ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਮੌਤ ਤੇ ਖ਼ੌਫ਼ ਦੇ ਸਾਏ ਹੇਠ ਪਲ ਰਹੀ ਭਵਿੱਖ ਦੀ ਪੀੜ੍ਹੀ

Posted On July - 4 - 2019

ਨੌਜਵਾਨ ਕਲਮਾਂ

ਸਰਬਜੀਤ

ਭਾਰਤ ਦਾ ਭੂਤਕਾਲ ਚੰਗਾ-ਮਾੜਾ ਕਿਹੋ ਜਿਹਾ ਵੀ ਰਿਹਾ ਹੋਵੇ ਪਰ ਵਰਤਮਾਨ ਬਿਲਕੁਲ ਅਸਪੱਸ਼ਟ, ਅਨਿਸ਼ਚਿਤ, ਧੁੰਦਲਾ ਅਤੇ ਦਿਸ਼ਾਹੀਣ ਹੈ। ਭਾਰਤ ਦੇ ਅੱਜ ਬਾਰੇ ਇਹ ਧਾਰਨਾ ਕਿਸੇ ਦੀ ਨਿੱਜੀ ਰਾਇ ਨਹੀਂ ਹੈ ਸਗੋਂ ਇਹ ‘ਲੋਕਤੰਤਰ ਦੇ ਚੌਥੇ ਥੰਮ੍ਹ’ ਰਾਹੀਂ ਪੇਸ਼ ਹੋ ਰਹੀਆਂ ਘਟਨਾਵਾਂ ਅਤੇ ਵਿਚਾਰਾਂ ਵਿਚੋਂ ਉੱਭਰਦੀ ਵਿਚਾਰਵਾਨਾਂ ਦੀ ਸਾਂਝੀ ਰਾਇ ਹੈ। ਇਸ ਦਾ ਕਾਰਨ ਹੈ ਕਿ ਮੀਡੀਆ ਰਾਹੀਂ ਆ ਰਹੀਆਂ ਵੱਡੀ ਗਿਣਤੀ ਖ਼ਬਰਾਂ ਚਿੰਤਾ ਵਾਲੀਆਂ ਹਨ। ਇਨ੍ਹਾਂ ਤਮਾਮ ਖ਼ਬਰਾਂ ਵਿਚ ਵਿਸ਼ੇਸ਼ ਕਿਸਮ/ਵਰਗ ਦੀਆਂ ਖ਼ਬਰਾਂ ਹਨ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ਖ਼ਬਰਾਂ ਨੇ ਸਾਧਾਰਨ ਬੰਦੇ ਨੂੰ ਚਿੰਤਾ ਵਿਚ ਪਾਇਆ ਹੈ ਲੇਕਿਨ ਬੁੱਧੀਜੀਵੀ ਵਰਗ, ਸਮਾਜਿਕ ਕਾਰਕੁਨਾਂ ਅਤੇ ਖੱਬੇ-ਪੱਖੀ ਧਿਰਾਂ ਦੇ ਇਕ ਵੱਡੇ ਹਿੱਸੇ ਦਾ ਅਜਿਹੀਆਂ ਘਟਨਾਵਾਂ ਦੇ ਸੰਵੇਦਨਸ਼ੀਲ, ਸੁਚਾਰੂ ਅਤੇ ਜ਼ਿੰਮੇਵਾਰ ਵਿਸ਼ਲੇਸ਼ਣ ਤੋਂ ਅਵੇਸਲਾ ਰਹਿਣਾ ਹਾਲਾਤ ਨੂੰ ਵਧੇਰੇ ਚਿੰਤਾਜਨਕ ਬਣਾਉਂਦਾ ਹੈ।
ਪਿਛਲੇ ਕੁਝ ਮਹੀਨਿਆਂ ਦੀਆਂ ਖ਼ਬਰਾਂ ਵਿਚ ਹੋਰ ਕਿਸੇ ਵੀ ਧਿਰ/ਵਰਗ ਨਾਲੋਂ ਵਧੇਰੇ ਬੱਚਿਆਂ/ਬੱਚੀਆਂ ਦਾ ਚਰਚਾ ਲਗਾਤਾਰ ਬਣਿਆ ਹੋਇਆ ਹੈ। ਇਹ ਖ਼ਬਰਾਂ ਬਿਨਾ ਸ਼ੱਕ ਬੱਚਿਆਂ/ਨਵੀਂ ਪੀੜ੍ਹੀ ਦੀ ਭਾਰਤੀ ਰਾਜ ਵਿਵਸਥਾ ਅੰਦਰ ਅਣਦੇਖੀ ਨੂੰ ਸਾਬਿਤ ਕਰਦੀਆਂ ਹਨ। ਇਨ੍ਹਾਂ ਖ਼ਬਰਾਂ ਵਿਚ ਬੱਚਿਆਂ ਦੇ ਅਗਵਾ ਹੋਣ ਤੋਂ ਲੈ ਕੇ ਨਿੱਕੀਆਂ ਬੱਚੀਆਂ ਨਾਲ ਬਲਾਤਕਾਰ ਤੱਕ ਦੀਆਂ ਅਣਮਨੁੱਖੀ ਘਟਨਾਵਾਂ ਸ਼ਾਮਿਲ ਹਨ। ਇੰਨਾ ਹੀ ਨਹੀਂ, ਬੱਚਿਆਂ ਲਈ ਬਣੀਆਂ ਸਰਕਾਰੀ ਟੀਕਾਕਰਨ ਸਕੀਮਾਂ ਵੀ ਲੋਕਾਂ ਵਿਚ ਪੈਦਾ ਹੋਏ ਸ਼ੱਕ/ਅਵਿਸ਼ਵਾਸ ਦੇ ਮੱਦੇਨਜ਼ਰ ਸੁਰਖੀਆਂ ਵਿਚ ਰਹੀਆਂ।
ਇਸ ਤੋਂ ਬਿਨਾ ਸਰਕਾਰੀ ਸਕੂਲਾਂ ਦਾ ਢਾਂਚਾ, ਮੁਫ਼ਤ ਵਰਦੀਆਂ/ਕਿਤਾਬਾਂ, ਸਾਈਕਲ ਵੰਡ ਸਕੀਮ ਤੋਂ ਲੈ ਕੇ ਮਿਡ-ਡੇ ਮੀਲ ਆਦਿ ਦੀਆਂ ਕਮੀਆਂ ਚਰਚਾ ਵਿਚ ਹਨ। ਇਸ ਦੇ ਨਾਲ ਹੀ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਜਿਨ੍ਹਾਂ ਵਿਚ ਬੱਚਿਆਂ ਦੀ ਬਾਂਹ ‘ਤੇ ਫੀਸ ਨਾ ਭਰਨ ਦੀ ਲਾਈ ਮੋਹਰ ਆਦਿ ਬੱਚਿਆਂ ਬਾਰੇ ਸਾਡੀ ਸੰਵੇਦਨਹੀਣਤਾ ਜ਼ਾਹਰ ਕਰਦੀਆਂ ਹਨ। ਫ਼ਤਹਿਵੀਰ ਅਤੇ ਮੁਜ਼ੱਫ਼ਰਪੁਰ (ਬਿਹਾਰ) ਵਿਚ ਬੱਚਿਆਂ ਦੀਆਂ ਮੌਤਾਂ ਇਸ ਢਾਂਚੇ ਦੇ ਬੱਚਿਆਂ ਵਿਰੋਧੀ ਹੋਣ ਦੇ ਅਸਲੇ ਦੀ ਪੋਲ ਖੋਲ੍ਹਦੀਆਂ ਹਨ। ਗ਼ੌਰਤਲਬ ਹੈ ਕਿ ਅਜਿਹਾ ਪਹਿਲਾਂ ਗੋਰਖਪੁਰ (ਯੂਪੀ) ਵਿਚ ਵੀ ਵਾਪਰ ਚੁੱਕਾ ਹੈ। ਇਹ ਘਟਨਾਵਾਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ, ਵੱਖ ਵੱਖ ਸਮਿਆਂ ਉੱਪਰ ਵੱਖ ਵੱਖ ਜਾਤਾਂ, ਗੋਤਾਂ, ਧਰਮਾਂ, ਵਰਗਾਂ ਦੇ ਬੱਚਿਆਂ ਨਾਲ ਵਾਪਰੀਆਂ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਇਕੋ ਸਾਂਝ ਹੈ ਕਿ ਇਹ ਨਿੱਕੀ ਉਮਰ ਦੇ ਬੱਚਿਆਂ ਨਾਲ ਸਬੰਧਿਤ ਹਨ। ਇਕ ਅਰਬ ਤੋਂ ਉੱਪਰ ਆਬਾਦੀ ਵਾਲੇ ਮੁਲਕ ਵਿਚ ਜਿੱਥੇ ਅਮੀਰ/ਗ਼ਰੀਬ, ਸ਼ੋਸ਼ਿਤ/ਸ਼ੋਸ਼ਕ, ਮੁੱਖਧਾਰਾ/ਹਾਸ਼ੀਏ ‘ਤੇ ਸੁੱਟੀਆਂ ਧਿਰਾਂ ਦਾ ਪਾੜਾ ਬਹੁਤ ਵੱਡਾ ਅਤੇ ਤਹਿਦਾਰ ਹੈ, ਉੱਥੇ ਅਜੇ ਵੱਡੀ ਗਿਣਤੀ ਘਟਨਾਵਾਂ ਸਾਹਮਣੇ ਆਉਣ ਤੋਂ ਵੀ ਰਹਿ ਗਈਆਂ ਹੋਣਗੀਆਂ।
ਇਸ ਸਾਰੇ ਪ੍ਰਸੰਗ ਵਿਚ ਸਵਾਲ ਉੱਠਦਾ ਹੈ ਕਿ ਆਖ਼ਰ ਇਹ ਸਭ ਘਟਨਾਵਾਂ ਕੀ ਸੰਕੇਤ ਕਰਦੀਆਂ ਹਨ? ਇਸ ਦਾ ਜਵਾਬ ਖ਼ਤਰਨਾਕ, ਡਰਾਉਣਾ ਅਤੇ ਭਿਅੰਕਰ ਹੈ। ਇਨ੍ਹਾਂ ਘਟਨਾਵਾਂ ਦਾ ਸਿੱਧਾ ਸਬੰਧ ਉਸ ਪੀੜ੍ਹੀ ਨਾਲ ਹੈ ਜਿਸ ਨੇ ਅਜੇ ਸਮਾਜ ਨੂੰ ਸਮਝਣਾ, ਚਲਾਉਣਾ ਅਤੇ ਬਦਲਣਾ ਹੈ। ਸਾਡੀ ਭਵਿੱਖ ਦੀ ਪੀੜ੍ਹੀ ਦਾ ਲਗਾਤਾਰ ਬੇਧਿਆਨੀ, ਖ਼ੌਫ਼ ਤੇ ਸਹਿਮ ਦੇ ਸਾਏ ਹੇਠ ਵੱਡੇ ਹੋਣਾ, ਉਸ ਨੂੰ ਦੱਬੂ, ਕਾਇਰ, ਬੁਜ਼ਦਿਲ ਅਤੇ ਭਾਂਜਵਾਦੀ ਬਣਾ ਦੇਵੇਗਾ। ਇਹੀ ਨਹੀਂ, ਇਹ ਘਾਤਕ ਮਾਹੌਲ ਪੇਟ ਵਿਚ ਪਲ਼ ਰਹੇ ਬੱਚਿਆਂ ਦੀ ਮਾਨਸਿਕਤਾ ਉੱਪਰ ਵੀ ਅਸਰਅੰਦਾਜ਼ ਹੋਵੇਗਾ। ਸਾਡੀ ਭਵਿੱਖ ਦੀ ਪੀੜ੍ਹੀ ਜਦ ਮਾਂ ਦੇ ਪੇਟ ਵਿਚੋਂ ਹੀ ਸਹਿਮ ਦੇ ਅਹਿਸਾਸ ਨਾਲ ਪੈਦਾ ਹੋਵੇਗੀ ਤਾਂ ਉਸ ਦੀ ਸਮਝ, ਹੌਸਲੇ ਅਤੇ ਗਿਆਨ ਦੇ ਪੱਧਰ ਦਾ ਕਿਆਸ ਕਰਨਾ ਔਖਾ ਨਹੀਂ। ਅਸੀਂ, ਆਪਣੇ ਦੌਰ ਦੀ ‘ਸੰਪੂਰਨ ਕਥਾ’ ਸੁਣਨ ਤੋਂ ਖੁੰਝੇ ਲੋਕ, ਆਪਣੀ ਭਵਿੱਖ ਦੀ ਪੀੜ੍ਹੀ ਨੂੰ ‘ਅਭਿਮੰਨਿਊ’ ਦੀ ਹੋਣੀ ਦੇ ਰਹੇ ਹਾਂ ਜਿਸ ਨੇ ਵਿਵਸਥਾ ਦੇ ਰਚੇ ‘ਚੱਕਰਵਿਊ’ ਦਾ ਕਦੇ ‘ਭੇਦਨ’ ਨਹੀਂ ਕਰ ਸਕਣਾ।
ਇਸ ਸਮੇਂ ਸਾਡੇ ਮੁਲਕ ਕੋਲ ਗਿਆਨ, ਵਿਗਿਆਨ, ਸੂਚਨਾ, ਤਕਨੀਕ, ਖੇਡਾਂ ਆਦਿ ਦੇ ਖੇਤਰਾਂ ਵਿਚ ਮਾਣ ਕਰਨ ਲਈ ਕੁੱਝ ਵੀ ਵੱਡਾ ਨਹੀਂ ਹੈ। ਆਜ਼ਾਦੀ ਦਾ ਚਾਅ 1947, 1984, 1990, 1992 ਅਤੇ 2002 ਦੇ ਦੰਗਿਆਂ ਨੇ ਖ਼ਤਮ ਕਰ ਦਿੱਤਾ ਹੈ। ਅੱਜ ਗੁਆਂਢੀ ਮੁਲਕਾਂ ਨਾਲ ਭਾਰਤ ਦੀਆਂ ਕੀਤੀਆਂ ਲੜਾਈਆਂ ਸਾਨੂੰ ਹੌਸਲਾ ਤੇ ਉਤਸ਼ਾਹ ਦੇਣ ਦੀ ਥਾਂ ਗ੍ਰਹਿ-ਯੁੱਧ ਦੇ ਖ਼ਤਰਿਆਂ ਦਾ ਡਰ ਦੇ ਰਹੀਆਂ ਹਨ। ਇਸ ਸੂਰਤ ਵਿਚ ਨਵੀਂ ਪੈਦਾ ਅਤੇ ਜਵਾਨ ਹੋ ਰਹੀ ਪੀੜ੍ਹੀ ਆਤਮ-ਵਿਸ਼ਵਾਸ ਕਿੱਥੋਂ ਪ੍ਰਾਪਤ ਕਰੇਗੀ? ਇਸ ਪੀੜ੍ਹੀ ਕੋਲ ਦੁਨੀਆ ਨੂੰ ਦਿਖਾਉਣ ਤੇ ਮਾਣ ਕਰਨ ਲਈ ਕੀ ਹੋਵੇਗਾ? ਕੀ ਇਹ ਪੀੜ੍ਹੀ ਧਰਮ ਆਧਾਰਿਤ ਦੰਗਿਆਂ ਜਾਂ ਦਲਿਤ/ਔਰਤ ਵਿਰੋਧੀ ਮਾਨਸਿਕਤਾ ਦੇ ਤਗਮੇ ਹਿੱਕ ‘ਤੇ ਲਟਕਾ ਕੇ ਬਾਕੀ ਦੁਨੀਆ ਦੀਆਂ ਅੱਖਾਂ ਵਿਚ ਅੱਖਾਂ ਪਾ ਸਕੇਗੀ? ਕੀ ਭਵਿੱਖ ਦੀ ਇਹ ਪੀੜ੍ਹੀ ਅੱਜ ਆਪਣਾ ਮੁਲਕ ਛੱਡ ਕੇ ਜਾਣ ਵਾਲਿਆਂ ਵਾਂਗ, ਆਪਣੀ ਧਰਤੀ ਨੂੰ ਕਾਲੇ ਪਾਣੀਆਂ ਦੀ ਸਜ਼ਾ ਸਮਝਦਿਆਂ, ਇੱਥੋਂ ਭੱਜਣ ਦੇ ਬਹਾਨੇ ਅਤੇ ਤਰੀਕੇ ਨਹੀਂ ਲੱਭੇਗੀ? ਕੀ ਨਵੀਂ ਜਵਾਨ ਹੋ ਰਹੀ ਇਹ ਪੀੜ੍ਹੀ ਸਾਡੇ ਵਰਗਿਆਂ ਨੂੰ ਮੁਆਫ਼ ਕਰ ਸਕੇਗੀ ਜਿਨ੍ਹਾਂ ਨੇ ਇਸ ਲਈ ਕੁਝ ਵੀ ਪ੍ਰੇਰਨਾਦਾਇਕ ਨਹੀਂ ਕੀਤਾ?
ਕਿੰਨੇ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਣੀ ਭਵਿੱਖ ਦੀ ਪੀੜ੍ਹੀ ਨੂੰ ਬੁਜ਼ਦਿਲੀ ਦੇ ਭਾਰ ਹੇਠ ਦਬਾਉਣ ਲਈ ਹਰ ਤਰ੍ਹਾਂ ਦੀ ਤਿਆਰੀ ਕਰੀ ਬੈਠੇ ਹਾਂ। ਅਸੀਂ ਲੜਨ, ਬੋਲਣ ਅਤੇ ਮਰਨ ਤੋਂ ਭੱਜੇ ਲੋਕ ਇੰਨੇ ਸਾਹ-ਸੱਤਹੀਣ ਹੋ ਗਏ ਹਾਂ ਕਿ ਅੱਜ ਆਪਣੇ ਬੱਚਿਆਂ ਦੀ ਲਾਸ਼ਾਂ ਅਤੇ ਨਿੱਕੀਆਂ ਨਿੱਕੀਆਂ ਧੀਆਂ ਦੇ ਜਬਰ ਜਨਾਹ ਦੇ ਬੋਝ ਨੂੰ ਬੜੀ ਆਸਾਨੀ ਤੇ ਬੇਸ਼ਰਮੀ ਨਾਲ ਢੋਅ ਰਹੇ ਹਾਂ। ਸਾਡੇ ਹੋਛੇਪਣ ਦੀ ਇੰਤਹਾ ਹੈ ਕਿ ਅਸੀਂ ਇਨ੍ਹਾਂ ਘਟਨਾਵਾਂ ਖ਼ਿਲਾਫ਼ ਵਿਰੋਧ ਨੂੰ ਕੇਵਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਤਸਵੀਰ ਬਦਲਣ ਤੱਕ ਸੀਮਤ ਕਰ ਦਿੱਤਾ ਹੈ। ਉੱਥੇ ਵੀ ਸਾਡੇ ਕੋਲ ਸਾਂਝੇ ਕਰਨ ਲਈ ਆਪਣੀ ਨਿੱਜੀ ਪੀੜ ਵਿਚੋਂ ਨਿਕਲੇ ਦੋ ਸ਼ਬਦ ਤੱਕ ਨਹੀਂ ਹੁੰਦੇ ਸਗੋਂ ਅਸੀਂ ਇੰਟਰਨੈੱਟ ਤੋਂ ਅਜਿਹੀਆਂ ਘਟਨਾਵਾਂ ਨਾਲ ਸਬੰਧਿਤ ‘ਮਸਾਲਾ’ ਲੈ ਕੇ ਸਾਂਝਾ ਕਰਦੇ ਹਾਂ।
ਅਸੀਂ ਇੰਨੇ ਬਿਮਾਰ ਹੋ ਚੁੱਕੇ ਲੋਕ ਹਾਂ ਕਿ ਇਨ੍ਹਾਂ ਘਟਨਾਵਾਂ ਦਾ ਸਾਡੀ ਜ਼ਮੀਰ ਉੱਪਰ ਕੋਈ ਅਸਰ ਨਹੀਂ ਹੁੰਦਾ ਸਗੋਂ ਅਸੀਂ ਇਸ ਨੂੰ ਦੂਜਿਆਂ ਨਾਲ ਵਾਪਰੀਆਂ ‘ਆਮ’ ਘਟਨਾਵਾਂ ਸਮਝ ਕੇ ਬੜੀ ਛੇਤੀ ਭੁੱਲ ਜਾਂਦੇ ਹਾਂ। ਕੀ ਅਜਿਹੀਆਂ ਘਟਨਾਵਾਂ ਤੋਂ ਸਬਕ ਸਿੱਖਣ ਅਤੇ ਉਨ੍ਹਾਂ ਨੂੰ ਸਾਰੀ ਉਮਰ ਯਾਦ ਰੱਖਣ ਲਈ ਹਰ ਬੰਦੇ ਨੂੰ ਆਪਣੇ ਢਿੱਡੋਂ ਜੰਮੇ ਬੱਚਿਆਂ ਦੀ ਬਲੀ ਦੇਣੀ ਪਵੇਗੀ? ਕਿਉਂ ਸਾਨੂੰ ਪਰਾਈ ਪੀੜ ਤੋਂ ਹਾਲਾਤ ਦੀ ਭਿਆਨਕਤਾ ਦਾ ਅੰਦਾਜ਼ਾ ਨਹੀਂ ਹੋ ਰਿਹਾ? ਕੀ ਇਨ੍ਹਾਂ ਹਾਲਾਤ ਵਿਚ ਅਸੀਂ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਜਾਂ ਬਿਹਤਰ ਭਵਿੱਖ ਦੇ ਸੁਪਨੇ ਦੇ ਸਕਾਂਗੇ? ਕੀ ਆਪੋ-ਆਪਣੇ ਵਸੀਲੇ ਜੁਟਾਉਣ ਦਾ ਸਾਡਾ ਅਮਲ ਸਾਡੇ ਬੱਚਿਆਂ ਨੂੰ ਬੇਖ਼ੌਫ਼ ਸਮਾਜ ਮੁਹੱਈਆ ਕਰ ਸਕਦਾ ਹੈ? ਜੇ ਨਹੀਂ ਤਾਂ ਅਸੀਂ ਆਪਣੀ ਭਵਿੱਖ ਦੀ ਪੀੜ੍ਹੀ ਲਈ ਸਮਾਜ ਵਜੋਂ ਕੀ ਕਰ ਰਹੇ ਹਾਂ? ਸਮਾਜ ਵਜੋਂ ਅਸੀਂ ਸਿਆਸੀ ਪਾਰਟੀਆਂ/ਵਿਵਸਥਾ ਦੇ ਹੱਥ ਦੀ ਕਠਪੁਤਲੀ ਵਾਂਗ ਲਾਚਾਰ ਕਿਉਂ ਹਾਂ?
ਅਸਲ ਵਿਚ ਸਾਡੀ ਪੀੜ੍ਹੀ ਨੇ ਵਿਵਸਥਾ ਨੂੰ ਆਪਣੇ ‘ਹੋਣ’ ਦਾ ਕਦੇ ਅਹਿਸਾਸ ਹੀ ਨਹੀਂ ਕਰਵਾਇਆ। ਇਸ ਵਿਵਸਥਾ ਅੱਗੇ ਝੁਕੀ, ਹਾਰੀ ਤੇ ਲਤਾੜੀ ਸਾਡੀ ਪੀੜ੍ਹੀ ਨੇ ਕੇਵਲ ਆਪਣੀਆਂ ਜਾਨਾਂ ਬਚਾਉਣ ਦੇ ‘ਝੂਠੇ ਸੌਦੇ’ ਕੀਤੇ ਹਨ। ਇਸ ਦੇ ਨਤੀਜੇ ਵਜੋਂ ਅਸੀਂ ਆਪਣੀ ਬੋਲੀ, ਭੋਜਨ, ਧਰਤੀ, ਮਿੱਟੀ, ਪਾਣੀ, ਫ਼ਸਲਾਂ, ਫਲ਼ ਅਤੇ ਪੂਰਾ ਵਾਤਾਵਰਨ ਗਵਾ ਲਿਆ ਪਰ ਹੁਣ ਜਦੋਂ ਸਾਡੇ ਕੋਲ ਗਵਾਉਣ ਲਈ ਕੁਝ ਨਹੀਂ ਹੈ ਤਾਂ ਵੀ ਸਾਡੇ ਕੋਲ ‘ਕੁਝ’ ਹੈ ਅਤੇ ਵਿਵਸਥਾ ਨੂੰ ਇਸ ਦੀ ਮਹੱਤਤਾ ਦਾ ਸਾਡੇ ਨਾਲੋਂ ਪਹਿਲਾਂ ਤੇ ਵੱਧ ਪਤਾ ਹੈ। ਇਹ ਸਾਡੀ ਨਵੀਂ ਪੀੜ੍ਹੀ ਹੈ, ਸਾਡੇ ਬੱਚੇ। ਹੁਣ ਸਾਡੇ ਬੱਚੇ ਇਸ ਵਿਵਸਥਾ ਦੇ ਮੁੱਖ ਨਿਸ਼ਾਨੇ ‘ਤੇ ਹਨ। ਸਾਡੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ। ਉਨ੍ਹਾਂ ਦੇ ਬਚਪਨ, ਸਿਹਤ, ਖੇਡਾਂ, ਗਿਆਨ, ਪਾਲਣ-ਪੋਸ਼ਣ ਆਦਿ ਸਭ ਕੁਝ ਨੂੰ ਇਸ ਵਿਵਸਥਾ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ। ਅਸੀਂ ਵਿਵਸਥਾ ਦੀ ਇਸ ਖੇਡ ਨੂੰ ਅਗਾਊਂ ਸਮਝਣ ਤੋਂ ਅਸਮਰੱਥ ਰਹੇ ਹਾਂ। ਅਜੇ ਵੀ ਸਮਾਂ ਹੈ, ਅਸੀਂ ਸੁਚੇਤ ਹੋਈਏ ਅਤੇ ਆਪਣੇ ਬੱਚਿਆਂ ਲਈ ਨੰਗੇ ਧੜ ਲੜਨ ਲਈ ਤਿਆਰ ਹੋਈਏ। ਜੇ ਅਸੀਂ ਅਜਿਹਾ ਨਾ ਕੀਤਾ ਤਾਂ ਸਾਡਾ ਭਵਿੱਖ ਸਾਡੇ ਵਰਤਮਾਨ ਨਾਲੋਂ ਵੀ ਹਨੇਰਾ ਹੋਵੇਗਾ ਅਤੇ ਸਾਡੇ ਬੱਚੇ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ।
ਅਸੀਂ ਅਜੇ ਵੀ ਨਿੱਜੀ ਮੁਫ਼ਾਦਾਂ ਅਤੇ ਨਿੱਜੀ ਫ਼ਾਇਦਿਆਂ ਲਈ ਲੜ ਰਹੇ ਲੋਕ ਹਾਂ ਪਰ ਇਨ੍ਹਾਂ ਨਿੱਜੀ ਲੜਾਈਆਂ ਨੇ ਵਿਵਸਥਾ ਦੇ ਹਾਥੀ ਨੂੰ ਵਧੇਰੇ ਤਾਕਤਵਰ ਕਰਨਾ ਹੈ। ਅਜੇ ਮੌਕਾ ਹੈ ਕਿ ਸਾਡੀ ਪੀੜ੍ਹੀ ਲੋਕਧਾਰਾ ਵਿਚ ਮਿਲਦੀ ਉਸ ਮਿਸਾਲ ਨੂੰ ਯਾਦ ਕਰੇ, ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਮਲੇਰਕੋਟਲੇ ਦੇ ਨਵਾਬ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਸਾਹਿਬਜ਼ਾਦਿਆਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ ਸੀ। ਕੀ ਅੱਜ ਅਸੀਂ ਆਪਣੇ ਬੱਚਿਆਂ ਲਈ, ਆਪਣੇ ਹੱਥੀਂ ਚੁਣੀ ਸਰਕਾਰ ਖ਼ਿਲਾਫ਼ ਬੋਲਣ ਦਾ ਹੌਸਲਾ ਨਹੀਂ ਕਰ ਸਕਦੇ? ਸਾਡੇ ਵਡੇਰੇ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਮੁਕਾਬਲਤਨ ਬਿਹਤਰ ਅਤੇ ਸੁਖਾਲ਼ਾ ਸਾਹ ਲੈਣ ਯੋਗ ਮਾਹੌਲ ਦੇ ਕੇ ਦੁਨੀਆ ਤੋਂ ਰੁਖ਼ਸਤ ਹੋਏ ਸਨ, ਲੇਕਿਨ ਕੀ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਦਮਘੋਟੂ ਮਾਹੌਲ ਛੱਡ ਕੇ ਜਾਣਾ ਹੈ? ਬੱਚਿਆਂ ਦੀਆਂ ਲਾਸ਼ਾਂ ਅਤੇ ਉਨ੍ਹਾਂ ਦੇ ਵਰਤਮਾਨ ਨੂੰ ਦੇਖਦਿਆਂ ਸਾਡੇ ਲਈ ਇਹ ਵੱਡਾ ਤੇ ਅਹਿਮ ਸਵਾਲ ਹੈ।

-ਪਿੰਡ ਬੱਛੋਆਣਾ, ਜ਼ਿਲ੍ਹਾ ਮਾਨਸਾ।


Comments Off on ਮੌਤ ਤੇ ਖ਼ੌਫ਼ ਦੇ ਸਾਏ ਹੇਠ ਪਲ ਰਹੀ ਭਵਿੱਖ ਦੀ ਪੀੜ੍ਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.