਤਮਕ ਸੂਝ ਦਾ ਪ੍ਰਗਟਾਵਾ ਕੀਤਾ ਹੈ। ਪਰ ਦੂਸਰੇ ਲੇਖਾਂ ਵਿਚ ਅਜਿਹਾ ਨਹੀਂ ਹੋ ਸਕਿਆ। ਬੇਸ਼ੱਕ ਪਾਸ਼ ਤੇ ਉਦਾਸੀ ਬਾਰੇ ਯਾਦਾਂ ਪੜ੍ਹਨ ਨੂੰ ਮਨ ਕਰਦਾ ਹੈ ਤੇ ਪਾਠਕ ਨਾਲੋ ਨਾਲ ਤੁਰਦਾ ਵੀ ਹੈ, ਪਰ ਇਨ੍ਹਾਂ ਨੂੰ ਜੇਕਰ ਵਿਸਤਾਰ ਮਿਲ ਜਾਂਦਾ ਤੇ ਲੇਖਕ ਕਲਾਤਮਕ ਛੋਹਾਂ ਦੇਣ ਦੇ ਸਮਰੱਥ ਹੁੰਦਾ ਤਾਂ ਇਨ੍ਹਾਂ ਨੇ ਮਿਸਾਲੀ ਹੋ ਨਿੱਬੜਨਾ ਸੀ।
ਪਾਸ਼ ਬਾਰੇ ਲੇਖਕ ਕੁਝ ਪਰਦੇ ਪਿੱਛੇ ਵੀ ਝਾਤ ਪੁਆਉਂਦਾ ਹੈ। ਦਰਅਸਲ, ਪਾਸ਼ ਦੀ ਜੁਝਾਰੂ ਕਵਿਤਾ ਤੇ ਉਸ ਦੇ ਸੁਭਾਅ ਬਾਰੇ ਤਾਂ ਲਗਪਗ ਸਾਰਿਆਂ ਨੂੰ ਇਲਮ ਹੋਵੇਗਾ ਲੇਕਿਨ ਉਸ ਦੇ ਅੰਦਰ ਇਕ ਪਿਆਰ ਭਰਿਆ ਦਿਲ ਵੀ ਧੜਕਦਾ ਸੀ, ਇਸ ਬਾਰੇ ਬਹੁਤੇ ਪਾਠਕਾਂ ਨੂੰ ਗਿਆਤ ਨਹੀਂ। ਉਹ ਆਪਣੀ ਚਾਹਤ ਕੇਸ਼ੀ ਦੇ ਨਾਮ ਨੂੰ ਕੰਧਾਂ ’ਤੇ ਉੱਕਰਿਆ ਕਰਦਾ ਸੀ। ਕੋਈ ਕੰਮ ਆਰੰਭ ਕਰਨ ਤੋਂ ਪਹਿਲਾਂ ਉਹ ਉਸ ਦਾ ਨਾਂ ਲਿਖਦਾ ਸੀ ਕੰਧ ਜਾਂ ਜ਼ਮੀਨ ’ਤੇ! ਪੈਨਸਿਲ ਨਾਲ ਜਾਂ ਹੱਥ ਜਾਂ ਪੈਰ ਦੇ ਅੰਗੂਠੇ ਨਾਲ! ਉਸ ਦੇ ਕਾਵਿਕ ਨਾਮ ਦੇ ਰਾਜ਼ ਤੋਂ ਵੀ ਪਰਦਾ ਉੱਠਦਾ ਹੈ ਜਦੋਂ ਉਹ ਅਵਤਾਰ ਸਿੰਘ ਸੰਧੂ ਤੋਂ ਪਾਸ਼ ਹੋ ਜਾਂਦਾ ਹੈ। ਉਸ ਦੀ ਇਕ ਮੈਡਮ ਦਾ ਨਾਮ ਸੀ ਪ੍ਰਵੇਸ਼। ਇਸੇ ਮੈਡਮ ਦੇ ਨਾਂ ਦਾ ਪਹਿਲਾ ਅਤੇ ਅਖੀਰਲਾ ਅੱਖਰ ਲੈ ਕੇ ਪਾਸ਼ ਨੇ ਆਪਣਾ ਨਾਂ ਰੱਖਿਆ ਸੀ। ਬਣਦਾ ਤਾਂ ਪਾਸ਼ਾ ਸੀ, ਪਰ ਉਸ ਨੇ ਇਸ ਨਾਲੋਂ ਕੰਨਾ ਹਟਾ ਦਿੱਤਾ ਕਿਉਂਕਿ ਉਸ ਨੂੰ ਜਾਪਦਾ ਸੀ ਕਿਧਰੇ ਸਾਹਿਤਕ ਹਲਕਿਆਂ ਵਿਚ ਇਹ ਭੁਲੇਖਾ ਨਾ ਖੜ੍ਹਾ ਹੋ ਜਾਵੇ ਕਿ ਉਹ ਰੂਸੀ ਕਵੀ ਏ। ਬੇਸ਼ੱਕ ਜੁਝਾਰੂ ਲੋਕ ਕਵੀ ਸੰਤ ਰਾਮ ਉਦਾਸੀ ਨਾਲ ਵੀ ਲੇਖਕ ਦੀ ਸਾਂਝ ਰਹੀ, ਪਰ ਆਪਣੀ ਲਿਖਤ ਵਿਚ ਉਹ ਮਿਆਰੀ ਪੁਲਾਂਘ ਪੁੱਟਣ ਤੋਂ ਅਸਮਰੱਥ ਰਹਿ ਗਿਆ ਜਾਪਦਾ ਹੈ। ਇਉਂ ਹੀ ਡਾ. ਦਰਸ਼ਨ ਗਿੱਲ, ਦਰਸ਼ਨ ਖੱਟਕੜ, ਦਰਸ਼ਨ ਬਾਗੀ, ਗੁਰਦੇਵ ਲਾਲੀ ਬਾਰੇ ਵੀ ਉਹ ਚੰਗੇ ਸ਼ਬਦ ਚਿੱਤਰ ਉਘਾੜ ਸਕਦਾ ਸੀ, ਪਰ ਇਸ ਕਮੀ ਨੂੰ ਉਸ ਨੇ ਦਰਸ਼ਨ ਦੁਸਾਂਝ ਦੀਆਂ ਯਾਦਾਂ ਵਿਚ ਦੂਰ ਕਰਨ ਦਾ ਯਤਨ ਕੀਤਾ ਹੈ। ਇਹ ਯਾਦਾਂ ਲੰਬੀਆਂ ਤਾਂ ਹਨ, ਪਰ ਅਕਾਊ ਨਹੀਂ। ਮਰਹੂਮ ਇਕਬਾਲ ਅਰਪਨ ਦੀਆਂ ਯਾਦਾਂ ਵੀ ਦਿਲਚਸਪ ਹਨ। ਅਰਪਨ ਬਹੁਵਿਧਾਵੀ ਲੇਖਕ ਸੀ ਜਿਸ ਨੂੰ ਪਾਠਕ ਪੜ੍ਹਨਾ ਚਾਹੁਣਗੇ। ਇਸ ਪੁਸਤਕ ਵਿਚ ਜਿਨ੍ਹਾਂ ਲੇਖਕਾਂ ਦੀਆਂ ਯਾਦਾਂ ਹਨ, ਉਨ੍ਹਾਂ ਵਿਚੋਂ ਤਿੰਨ-ਚਾਰ ਕਵੀਆਂ ਦੇ ਨਾਵਾਂ ਤੋਂ ਹੀ ਪਾਠਕ ਪ੍ਰੀਚਿਤ ਹੋਵੇਗਾ। ਹਾਂ! ਨਕਸਲਬਾੜੀ ਲਹਿਰ ਵਿਚ ਦਿਲਚਸਪੀ ਰੱਖਣ ਵਾਲੇ ਪਾਠਕ ਸ਼ਾਇਦ ਹੋਰਨਾਂ ਬਾਰੇ ਵੀ ਜਾਣਦੇ ਹੋਣਗੇ।
ਪੁਸਤਕ ਦਾ ਨਾਮ ‘ਯਾਦਾਂ ਦੇ ਪ੍ਰਛਾਵੇਂ’ ਹੈ। ਲੇਖਕ ਨੇ ਪਰਛਾਵਿਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੇਖਕਾਂ ਦੇ ਲੇਖਾਂ ਨੂੰ ਢੁੱਕਵੇ ਸਿਰਲੇਖਾਂ ਨਾਲ ਵੀ ਸ਼ਿੰਗਾਰਿਆ ਗਿਆ ਹੈ, ਮਸਲਨ ਨਾਨਕ ਪੰਥੀ-ਸਮਾਜਵਾਦੀ ਇਕਬਾਲ ਅਰਪਨ ਜਾਂ ਆਪਣੀਆਂ ਨਜ਼ਮਾਂ ਵਰਗਾ ਡਾ. ਦਰਸ਼ਨ ਗਿੱਲ। ਅੰਤ ਵਿਚ ਲੇਖਕ ਨਾਲ ਸਤਨਾਮ ਢਾਅ ਵੱਲੋਂ ਕੀਤੀ ਮੁਲਾਕਾਤ ਹੈ ਜਿਸ ਵਿਚ ਲੇਖਕ ਦੀ ਸ਼ਖ਼ਸੀਅਤ ਤੇ ਉਸ ਦੀ ਸਾਹਿਤਕ ਭੂਮਿਕਾ ਦੇ ਕਈ ਪੱਖ ਉਘੜਦੇ ਹਨ। ਇਸ ਪੁਸਤਕ ਵਿਚ ਸ਼ਾਮਿਲ ਲੇਖਕਾਂ ਤੇ ਇਸ ਲਹਿਰ ਨਾਲ ਸਬੰਧਤ ਗੱਲਾਂ, ਵੇਰਵਿਆਂ ਬਾਰੇ ਵੀ ਪਾਠਕ ਬਹੁਤ ਕੁਝ ਜਾਣ ਸਕਣਗੇ।
ਸੰਪਰਕ: 98145-07693


Comments Off on ਯਾਦਾਂ ਦੇ ਪਰਛਾਵੇਂ ਫੜਨ ਦੀ ਕੋਸ਼ਿਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.