ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮੈਂ ਰਫਿਊਜੀ ਹੋਣ ਕਰਕੇ ਬਚ ਗਿਆ!

Posted On July - 27 - 2019

ਵੰਡ ਦੇ ਦੁੱਖੜੇ

ਸਾਂਵਲ ਧਾਮੀ

ਵੰਡ ਦੇ ਦੁੱਖੜੇ

ਜ਼ਿਲ੍ਹਾ ਸਿਆਲਕੋਟ ਦੇ ਪਿੰਡ ਰਾਮ ਰਾਈਆਂ ਕਲਾਂ ’ਚ ਅੱਕਰੇ ਗੋਤ ਦੇ ਆਹਲੂਵਾਲੀਆਂ ਦਾ ਇਕ ਸ਼ਾਹੂਕਾਰ ਪਰਿਵਾਰ ਰਹਿੰਦਾ ਸੀ। ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਸ਼ੁਰੂ ’ਚ ਇੱਥੇ ਪਲੇਗ ਪੈ ਗਈ। ਇਕ ਨੂੰ ਸਾੜ ਕੇ ਆਉਂਦੇ, ਦੂਜਾ ਮਰਿਆ ਹੁੰਦਾ। ਇਸ ਟੱਬਰ ’ਚੋਂ ਭੱਜ ਕੇ ਇਕ ਬੰਦਾ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਗੋਜਰਾ ਦੇ ਨਾਲ ਲੱਗਦੇ ਪਿੰਡ ਕੱਚਾ ਗੋਜਰਾ ਵਿਖੇ ਆਣ ਵਸਿਆ। ਉਸ ਸ਼ਖ਼ਸ ਦਾ ਪੁੱਤਰ ਕੈਪਟਨ ਹਰਦਿਆਲ ਸਿੰਘ, ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਕਸਬੇ ਕਾਦੀਆਂ ’ਚ ਰਹਿ ਰਿਹਾ ਹੈ।
“ਸਾਡਾ ਟੱਬਰ ਸਰਦਾਰਾਂ ਦੇ ਬਣਾਏ ਹੋਏ ਕੱਚੇ ਘਰ ’ਚ ਰਹਿੰਦਾ ਸੀ। ਤਿੰਨ ਭੈਣਾਂ ਤੇ ਮੈਂ ਇਕੱਲਾ ਭਾਈ। ਸਾਰਿਆਂ ਨਾਲੋਂ ਛੋਟਾ। ਮੈਂ ਕੁੱਲ ਛੇ ਕੁ ਜਮਾਤਾਂ ਪੜ੍ਹਿਆਂ। ਸਕੂਲ ਸਾਡਾ ਗੋਜਰੇ ਹੁੰਦਾ ਸੀ।”
“ਕਦੇ ਸਿਆਲਕੋਟ ਵਾਲਾ ਆਪਣਾ ਜੱਦੀ ਪਿੰਡ ਵੀ ਵੇਖਿਆ?” ਮੈਂ ਪੁੱਛਿਆ।
“ਮੈਂ ਆਪਣੇ ਬਾਪ ਨੂੰ ਕਹਿੰਦਾ ਰਿਹਾ। ਉਸਨੇ ਹਰ ਵਾਰ ਆਖ ਦੇਣਾ ‘ਅਗਲੇ ਸਾਲ ਚੱਲਾਂਗੇ।’ ਉਹ ਅਗਲਾ ਸਾਲ ਆਇਆ ਈ ਨਹੀਂ। ਉਹ ਖ਼ੁਦ ਤਾਂ ਹਰ ਸਾਲ ਜਾਂਦਾ ਹੁੰਦਾ ਸੀ। ਉੱਥੋਂ ਕੁਝ ਨਾ ਕੁਝ ਲੈ ਕੇ ਆਉਂਦਾ ਹੁੰਦਾ ਸੀ। ਮੈਨੂੰ ਉਨ੍ਹਾਂ ਕਦੇ ਨਹੀਂ ਸੀ ਦੱਸਿਆ ਕਿ ਸਾਡਾ ਉੱਥੇ ਕੀ ਤੇ ਕੀ ਨਹੀਂ ਸੀ। ਮੈਨੂੰ ਸਿਆਲਕੋਟ ਦਾ ਇਕ ਬੰਦਾ ਮਿਲਿਆ ਸੀ। ਉਸਨੇ ਮੈਨੂੰ ਦੱਸਿਆ ਸੀ ਕਿ ਮੇਰਾ ਦਾਦਾ ਬਹੁਤ ਵੱਡਾ ਸ਼ਾਹੂਕਾਰ ਹੁੰਦਾ ਸੀ। ਉਸ ਕੋਲ ਜ਼ਮੀਨ ਵੀ ਬੜੀ ਸੀ। ਸੰਤਾਲੀ ਮਗਰੋਂ ਸਾਨੂੰ ਜ਼ਮੀਨ ਵੀ ਨਹੀਂ ਮਿਲੀ। ਮੈਂ ਜਲੰਧਰ ਗਿਆ। ਰਿਕਾਰਡ ਪਤਾ ਕੀਤਾ ਤਾਂ ਉਹ ਕਹਿੰਦੇ ਤੇਰੇ ਨਾਂ ਕੋਈ ਜ਼ਮੀਨ ਨਹੀਂ ਹੈ। ਫਿਰ ਪਤਾ ਲੱਗਿਆ ਕਿ ਜਦੋਂ ਕੋਈ ਵੀਹ ਸਾਲ ਜ਼ਮੀਨ ਵਾਹ ਲੈਂਦਾ, ਉਹ ਮਾਰੂਸ ਹੋ ਜਾਂਦੀ ਆ।” ਉਹ ਉਦਾਸ ਹੋ ਗਿਆ।
“ਕਿੰਨੀਆਂ ਕੁ ਯਾਦਾਂ ਨੇ ਗੋਜਰੇ ਦੀਆਂ?” ਮੇਰਾ ਇਹ ਸਵਾਲ ਸੁਣਦਿਆਂ ਉਹ ਆਪਣੇ ਬਚਪਨ ਦੀ ਅਵਸਥਾ ’ਚ ਪਹੁੰਚ ਗਿਆ।
“ਉੱਥੇ ਬਹੁਤ ਖੁੱਲ੍ਹੀਆਂ ਥਾਵਾਂ ਹੁੰਦੀਆਂ ਸਨ। ਅਸੀਂ ਖਿੱਦੋ-ਖੁੰਡੀ ਤੇ ਗੁੱਲੀ-ਡੰਡਾ ਖੇਡਦੇ। ਛੱਪੜ ਕੰਢੇ ਦੋ ਵੱਡੇ ਵੱਡੇ ਪਿੱਪਲ ਹੁੰਦੇ ਸਨ। ਉਨ੍ਹਾਂ ’ਤੇ ਅਸੀਂ ਜੰਡ-ਬ੍ਰਾਹਮਣ ਖੇਡਦੇ ਰਹਿਣਾ। ਫਿਰ ਜਦੋਂ ਮੈਂ ਹਾਈ ਸਕੂਲ ’ਚ ਗਿਆ ਤਾਂ ਉੱਥੇ ਫੁੱਟਬਾਲ ਤੇ ਹਾਕੀ ਖੇਡਣ ਲੱਗਾ। ਫਿਰ ਮੈਨੂੰ ਮੇਰਾ ਭਣਵਈਆ ਲੈ ਗਿਆ ਸੱਖਰ-ਰੋੜੀ। ਉਹ ਉੱਥੇ ਰੇਲਵੇ ’ਚ ਮੁਲਾਜ਼ਮ ਸੀ। ਉਹ ਮੈਨੂੰ ਮਾਰਦਾ ਰਹਿੰਦਾ ਸੀ। ਮੈਂ ਗੋਜਰੇ ਨੂੰ ਮੁੜ ਆਇਆ। ਬਾਪੂ ਨੇ ਮੈਨੂੰ ਪੜ੍ਹਾਉਣ ਲਈ ਬੜਾ ਜ਼ੋਰ ਲਾਇਆ। ਮਾਸਟਰ ਵੀ ਮੈਨੂੰ ਕਹਿਣ ਕਿ ਸੱਤਵੀਂ ’ਚ ਬਹਿ

ਜਾ, ਤੂੰ ਪਾਸ ਹੋ ਜਾਣੈ। ਮੈਂ ਕਿਹਾ ‘ਹੁਣ ਮੈਂ ਨਹੀਂ ਪੜ੍ਹਨਾ।’ ਪਹਿਲਾਂ ਮੈਂ ਆਵਾਰਾਗਰਦੀ ਕਰਦਾ ਰਿਹਾ। ਫਿਰ ਜਦੋਂ ਉਮਰ ਹੋਈ ਤਾਂ ਮੈਂ 1 ਜੁਲਾਈ, 1946 ਨੂੰ ਫ਼ੌਜ ’ਚ ਭਰਤੀ ਹੋ ਗਿਆ।”
ਮੈਂ ਉਸਨੂੰ ਕੱਚੇ ਗੋਜਰੇ ਬਾਰੇ ਕੁਝ ਹੋਰ ਗੱਲਾਂ ਪੁੱਛੀਆਂ। ਕਹਿੰਦਾ:
“ਉੱਥੇ ਸਾਰੇ ਬੜੇ ਪਿਆਰ ਨਾਲ ਰਹਿੰਦੇ ਸਨ। ਇਕ ਸੀ ਪੀਰਾ ਦਿੱਤਾ, ਦੂਜਾ ਮਹਿਮੂਦ ਤੇ ਤੀਜਾ ਸੀ ਸਾਦਿਕ। ਜਿੱਥੇ ਅਸੀਂ ਰਹਿੰਦੇ ਸਾਂ, ਉਹ ਜਾਇਦਾਦ ਸਰਦਾਰਾਂ ਦੀ ਸੀ। ਉਸ ਚੱਕ ਦੇ ਪੰਜ-ਛੇ ਮੁਹੱਲੇ ਸਨ। ਹਰੀ ਸਿੰਘ ਦਾ ਮੁਹੱਲਾ, ਫੁੰਮਣ ਸਿੰਘ ਦਾ ਮੁਹੱਲਾ, ਚੇਤ ਸਿੰਘ ਦਾ ਮੁਹੱਲਾ, ਵਾਰ ਸਿੰਘ ਦਾ ਮੁਹੱਲਾ, ਸ਼ੇਖ਼ਾਂ ਦਾ ਮਹੱਲਾ। ਇਸ ਮੁਹੱਲੇ ’ਚ ਬਹੁਤੇ ਮੁਸਲਮਾਨ ਹੀ ਵੱਸਦੇ ਸਨ।”
“ਤੁਸੀਂ ਫ਼ੌਜ ਵਿਚ ਭਰਤੀ ਕਿੱਥੇ ਹੋਏ ਸੀ?”
“ਮੈਂ ਭਰਤੀ ਹੋਇਆ ਸਾਂ ਲਾਹੌਰ, ਪਰ ਜਦੋਂ ਪਾਕਿਸਤਾਨ ਬਣਿਆ ਤਾਂ ਮੈਂ ਫਰਾਂਟੀਅਰ ’ਤੇ ਸਾਂ। ਇਹ ਪਠਾਣਾਂ ਦਾ ਇਲਾਕਾ ਏ। ਬਹੁਤ ਹੀ ਖ਼ਤਰਨਾਕ। ਉੱਥੇ ਛੋਟਾ ਜਿਹਾ ਸ਼ਹਿਰ ਏ, ਥਲ। ਉੱਥੇ ਇਕ ਕਿਲ੍ਹਾ ਸੀ। ਸਾਨੂੰ ਕਿਲ੍ਹੇ ’ਚ ਨਹੀਂ, ਬਲਕਿ ਉਨ੍ਹਾਂ ਨੇ ਬਾਹਰ ਹੀ ਰੱਖਿਆ ਸੀ। ਪੂਰੀ-ਪੂਰੀ ਬ੍ਰਿਗੇਡ ਜਾ ਰਹੀ ਹੁੰਦੀ, ਕੋਈ ਪਠਾਣ ਪਹਾੜੀ ’ਤੇ ਲੁਕਿਆ ਬੈਠਾ ਹੁੰਦਾ ਤੇ ਉਹ ’ਕੱਲਾ ਈ ਸਾਰੀ ਬ੍ਰਿਗੇਡ ਨੂੰ ਰੋਕ ਦਿੰਦਾ ਸੀ। ਫਿਰ ਉਸ ਤੋਂ ਬਾਅਦ ਆ ਗਏ ਰੋਜੇ। ਸਾਨੂੰ ਫਿਰ ਕੁਝ ਆਰਾਮ ਹੋਇਆ। ਉੱਥੋਂ ਸਾਨੂੰ ਸਿੱਧਾ ਬੰਗਲੌਰ ਭੇਜ ਦਿੱਤਾ। ਉੱਥੇ ਪਹਿਲਾਂ ਸਾਨੂੰ ਸਤਾਰਾਂ ਸੱਤ ਰਾਜਪੂਤ ਬਟਾਲੀਅਨ ਤੇ ਕੁਝ ਦੇਰ ਤੋਂ ਬਾਅਦ ਫਿਰ ਸਿੱਖ ਰੈਜੀਮੈਂਟ ਨਾਲ ਅਟੈਚ ਕਰ ਦਿੱਤਾ।”
“ਸੰਤਾਲੀ ਵਿਚ ਤੁਹਾਡੇ ਪਰਿਵਾਰ ਦਾ ਕੀ ਬਣਿਆ?” ਮੈਂ ਸਵਾਲ ਕੀਤਾ।
“ਸੰਤਾਲੀ ’ਚ…!” ਉਹ ਤੜਫ਼ ਉੱਠਿਆ।

ਸਾਂਵਲ ਧਾਮੀ

“ਮਾਂ ਤਾਂ ਮੇਰੀ ਪਹਿਲਾਂ ਈ ਮਰ ਗਈ ਸੀ। ਤਿੰਨ ਭੈਣਾਂ ਸਨ। ਉਹ ਵਿਆਹੀਆਂ ਹੋਈਆਂ ਸਨ। ਸੰਤਾਲੀ ’ਚ ਮੈਂ ਤਿੰਨ ਮਹੀਨੇ ਲਈ ਫ਼ੌਜ ’ਚੋਂ ਭਗੌੜਾ ਹੋ ਗਿਆ। ਆਪਣੇ ਬਾਪ ਨੂੰ ਲੱਭਦਾ ਰਿਹਾ। ਮੈਂ ਸਾਰਾ ਗੁਰਦਾਸਪੁਰ ਫਿਰ ਛੱਡਿਆ। ਉਸ ਵੇਲੇ ਗ਼ਦਰ ਮਚਿਆ ਪਿਆ ਸੀ। ਵੱਢ-ਟੁੱਕ ਹੋ ਰਹੀ ਸੀ। ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿੱਧਰ ਨੂੰ ਜਾਵਾਂ। ਮੈਂ ਉਸਨੂੰ ਕਈ ਕੈਂਪਾਂ ’ਚ ਲੱਭਿਆ। ਅਖ਼ੀਰ ਮੈਂ ਆਪਣੀ ਵੱਡੀ ਭੈਣ ਕੋਲ ਚਲਾ ਗਿਆ। ਅਟਾਰੀ ਦੇ ਲਾਗੇ ਪਿੰਡ ਏ ਰਣਗੜ੍ਹ। ਪਿਉ ਮੇਰੇ ਨੂੰ ਸਾਰੇ ਲਾਲਾ ਆਂਹਦੇ ਸੀ, ਅਸੀਂ ਵੀ ਲਾਲਾ ਹੀ ਆਂਹਦੇ ਸਾਂ। ਮੈਂ ਭੈਣ ਕੋਲੋਂ ਪੁੱਛਿਆ- ਲਾਲਾ? ਉਹ ਕਹਿਣ ਲੱਗੀ ‘ਉਹ ਤਾਂ ਮਰ ਗਿਆ। ਉਸਦਾ ਅਸਾਂ ਸਸਕਾਰ ਕਰ ਦਿੱਤਾ।’ ਮੈਨੂੰ ਬਾਅਦ ’ਚ ਇਕ ਬੰਦਾ ਮਿਲਿਆ ਸੀ। ਉਹ ਦੱਸਦਾ ਸੀ ਕਿ ਕੈਂਪ ਵਿਚ ਜੇਕਰ ਮੇਰਾ ਬਾਪ ਕੋਈ ਪੈਸਾ ਕੱਢਦਾ ਸੀ ਤਾਂ ਲੋਕ ਖੋਹ ਕੇ ਲੈ ਜਾਂਦੇ ਸਨ। ਉਹ ਭੁੱਖ ਦਾ ਮਾਰਿਆ ਹੋਇਆ ਆਇਆ ਸੀ। ਕਾਫ਼ਲੇ ਵਾਲੇ ਉਸਨੂੰ ਰਣਗੜ੍ਹ ਵਾਲੇ ਮੋੜ ’ਤੇ ਛੱਡ ਕੇ ਆਪ ਅੱਗੇ ਲੰਘ ਗਏ। ਉੱਥੋਂ ਪਤਾ ਨਹੀਂ ਉਹ ਕਿਵੇਂ ਆਪਣੀ ਧੀ ਦੇ ਘਰ ਪਹੁੰਚਿਆ। ਭੁੱਖਾਂ ਤੇ ਦੁੱਖਾਂ ਦਾ ਮਾਰਿਆ ਉਹ ਨੀਮ ਪਾਗਲ ਹੋਇਆ ਪਿਆ ਸੀ। ਮਸਾਂ ਇਕ ਦਿਨ ਕੱਟਿਆ ਤੇ ਉਹ ਖ਼ਤਮ ਹੋ ਗਿਆ।” ਹਾਉਕਾ ਜਿਹਾ ਭਰਕੇ ਉਹ ਚੁੱਪ ਹੋ ਗਿਆ।
ਮੈਂ ਵੀ ਬੋਲਣਾ ਮੁਨਾਸਿਬ ਨਹੀਂ ਸਮਝਿਆ।
“ਮੇਰੇ ਪਿਓ ਦੇ ਰਿਸ਼ਤੇਦਾਰ ਬਹੁਤ ਤਕੜੇ ਸਨ। ਕੋਈ ਸਟੇਸ਼ਨ ਮਾਸਟਰ ਸੀ ਤੇ ਕੋਈ ਡਾਕਟਰ ਸੀ। ਨਾਨਕੇ ਮੇਰੇ ਕਸ਼ਮੀਰ ਵਿਚ ਸਨ। ਭਿੰਬਰ ਕਲੀ ਦੇ ਨੇੜਲੇ ਕਿਸੇ ਪਿੰਡ ’ਚ। ਜਦੋਂ ਮੇਰਾ ਪਿਓ ਭੱਜ ਕੇ ਆਇਆ ਤਾਂ ਉਸਨੇ ਓਧਰਲੀ ਜਨਾਨੀ ਕਰ ਲਈ ਸੀ। ਨਾਨਕਿਆਂ ਦੀ ਜ਼ਮੀਨ ਵੀ ਹੈਗੀ ਸੀ। ਛੋਟਾ ਜਿਹਾ ਬਾਗ਼ ਵੀ ਸੀ। ਛੋਟੇ ਹੁੰਦਿਆਂ ਮੈਂ ਵੀ ਇਕ ਵਾਰ ਗਿਆ ਸਾਂ। ਮੇਰਾ ਇਕ ਮਾਮਾ ਸੀ ਤੇ ਇਕ ਮਾਸੀ। ਮਾਸੀ ਦਾ ਨਾਂ ਬੂਬਾ ਸੀ। ਮਾਮਾ ਮੇਰਾ ਹੱਥ ਨਾਲ ਨੱਕਾ ਕਰਨ ਲੱਗਾ, ਸੱਪ ਲੜਿਆ ਤੇ ਉਹ ਉੱਥੇ ਈ ਮਰ ਗਿਆ ਸੀ। ਨਾਨੀ ਮੇਰੀ ਬਹੁਤ ਬਜ਼ੁਰਗ ਸੀ। ਹੁਣ ਪਤਾ ਨਹੀਂ ਉਹ ਸਾਰੇ ਰਿਸ਼ਤੇ-ਨਾਤੇ ਕਿੱਥੇ ਨੇ? ਜਦੋਂ ਮੈਂ ਪਿਉ ਦੇ ਫੁੱਲ ਤਾਰਨ ਗਿਆ ਤਾਂ ਉੱਥੇ ਪੰਡਿਤ ਨੇ ਮੈਨੂੰ ਮੇਰੇ ਖ਼ਾਨਦਾਨ ਦੇ ਸਾਰੇ ਨਾਂ ਦੱਸੇ। ਦਾਦੇ ਤੇ ਚਾਚੇ-ਤਾਏ ਸਾਰਿਆਂ ਦੇ। ਸਾਡਾ ਬੜਾ ਵੱਡਾ ਲਾਣਾ ਸੀ। ਹੁਣ ਮੈਂ ਇਕੱਲਾ ਈ ਆਂ। ਉਂਜ ਤਾਂ ਕਾਦੀਆਂ ਸਿਆਲਕੋਟੀਆਂ ਨਾਲ ਭਰਿਆ ਪਿਆ, ਪਰ ਮੇਰੇ ਇਲਾਕੇ ਦਾ ਇਨ੍ਹਾਂ ’ਚ ਕੋਈ ਨਹੀਂ ਹੈ।”
“ਦੁਬਾਰਾ ਨੌਕਰੀ ਕਿਵੇਂ ਮਿਲੀ?” ਮੈਂ ਆਖ਼ਰੀ ਸਵਾਲ ਕੀਤਾ ਤਾਂ ਉਹ ਫਿੱਕਾ ਜਿਹਾ ਹੱਸ ਪਿਆ।
“ਮੈਨੂੰ ਅਠਾਈ ਦਿਨ ਦੀ ਸਜ਼ਾ ਹੋਈ ਸੀ। ਜਿਹੜਾ ਸਾਡਾ ਕਮਾਂਡੈਂਟ ਅਫ਼ਸਰ ਸੀ, ਉਹ ਕਹਿਣ ਲੱਗਾ ‘ਮੈਂ ਤੇਰਾ ਕੋਰਟ ਮਾਰਸ਼ਲ ਕਰਨਾ ਸੀ। ਸਿਰਫ਼ ਏਸ ਕਰਕੇ ਛੱਡ ਰਿਹਾ ਹਾਂ ਕਿ ਤੂੰ ਰਫਿਊਜੀ ਏਂ।” ਉਹ ਖਿੜ-ਖਿੜਾ ਕੇ ਹੱਸਿਆ ਤੇ ਫਿਰ ਚਾਣਚੱਕ ਚੁੱਪ ਹੋ ਗਿਆ। “ਮੈਂ ਰਫਿਊਜੀ ਹੋਣ ਕਰਕੇ ਬਚ ਗਿਆ ਸਾਂ!” ਇਹ ਕਹਿੰਦਿਆਂ ਉਸ ਦੀਆਂ ਅੱਖਾਂ ਛਲਕ ਪਈਆਂ।
ਸੰਪਰਕ: 97818-43444


Comments Off on ਮੈਂ ਰਫਿਊਜੀ ਹੋਣ ਕਰਕੇ ਬਚ ਗਿਆ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.