ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮੋਬਾਈਲ ਨੇ ਉਲਝਾਇਆ ਤਾਣਾ-ਬਾਣਾ

Posted On July - 13 - 2019

ਸਤਿੰਦਰ ਕੌਰ

ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਮੋਬਾਈਲ ਫੋਨ ਸਭ ਦੀ ਜ਼ਰੂਰਤ ਬਣ ਗਿਆ ਹੈ। ਇਹ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਹਰਮਨ ਪਿਆਰਾ ਸਾਧਨ ਹੈ। 47 ਸਾਲ ਪਹਿਲਾਂ ਹੋਂਦ ਵਿਚ ਆਈ ਇਸ ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਹੁਣ ਇਹ ਸਭ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਗਿਆ ਹੈ, ਜਿਸ ਬਿਨਾਂ ਜ਼ਿੰਦਗੀ ਖ਼ਾਲੀ ਤੇ ਅਧੂਰੀ ਜਾਪਦੀ ਹੈ। ਇਹ ਤਕਨੀਕ ਲੋਕਾਂ ਦੀ ਸੁਵਿਧਾ ਲਈ ਬਣਾਈ ਗਈ ਸੀ, ਜਿਸ ਨੇ ਮਨੁੱਖ ਨੂੰ ਕਈ ਰਾਹਤਾਂ ਪ੍ਰਦਾਨ ਕੀਤੀਆਂ ਹਨ। ਸਮਾਰਟ ਫੋਨ ਆਉਣ ਉਪਰੰਤ ਮੋਬਾਈਲ ’ਤੇ ਸੋਸ਼ਲ ਸਾਈਟਾਂ ਦੀ ਵਰਤੋਂ ਰਾਹੀਂ ਅਸੀਂ ਬੈਠੇ ਬਿਠਾਏ ਦੇਸ਼ਾਂ ਵਿਦੇਸ਼ਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਕੁਝ ਪਲਾਂ ਵਿਚ ਹੀ ਪ੍ਰਾਪਤ ਕਰ ਲੈਂਦੇ ਹਾਂ। ਦੁਨੀਆਂ ਦੇ 155 ਦੇਸ਼ਾਂ ਦੀ ਸਰਵੇ ਰਿਪੋਰਟ ਅਨੁਸਾਰ ਸਭ ਤੋਂ ਵੱਧ ਤੇਜ਼ੀ ਨਾਲ ਸੈੱਲ ਫੋਨ ਕੁਨੈਕਸ਼ਨ ਲੈਣ ਵਾਲੇ ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੈ। ਜਿੱਥੇ ਇਸ ਦੀ ਵਰਤੋਂ ਨੇ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ, ਉੱਥੇ ਬਹੁਤ ਮੁਸ਼ਕਿਲਾਂ ਵੀ ਪੈਦਾ ਕਰ ਦਿੱਤੀਆਂ ਹਨ। ਇਕ ਸਰਵੇ ਰਿਪੋਰਟ ਮੁਤਾਬਿਕ ਜਿੱਥੇ ਮੋਬਾਈਲ ਸੜਕਾਂ ’ਤੇ ਵਾਪਰਨ ਵਾਲੇ ਹਾਦਸਿਆਂ ਦਾ ਵੱਡਾ ਕਾਰਨ ਹੈ, ਉੱਥੇ ਆਪਸੀ ਰਿਸ਼ਤਿਆਂ ਦੇ ਤਿੜਕਣ ਦਾ ਕਾਰਨ ਵੀ ਬਣ ਰਿਹਾ ਹੈ। 10 ਵਿਚੋਂ 3 ਰਿਸ਼ਤੇ ਸੈੱਲ ਫੋਨ ਦੀ ਬਦੌਲਤ ਟੁੱਟ ਰਹੇ ਹਨ।
ਮੌਜੂਦਾ ਦੌਰ ਵਿਚ ਮਨੁੱਖ ਪਾਗਲਾਂ ਵਾਂਗ ਮੋਬਾਈਲ ਦੀ ਵਰਤੋਂ ਕਰਨ ਵਿਚ ਲੱਗਿਆ ਹੋਇਆ ਹੈ। ਅਜੋਕੀ ਪੀੜ੍ਹੀ ਦਾ ਇਸ ਨਾਲ ਲਗਾਅ ਜਨੂੰਨ ਬਣ ਗਿਆ ਹੈ। ਉਹ ਮਾਨਸਿਕ ਤੌਰ ’ਤੇ ਇਸ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ। ਲੋਕ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸਸਤੀਆਂ ਇੰਟਰਨੈੱਟ ਸਕੀਮਾਂ ਤੇ ਇਨ੍ਹਾਂ ਦੀ ਵਰਤੋਂ ਵਿਚ ਉਲਝ ਗਿਆ ਹੈ। ਪਹਿਲਾਂ ਸੈੱਲ ਫੋਨ ਦੀ ਵਰਤੋਂ ਕੇਵਲ ਗੱਲਬਾਤ ਜਾਂ ਸੰਖੇਪ ਸੁਨੇਹਿਆਂ ਲਈ ਕੀਤੀ ਜਾਂਦੀ ਸੀ, ਪਰ ਹੁਣ 98% ਮੋਬਾਈਲ ਦੀ ਵਰਤੋਂ ਫੇਸਬੁੱਕ, ਟਵਿੱਟਰ, ਈਮੇਲ, ਵੱਟਸਅਪ ਆਦਿ ਲਈ ਕੀਤੀ ਜਾ ਰਹੀ ਹੈ। ਕਿਸੇ ਵੀ ਚੀਜ਼ ਦਾ ਆਦੀ ਹੋ ਜਾਣਾ ਤੇ ਉਸ ਦੀ ਲੋੜ ਤੋਂ ਵੱਧ ਵਰਤੋਂ ਮਨੁੱਖ ਦੀ ਜ਼ਿੰਦਗੀ ਦੇ ਅਸਲ ਰੰਗਾਂ ਨੂੰ ਖੋਹ ਲੈਂਦਾ ਹੈ ਤੇ ਉਸ ਨੂੰ ਬੇਰੰਗ ਕਰ ਦਿੰਦਾ ਹੈ।
ਮਨੁੱਖ ਆਪਣੇ ਤੇ ਬੱਚਿਆਂ ਨੂੰ ਸੁੱਖ-ਆਰਾਮ ਦੀ ਜ਼ਿੰਦਗੀ ਦੇਣ ਲਈ ਬਹੁਤਾ ਸਮਾਂ ਕੰਮਾਂ-ਕਾਰਾਂ ਵਿਚ ਉਲਝਿਆ ਰਹਿੰਦਾ ਹੈ। ਉਸ ਤੋਂ ਬਾਅਦ ਦਾ ਸਮਾਂ ਜੋ ਉਸ ਨੂੰ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ, ਉਹ ਥਾਂ ਮੋਬਾਈਲ ਨੇ ਲੈ ਲਈ ਹੈ। ਮਨੁੱਖ ਦਿਨ ਦੇ 24 ਘੰਟਿਆਂ ਵਿਚੋਂ ਬਹੁਤਾ ਸਮਾਂ ਮੋਬਾਈਲ ਦੀ ਸੰਗਤ ਵਿਚ ਹੀ ਗੁਜ਼ਾਰਦਾ ਹੈ। ਪਰਿਵਾਰ ਵਿਚ ਬੈਠਿਆਂ ਵੀ ਉਹ ਇਕੱਲਤਾ ਵਾਲਾ ਜੀਵਨ ਜਿਊਣ ਲੱਗਿਆ ਹੈ। ਮੋਬਾਈਲ ਕਾਰਨ ਪਰਿਵਾਰਕ ਰਿਸ਼ਤੇ ਕਮਜ਼ੋਰ ਹੋ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਪਤੀ-ਪਤਨੀ ਦੇ ਰਿਸ਼ਤੇ ’ਤੇ ਪੈ ਰਿਹਾ ਹੈ। ਕੋਈ ਵੀ ਰਿਸ਼ਤਾ ਹੋਵੇ, ਉਹ ਆਪਸੀ ਸਾਂਝ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਆਪਸੀ ਗੱਲਬਾਤ ਕਰਨਾ ਅਤੇ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਉਹ ਮੋਬਾਈਲ ਕਾਰਨ ਨਹੀਂ ਦੇ ਪਾ ਰਹੇ। ਉਨ੍ਹਾਂ ਵਿਚਲੀ ਆਪਸੀ ਗੱਲਬਾਤ ਦੀ ਥਾਂ ਮੋਬਾਈਲ ਨੇ ਲੈ ਲਈ ਹੈ। ਬੰਦਾ ਸਾਰਾ ਦਿਨ ਸੋਸ਼ਲ ਵੈੱਬਸਾਈਟਾਂ ’ਤੇ ਮਸਰੂਫ਼ ਰਹਿੰਦਾ ਹੈ। ਇਸ ਕਾਰਨ ਪਤੀ-ਪਤਨੀ ਦਾ ਰਿਸ਼ਤਾ ਤਿੜਕਨ ਲੱਗਿਆ ਹੈ ਤੇ ਕਈ ਵਾਰ ਨੌਬਤ ਤਲਾਕ ਤਕ ਪਹੁੰਚ ਜਾਂਦੀ ਹੈ।

ਸਤਿੰਦਰ ਕੌਰ

ਮੋਬਾਈਲ ਦੀ ਬਹੁਤੀ ਵਰਤੋਂ ਦਾ ਅਸਰ ਮਾਪਿਆਂ ਅਤੇ ਬੱਚਿਆਂ ਦੇ ਆਪਸੀ ਰਿਸ਼ਤਿਆਂ ’ਤੇ ਵੀ ਨਜ਼ਰ ਆ ਰਿਹਾ ਹੈ। ਇਸ ਕਾਰਨ ਮਾਪਿਆਂ ਤੇ ਬੱਚਿਆਂ ਵਿਚ ਫਾਸਲਾ ਵਧ ਗਿਆ ਹੈ। ਮਾਪਿਆਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਬੱਚਿਆਂ ਨਾਲ ਖੇਡ ਸਕਣ ਜਾਂ ਉਨ੍ਹਾਂ ਨਾਲ ਸਮਾਂ ਬਤੀਤ ਕਰ ਸਕਣ। ਅੱਜਕੱਲ੍ਹ ਮਾਪੇ ਵੀ ਬੱਚਿਆਂ ਨਾਲ ਗੱਲਬਾਤ ਕਰਨ ਦੀ ਬਜਾਏ ਛੋਟੀ ਉਮਰੇ ਹੀ ਉਨ੍ਹਾਂ ਦੇ ਹੱਥਾਂ ਵਿਚ ਮੋਬਾਈਲ ਫੜਾ ਦਿੰਦੇ ਹਨ। ਮਾਵਾਂ ਬੱਚੇ ਨੂੰ ਲੋਰੀ ਵੀ ਮੋਬਾਈਲ ਉੱਤੇ ਹੀ ਸੁਣਾਉਂਦੀਆਂ ਹਨ। ਉਹ ਮੋਬਾਈਲ ਉੱਤੇ ਗੀਤ ਲਗਾ ਕੇ ਫੋਨ ਬੱਚੇ ਕੋਲ ਰੱਖ ਕੇ ਖ਼ੁਦ ਘਰ ਦੇ ਕੰਮਾਂ ਵਿਚ ਉਲਝ ਜਾਂਦੀਆਂ ਹਨ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮੋਬਾਈਲ ਬੱਚੇ ਦੀ ਮਾਂ ਦਾ ਬਦਲ ਬਣ ਗਿਆ ਹੈ, ਜਿਹੜਾ ਉਨ੍ਹਾਂ ਦਾ ਮਨ ਪਰਚਾਈ ਰੱਖਦਾ ਹੈ। ਬੇਸ਼ੱਕ ਮਾਪੇ ਆਪਣੀ ਸੌਖ ਲਈ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਨ ਦੀ ਖੁੱਲ੍ਹ ਦਿੰਦੇ ਹਨ, ਪਰ ਇਸ ਦੇ ਨਤੀਜੇ ਉਨ੍ਹਾਂ ਨੂੰ ਭਵਿੱਖ ਵਿਚ ਭੁਗਤਣੇ ਪੈਂਦੇ ਹਨ।
ਜਦੋਂ ਬੱਚਿਆਂ ਨੂੰ ਇਕੱਲਤਾ ਵਾਲਾ ਮਾਹੌਲ ਮਿਲਦਾ ਹੈ ਤਾਂ ਉਹ ਉਸ ਖ਼ਾਲੀ ਥਾਂ ਨੂੰ ਭਰਨ ਦਾ ਕੋਈ ਨਾ ਕੋਈ ਜ਼ਰੀਆ ਲੱਭ ਹੀ ਲੈਂਦੇ ਹਨ। ਬੱਚੇ ਸਕੂਲ, ਕਾਲਜ ਤੋਂ ਆ ਕੇ ਮੋਬਾਈਲਾਂ ’ਤੇ ਰੁੱਝ ਜਾਂਦੇ ਹਨ। ਪਿਛਲੇ ਸਮੇਂ ‘ਬਲੂ ਵੇਲ੍ਹ’ ਨਾਮੀਂ ਖੇਡ ਕਾਫ਼ੀ ਚਰਚਾ ਵਿਚ ਰਹੀ। ਇਸ ਖੇਡ ਕਾਰਨ ਕਈ ਬੱਚੇ ਆਤਮ ਹੱਤਿਆ ਕਰ ਗਏ। ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ ਕਿਉਂਕਿ ਆਤਮਦਾਹ ਕਰਨ ਵਾਲੇ ਬਹੁਤੇ ਬੱਚੇ ਉਹ ਸਨ, ਜਿਨ੍ਹਾਂ ਦੇ ਮਾਪੇ ਨੌਕਰੀਪੇਸ਼ਾ ਸਨ ਤੇ ਉਹ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਨਹੀਂ ਕਰਦੇ ਸਨ। ਇਸ ਇਕੱਲਤਾ ਵਿਚੋਂ ਉਨ੍ਹਾਂ ਨੇ ਮੌਤ ਦਾ ਰਾਹ ਚੁਣਿਆ। ਅੱਜਕੱਲ੍ਹ ਬੱਚੇ ‘ਪਬ ਜੀ’ ਗੇਮ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ। ਮੋਬਾਈਲ ਦੀ ਬਹੁਤੀ ਵਰਤੋਂ ਬੱਚਿਆਂ ਦਾ ਸਰੀਰਿਕ ਤੇ ਮਾਨਸਿਕ ਵਿਕਾਸ ਰੋਕ ਲੈਂਦੀ ਹੈ ਅਤੇ ਉਨ੍ਹਾਂ ਦੀ ਸਿਰਜਣਾਤਮਕ ਊਰਜਾ ਦਾ ਘਾਣ ਹੁੰਦਾ ਹੈ।
ਅੱਜ ਦਾ ਮਨੁੱਖ ਜਿਹੜੇ ਰੋਗਾਂ ਨਾਲ ਸਭ ਤੋਂ ਵੱਧ ਜੂਝ ਰਿਹਾ ਹੈ, ਉਨ੍ਹਾਂ ਸਭ ਦਾ ਸਬੰਧ ਬੰਦੇ ਦੀ ਮਾਨਸਿਕਤਾ ਨਾਲ ਹੈ। ਹਾਈ ਬਲੱਡ ਪ੍ਰੈਸ਼ਰ, ਟੈਨਸ਼ਨ, ਡਿਪਰੈਸ਼ਨ, ਹਾਰਟ ਅਟੈਕ ਆਦਿ ਸਭ ਬਿਮਾਰੀਆਂ ਦਾ ਸਬੰਧ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ ਤੇ ਇਨ੍ਹਾਂ ਸਭ ਦਾ ਕਾਰਨ ਇਕੱਲਤਾ ਹੈ। ਮੋਬਾਈਲ ਦੀ ਬਿਨਾਂ ਲੋੜ ਤੋਂ ਵੱਧ ਵਰਤੋਂ ਕਰਨ ਵਾਲਾ ਮਨੁੱਖ ਖ਼ੁਦ ਵੀ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋਇਆ ਲੱਗਦਾ ਹੈ। ਉਹ ਮਿੰਟ-ਮਿੰਟ ’ਤੇ ਮੋਬਾਈਲ ਵੱਲ ਇੰਜ ਦੇਖਦਾ ਰਹਿੰਦਾ ਹੈ ਜਿਵੇਂ ਅਜਿਹਾ ਨਾ ਕਰਨ ਨਾਲ ਕੋਈ ਪਰਲੋ ਆ ਜਾਵੇਗੀ। ਮੋਬਾਈਲ ਨੇ ਹਰੇਕ ਮਨੁੱਖ ਨੂੰ ਇਕੱਲਾ ਕਰ ਦਿੱਤਾ ਹੈ। ਕਿਸੇ ਕੋਲ ਵੀ ਆਪਣੇ ਪਰਿਵਾਰ, ਆਪਣੇ ਆਲੇ-ਦੁਆਲੇ ਇੱਥੋਂ ਤਕ ਕਿ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਦਾ ਸਮਾਂ ਨਹੀਂ। ਸਾਨੂੰ ਦੇਸ਼-ਵਿਦੇਸ਼ ਬਾਰੇ ਤਾਂ ਜਾਣਕਾਰੀ ਹੁੰਦੀ ਹੈ, ਪਰ ਸਾਡੇ ਘਰ-ਪਰਿਵਾਰ, ਆਂਢ-ਗੁਆਂਢ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਇਹ ਸਾਡੇ ਲਈ ਸਭ ਤੋਂ ਵੱਡੀ ਤ੍ਰਾਸਦੀ ਹੈ। ਜਿੱਥੇ ਮੋਬਾਈਲ ਪਰਿਵਾਰਕ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈ, ਉੱਥੇ ਇਹ ਮਨੁੱਖ ਦੀ ਤਰੱਕੀ ਦੇ ਰਾਹ ਵਿਚ ਰੁਕਾਵਟ ਬਣ ਗਿਆ ਹੈ। ਇਹ ਇਕ ਯੰਤਰ ਹੈ ਤੇ ਇਸ ਨੂੰ ਪਰਿਵਾਰ ਦੀ ਥਾਂ ਨਹੀਂ ਦੇਣੀ ਚਾਹੀਦੀ। ਇਸ ਦੀ ਕਾਢ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕੀਤੀ ਗਈ ਹੈ, ਪਰ ਜੇਕਰ ਇਹ ਸਾਡੀ ਜ਼ਿੰਦਗੀ ਹੀ ਸਾਡੇ ਤੋਂ ਖੋਹਣ ਲੱਗ ਜਾਵੇ ਤਾਂ ਸੁਚੇਤ ਹੋਣਾ ਜ਼ਰੂਰੀ ਹੈ।
ਮੋਬਾਈਲ ਦੀ ਵਰਤੋਂ ਕਰਨਾ ਗ਼ਲਤ ਨਹੀਂ, ਪਰ ਵਰਤੋਂ ਸੀਮਿਤ ਪੱਧਰ ਤਕ ਹੀ ਹੋਣੀ ਚਾਹੀਦੀ ਹੈ। ਇਕ ਸਿਹਤਮੰਦ ਦੇਸ਼ ਦੀ ਉਸਾਰੀ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ। ਜ਼ਿੰਦਗੀ ਵਿਚ ਹਰੇਕ ਰਿਸ਼ਤੇ ਦੀ ਆਪਣੀ ਮਹੱਤਤਾ ਹੁੰਦੀ ਹੈ ਤੇ ਉਸ ਨੂੰ ਸਮਝਣਾ ਜ਼ਰੂਰੀ ਹੈ। ਹਰ ਰਿਸ਼ਤੇ ਵਿਚ ਗੱਲਬਾਤ ਤੇ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਮਾਪੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਲਈ ਮਿਹਨਤ ਕਰਦੇ ਹਨ, ਪਰ ਉਨ੍ਹਾਂ ਦਾ ਪਹਿਲਾ ਫਰਜ਼ ਇਹ ਬਣਦਾ ਕਿ ਉਹ ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਨਾ ਖੋਹਣ। ਉਨ੍ਹਾਂ ਨਾਲ ਸਮਾਂ ਬਤੀਤ ਕਰਨ ਤੇ ਉਨ੍ਹਾਂ ਨਾਲ ਸਾਂਝ ਕਾਇਮ ਕਰਨ। ਕੋਈ ਦੇਸ਼ ਉਦੋਂ ਉੱਨਤੀ ਕਰਦਾ ਹੈ ਜਦੋਂ ਉਸ ਦੇ ਦੇਸ਼ਵਾਸੀ ਸਰੀਰਿਕ ਤੇ ਮਾਨਸਿਕ ਤੌਰ ਉੱਤੇ ਸਿਹਤਮੰਦ ਹੋਣ। ਇਸ ਦਿਸ਼ਾ ਵਿਚ ਮਾਂ-ਬਾਪ, ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੂੰ ਰੋਲ ਮਾਡਲ ਬਣਨਾ ਪਵੇਗਾ ਤਾਂ ਹੀ ਅਸੀਂ ਬੱਚਿਆਂ ਨੂੰ ਕਿਸੇ ਚੰਗੇ ਰਸਤੇ ਤੋਰ ਸਕਾਂਗੇ।

ਸੰਪਰਕ: 99147-64686


Comments Off on ਮੋਬਾਈਲ ਨੇ ਉਲਝਾਇਆ ਤਾਣਾ-ਬਾਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.