ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ

Posted On July - 6 - 2019

ਜੀਤ ਹਰਜੀਤ

ਪੰਜਾਬੀ ਗਾਇਕੀ ਵਿਚ ਆ ਰਹੇ ਨਿਘਾਰ ਦੇ ਦੌਰ ਵਿਚ ਵੀ ਕਈ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਹਾਲੇ ਵੀ ਪੰਜਾਬੀ ਦਾ ਸਿਰ ਉੱਚਾ ਰੱਖਿਆ ਹੋਇਆ ਹੈ। ਬਹੁਤਿਆਂ ਕਲਾਕਾਰਾਂ ਨੇ ਭਾਵੇਂ ਸਮੇਂ ਦੇ ਰੰਗ ਨਾਲ ਸਮਝੌਤੇ ਕਰਕੇ ਪੰਜਾਬੀ ਸੱਭਿਆਚਾਰ ਦਾ ਪੱਲਾ ਛੱਡ ਕੇ ਨੋਟ ਕਮਾਉਣ ਨੂੰ ਤਰਜੀਹ ਦਿੱਤੀ ਹੈ, ਪਰ ਕੁਝ ਬਦਲਾਅ ਦੇ ਇਸ ਦੌਰ ਵਿਚ ਵੀ ਚਟਾਨ ਵਾਂਗ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ।
ਅਜਿਹਾ ਹੀ ਇਕ ਕਲਾਕਾਰ ਹੈ ਹਰਭਜਨ ਮਾਨ। ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੇ ਇਸ ਕਲਾਕਾਰ ਦੇ ਅਨੇਕਾਂ ਹੀ ਗੀਤ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿਚ ਵਸਦੇ ਹਨ। ਉਸਦੇ ਹਰ ਗੀਤ ਦਾ ਵਿਸ਼ਾ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੈ, ਸ਼ਾਇਦ ਇਸ ਲਈ ਹੀ ‘ਚਿੱਠੀਏ ਨੀ ਚਿੱਠੀਏ’ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਵੀ ਜਾਰੀ ਹੈ। ਉਸਦੀ ਇਹ ਸਿਫਤ ਹੈ ਕਿ ਉਸਨੇ ਆਪਣੇ ਉਸਤਾਦ ਕਰਨੈਲ ਸਿੰਘ ਪਾਰਸ ਦੇ ਨਾਂ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਲੋਕੀਂ ਅੱਜ ਵੀ ਹਰਭਜਨ ਮਾਨ ਦੀ ਸੋਚ ਵਿਚੋਂ ਪਾਰਸ ਦੇ ਦਰਸ਼ਨ ਕਰ ਲੈਂਦੇ ਹਨ। ਆਮ ਲੋਕਾਂ ਨਾਲ ਜੁੜੇ ਵਿਸ਼ਿਆਂ ਵਾਲੇ ਉਸਦੇ ਗੀਤ ਇਸ ਲਈ ਹੀ ਅੱਜ ਵੀ ਬਹੁਤ ਪਸੰਦ ਕੀਤੇ ਜਾਂਦੇ ਹਨ।
ਹਾਲ ਹੀ ਵਿਚ ਰਿਲੀਜ਼ ਹੋਏ ਹਰਭਜਨ ਮਾਨ ਦੇ ਪਰਿਵਾਰਕ ਗੀਤ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਇਸ ਗੀਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੌਜੂਦਾ ਸਮੇਂ ’ਚ ਥਿੜਕ ਰਹੇ ਰਿਸ਼ਤਿਆਂ ’ਤੇ ਵਿਅੰਗ ਕਰਦਾ ਹੈ। ਅਜੋਕੇ ਦੌਰ ਵਿਚ ਰਿਸ਼ਤਿਆਂ ਦੀਆਂ ਟੁੱਟ ਰਹੀਆਂ ਤੰਦਾਂ ਨੂੰ ਮਜ਼ਬੂਤੀ ਦਿੰਦੇ ਇਸ ਗੀਤ ਦੇ ਬੋਲ ਆਪਸੀ ਮੋਹ ਪਿਆਰ ਬਰਕਰਾਰ ਰੱਖਣ ਦੀ ਸਲਾਹ ਦਿੰਦੇ ਨਜ਼ਰ ਆਉਂਦੇ ਹਨ। ਇਹ ਗੀਤ ਬਾਬੂ ਸਿੰਘ ਮਾਨ ਨੇ ਲਿਖਿਆ ਹੈ। ਗੀਤ ਵਿਚ ਇਕ ਭੈਣ ਆਪਣੀ ਪੇਕਿਆਂ ਨਾਲ ਸਾਂਝ ਦਾ ਹੇਰਵਾ ਪ੍ਰਗਟਾਉਂਦੀ ਨਜ਼ਰ ਆਉਂਦੀ ਹੈ। ਇਸ ਵਿਚ ਇਹ ਵੀ ਬਾਖ਼ੂਬੀ ਦਿਖਾਇਆ ਗਿਆ ਹੈ ਕਿ ਅਸਲ ਵਿਚ ਰਿਸ਼ਤਿਆਂ ਦੀ ਕੀ ਅਹਿਮੀਅਤ ਹੁੰਦੀ ਹੈ? ਇਕ ਕੁੜੀ ਕਿਵੇਂ ਮਾਂ, ਪਿਓ ਜਿਉਂਦਿਆਂ ਤਕ ਖ਼ੁਸ਼ੀ-ਖ਼ੁਸ਼ੀ ਪੇਕਿਆਂ ਨੂੰ ਭੱਜਦੀ ਹੈ, ਪਰ ਉਨ੍ਹਾਂ ਦੇ ਚਲੇ ਜਾਣ ਪਿੱਛੋਂ ਉਹ ਇਹ ਦੋਵੇਂ ਰਿਸ਼ਤੇ ਆਪਣੇ ਹਮਸ਼ੀਰਾਂ ਵਿਚੋਂ ਲੱਭਦੀ ਹੈ। ਜਿਨ੍ਹਾਂ ਬਦਕਿਸਮਤ ਕੁੜੀਆਂ ਕੋਲ ਪੇਕਿਆਂ ਦਾ ਕੋਈ ਵੀ ਸਕਾ ਸਬੰਧੀ ਜਿਉਂਦਾ ਨਹੀਂ ਰਹਿੰਦਾ, ਉਨ੍ਹਾਂ ਲਈ ਪੇਕਾ ਸ਼ਬਦ ਦੇ ਅਰਥ ਹੀ ਖ਼ਤਮ ਹੋ ਜਾਂਦੇ ਹਨ। ਪਰ ਉਨ੍ਹਾਂ ਦਾ ਅੰਦਰਲਾ ਮਨ ਉਨ੍ਹਾਂ ਨੂੰ ਫਿਰ ਵੀ ਪੇਕਿਆਂ ਦੀ ਜੂਹ ਤਕ ਖਿੱਚ ਕੇ ਲੈ ਆਉਂਦਾ ਹੈ ਜਿੱਥੋਂ ਉਹ ਪਿਛਲਾ ਸਭ ਕੁਝ ਚੇਤੇ ਕਰ ਭਰੇ ਮਨ ਨਾਲ ਪਰਤ ਆਉਂਦੀਆਂ ਹਨ। ਇਹ ਗੀਤ ਅਜਿਹੀਆਂ ਹੀ ਭਾਵਨਾਵਾਂ ਦੀ ਬਾਤ ਪਾਉਂਦਾ ਹੈ। ਗੀਤ ਦੇ ਫ਼ਿਲਮਾਂਕਣ ਵਿਚ ਵੀਡੀਓ ਨਿਰਦੇਸ਼ਕ ਸਟਾਲਨਵੀਰ ਨੇ ਖ਼ੂਬਸੂਰਤ ਤਰੀਕੇ ਨਾਲ ਪੇਂਡੂ ਸੱਭਿਆਚਾਰ ਨੂੰ ਦਿਖਾਇਆ ਹੈ। ਇਸਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ।
ਹਰਭਜਨ ਮਾਨ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਜ਼ਰੀਏ ਪੰਜਾਬੀ ਮਾਂ ਬੋਲੀ ਦਾ ਝੰਡਾ ਵਿਦੇਸ਼ਾਂ ਵਿਚ ਵੀ ਲਹਿਰਾਇਆ ਹੈ। ਉਸਦੀ ਗਾਇਕੀ ਦੀ ਇਕ ਖਾਸੀਅਤ ਇਹ ਹੈ ਕਿ ਉਸਦੇ ਗੀਤ ਦੇ ਬੋਲ ਠੇਠ ਪੰਜਾਬੀ ਅਤੇ ਸਾਦੇ ਹੁੰਦੇ ਹਨ ਜੋ ਮੱਲੋ-ਮੱਲੀ ਹਰ ਪੰਜਾਬੀ ਦੀ ਜ਼ੁਬਾਨ ’ਤੇ ਚੜ੍ਹ ਜਾਂਦੇ ਹਨ ਅਤੇ ਦੂਸਰੀ ਖਾਸੀਅਤ ਇਹ ਹੈ ਕਿ ਉਸਨੇ ਹਮੇਸ਼ਾਂ ਆਮ ਲੋਕਾਂ ਨਾਲ ਜੁੜੇ ਵਿਸ਼ਿਆਂ ਨੂੰ ਗੀਤਾਂ ਵਿਚ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਉਸਨੂੰ ਅਥਾਹ ਪਿਆਰ ਮਿਲਿਆ ਹੈ। ਇਸ ਕਲਾਕਾਰ ਨੇ ਹਾਸ਼ੀਏ ’ਤੇ ਖੜ੍ਹੇ ਪੰਜਾਬੀ ਸਿਨਮਾ ਨੂੰ ਨਵੀਂ ਦਿਸ਼ਾ ਆਪਣੀ ਫ਼ਿਲਮ ‘ਜੀ ਆਇਆਂ ਨੂੰ’ ਨਾਲ ਦਿੱਤੀ।

ਸੰਪਰਕ: 97816-77772


Comments Off on ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.