ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਮੀਆਂ ਕਵਿਤਾ ਦਾ ਸੱਚ

Posted On July - 28 - 2019

ਨਵਸ਼ਰਨ

ਹਫ਼ੀਜ਼ ਅਹਿਮਦ

ਗਿਆਰਾਂ ਜੁਲਾਈ 2019 ਨੂੰ ਆਸਾਮ ਪੁਲੀਸ ਨੇ ਇਕ ਸ਼ਿਕਾਇਤ ਦੇ ਆਧਾਰ ’ਤੇ ਦਸ ਵਿਅਕਤੀਆਂ ਖਿਲਾਫ਼ ਐੱਫਆਈਆਰ ਦਰਜ ਕੀਤੀ। ਉਨ੍ਹਾਂ ਉੱਤੇ ਦੋਸ਼ ਹੈ: ਆਸਾਮ ਦੀ ਅਸਮਿਤਾ ਨੂੰ ਠੇਸ ਪਹੁੰਚਾਉਣਾ, ਬਦਅਮਨੀ ਫੈਲਾਉਣਾ, ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨਾ ਅਤੇ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਉਣੀ। ਇਨ੍ਹਾਂ ਨੂੰ ਕਿਸੇ ਵੀ ਵੇਲੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਹ ਦਸ ਵਿਅਕਤੀ ਕੌਣ ਹਨ? ਇਹ ਮੁਸਲਮਾਨ ਆਸਾਮੀ ਹਨ ਜਿਨ੍ਹਾਂ ਦੇ ਵਡੇਰਿਆਂ ਦਾ ਪਿਛੋਕੜ ਪੂਰਬੀ ਬੰਗਾਲ ਦਾ ਹੈ। ਇਹ ਬ੍ਰਹਮਪੁੱਤਰ ਦਰਿਆ ਦੇ ਵੱਡੇ ਬਰੇਤਿਆਂ ਵਿਚ ਵਸਦੇ ਮਿਹਨਤਕਸ਼ ਕਿਸਾਨ, ਮਜ਼ਦੂਰ ਹਨ। ਇਨ੍ਹਾਂ ਦਸਾਂ ਵਿਚੋਂ ਬਹੁਤੇ ਕਵੀ ਹਨ ਅਤੇ ਇਹ ‘ਮੀਆਂ ਕਵਿਤਾ’ ਲਿਖਦੇ ਹਨ।
ਮੀਆਂ ਉਰਦੂ ਦਾ ਲਫ਼ਜ਼ ਹੈ ਜੋ ਜਨਾਬ ਜਾਂ ਸ੍ਰੀਮਾਨ ਸੰਬੋਧਨ ਲਈ ਵਰਤਿਆ ਜਾਂਦਾ ਹੈ। ਇਹ ਇੱਜ਼ਤ ਜਾਂ ਦੋਸਤਾਨਾ ਸ਼ਬਦ ਹੈ। ਪਰ ਆਸਾਮ ਵਿਚ ਮੀਆਂ ਇਕ ਸਦੀ ਤੋਂ ਉੱਥੇ ਆਣ ਵੱਸੇ ਪੂਰਬੀ ਬੰਗਾਲ ਮੂਲ ਦੇ ਮੁਸਲਮਾਨਾਂ ਲਈ ਹਿਕਾਰਤ ਵਜੋਂ ਵਰਤਿਆ ਜਾਂਦਾ ਹੈ। ਆਸਾਮ ਵਿਚ ਦਹਾਕਿਆਂ ਤੋਂ ਪੂਰਬੀ ਬੰਗਾਲ ਮੂਲ ਦੇ ਮੁਸਲਮਾਨ ਵਿਤਕਰੇ ਅਤੇ ਨਫ਼ਰਤੀ ਜਬਰ ਦਾ ਸ਼ਿਕਾਰ ਰਹੇ ਹਨ। ਉਨ੍ਹਾਂ ਨੂੰ ਆਸਾਮ ਵਾਸੀ ਹੁੰਦੇ ਹੋਇਆਂ ਵੀ ਹਮੇਸ਼ਾਂ ਪਰਵਾਸੀ ਜਾਂ ਗ਼ੈਰ-ਕਾਨੂੰਨੀ ਨਾਗਰਿਕ ਗਰਦਾਨਿਆ ਜਾਂਦਾ ਹੈ। ਫਰਵਰੀ 1983 ਵਿਚ ਆਸਾਮ ਦੇ ਨੇਲੀ ਜ਼ਿਲ੍ਹੇ ਦੇ 15 ਪਿੰਡਾਂ ਵਿਚ ਇਨ੍ਹਾਂ ਮੁਸਲਮਾਨਾਂ ’ਤੇ ਯੋਜਨਾਬੰਦ ਨਫ਼ਰਤੀ ਹਮਲਾ ਹੋਇਆ। ਛੇ ਘੰਟੇ ਚੱਲੇ ਇਸ ਹਮਲੇ ਵਿਚ ਕਈ ਹਜ਼ਾਰ ਔਰਤਾਂ, ਆਦਮੀਆਂ ਅਤੇ ਬੱਚਿਆਂ ਨੂੰ ਬੇਹੱਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 688 ਲੋਕਾਂ ਉੱਤੇ ਇਨ੍ਹਾਂ ਕਤਲਾਂ ਵਿਚ ਸ਼ਾਮਲ ਹੋਣ ਦੇ ਕੇਸ ਦਰਜ ਹੋਏ ਅਤੇ ਫੇਰ ਬਹੁਗਿਣਤੀ ਦੇ ਦਬਾਅ ਥੱਲੇ 1985 ਵਿਚ ਹੋਏ ‘ਆਸਾਮ ਸਮਝੌਤੇ’ ਤਹਿਤ ਇਹ ਸਾਰੇ ਕੇਸ ਖਾਰਿਜ ਕਰ ਦਿੱਤੇ ਗਏ। ਆਜ਼ਾਦ ਭਾਰਤ ਦੇ ਇਸ ਪਹਿਲੇ, ਵੱਡੇ ਫ਼ਿਰਕੂ ਕਤਲੇਆਮ ਦੇ ਇਕ ਵੀ ਦੋਸ਼ੀ ’ਤੇ ਮੁਕੱਦਮਾ ਨਹੀਂ ਚੱਲਿਆ ਅਤੇ ਇਕ ਵੀ ਸਜ਼ਾ ਨਹੀਂ ਹੋਈ। ਨੇਲੀ ਕਤਲੇਆਮ 1984 ਦੇ ਸਿੱਖ ਕਤਲੇਆਮ ਤੋਂ ਠੀਕ ਇਕ ਵਰ੍ਹਾ ਪਹਿਲਾਂ ਵਾਪਰਿਆ।
ਨੇਲੀ ਦੀ ਤ੍ਰਾਸਦੀ ਤੇ ਬੇਇਨਸਾਫ਼ੀ ਤੋਂ ਸ਼ੁਰੂ ਹੋਇਆ ‘ਮੀਆਂ ਕਵਿਤਾ’ ਦਾ ਦੌਰ। ਇਹ ਰੋਹ ਦੀ ਕਵਿਤਾ ਹੈ। ਆਪਣੇ ਨਾਲ ਹੋਈ ਬੇਇਨਸਾਫ਼ੀ ਦਾ ਇਜ਼ਹਾਰ ਹੈ, ਬੋਲਣ ਦੀ ਆਜ਼ਾਦੀ ਦੇ ਮਨੁੱਖੀ ਹੱਕ ਦਾ ਅਮਲ ਹੈ। 1985 ਵਿਚ ਲਿਖੀ ਖਬੀਰ ਅਹਿਮਦ ਦੀ ਲੰਮੀ ਕਵਿਤਾ ‘ਬੇਨਤੀ ਹੈ ਕਿ’ ਦੇ ਅੰਸ਼ ਨੇਲੀ ਤ੍ਰਾਸਦੀ ਨੂੰ ਬਿਆਨਦੇ ਨੇ:
ਬੇਨਤੀ ਹੈ ਕਿ
ਮੈਂ ਇੱਕ ਵਸਨੀਕ ਹਾਂ,
ਇੱਕ ਮੀਆਂ, ਤੁਹਾਡੀ ਨਫ਼ਰਤ ਦਾ ਪਾਤਰ
ਮਾਮਲਾ ਕੁਝ ਵੀ ਹੋਵੇ, ਮੇਰਾ ਨਾਂ ਹੈ
ਇਸਮਾਈਲ ਸ਼ੇਖ, ਰਮਜ਼ਾਨ ਅਲੀ, ਜਾਂ ਮਾਜਿਦ ਮੀਆਂ
ਵਿਸ਼ਾ- ਮੈਂ ਆਸਾਮੀ ਹਾਂ
ਮੇਰੇ ਕੋਲ ਕਹਿਣ ਨੂੰ ਬਹੁਤ ਕੁਝ ਹੈ
ਆਸਾਮ ਦੀਆਂ ਲੋਕ ਕਹਾਣੀਆਂ ਤੋਂ ਵੀ ਪੁਰਾਣਾ
ਤੁਹਾਡੀਆਂ ਨਸਾਂ ਵਿਚ ਵਹਿੰਦੇ ਖ਼ੂਨ ਤੋਂ ਵੀ ਪੁਰਾਣਾ
ਚਾਲੀ ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ
ਤੁਹਾਡੇ ਚਹੇਤੇ ਲੇਖਕਾਂ ਦੀਆਂ ਕਲਮਾਂ ਵਿਚ ਮੇਰੇ ਲਈ ਥਾਂ ਨਹੀਂ
ਤੁਹਾਡੇ ਕਲਮਕਾਰਾਂ ਦਾ ਬੁਰਸ਼ ਮੇਰੀ ਤਸਵੀਰ ਨਹੀਂ ਵਾਹੁੰਦਾ
ਮੇਰਾ ਨਾਂ ਨਹੀਂ ਪੁਕਾਰਿਆ ਜਾਂਦਾ ਕਿਸੇ ਵਿਧਾਨ ਸਭਾ ਜਾਂ ਸੰਸਦ ਤੋਂ…
ਮਾਮਲਾ ਕੁਝ ਵੀ ਹੋਵੇ, ਮੇਰਾ ਨਾਂ ਹੈ …
ਤੁਸੀਂ ਗੱਲ ਕਰਦੇ ਹੋ ਕਿਸਾਨਾਂ, ਮਜ਼ਦੂਰਾਂ ਦੀ
ਆਸਾਮ ਧਾਨ ਤੇ ਮਿਹਨਤ ਦੀ ਧਰਤ ਹੈ, ਤੁਸੀਂ ਆਖਦੇ ਹੋ
ਮੈਂ ਨਤਮਸਤਕ ਹਾਂ ਧਾਨ ਨੂੰ
ਮੈਂ ਨਤਮਸਤਕ ਹਾਂ ਮਿਹਨਤ ਮਜ਼ਦੂਰੀ ਨੂੰ,
ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ …
ਇੱਕ ਗੰਦਾ ਮੀਆਂ
ਮਾਮਲਾ ਕੁਝ ਵੀ ਹੋਵੇ, ਮੇਰਾ ਨਾਂ ਹੈ ਖਬੀਰ ਅਹਿਮਦ ਜਾਂ ਮਿਜਾਨੂਰ ਮੀਆਂ …
’83 ਦੀ ਇਕ ਅੱਗ ਵਰ੍ਹਾਉਂਦੀ ਰਾਤ
ਮੇਰੇ ਲੋਕ ਚੁੱਲ੍ਹਿਆਂ ਵਾਂਗ ਬਲਦੇ, ਵਿਰਲਾਪ ਕਰਦੇ ਰਹੇ
ਮੁਕਾਲਮੁਆ, ਰੂਪੋਹੀ, ਜੁਰੀਆ, ਸਾਇਆ ਦਾਕਾ, ਪਾਖੀ ਦਾਕਾ
ਬੱਦਲਾਂ ਨੂੰ ਵੀ ਅੱਗ ਲੱਗ ਗਈ
ਸਿਵਿਆਂ ਵਾਂਗ ਬਲੇ ਮੀਆਂ ਲੋਕਾਂ ਦੇ ਘਰ

’85 ਵਿਚ ਜੁਆਰੀਆਂ ਦੇ ਗਰੋਹ ਨੇ
ਨੀਲਾਮ ਕਰ ਦਿੱਤਾ ਮੈਨੂੰ
ਵਿਧਾਨ ਸਭਾ ਦੀ ਚਲਦੀ ਸਦਨ ਵਿਚਕਾਰ

ਆਪਣੀ ਨਾਗਰਿਕਤਾ ਦੇ ਸਬੂਤ ਪੇਸ਼ ਕਰਦੇ ਹੋਏ ਨਾਗਰਿਕ।

ਬੰਗਾਲੀ ਮੂਲ ਦੇ ਸੈਂਕੜੇ ਲੋਕ ਸਾਲਾਂ ਤੋਂ ਆਸਾਮ ਦੇ ਹਿਰਾਸਤੀ ਕੇਂਦਰਾਂ ਵਿਚ ਅਣਮਨੁੱਖੀ ਹਾਲਾਤ ਵਿਚ ਨਜ਼ਰਬੰਦ ਹਨ। ਇਹ ਉਹ ਲੋਕ ਹਨ ਜੋ ਭਾਰਤੀ ਨਾਗਰਿਕਤਾ ਦੇ ਸਬੂਤ ਪੇਸ਼ ਨਹੀਂ ਕਰ ਸਕੇ। ਕੌਮੀ ਨਾਗਰਿਕਤਾ ਰਜਿਸਟਰ ਦੇ ਨੋਟੀਫਿਕੇਸ਼ਨ ਨੇ ਇਸ ਸਮੱਸਿਆ ਨੂੰ ਹੋਰ ਗਹਿਰਾ ਦਿੱਤਾ। ਇਸ ਅਨੁਸਾਰ, ਆਸਾਮ ਵਿਚ ਰਹਿਣ ਵਾਲਿਆਂ ਨੇ ਇਹ ਸਬੂਤ ਦੇਣਾ ਹੈ ਕਿ ਉਹ 24 ਮਾਰਚ 1971 ਤੋਂ ਪਹਿਲਾਂ ਆਸਾਮ ਦੇ ਵਾਸੀ ਸਨ। ਜੁਲਾਈ 2018 ਨੂੰ ਆਸਾਮ ਰਾਜ ਨੇ ਆਸਾਮੀ ਸ਼ਹਿਰੀਆਂ ਦੀ ਇਕ ਸੂਚੀ ਕੱਢੀ ਜਿਸ ਵਿਚ ਆਸਾਮ ’ਚ ਵਸਦੇ ਤਕਰੀਬਨ 40 ਲੱਖ ਲੋਕਾਂ ਦੇ ਨਾਂ ਨਹੀਂ ਸਨ। ਉਨ੍ਹਾਂ ਨੂੰ ਅਗਲੇ ਕੁਝ ਸਮੇਂ ਅੰਦਰ ਆਪਣੇ ਸ਼ਹਿਰੀ ਹੋਣ ਦੇ ਸਬੂਤ ਪੇਸ਼ ਕਰਨ ਦੀ ਮੋਹਲਤ ਦਿੱਤੀ ਗਈ। ਸੂਚੀ ਵਿਚੋਂ ਗ਼ੈਰਹਾਜ਼ਰ 40 ਲੱਖ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਬੂਤਾਂ ਦੀ ਮੰਗ ਨੇ ਘੋਰ ਸੰਕਟ ਵਿਚ ਧਕੇਲ ਦਿੱਤਾ ਹੈ। ਮਨੁੱਖੀ ਹੱਕਾਂ ਦੇ ਕਾਰਕੁਨਾਂ ਦਾ ਮੰਨਣਾ ਹੈ ਕਿ ਇਹ ਸੂਚੀ ਮਨੁੱਖੀ ਇਤਿਹਾਸ ਵਿਚ ਕੁਝ ਲੋਕਾਂ ਨੂੰ ਹੱਕਾਂ ਤੋਂ ਵਾਂਝਿਆਂ ਕਰਨ ਦੀ ਸਭ ਤੋਂ ਵੱਡੀ ਮਸ਼ਕ ਹੈ। ਭਾਰਤ ਦੀ ਬੰਗਲਾਦੇਸ਼ ਨਾਲ ਕੋਈ ਐਸੀ ਸੰਧੀ ਨਹੀਂ ਜਿਸ ਤਹਿਤ ਆਪਣੀ ਨਾਗਰਿਕਤਾ ਦਾ ਸਬੂਤ ਦੇ ਸਕਣ ਤੋਂ ਅਸਮਰੱਥ ਲੋਕ ਬੰਗਲਾਦੇਸ਼ ਭੇਜੇ ਜਾਣਗੇ। ਫੇਰ 31 ਜੁਲਾਈ ਨੂੰ ਕੌਮੀ ਰਜਿਸਟਰ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ ਤਾਂ ਇਸ ਤੋਂ ਬਾਹਰ ਰਹਿ ਗਏ ਲੋਕਾਂ ਦਾ ਕੀ ਹਸ਼ਰ ਹੋਵੇਗਾ? ਕੀ ਉਹ ਸਾਰੀ ਉਮਰ ਹਿਰਾਸਤੀ ਕੇਂਦਰਾਂ ਵਿਚ ਸੜਦੇ ਰਹਿਣਗੇ? ਅੱਜ ਲੱਖਾਂ ਲੋਕਾਂ ਤੇ ਬੇਵਤਨੇ, ਬੇਘਰੇ ਅਤੇ ਰਾਸ਼ਟਰਹੀਣ ਹੋ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਸੇ ਸੰਦਰਭ ਵਿਚ ਸ਼ੁਰੂ ਹੋਇਆ ਮੀਆਂ ਕਵਿਤਾ ਦਾ ਮੌਜੂਦਾ ਦੌਰ, ਹਫ਼ੀਜ਼ ਅਹਿਮਦ ਦੀ ਕੌਮੀ ਨਾਗਰਿਕਤਾ ਰਜਿਸਟਰ ਬਾਰੇ 2016 ਵਿਚ ਲਿਖੀ ਕਵਿਤਾ ‘ਦਰਜ ਕਰੋ ਮੈਂ ਮੀਆਂ ਹਾਂ’ ਨਾਲ। ਇਹ ਰੋਹ ਦੀ ਕਵਿਤਾ ਹੈ। ਹਫ਼ੀਜ਼ ਅਹਿਮਦ ਆਪਣੀ ਕਵਿਤਾ ਨਾਲ ਨਾ ਸਿਰਫ਼ ਕੌਮੀ ਨਾਗਰਿਕਤਾ ਰਜਿਸਟਰ ਦਾ ਬੇਖ਼ੌਫ਼ ਵਿਰੋਧ ਕਰਦਾ ਹੈ ਸਗੋਂ ਇਕ ਵਾਰ ਫੇਰ ‘ਮੀਆਂ’ (ਜੋ ਕਿ ਗਾਲ੍ਹ ਬਣ ਚੁੱਕੀ ਹੈ) ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਅਤੇ ਆਪਣੀ ਮਾਂ ਬੋਲੀ ਵਿਚ ਕਹਿੰਦਾ ਹੈ:
ਦਰਜ ਕਰੋ, ਮੈਂ ਮੀਆਂ ਹਾਂ
ਰਾਸ਼ਟਰੀ ਨਾਗਰਿਕ ਰਜਿਸਟਰ ਵਿਚ ਮੇਰਾ ਸੀਰੀਅਲ ਨੰਬਰ ਹੈ 200543
ਮੇਰੇ ਦੋ ਬੱਚੇ ਹਨ
ਆਉਂਦੀ ਗਰਮੀਆਂ ਰੁੱਤੇ ਮੇਰਾ ਇਕ ਹੋਰ ਬਾਲ ਆਉਣਾ ਹੈ
ਉਹਨੂੰ ਵੀ ਓਨੀ ਹੀ ਨਫ਼ਰਤ ਕਰੋਗੇ ਜਿੰਨੀ ਮੈਨੂੰ ਕਰਦੇ ਹੋ?
ਦਰਜ ਕਰੋ
ਮੈਂ ਮੀਆਂ ਹਾਂ
ਮੈਂ ਵੀਰਾਨ, ਦਲਦਲੀ ਭੋਂ ਨੂੰ
ਧਾਨ ਦੇ ਹਰੇ ਖੇਤਾਂ ਵਿਚ ਬਦਲ ਦਿੱਤਾ
ਤੁਹਾਨੂੰ ਰਜਾਉਣ ਲਈ
ਮੈਂ ਇੱਟਾਂ ਢੋਈਆਂ
ਤੁਹਾਡੀਆਂ ਉਸਾਰੀਆਂ ਲਈ
ਮੈਂ ਤੁਹਾਡੀ ਕਾਰ ਚਲਾਉਂਦਾ ਹਾਂ
ਤੁਹਾਡੇ ਆਰਾਮ ਲਈ
ਮੈਂ ਗੰਦੀਆਂ ਨਾਲੀਆਂ ਸਾਫ਼ ਕਰਦਾ ਹਾਂ
ਤੁਹਾਨੂੰ ਨਰੋਇਆ ਰੱਖਣ ਲਈ
ਮੈਂ ਹਮੇਸ਼ਾ ਤੋਂ ਹਾਜ਼ਰ ਹਾਂ
ਤੁਹਾਡੀ ਚਾਕਰੀ ਤੇ
ਤੁਸੀਂ ਫੇਰ ਵੀ ਅਸੰਤੁਸ਼ਟ ਹੋ!
ਦਰਜ ਕਰੋ
ਮੈਂ ਮੀਆਂ ਹਾਂ
ਜਮਹੂਰੀ, ਧਰਮ ਨਿਰਪੇਖ ਰਾਸ਼ਟਰ ਦਾ ਇਕ ਨਾਗਰਿਕ
ਹੱਕਾਂ ਤੋਂ ਵਿਹੂਣਾ
(ਤੁਹਾਡੀ ਲਿਸਟ ਵਿਚ) ਮੇਰੀ ਮਾਂ ‘ਸ਼ੱਕੀ’ ਵੋਟਰ ਹੈ,
ਭਾਵੇਂ ਉਸ ਦੇ ਮਾਪੇ ਭਾਰਤੀ ਨੇ
ਜੇ ਤੁਸੀਂ ਚਾਹੋ ਮੈਨੂੰ ਮਾਰ ਛੱਡੋ,
ਮੇਰੇ ਪਿੰਡ ’ਚੋਂ ਮੈਨੂੰ ਬੇਦਖ਼ਲ ਕਰ ਦਿਓ,
ਮੇਰੇ ਹਰਿਆਲੇ ਖੇਤ ਮੇਰੇ ਤੋਂ ਖੋਹ ਲਵੋ
ਬੁਲਡੋਜ਼ਰ ਲਵੋ
ਮੇਰੇ ’ਤੇ ਫੇਰ ਛੱਡੋ
ਤੁਹਾਡੀਆਂ ਗੋਲੀਆਂ
ਮੇਰੀ ਛਾਤੀ ਵਿੰਨ੍ਹ ਸੁੱਟਣ
ਬਿਨਾਂ ਕਿਸੇ ਕਸੂਰ ਦੇ
ਦਰਜ ਕਰੋ
ਮੈਂ ਮੀਆਂ ਹਾਂ
ਬ੍ਰਹਮਪੁੱਤਰ ਦਾ
ਤੁਹਾਡੇ ਤਸੀਹਿਆਂ ਨੇ
ਮੇਰਾ ਪਿੰਡਾ ਸਾੜ ਕੇ ਸਿਆਹ ਕਰ ਦਿੱਤਾ ਹੈ
ਮੇਰੀਆਂ ਅੱਖਾਂ ਵਿਚ ਅੱਗ ਦੀ ਰੱਤ ਹੈ
ਖ਼ਬਰਦਾਰ!
ਮੇਰੇ ਕੋਲ ਗੁੱਸੇ ਦੇ ਸਿਵਾਏ ਹੋਰ ਕੁਝ ਨਹੀਂ
ਮੇਰੇ ਕੋਲੋਂ ਦੂਰ ਰਹੋ!
ਜਾਂ
ਰਾਖ ਹੋ ਜਾਓ

ਨਵਸ਼ਰਨ

ਮੀਆਂ ਕਵਿਤਾ ਆਪਣੀ ਧਰਤੀ ਤੋਂ ਪਰਾਇਆ/ਦੂਜਾ ਹੋਣ ਦਾ ਦੁੱਖ ਕਹਿੰਦੀ ਹੈ। ਸ਼ਾਲਿਮ ਹੁਸੈਨ ‘ਨਾਨਾ, ਮੈਂ ਲਿਖ ਦਿੱਤਾ ਹੈ’ ਵਿਚ ਕਹਿੰਦਾ ਹੈ:
ਨਾਨਾ, ਮੈਂ ਲਿਖ ਦਿੱਤਾ ਹੈ
ਸਹੀ ਪਾ ਦਿੱਤੀ ਹੈ, ਨੋਟਰੀ ਤੋਂ ਤਸਦੀਕ ਵੀ ਹੋ ਚੁੱਕੀ ਹੈ
ਕਿ ਮੈਂ ਮੀਆਂ ਹਾਂ
ਹੁਣ ਵੇਖ ਮੈਨੂੰ ਉੱਠਦੇ ਨੂੰ
ਹੜ੍ਹਾਂ ਦੇ ਪਾਣੀਆਂ ਵਿਚੋਂ
ਪਹਾੜਾਂ ਹੇਠੋਂ ਸਰਕਦੀ ਮਿੱਟੀ ਵਿਚੋਂ
ਵੇਖ ਮੈਨੂੰ ਕੂਚ ਕਰਦਿਆਂ ਰੇਤਾਂ, ਬਰੇਤਿਆਂ ਤੇ ਸੱਪਾਂ ਦੀ ਖੁੱਡਾਂ ਤੋਂ
ਵੇਖ ਮੈਨੂੰ ਕਹੀ ਨਾਲ ਧਰਤ ਨੂੰ ਚੀਰਦਿਆਂ
ਧਾਨ, ਗੰਨੇ ਤੇ ਦਸਤਾਂ ਨਾਲ ਸਣੇ ਖੇਤਾਂ ’ਚੋਂ ਸਰਕਦਿਆਂ
ਪੜ੍ਹ ਲੈ ਮੇਰੀ ਉਲਝਣ, ਜਦੋਂ ਕਹਿੰਦੇ ਨੇ ਧੱਕੜ ਮੈਨੂੰ ਬੰਗਲਾਦੇਸ਼ੀ
ਤੇ ਮੈਂ ਦੱਸਦਾ ਹਾਂ ਮੇਰੇ ਬਾਗ਼ੀ ਦਿਲ ਨੂੰ
ਮੈਂ ਤੇ ਮੀਆਂ ਹਾਂ
ਵੇਖ ਮੈਨੂੰ ਸੰਵਿਧਾਨ ਦੀ ਕਾਪੀ ਵੱਖੀ ਥੱਲੇ ਅਤੇ ਉਂਗਲ ਦਿੱਲੀ ਵੱਲ ਕੀਤਿਆਂ
ਆਪਣੀ ਸੰਸਦ, ਆਪਣੀ ਸੁਪਰੀਮ ਕੋਰਟ, ਆਪਣੇ ਕਨਾਟ ਪਲੇਸ ਵੱਲ ਜਾਂਦਿਆਂ
ਤੇ ਦੱਸਦਿਆਂ ਸਾਂਸਦਾਂ ਨੂੰ, ਮਾਣਯੋਗ ਜੱਜਾਂ ਨੂੰ, ਤੇ ਜਨਪਥ ’ਤੇ ਟੂਮਾਂ ਵੇਚਦੀ ਕੁੜੀ ਨੂੰ
ਮੈਂ ਮੀਆਂ ਹਾਂ

ਕੌਮੀ ਰਜਿਸਟਰ ਦਾ ਅਸਰ ਅਤੇ ਗ਼ਰੀਬ ਲੋਕਾਂ ਉੱਤੇ ਟੁੱਟੇ ਕਹਿਰ ਦਾ ਜਾਇਜ਼ਾ ਲੈਣ ਲਈ ਹਾਲ ਹੀ ਵਿਚ ਅਸੀਂ ‘ਕਾਰਵਾਂ-ਏ-ਮੁਹੱਬਤ’ ਮੁਹਿੰਮ ਵਿਚ ਸ਼ਾਮਲ ਕੁਝ ਸਾਥੀ, ਆਸਾਮ ਗਏ। ਉਸ ਫੇਰੀ ਦੌਰਾਨ ਅਸੀਂ ਉਨ੍ਹਾਂ ਪਰਿਵਾਰਾਂ ਨੂੰ ਵੀ ਮਿਲੇ ਜਿਨ੍ਹਾਂ ਵਿਚ ਮਰਦਾਂ ਜਾਂ ਔਰਤਾਂ ਨੇ ਇਸ ਸਾਰੀ ਸਰਕਾਰੀ ਕਾਰਵਾਈ, ਬੇਦਖਲੀ, ਹਿਰਾਸਤੀ ਕੇਂਦਰਾਂ ਵਿਚ ਕੈਦ ਦੇ ਡਰ, ਅਤੇ ਰੋਜ਼ ਰੋਜ਼ ਦੀ ਜ਼ਿੱਲਤ ਨੂੰ ਨਾ ਸਹਿੰਦਿਆਂ ਖ਼ੁਦਕੁਸ਼ੀ ਕਰ ਲਈ ਸੀ। ਪਤਾ ਲੱਗਾ ਕਿ ਪਿਛਲੇ ਕੁਝ ਹੀ ਮਹੀਨਿਆਂ ਵਿਚ 57 ਮਰਦ ਅਤੇ ਔਰਤਾਂ ਖ਼ੁਦਕੁਸ਼ੀ ਕਰ ਚੁੱਕੇ ਹਨ। ਕੌਮੀ ਰਜਿਸਟਰ ਦੀ ਤ੍ਰਾਸਦੀ ਅਸੀਂ ਅੱਖੀਂ ਵੇਖੀ – ਸਰਕਾਰੀ ਕਾਰਕੁਨਾਂ ਤੇ ਏਜੰਟਾਂ ਦੀ ਬੇਲਗਾਮ ਲੁੱਟ, ਮੁਸਲਮਾਨਾਂ ਖਿਲਾਫ਼ ਖੁੱਲ੍ਹੇਆਮ ਨਫ਼ਰਤ ਦਾ ਇਜ਼ਹਾਰ ਅਤੇ ਕਹਿੰਦੇ ਕਹਾਉਂਦੇ ਪ੍ਰਗਤੀਸ਼ੀਲ ਆਸਾਮੀ ਲੇਖਕਾਂ, ਬੁੱਧੀਜੀਵੀਆਂ ਦੀ ਵੀ ਬੰਗਾਲੀ ਮੂਲ ਦੇ ਲੋਕਾਂ ਪ੍ਰਤੀ ਉਦਾਸੀਨਤਾ।
ਅਸੀਂ ਬੇਦਖਲੀ ਦਾ ਡਰ, ਬੇਵਤਨੀ ਦਾ ਦਰਦ ਅਤੇ ਰੋਹ ਦਾ ਸਵਰ ਮਹਿਸੂਸ ਕੀਤਾ। ਬਰੇਤਿਆਂ ਵਿਚ ਵਿਚਰ ਕੇ ਸਮਝ ਆਈ ਕਿ ਉਨ੍ਹਾਂ ਮੂਲ ਵਾਸੀਆਂ ਕੋਲ ਨਾਗਰਿਕਤਾ ਦੇ ਸਬੂਤ ਕਿਉਂ ਨਹੀਂ ਹਨ ਜਿਨ੍ਹਾਂ ਦੇ ਹਿੱਸੇ ਵਿਸਥਾਪਨ ਆਇਆ ਹੈ। ਜੋ ਦਰਿਆ ਦਾ ਰੁਖ਼ ਬਦਲਣ ਨਾਲ ਵਾਰ ਵਾਰ ਉੱਜੜਦੇ, ਵਸਦੇ ਤੇ ਫੇਰ ਉੱਜੜਦੇ ਨੇ। ਔਰਤਾਂ ਜੋ ਨਿੱਕੀ ਉਮਰੇ ਵਿਆਹੀਆਂ ਗਈਆਂ, ਜੋ ਕਦੀ ਸਕੂਲ ਨਹੀਂ ਗਈਆਂ, ਤੇ ਨਹੀਂ ਹਨ ਉਨ੍ਹਾਂ ਕੋਲ ‘ਵਿਰਾਸਤ ਦਾ ਸਰਟੀਫ਼ਿਕੇਟ’ ਆਪਣੇ ਭਾਰਤੀ ਬਾਪ ਦੀ ਬੇਟੀ ਹੋਣ ਦਾ ਦਸਤਾਵੇਜ਼। 34 ਸਾਲਾਂ ਦੇ ਇਜ਼ਹਾਰ ਅਹਿਮਦ ਨੇ ਦੱਸਿਆ ਕਿ ਆਪਣੀ ਇਸ ਉਮਰ ਵਿਚ ਉਸ ਨੇ 17 ਵਾਰ ਉਜਾੜਾ ਹੰਢਾਇਆ ਹੈ। ਬਚਪਨ ਵਿਚ ਆਪਣੇ ਮਾਂ ਬਾਪ ਨਾਲ ਤੇ ਹੁਣ ਆਪਣੀ ਮਿਹਨਤ ਨਾਲ ਉਹ ਹਰ ਵਾਰ ਨਵੀਂ ਥਾਂ ਵਸੇਬਾ ਕਰਦਾ ਹੈ, ਪਰ ਉਸ ਕੋਲ ਕੋਈ ਵਿਰਾਸਤੀ ਦਸਤਾਵੇਜ਼ ਨਹੀਂ ਕਿ ਉਸ ਦਾ ਪਿਤਾ ਆਸਾਮ ਦਾ ਮੂਲ ਵਾਸੀ ਸੀ। ਉਸ ਦੇ ਭਰਾ ਕੋਲ ਕੁਝ ਕਾਗਜ਼ ਹਨ, ਪਰ ਇਜ਼ਹਾਰ ਕੋਲ ਕੋਈ ਐਸਾ ਕਾਗਜ਼ ਨਹੀਂ ਕਿ ਉਹ ਆਪਣੇ ਭਰਾ ਹੋਣ ਦਾ ਸਬੂਤ ਦੇ ਸਕੇ।
ਇਹ ਕੇਹਾ ਕਾਨੂੰਨ ਤੇ ਕੇਹਾ ਵਰਤਾਰਾ ਹੈ ਕਿ ਲੋਕ ਵੀ ਅਵੈਧ ਹਨ ਅਤੇ ਇਸ ਵਰਤਾਰੇ ਤੋਂ ਜਨਮੀ ਕਵਿਤਾ ਵੀ ਅਵੈਧ ਹੈ। ਅਤੇ ਅਸੀਂ ਜਿਨ੍ਹਾਂ ਕੋਲ ਵਿਰਾਸਤੀ ਦਸਤਾਵੇਜ਼ ਵੀ ਹਨ ਅਤੇ ਵਿਦਰੋਹ ਦੀ ਕਵਿਤਾ ਦੀ ਵਿਰਾਸਤ ਵੀ, ਇਨ੍ਹਾਂ ਸਮਿਆਂ ਵਿਚ ਕਿੱਥੇ ਹਾਂ? ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਮੀਆਂ ਕਵੀਆਂ ਦੇ ਹੱਕ ਵਿਚ ਖੜ੍ਹੀਏ, ਉਨ੍ਹਾਂ ਦੇ ਕਵਿਤਾ ਰਚਣ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰੀਏ ਅਤੇ ਮੰਗ ਕਰੀਏ ਕਿ ਮੀਆਂ ਕਵੀਆਂ ਖਿਲਾਫ਼ ਬੇਤੁਕੇ ਕੇਸ ਰੱਦ ਕੀਤੇ ਜਾਣ?

ਸੰਪਰਕ: 99101-71808


Comments Off on ਮੀਆਂ ਕਵਿਤਾ ਦਾ ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.