ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਮੇਲਾ ਛਪਾਰ ਲੱਗਦਾ…

Posted On July - 6 - 2019

ਸੱਭਿਆਚਾਰ : 20

ਡਾ. ਨਾਹਰ ਸਿੰਘ

ਛਪਾਰ ਦੇ ਮੇਲੇ ਦੀਆਂ ਉਡਦੀਆਂ ਧੂੜਾਂ ਵਿਚ ਇਕ ਪਾਸੇ ਢੋਲਾਂ ਦੀ ਕੜਕੁੱਟ ਵਿਚ ਲੋਕ ਮਾੜੀ ਉੱਤੇ ਮਿੱਟੀ ਕੱਢਦੇ, ਗੁੱਗੇ ਪੀਰ ਨੂੰ ਧਿਆਉਂਦੇ ਹਨ, ਦੂਜੇ ਪਾਸੇ ਹਿਣਕਦੇ ਟੱਟੂਆਂ ਤੇ ਮਿਆਂਕਦੀਆਂ ਬੱਕਰੀਆਂ ਦੇ ਇੱਜੜਾਂ ਵਿਚਕਾਰ ਜੁੜੇ ਭਾਰੇ ਇਕੱਠ ਵਿਚ ਟੇਢੀਆਂ ਪੱਗਾਂ ਤੇ ਲਮਕਦੇ ਲੜਾਂ ਵਾਲੇ ਮਲਵਈ ਗੱਭਰੂਆਂ ਦੀ ਢਾਣੀ ਜੁੜੀ ਨਜ਼ਰ ਆਉਂਦੀ ਹੈ। ਢੋਲਕ ਦੀ ਤਾਲ ’ਤੇ ਖੜਕਦੇ ਚਿਮਟਿਆਂ, ਖੜਤਾਲਾਂ, ਸੱਪਾਂ ਤੇ ਘੁੰਗਰੂਆਂ ਵਿਚੋਂ ਉਭਰਦੀ ਇਕ ਉੱਚੀ ਸੁਰ ਸਾਰੇ ਦਾਇਰੇ ਨੂੰ ਕੀਲ ਲੈਂਦੀ ਹੈ:
ਸੱਚੇ ਰੱਬ ਨੂੰ ਯਾਦ ਕਰਾਂ ਮੈਂ ਮਗਰੋਂ ਕਲਮ ਉਠਾਈ
ਮੇਲੇ ਉੱਤੇ ਆ ਕੇ ਵੀਰ ਨੇ ਰਚਨਾ ਖੂਬ ਲਗਾਈ
ਭਗਤੂ ਸਿੰਘਾ ਤੂੰ ਬੋਲੀ ਤੋੜ ਦੇ ਸੱਚ ਦੀ ਬਾਤ ਸੁਣਾਈਂ।
ਰਚਨਾ ਦੋ ਘੜੀਆਂ ਸੁਣ ਕੇ ਖਾਲਸਿਆ ਜਾਈਂ…
ਇਸ ਮੇਲੇ ਵਿਚ ਦੂਰ ਦਰੇਡੇ ਪਿੰਡਾਂ ਤੋਂ ਚੱਲ ਕੇ ਆਈਆਂ ਚੋਬਰਾਂ ਦੀਆਂ ਟੋਲੀਆਂ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਹਨ। ਮੇਲੇ ਵਿਚ ਜੁੜੇ ਇਹ ਲੋਕ ਗੀਤਕਾਰ, ਲੋਕਾਂ ਦੀ ਮਾਨਸਿਕ ਤੇ ਭਾਵੁਕ ਭੁੱਖ ਨੂੰ ਤ੍ਰਿਪਤ ਕਰਨ ਵਾਲੇ ‘ਸ਼ੌਕੀਆਂ ਕਲਾਕਾਰ’ ਹਨ। ‘ਸੁਣ ਗਿਣ ਕੇ ਹੀ ਪਾਈਏ ਬੋਲੀਆਂ ਸਭ ਦਾ ਜੀ ਪਰਚਾਈਏ’ ਹੀ ਇਨ੍ਹਾਂ ਦਾ ਮਨੋਰਥ ਹੁੰਦਾ ਹੈ। ਮੇਲੇ ਵਿਚ ਇਹ ਢਾਣੀਆਂ ਚਲਦੀਆਂ ਫਿਰਦੀਆਂ ਨਾਲੋਂ ਨਾਲ ਬੋਲੀਆਂ ਪਾਉਂਦੀਆਂ ਜਾਂਦੀਆਂ ਹਨ। ਕਿਧਰੇ-ਕਿਧਰੇ ਇਹ ਟਿਕ ਕੇ ਮੇਲਾ ਵੇਖਣ ਲਈ ਅਖਾੜਾ ਵੀ ਜਮਾ ਲੈਂਦੀਆਂ ਹਨ। ਇਕ ਮੰਡਲ ਵਿਚ ਦੋ ਤਿੰਨ ਢੋਲਕ ਵਾਲੇ, ਸੱਤ ਅੱਠ ਸੱਪਾਂ ਵਾਲੇ, ਇਕ ਜਾਂ ਦੋ ਦੋ ਬੁਘਦੂ ਵਜਾਉਣ ਵਾਲੇ, ਚਿਮਟੇ ਤੇ ਖੜਤਾਲਾਂ ਵਜਾਉਣ ਵਾਲਿਆਂ ਤੋਂ ਇਲਾਵਾ ਕਈ-ਕਈ ਬੋਲੀਕਾਰ ਹੁੰਦੇ ਹਨ। ਜਥੇ ਦਾ ਮੋਹਰੀ ਬੋਲੀ ਪਾਉਣ ਵਾਲਾ ਗਾਇਕ ਹੁੰਦਾ ਹੈ। ਇਕ ਜਣਾ ਹੱਥ ਵਿਚ ਸੋਟੀ ਜਾਂ ਰੁਮਾਲ ਫੜ ਕੇ ਗੋਲ ਦਾਇਰਾ ਫਿਰ ਅੰਦਰ-ਅੰਦਰ ਤੁਰਿਆ ਜਾਂਦਾ ਬੋਲੀ ਉਚਾਰਦਾ ਹੈ। ਤੋੜੇ ਉੱਤੇ ਆ ਕੇ ਸਾਰੇ ਜਣੇ ਸਾਰ ਬੋਲੀ ਚੁੱਕਦੇ ਹਨ ਅਤੇ ਅੰਤਲੇ ਬੋਲ ਨੂੰ ਦੁਹਰਾਉਂਦੇ ਹਨ। ਬੋਲੀ ਕਿਧਰੇ ਸ਼ੁਰੂ ਹੁੰਦੀ ਹੈ ਤੇ ਕਿਧਰੇ ਜਾ ਮੁੱਕਦੀ ਹੈ, ਪਰ ਬੋਲੀ ਦਾ ਤੋੜਾ (ਅੰਤਲੀ ਤੁਕ) ਬੜਾ ਕਰਾਰਾ ਤੇ ਕੜਾਕੇਦਾਰ ਹੁੰਦਾ ਹੈ। ਬੋਲੀਆਂ ਪਾਉਣ ਦੀ ਮਾਲੀ ਉਹ ਗਾਇਕ ਜਿੱਤਦਾ ਹੈ ਜੋ ਮੌਕੇ ਅਨੁਸਾਰ ਬੋਲੀ ਜੋੜੇ, ਵੱਧ ਤੋਂ ਵੱਧ ਲੰਮੀ ਲਿਜਾਏ ਅਤੇ ਤੋੜੇ ਨੂੰ ਵੱਧ ਤੋਂ ਵੱਧ ਖੜਕਵਾਂ, ਕੜਾਕੇਦਾਰ ਤੇ ਮੜਾਕੇਦਾਰ ਬਣਾ ਕੇ ਸੁੱਟੇ:
ਖੂਹ, ਭੱਠੀ ਤੇ ਦਰਵਾਜਾ ਤਿੰਨ ਥਾਉਂ ਆਸ਼ਕ ਬਹਿੰਦੇ
ਛੜੇ ਵਿਚਾਰੇ ਰੋਂਦੇ ਫਿਰਦੇ ਮਾਲ ਜਿਨ੍ਹਾਂ ਦਾ ਲੈ ਗੇ
ਬਖਤੌਰ ਜੱਟਾ ਇਕ ਉਮਰ ਨਿਆਣੀ ਤੈਨੂੰ ਮਾਮਲੇ ਪੈ ਗੇ
ਲੋਟਣ ਸੰਤੋ ਦੇ ਵੱਡੇ ਪਲੰਘ ਤੇ ਰਹਿਗੇ…
ਢਾਣੀ ਦਾ ਹਰ ਬੋਲੀਕਾਰ ‘ਪਰਮੇਛਰ’ ਦਾ ਨਾਂ ਲੈ ਕੇ ਗਿੱਧੇ ਵਿਚ ਪ੍ਰਵੇਸ਼ ਕਰਦਾ ਹੈ। ਪਰ ਕੁਝ ਬੋਲੀਆਂ ਬਾਅਦ ਹੀ ਇਹ ਬੋਲੀਕਾਰ ਆਪਣੇ ਦਿਲ ਦੀਆਂ ਘੁੰਡੀਆਂ ਖੋਲ੍ਹ ਦਿੰਦੇ ਹਨ। ਫਿਰ ਹਰ ਕੋਈ ਰੱਜ ਕੇ ਆਪਣੇ ਦਿਲ ਦਾ ਗੁੱਭ-ਗੁੱਭਾਟ ਕੱਢਦਾ ਹੈ।
ਜਦੋਂ ਅਖਾੜਾ ਖ਼ੂਬ ਮਘ ਪੈਂਦਾ ਹੈ ਤਾਂ ਤੱਤੀਆਂ, ਬੋਲੀਆਂ ਦੀ ਮੋੜਵੀਂ ਵਾਛੜ ਸ਼ੁਰੂ ਹੁੰਦੀ ਹੈ। ਬੋਲੀਕਾਰ ਆਪਸ ’ਚ ਭਿੜ ਪੈਂਦੇ ਹਨ। ਇਕ ਬੋਲੀਕਾਰ ਵੱਲੋਂ ਦੂਜੇ ਨੂੰ ਗਾਲ੍ਹ ਤਕ ਕੱਢ ਲੈਣ ਦੀ ਖੁੱਲ੍ਹ ਵੀ ਇਨ੍ਹਾਂ ਦੇ ‘ਕੋਡ ਆਫ ਕੰਡਕਟ’ ਦੇ ਅੰਦਰ ਹੀ ਆ ਜਾਂਦੀ ਹੈ। ਬੋਲੀਆਂ ਵਿਚ ਸੁਆਲਾਂ ਜੁਆਬਾਂ ਦਾ ਸਿਲਸਿਲਾ ‘ਰੱਬ ਦੇ ਨਾਨਕੇ’ ਪੁੱਛਣ ’ਤੇ ਸ਼ੁਰੂ ਹੁੰਦਾ ਹੈ ਅਤੇ ‘ਮੇਰੀ ਬੋਲੀ ਦਾ ਮੋੜ ਕਰੀਂ ਅਣਜਾਣਾ’, ‘ਨਾਲ ਭਣੋਈਆ ਦੇ ਕਾਹਤੇ ਲੈ ਲਿਆ ਪੰਗਾ’ ਉੱਤੇ ਜਾ ਮੁੱਕਦਾ ਹੈ।
ਢਾਣੀਆਂ ਦੀ ਇਹ ਖੁਰ ਰਹੀ ਪਰੰਪਰਾ ਗੁਰੂ ਚੇਲੇ ਦੀ ਰੀਤ ਅਨੁਸਾਰ ਹਾਲੇ ਵੀ (1980-81 ਤਕ) ਪਤਲੀ-ਪਤਲੀ ਚਲੀ ਆ ਰਹੀ ਹੈ। ‘ਬਹਿ ਕੇ ਬਾਬੇ ਤੋਂ ਸਿੱਖਦਾ ਬੋਲੀਆਂ ਪੋਤਾ’ ਦੀ ਰਵਾਇਤ ਅਨੁਸਾਰ ਇਹ ਬੋਲੀਆਂ ਸ਼ੌਕ ਨਾਲ ਸਿੱਖੀਆਂ ਤੇ ਵਿਉਂਤਾਂ ਨਾਲ ਜੋੜੀਆਂ ਜਾਂਦੀਆਂ ਹਨ। ਮਾਲਵੇ ਦੇ ਮਸ਼ਹੂਰ ਬੋਲੀਕਾਰਾਂ ਵਿਚੋਂ ‘ਕਰਤਾਰਾ ਲੋਪੋਵਾਲਾ’ ਤੇ ਬਖਤੌਰ ਸਿੰਘ (ਚਹਿਲ ਖੇੜੀ) ਪ੍ਰਸਿੱਧ ਰਹੇ ਹਨ। ਵਰਤਮਾਨ ਬੋਲੀਕਾਰਾਂ ਵਿਚੋਂ ਪਿੰਡ ਕੱਟੂ ਦਾ ਭਗਤੂ, ਸੰਘੇੜੇ ਦਾ ਪਾਲ ਭੁੱਲਰ, ਫੱਲ੍ਹੇਵਾਲ ਦਾ ਬਲਬੀਰਾ, ਸਿਆੜ ਦਾ ਬਚਨਾ, ਮਹਿਮਾ ਸਵਾਈ ਦਾ ਲਛਮਣ, ਬਰਵਾਲੀ ਖੁਰਦ ਦਾ ਪਿੱਤਰ, ਢੁੱਡੀਕਿਆਂ ਦਾ ਕੂੜਾ ਬੜੇ ਹਰਮਨ ਪਿਆਰੇ ਹਨ। ਇਹ ਬੋਲੀਕਾਰ ਆਪਣੀ ਬੋਲੀ ਤੇ ਆਪਣੇ ਪਿੰਡ ਜੁਟ ਜਾਂ ਟੋਲੀ ਦੀ ਮੋਹਰ ਲਾ ਕੇ ਆਪਣੀ ਵੱਖਰੀ ਪਛਾਣ ਕਾਇਮ ਕਰਦੇ ਹਨ:
* ਤਾਰਾ ਸਿੰਘ ਦਾ ਪਿੰਡ ਬਦੇਸ਼ੇ
ਛਿਪਦੀ ਕੰਨੀ ਦਾ ਪਾਸਾ,
ਬੀਜੇ ਮੂੰਗਫਲੀ ਸਾਡਾ ਵੀਰਨੋ ਲਾਕਾ…
* ਲਛਮਣ ਸਿੰਘਾ ਜੋੜੇ ਬੋਲੀਆਂ
ਰੱਖ ਕੇ ਕੱਢਣ ਸਿਰ੍ਹਾਣੇ,
ਸੋਹਣੀ ਤੂੰ ਲੱਗਦੀ ਰੋਜ਼ ਬਦਲਦੀ ਬਾਣੇ….
ਗਿੱਧੇ ਦੇ ਅੰਤ ਵਿਚ ਸੰਗਤਾਂ ਤੋਂ ਵੱਧ-ਘੱਟ ਬੋਲ ਦੀ ਭੁੱਲ ਬਖਸ਼ਾਈ ਜਾਂਦੀ ਹੈ ਤੇ ‘ਜਿਉਂਦੇ ਰਹੇ ਤਾਂ ਫੇਰ ਮਿਲਾਂਗੇ’ ਦੀ ਕਾਮਨਾ ਕੀਤੀ ਜਾਂਦੀ ਹੈ। ‘ਸਤਿਗੁਰ ਯਾਦ ਕਰੋ ਭੋਗ ਗਿੱਧੇ ਦਾ ਪਾਈਏ’ ਦੀ ਪ੍ਰਵਾਨਤ ਰੂੜ੍ਹੀ ਉੱਤੇ ਗਿੱਧੇ ਦੀ ਸਮਾਪਤੀ ਦੀ ਰਸਮ ਕੀਤੀ ਜਾਂਦੀ ਹੈ ਤੇ ਨਾਲ ਹੀ ਦਾਸ ਆਪਣਾ ਅਤਾ-ਪਤਾ ਦੱਸ ਦਿੰਦਾ ਹੈ:
ਅੱਖਰਾਂ ਦੀ ਨਾ ਸਾਰ ਦਾਸ ਨੂੰ,
ਅਨਪੜ੍ਹ ਜਮ੍ਹਾਂ ਕਹਾਈਏ,
ਫੱਲ੍ਹੇਵਾਲ ਪਿੰਡ ਨਾਊਂ ਬਲਬੀਰਾ,
ਜੋੜ ਬੋਲੀਆਂ ਪਾਈਏ।
ਜੇ ਕੋਈ ਗਲਤੀ ਰਹੀ ਕਥਾ ਮੇਂ
ਸੰਗਤਾਂ ਤੋਂ ਭੁੱਲ ਬਖਸ਼ਾਈਏ
ਸੰਗਤਾਂ ਦੇ ਚਰਨਾਂ ਦੀ ਚੱਕ ਧੂੜ ਮੱਥੇ ਨਾਲ ਲਾਈਏ
ਸਤਿਗੁਰ ਯਾਦ ਕਰੋ ਭੋਗ ਗਿੱਧੇ ਦਾ ਪਾਈਏ…

ਡਾ. ਨਾਹਰ ਸਿੰਘ

ਇਸ ਤਰ੍ਹਾਂ ਮਲਵਈ ਬੋਲੀਕਾਰ ਆਪਣੀ ਲੋਕ ਪਰੰਪਰਾ ਵਿਚ ਆਪਣਾ ਵਿਅਕਤੀਗਤ ਯੋਗਦਾਨ ਪਾ ਕੇ ਉਸ ਨੂੰ ਸਰਬ ਸਾਂਝੀ ਬਣਾਉਂਦਾ ਹੋਇਆ ਉਸੇ ਪਰੰਪਰਾ ਅੱਗੇ ਆਪਣਾ ਸਿਰ ਝੁਕਾ ਦਿੰਦਾ ਹੈ। ਕਿੰਨੇ ਨਿਮਰ ਨੇ ਇਹ ਲੋਕ ਜੋ ਵਿਅਕਤੀ ਪ੍ਰਤਿਭਾ ਨੂੰ ਸਮੂਹ ਦੀ ਪ੍ਰਤਿਭਾ ਵਿਚ ਸਮੋ ਕੇ ਸਿਰਜਨਾ ਦੇ ਇਸ ਵਹਿਣ ਨੂੰ ਅੱਗੇ ਤੋਰਦੇ ਜਾਂਦੇ ਹਨ।
ਪੰਜਾਬ ਦੇ ਭਰੇ ਮੇਲਿਆਂ ਦੀਆਂ ਵਿਛੜ ਗਈਆਂ ਰੌਣਕਾਂ ਦੀ ਇਕ ਉਦਾਸ ਜਿਹੀ ਝਲਕ ਮਿਲਦੀ ਹੈ-ਮੰਡੀ ਅਹਿਮਦਗੜ੍ਹ ਨਾਲ ਲੱਗਦੇ ਛਪਾਰ ਦੇ ਮੇਲੇ ਵਿਚ। ਇਹ ਮੇਲਾ ਗੁੱਗੇ ਦੀ ਮਾੜੀ ਉੱਤੇ ਆਨੰਦ ਚੌਦਸ ’ਤੇ ਸ਼ੁਰੂ ਹੋ ਕੇ ਤਿੰਨ ਦਿਨ ਰਹਿੰਦਾ ਹੈ। ਇਸ ’ਤੇ ਪਹਿਲਾਂ ਦਿਨ ‘ਚੌਕੀਆਂ’ ਭਰਨ ਦਾ ਹੁੰਦਾ ਹੈ ਜਿਹੜਾ ਸਿਰਫ਼ ਔਰਤਾਂ ਤੇ ਨਿਆਣਿਆਂ ਲਈ ਰਾਖਵਾਂ ਹੁੰਦਾ ਹੈ। ਆਨੰਤ ਚੌਦਸ ਵਾਲੀ ਦੁਪਹਿਰ ਚਾਰੇ-ਚੁਫੇਰਿਉਂ ਲੋਕ ਵਹੀਰਾਂ ਘੱਤੀਂ ਆਉਂਦੇ ਹਨ ਜਿਨ੍ਹਾਂ ਵਿਚ ਬਹੁਤੀ ਗਿਣਤੀ ਕਾਮਿਆਂ ਤੇ ਸੀਰੀਆਂ ਦੀ ਹੁੰਦੀ ਹੈ। ਇਹ ਮੇਲਾ ਸੱਚ-ਮੁੱਚ ‘ਮੇਲਾ ਮੇਲੀਆਂ ਦਾ ਤੇ ਗੰਗੂ ਤੇਲੀਆਂ’ ਦਾ ਨਜ਼ਰ ਆਉਂਦਾ ਹੈ।
ਸੜਕਾਂ ਦੀ ਤਿਕੋਨ ਉੱਤੇ ਵਿੱਛਿਆ ਮੇਲਾ ਭੇੜ ਦਾ ਵਗਦਾ ਦਰਿਆ ਜਾਪਦਾ ਹੈ। ਉੱਚੀ ਮਾੜੀ ਉੱਤੇ ਢੋਲਾਂ ਦੀ ਕੜਕੁੱਟ ਵਿਚ ਲੋਕ ਮਿੱਟੀ ਕੱਢਦੇ ਹਨ। ਗੁੱਗੇ ਦੇ ਭਗਤ ਹਾਲੋ ਹਾਲ ਪੁਕਾਰਦੇ ਮੋਢਿਆਂ ਨੂੰ ਸੰਗਤਾਂ ਨਾਲ ਭੰਨਦੇ ਹਨ। ਚੜ੍ਹਦੇ ਵਾਲੇ ਪਾਸੇ ਖਾਲੀ ਖੇਤਾਂ ਵਿਚ ਵਪਾਰੀ ਨਵੀਆਂ ਖ਼ਰੀਦੀਆਂ ਬੱਕਰੀਆਂ ਨੂੰ ਕੰਨਾਂ ਤੋਂ ਘਸੀਟਦੇ ਨਜ਼ਰ ਆਉਂਦੇ ਹਨ। ਘੁਮਾਰਾਂ ਦੇ ਰੇੜ੍ਹਿਆਂ ਨਾਲ ਬੰਨ੍ਹੇ ਹੋਏ ਖੋਤੇ ਤੇ ਖੱਚਰਾਂ ਖਰਮਸਤੀ ਭਰੀ ਸੁਰ ਵਿਚ ਹਵਾਂਕਦੇ ਹਨ। ਸਰਕਸਾਂ, ਚੰਡੋਲਾਂ ਤੇ ਮੁਨਿਆਰੀ ਵਾਲੇ ਖੂਬ ਹੱਥ ਰੰਗਦੇ ਹਨ। ਸਿਕਲੀਗਰ ਵੈਦ ਥਾਂ-ਥਾਂ ਆਪਣਾ ਮਜ੍ਹਮਾ ਲਾ ਕੇ ਬੈਠੇ ਨਜ਼ਰ ਆਉਂਦੇ ਹਨ। ਪੱਟਾਂ ’ਤੇ ਮੋਰਨੀਆਂ ਪਾਉਣ ਵਾਲਾ ਵੀ ਕੋਈ ਨਾ ਕੋਈ ਲੱਭ ਪੈਂਦਾ ਹੈ।
ਮੇਲੇ ਦੇ ਛਿਪਦੇ ਪਾਸੇ ਰਾਜਨੀਤਕ ਪਾਰਟੀਆਂ ਦੀਆਂ ਸਟੇਜਾਂ ਉੱਤੇ ਜੋਸ਼ੀਲੇ ਭਾਸ਼ਨਾਂ ਦੇ ਨਾਲ-ਨਾਲ ਢਾਡੀ ਵਾਰਾਂ ਤੇ ਤੂੰਬੀਆਂ ਨਾਲ ਗੌਣ ਵਾਲੇ ਚੰਗਾ ਰੰਗ ਬੰਨ੍ਹਦੇ ਹਨ। ਪਿਛਲੇ ਕੁਝ ਸਾਲਾਂ ਤੋਂ ‘ਭਾਰਤੀ ਕਿਸਾਨ ਯੂਨੀਅਨ’ ਦੇ ਪੰਡਾਲ ਵਿਚ ਸਭ ਤੋਂ ਵੱਧ ਭੀੜ ਜੁੜਨ ਲੱਗ ਪਈ ਹੈ। ਪੰਜਾਬ ਸਿਹਤ ਵਿਭਾਗ ਵਾਲੇ ਇਸ ਮੌਕੇ ਦਾ ਲਾਹਾ ਨਸਬੰਦੀ ਕੈਂਪ ਲਾ ਕੇ ਖੱਟਦੇ ਹਨ। ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਆਪੋ-ਆਪਣੀਆਂ ਨੁਮਾਇਸ਼ਾਂ ਲਾਉਂਦੇ ਹਨ ਤੇ ਕਦੇ-ਕਦੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਪਹੁੰਚ ਜਾਂਦੇ ਹਨ।
ਚੰਨ-ਚਾਨਣੀ ਰਾਤ ਵਿਚ ਚਿੱਟੇ ਸਮ੍ਹਲਿਆਂ ਵਾਲੇ ਆਪਣਾ ਗੌਣ ਲਾਉਂਦੇ ਹਨ ਜਿਹੜੇ ਅਲਗੋਜੇ ਤੋਂ ਇਕਤਾਰੇ ਉੱਤੇ ਗੋਲ ਦਾਇਰੇ ਵਿਚ ਘੁੰਮ ਕੇ ਗਾਉਂਦੇ ਹਨ- ‘ਕਲ੍ਹੈਰੀਆ ਮੇਰਾ ਵੇ ਮੈਂ ਨਾ ਤੇਰੇ ਰਹਿੰਦੀ।’
ਬਜ਼ੁਰਗਾਂ ਦੇ ਛੋਟੇ ਜਿਹੇ ਇਕੱਠ ਵਾਲਾ ਇਹ ਅਖਾੜਾ ਬੱਕਰੀਆਂ ਤੇ ਖੋਤਿਆਂ ਵਾਲੇ ਪਾਸੇ ਇਕ ਨੁੱਕਰ ਜਿਹੀ ਵਿਚ ਲੱਗਦਾ ਹੈ, ਜਿਹੜਾ ਪੰਜਾਬ ਦੀ ਇਸ ਬੀਤ ਚੁੱਕੀ ਗਾਇਕੀ ਦੀ ਗਰੀਬੜੀ ਹਾਲਤ ਦੀ ਦੱਸ ਪਾਉਂਦਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਇੱਥੇ ਆਉਂਦੀਆਂ ਚੋਬਰਾਂ ਦੀਆਂ ਗਿੱਧੇ ਦੀਆਂ ਢਾਣੀਆਂ, ਖਾਸ ਕਰਕੇ ਬੋਲੀਆਂ ਪਾਉਣ ਦੇ ਸ਼ੌਕੀ ਦੂਰੋ-ਦੂਰੋ ਆਉਂਦੇ ਹਨ ਜਿਹੜੇ ‘ਕਰਾਰੀ ਚਾਹ’ ਪੀ ਕੇ ਅਖਾੜੇ ਵਿਚ ਕੁੱਦ ਪੈਂਦੇ ਹਨ:
ਆਰੀ-ਆਰੀ-ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਗਤ ’ਤੇ ਭਾਰੀ
ਮੈਂ ਤਾਂ ਮੇਲੇ ਵਿਚ ਆ ਗਿਆ
ਕਰਕੇ ਖੂਬ ਤਿਆਰੀ
ਲੋਹਟ ਬੱਧੀ ਮੈਂ ਸਾਈਕਲ ਖੜ੍ਹਾ ਤਾ
ਉੱਥੋਂ ਬੈਠ ਗਿਆ ਲਾਰੀ

ਸੰਪਰਕ: 98880-06118


Comments Off on ਮੇਲਾ ਛਪਾਰ ਲੱਗਦਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.